ਪੰਜਾਬ ਕੋਲ ਕੋਵਿਡ-19 ਟੀਕੇ ਦੀਆਂ ਸਿਰਫ਼ 1.9 ਲੱਖ ਖੁਰਾਕਾਂ ਬਚੀਆਂ: ਬਲਬੀਰ ਸਿੱਧੂ
ਕੇਂਦਰ ਸਰਕਾਰ ਦੀ ਸੂਚਨਾ ਅਨੁਸਾਰ ਕੱਲ ਤੱਕ ਮਿਲਣਗੀਆਂ ਕੋਵੀਸ਼ੀਲਡ ਦੀਆਂ 1.5 ਲੱਖ ਖੁਰਾਕਾਂ
ਹਰੇਕ ਹਫ਼ਤੇ 15 ਲੱਖ ਖੁਰਾਕਾਂ ਦੀ ਕੀਤੀ ਮੰਗ
ਸੂਬੇ ਵਿੱਚ 30 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਕੀਤਾ ਗਿਆ ਟੀਕਾਕਰਨ
ਚੰਡੀਗੜ੍ਹ : ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵਧਣ ਕਰਕੇ ਸਥਿਤੀ ਗੰਭੀਰ ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਹਾਲਾਤਾਂ ’ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਭਾਰਤ ਸਰਕਾਰ ਪਾਸੋਂ ਟੀਕੇ ਦੀ ਸਪਲਾਈ ਘੱਟ ਹੋਣ ਕਾਰਨ ਸੂਬੇ ਕੋਲ ਟੀਕੇ ਦੀਆਂ ਸਿਰਫ 1.9 ਲੱਖ ਖੁਰਾਕਾਂ ਬਚੀਆਂ ਹਨ। ਇਸ ਉਪਲੱਬਧ ਸਟਾਕ ਵਿਚੋਂ 1 ਲੱਖ ਤੋਂ ਵੱਧ ਖੁਰਾਕਾਂ ਅੱਜ ਵਰਤੇ ਜਾਣ ਦੀ ਉਮੀਦ ਹੈ। ਗੁਰੂ ਨਾਨਕ ਦੇਵ ਡਾਇਲਿਸਿਸ ਯੂਨਿਟ ਦਾ ਉਦਘਾਟਨ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 25 ਅਪ੍ਰੈਲ ਨੂੰ ਤਕਰੀਬਨ 1.5 ਲੱਖ ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕੋਰੋਨਾ ਦੇ ਵਧ ਰਹੇ ਮਾਮਲਿਆਂ ਕਰਕੇ ਪੰਜਾਬ ਦੀ ਚਿੰਤਾਜਨਕ ਸਥਿਤੀ ਦਾ ਮੁੱਦਾ ਉਠਾਇਆ ਹੈ ਅਤੇ ਭਾਰਤ ਸਰਕਾਰ ਪਾਸੋਂ ਕੋਵਿਡ-19 ਦੇ ਟੀਕੇ ਅਤੇ ਆਕਸੀਜਨ ਦੀ ਨਿਯਮਤ ਸਪਲਾਈ ਦੀ ਮੰਗ ਕੀਤੀ ਹੈ।
ਚਿੱਟੇ ਕੱਪੜੇ ਵਾਲਿਆਂ ਨੇ ਘੇਰਿਆ ਕੈਪਟਨ ਦਾ ਮਾਹੌਲ,ਫੇਰ ਪੁਲਿਸ ਨਾਲ ਹੋਏ ਸਿੱਧੇ ਟਾਕਰੇ!
ਕੋਵਿਡ ਟੀਕਾਕਰਨ ਮੁਹਿੰਮ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਮੁੱਢਲੇ ਸਿਹਤ ਕੇਂਦਰਾਂ ਅਤੇ ਤੰਦਰੁਸਤ ਪੰਜਾਬ ਤੇ ਸਿਹਤ ਕੇਂਦਰਾਂ ਵਿਖੇ ਟੀਕਾਕਰਨ ਦਾ ਪ੍ਰਬੰਧ ਕਰ ਰਹੀ ਹੈ ਅਤੇ ਇਸਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨਾਂ ਦੇ ਦਰ ‘ਤੇ ਸਹੂਲਤ ਦਿੱਤੀ ਜਾ ਸਕੇ।ਉਨਾਂ ਕਿਹਾ ਕਿ ਇੱਥੇ ਸਾਡੇ ਕੋਲ ਆਸਾਨੀ ਨਾਲ 3 ਲੱਖ ਲਾਭਪਾਤਰੀਆਂ ਦਾ ਟੀਕਾਕਰਨ ਕਰਨ ਦੀ ਸਮਰੱਥਾ ਹੈ।
ਉਨਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 30,05,083 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਜਿਸ ਤਹਿਤ ਕੁੱਲ 26,82,393 ਵਿਅਕਤੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 3,22,690 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਟੀਕਿਆਂ ਦੀ ਸਪਲਾਈ ਨੂੰ ਨਿਯਮਤ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਿਖਲਾਈ ਪ੍ਰਾਪਤ ਸਟਾਫ ਅਤੇ ਸੁਜੱਚਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਜਿਸ ਨਾਲ ਰੋਜ਼ਾਨਾ 3 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ ਅਤੇ ਹਰ ਹਫ਼ਤੇ 15 ਲੱਖ ਖੁਰਾਕਾਂ ਦੀ ਜਰੂਰਤ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਨੇ 22 ਅਪ੍ਰੈਲ ਨੂੰ ਕੇਂਦਰੀ ਸਿਹਤ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਟੀਕੇ ਦੀਆਂ 10 ਲੱਖ ਖੁਰਾਕਾਂ ਦੀ ਮੰਗ ਕੀਤੀ ਸੀ।
ਰਾਜਪਾਲ ਦੀ ਕਿਸਾਨਾਂ ਨੂੰ ਸਪੋਟ,ਸਰਕਾਰ ਨੇ ਮੰਨੀ ਆਪਣੀ ਗਲਤੀ,ਬਣ ਸਕਦੀ ਹੈ ਗੱਲ!
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਭਾਰਤ ਸਰਕਾਰ ਵੱਲੋਂ ਇਸ ਬਾਰੇ ਸੂਚਨਾ ਪੱਤਰ ਮਿਲਿਆ ਜਿਸ ਵਿੱਚ ਕੱਲ ਤੱਕ ਸਾਡੀ ਮੰਗ ਲਈ ਕੋਵੀਸ਼ੀਲਡ ਟੀਕੇ ਦੀਆਂ ਸਿਰਫ਼ 1.5 ਲੱਖ ਖੁਰਾਕਾਂ ਭੇਜਣ ਬਾਰੇ ਦੱਸਿਆ ਗਿਆ। 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਰਗ ਦੇ ਟੀਕਾਕਰਨ ਦੀਆਂ ਤਿਆਰੀਆਂ ਸਬੰਧੀ ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਭਾਗ ਨੂੰ ਕੋਵੀਸ਼ੀਲਡ ਟੀਕੇ ਦੀਆਂ 30 ਲੱਖ ਖੁਰਾਕਾਂ ਮੰਗਵਾਉਣ ਲਈ ਕਿਹਾ ਗਿਆ ਹੈ। ਆਕਸੀਜਨ ਦੀ ਘਾਟ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਪਲਾਂਟ ਪੂਰੀ ਸਮਰੱਥਾ ਨਾਲ ਕਾਰਜਸ਼ੀਲ ਹਨ ਜਦਕਿ ਕੇਂਦਰ ਸਰਕਾਰ ਵੱਲੋਂ ਤਰਲ ਆਕਸੀਜਨ ਸਬੰਧੀ ਪੰਜਾਬ ਦੇ ਕੋਟੇ ਨੂੰ ਵਧਾਇਆ ਨਹੀਂ ਗਿਆ ਹੈ। ਇਸ ਤੋਂ ਪਹਿਲਾਂ ਸ. ਸਿੱਧੂ ਨੇ ਸਿਵਲ ਹਸਪਤਾਲ ਭੁਲੱਥ ਵਿਖੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਲਗਭਗ 85 ਲੱਖ ਰੁਪਏ ਦੀ ਲਾਗਤ ਨਾਲ ਬਣੀ ਡਾਇਲਸਿਸ ਯੂਨਿਟ ਦਾ ਉਦਘਾਟਨ ਕੀਤਾ। ਉਨਾਂ ਸੁਸਾਇਟੀ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨਾਂ ਹਸਪਤਾਲ ਵਿਚ ਡਾਇਲਸਿਸ ਕਰਵਾਉਣ ਆਏ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ, ਵਿਧਾਇਕ ਸ੍ਰੀ ਸੁਖਪਾਲ ਸਿੰਘ ਖਹਿਰਾ, ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਐਸਐਸਪੀ ਸ੍ਰੀਮਤੀ ਕੰਵਰਦੀਪ ਕੌਰ ਆਈਪੀਐਸ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਕਾਂਗਰਸੀ ਆਗੂ ਅਮਨਦੀਪ ਸਿੰਘ ਗੋਰਾ ਗਿੱਲ, ਰਣਜੀਤ ਸਿੰਘ ਰਾਣਾ ਐਸ.ਐਮ.ਓ. ਭੁਲੱਥ ਡਾ. ਸ਼ਲਿੰਦਰ ਸਿੰਘ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.