OpinionD5 special

ਪ੍ਰਵਾਸੀ ਪੰਜਾਬੀ – ਜਿਨ੍ਹਾਂ ‘ਤੇ ਮਾਣ ਪੰਜਾਬੀਆਂ ਨੂੰ

ਗੁਰਮੀਤ ਸਿੰਘ ਪਲਾਹੀ

ਇਹ ਕਿਹਾ ਜਾਂਦਾ ਹੈ ਕਿ 1899 ਈਸਵੀ ਤੋਂ 1920 ਈਸਵੀ ਤੱਕ 7348 ਏਸ਼ੀਅਨ, ਭਾਰਤੀ, ਅਮਰੀਕਾ ਤੇ ਕੈਨੇਡਾ ਦੀ ਧਰਤੀ ਉਤੇ ਪੁੱਜੇ ਸਨ। ਇਹਨਾ ਵਿਚੋਂ ਵੱਡੀ ਗਿਣਤੀ ਕਿਸਾਨਾਂ ਦੀ ਸੀ। ਇਹਨਾ ਵਿਚੋਂ ਕੁਝ ਇਕ ਨੇ ਆਪਣੀ ਰੋਜ਼ੀ ਰੋਟੀ ਲਈ ਕੈਨੇਡਾ ਦੀਆਂ “ਆਰਾ ਮਿੱਲਾਂ” ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਰ ਬਹੁਤਿਆਂ ਨੇ ਖੇਤੀ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਇਆ। ਇਸ ਕਿੱਤੇ ‘ਚ ਮੁਹਾਰਤ ਹਾਸਲ ਹੋਣ ਕਾਰਨ ਇਹਨਾ ਵਿਚੋਂ ਕੁਝ ਇੱਕ ਨੇ ਵੱਡੀ ਪ੍ਰਾਪਤੀਆਂ ਕੀਤੀਆਂ ਅਤੇ ਅੱਜ ਖੇਤੀ ਜਾਂ ਖੇਤੀ ਨਾਲ ਸਬੰਧਤ ਕਿੱਤਿਆਂ ‘ਚ ਸਿਖ਼ਰਾਂ ਛੋਹ ਰਹੇ ਹਨ।

ਆੜੂਆਂ ਦਾ ਬਾਦਸ਼ਾਹ- ਦੀਦਾਰ ਸਿੰਘ ਬੈਂਸ: ਜੇਬ ਵਿੱਚ 8 ਡਾਲਰ ਲੈ ਕੇ ਦੀਦਾਰ ਸਿੰਘ ਬੈਂਸ ਇਹ ਸੁਪਨਾ ਸੰਜੋਕੇ ਅਮਰੀਕਾ ‘ਚ ਪੁੱਜਾ ਸੀ ਕਿ ਡਾਲਰ ਦਰਖ਼ਤਾਂ ਨਾਲ ਲੱਗਦੇ ਹਨ। ਇਸੇ ਸੁਪਨੇ ਦੀ ਪੂਰਤੀ ਲਈ ਤੱਕੜੇ ਜੁੱਸੇ ਵਾਲੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਨੰਗਲ ਖੁਰਦ ਦਾ ਰਹਿਣ ਵਾਲੇ “ਬੈਂਸ” ਨੇ ਕਈ ਸਾਲ ਦਿਨ-ਰਾਤ ਮਜ਼ਦੂਰੀ ਕੀਤੀ, ਸਥਾਨਕ ਜ਼ਿੰਮੀਦਾਰਾਂ ਦੇ ਖੇਤਾਂ ‘ਚ ਟ੍ਰੈਕਟਰ ਚਲਾਇਆ, ਇਕੱਲੇ ਨੇ ਚਾਰ-ਚਾਰ ਬੰਦਿਆਂ ਜਿੰਨਾ ਕੰਮ ਕੀਤਾ, ਆਪਣੇ ਖੇਤ ਖਰੀਦੇ ਅਤੇ 1978 ਵਿੱਚ ਕੈਲੇਫੋਰਨੀਆ ਦਾ ਸਭ ਤੋਂ ਵੱਡਾ ਆੜੂ ਪੈਦਾ ਕਰਨ ਵਾਲਾ ਕਿਸਾਨ ਬਣਿਆ ਅਤੇ ਆੜੂ ਦੇ ਬਾਦਸ਼ਾਹ ਵਜੋਂ ਜਾਣਿਆ ਜਾਣ ਲੱਗਾ। ਸਾਲ 1980 ਤੱਕ ਦੀਦਾਰ ਸਿੰਘ ਕੈਲੇਫੋਰਨੀਆ, ਕੈਨੇਡਾ ‘ਚ 12,000 ਏਕੜ ਜ਼ਮੀਨ ਦਾ ਮਾਲਕ ਬਣ ਚੁੱਕਾ ਸੀ।

81 ਵਰ੍ਹਿਆਂ ਦਾ ਦੀਦਾਰ ਸਿੰਘ ਨੇ ਕਿਸਾਨੀ ਕਿੱਤੇ ਵਿੱਚ ਹੀ ਨਹੀਂ, ਧਾਰਮਿਕ ਅਤੇ ਸਮਾਜਿਕ ਸੇਵਾ ਵਿੱਚ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ ਵਿੱਚ ਵਧੇਰੇ ਕੰਮ ਕੀਤਾ। 1980 ਵਿੱਚ ਉਸਨੇ ਬੈਂਸ ਫਾਊਂਡੇਸ਼ਨ ਦਾ ਆਰੰਭ ਕੀਤਾ। ਦੀਦਾਰ ਸਿੰਘ ਦੁਨੀਆ ਭਰ ਵਿੱਚ ਆਪਣੇ ਹੀ ਕਿਸਮ ਦੇ ਵਿਚਾਰਾਂ ਦੇ ਧਾਰਨੀ ਸਿੱਖ ਵਜੋਂ ਬਹੁ-ਚਰਚਿਤ ਹੈ। ਬੈਂਸ ਬਹੁ-ਪੱਖੀ ਸਖਸ਼ੀਅਤ ਦਾ ਮਾਲਕ ਹੈ ਅਤੇ ਪੰਜਾਬੀ ਭਾਈਚਾਰੇ ਲਈ ਵੱਡੀ ਮਿਸਾਲ ਵੀ। ਉਹ ਇੱਕ ਦਾਨੀ ਪੁਰਸ਼ ਵਜੋਂ ਜਾਣਿਆ ਜਾਂਦਾ ਪੰਜਾਬੀ ਹੈ ਜਿਸਨੇ ਆਪਣੀ ਮਾਂ ਦੀ ਯਾਦ ‘ਚ ਬਣਾਏ ਖਾਲਸਾ ਸਕੂਲ ਲਈ ਦੋ ਲੱਖ ਡਾਲਰ ਦੀ ਰਾਸ਼ੀ ਦਾਨ ਦਿੱਤੀ।

ਕੈਲੇਫੋਰਨੀਆ ‘ਚ ਹਸਪਤਾਲ ਬਨਾਉਣ ਲਈ ਵੱਡੀ ਰਾਸ਼ੀ ਸਹਾਇਤਾ ਵਜੋਂ ਦੇਣ ਦੇ ਨਾਲ-ਨਾਲ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਲਈ ਇਮਾਰਤ ਬਨਾਉਣ ਵਾਸਤੇ 13.85 ਏਕੜ, ਕੈਨੇਡਾ ਦੇ ਨਾਨਕਸਰ ਗੁਰਦੁਆਰਾ ਸਾਹਿਬ ਲਈ 13 ਏਕੜ ਜ਼ਮੀਨ ਦਾਨ ਕੀਤੀ। ਇੱਕ ਨਹੀਂ ਹਜ਼ਾਰਾਂ ਇਹੋ ਜਿਹੇ ਕਾਰਜ਼ ਹਨ, ਜਿਹਨਾ ਲਈ ਦੀਦਾਰ ਸਿੰਘ ਬੈਂਸ ਸਹਾਇਤਾ ਦੇਣ ਵਾਸਤੇ ਅੱਗੇ ਆਏ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ। ਦੀਦਾਰ ਸਿੰਘ ਬੈਂਸ ਵਰਗਾ ਰੌਸ਼ਨ ਦਿਮਾਗ, ਜਿਸਨੇ ਇੱਕ ਨਹੀਂ ਕਈ ਖੇਤਰਾਂ ਵਿੱਚ ਕੰਮ ਕੀਤਾ, ਲੱਭਣਾ ਮੁਸ਼ਕਿਲ ਹੈ।

ਸੌਗੀ ਦਾ ਬਾਦਸ਼ਾਹ- ਚਰਨਜੀਤ ਸਿੰਘ ਬਾਠ: ਸਾਲ 1969 ਵਿੱਚ ਪੰਜਾਬ ਤੋਂ ਆਏ ਕਿਸਾਨ ਚਰਨਜੀਤ ਸਿੰਘ ਬਾਠ ਨੇ ਅਮਰੀਕਾ ਵਿੱਚ 50 ਏਕੜ ਜ਼ਮੀਨ ‘ਤੇ ਖੇਤੀ ਕਰਨੀ ਆਰੰਭੀ ਅਤੇ ਹੁਣ ਉਹ 30,000 ਏਕੜ ਉਤੇ ਖੇਤੀ ਕਰਦਾ ਹੈ। ਸੌਗੀ ਦੇ ਬਾਦਸ਼ਾਹ ਵਜੋਂ ਪ੍ਰਸਿੱਧ ਬਾਠ ਆਪਣੇ ਮੂੰਹੋਂ ਕਹਿੰਦਾ ਹੈ ਕਿ ਉਹ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ “ਸੌਗੀ” ਪੈਦਾ ਕਰਨ ਵਾਲਾ ਕਿਸਾਨ ਹੈ। ਚਰਨਜੀਤ ਸਿੰਘ ਦਾਖਾ 1959 ਵਿੱਚ ਅਮਰੀਕਾ ਗਿਆ ਸੀ। ਆਪਣੀ ਕਰੜੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਇੱਕ ਸਿਰੜੀ ਪੰਜਾਬੀ ਵਜੋਂ ਉਸਨੇ ਵਿਦੇਸ਼ੀ ਧਰਤੀ ਉਤੇ ਹੱਡ ਭੰਨਵੀਂ ਮਿਹਨਤ ਕੀਤੀ ਅਤੇ ਥੋੜ੍ਹੇ ਸਾਲਾਂ ਵਿੱਚ ਹੀ ਬੁਲੰਦੀਆਂ ਉਤੇ ਪਹੁੰਚ ਗਿਆ।

ਸੌਗੀ ਬੀਜਣ ਅਤੇ ਵੇਚਣ ਦਾ ਕਾਰੋਬਾਰ ਉਸਨੇ ਸਿਰਫ਼ ਅਮਰੀਕਾ ਵਿੱਚ ਹੀ ਨਹੀਂ ਕੀਤਾ, ਸਗੋਂ ਇਸ ਨੂੰ ਦੁਨੀਆਂ ਭਰ ਵਿੱਚ ਫੈਲਾਇਆ। ਉਸਦੀ ਕੰਪਨੀ ਕਾਰੋਬਾਰੀ ਖੇਤਰ ਵਿੱਚ ਵੱਡਾ ਨਾਮਣਾ ਖੱਟ ਚੁੱਕੀ ਹੈ। ਚਰਨਜੀਤ ਸਿੰਘ ਬਾਠ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਹੈ। ਇਸੇ ਕਰਕੇ ਉਹ ਪੰਜਾਬੀ ਬੋਲੀ ਦੇ ਪ੍ਰਚਾਰ, ਪ੍ਰਸਾਰ ਲਈ ਲਗਾਤਾਰ ਯਤਨ ਕਰਦਾ ਰਹਿੰਦਾ ਹੈ। ਚਰਨਜੀਤ ਸਿੰਘ ਬਾਠ ਐਨ.ਆਰ. ਆਈ. ਸਭਾ ਜਲੰਧਰ ਦਾ ਮੁੱਢਲਾ ਮੈਂਬਰ ਹੈ ਅਤੇ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਹੱਲ ਲਈ ਲਗਾਤਾਰ ਯਤਨਸ਼ੀਲ ਰਹਿੰਦਾ ਹੈ।

ਬਦਾਮਾਂ ਦੇ ਬਾਦਸ਼ਾਹ-ਟੁੱਟ ਬ੍ਰਦਰਜ਼ :ਚਾਰੋਂ ਭਰਾ “ਟੁੱਟ ਬ੍ਰਦਰਜ਼” ਅਮਰੀਕਾ ਵਿੱਚ ਖੇਤੀ ਨਾਲ ਹੀ ਨਹੀਂ ਜੁੜੇ ਹੋਏ, ਸਗੋਂ ਟਰੱਕਿੰਗ ਖੇਤਰ ਵਿੱਚ ਵੀ ਆਪਣੀ ਵਿਸ਼ੇਸ਼ ਥਾਂ ਰੱਖਦੇ ਹਨ। ਪ੍ਰੀਤਮ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ ਅਤੇ ਰਣਜੀਤ ਸਿੰਘ ਚਾਰੋਂ ਭਰਾ ਸਾਂਝਾ ਕਾਰੋਬਾਰ ਕਰਦੇ ਹਨ। ਪ੍ਰੀਤਮ ਸਿੰਘ ਅੰਗੂਰ, ਸੰਤਰੇ, ਸੇਬ ਦਾ ਫਾਰਮ ਵੇਖਦਾ ਹੈ, ਸੁਰਜੀਤ ਸਿੰਘ ਲਾਸ ਵੇਗਾਸ ਅਤੇ ਹੋਰ ਥਾਵਾਂ ਉਤੇ ਕਾਰੋਬਾਰ ਸਾਂਭਦਾ ਹੈ ਜਦਕਿ ਅਮਰਜੀਤ ਸਿੰਘ ਸੈਂਟਰਲ ਅਮਰੀਕਾ ਦੇ 37000 ਏਕੜ ਦੇ ਟਾਪੂ ਉਤੇ ਕੰਮ ਸੰਭਾਲਦਾ ਹੈ। 28000 ਏਕੜ ਤੋਂ ਵੀ ਵੱਧ ਦੇ ਬਦਾਮਾਂ ਦੇ ਬਾਗ ਉਹਨਾ ਦੇ ਕਾਰੋਬਾਰ ਦਾ ਵੱਡਾ ਹਾਸਲ ਹਨ।

ਅਮਰੀਕਾ ਅਤੇ ਵਿਦੇਸ਼ਾਂ ਵਿੱਚ ਉਹ ਬਦਾਮਾਂ, ਅੰਗੂਰਾਂ, ਆੜੂਆਂ, ਆਲੂਬਖਾਰਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਹਨ ਅਤੇ ਉਹਨਾ ਨੇ ਕੈਲੇਫੋਰਨੀਆ ‘ਚ ਗੰਨਾ ਉਗਾਉਣ ‘ਚ ਰਿਕਾਰਡ ਕਾਇਮ ਕੀਤਾ ਹੋਇਆ ਹੈ। ਕਈ ਸਾਲ ਪਹਿਲਾਂ ਜਲੰਧਰ ਲਾਗਲੇ ਆਪਣੇ ਪਿੰਡ ਪਰਾਗਪੁਰ ਤੋਂ ਅਮਰੀਕਾ ਆਏ ਇਸ ਪਰਿਵਾਰ ਨੇ ਅਮਰੀਕਾ ਆਕੇ ਮਿਹਨਤ ਕੀਤੀ, ਕਾਰੋਬਾਰ ਸਥਾਪਿਤ ਕੀਤੇ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ। ਪੰਜਾਬ ਵਰਗੇ ਆਬੋ-ਹਵਾ ਵਰਗੇ ਕੈਲੇਫੋਰਨੀਆ ‘ਚ ਭਰ ਜਵਾਨੀ ‘ਚ ਕੀਤੀ ਇਹਨਾ ਪੰਜਾਬੀਆਂ ਦੀ ਮਿਹਨਤ ਨੂੰ ਫਲ ਲੱਗਿਆ ਹੈ ਅਤੇ ਇਹਨਾ ਪੰਜਾਬੀਆਂ ਨੇ ਆਪਣੇ ਪਰਿਵਾਰਾਂ ਦੇ ਸੁਪਨੇ ਹੀ ਪੂਰੇ ਨਹੀਂ ਕੀਤੇ, ਸਗੋਂ ਪੰਜਾਬੀ ਭਾਈਚਾਰੇ ਨੂੰ ਵੀ ਵੱਡਾ ਮਾਣ-ਤਾਣ ਦੁਵਾਇਆ ਹੈ ਅਤੇ ਆਪਣੇ ਕਾਰੋਬਾਰਾਂ ਵਿਚੋਂ ਦਸਵੰਧ ਕੱਢਦਿਆਂ ਆਪਣੀ ਜਨਮ ਭੂਮੀ ਦੇ ਵਿਕਾਸ ਲਈ ਵੀ ਵੱਡਾ ਯੋਗਦਾਨ ਪਾਇਆ ਹੈ।

“ਟੁੱਟ ਪਰਿਵਾਰ” ਪੰਜਾਬ ਦੇ ਸਾਂਝੇ ਪਰਿਵਾਰਾਂ ਦੀ ਇੱਕ ਮਿਸਾਲ ਹੈ। ਇਸ ਪਰਿਵਾਰ ਦੇ ਸੁਰਜੀਤ ਸਿੰਘ, ਕੱਬਡੀ ਪ੍ਰੋਮੋਟਰ ਵਜੋਂ ਜਾਣੇ ਜਾਂਦੇ ਹਨ ।ਰਣਜੀਤ ਸਿੰਘ ਸਿਆਸਤ ‘ਚ ਆਪਣੇ ਪੈਰ ਰੱਖਣ ਵਾਲੇ ਸਖ਼ਸ਼ ਹਨ, ਜਿਹੜੇ ਲਗਭਗ ਹਰ ਵਰ੍ਹੇ ਵਤਨ ਪਰਤਦੇ ਹਨ ਤੇ ਸਿਆਸੀ, ਸਮਾਜੀ ਖੇਤਰ ਦੇ ਲੋਕਾਂ ਨਾਲ ਰਾਬਤਾ ਰੱਖਦੇ ਹਨ। ਟੁੱਟ ਬ੍ਰਦਰਜ਼ ਕੈਲੇਫੋਰਨੀਆ ਈਗਲ ਕਬੱਡੀ ਟੀਮ ਦੇ ਮਾਲਕ ਵੀ ਹਨ। ਟਰੱਕਿੰਗ ਕਿੰਗ- ਭੰਡਾਲ ਬ੍ਰਦਰਜ਼ :ਖੇਤੀ ਦੇ ਨਾਲ-ਨਾਲ ਅਮਰੀਕਾ-ਕੈਨੇਡਾ ਵਿੱਚ ਪੰਜਾਬੀਆਂ ਦਾ ਮਨ ਭਾਉਂਦਾ ਕਿੱਤਾ ਟਰੱਕਿੰਗ ਹੈ।

ਇਸਦਾ ਖੇਤਰ ਮੁੱਖ ਤੌਰ ‘ਤੇ ਕੈਲੇਫੋਰਨੀਆ ਹੈ। ਵੱਡੇ-ਵੱਡੇ ਫਾਰਮ ਹਾਊਸ ‘ਚ ਉਗਦੀਆਂ ਫ਼ਸਲਾਂ/ ਫਲਾਂ ਨੂੰ ਦੇਸ਼-ਵਿਦੇਸ਼ ‘ਚ ਪਹੁੰਚਾਉਣ ਲਈ ਟਰੱਕਿੰਗ ਕੰਪਨੀਆਂ ਦਾ ਵੱਡਾ ਯੋਗਦਾਨ ਹੈ ਅਤੇ ਪੰਜਾਬੀਆਂ ਦੀਆਂ ਟਰੱਕਿੰਗ ਕੰਪਨੀਆਂ ਇਸ ਵਿੱਚ ਵੱਡਾ ਹਿੱਸਾ ਪਾਉਂਦੀਆਂ ਹਨ। ਭੰਡਾਲ ਬ੍ਰਦਰਜ਼ ਦੀ ਟਰੱਕਿੰਗ ਕੰਪਨੀ ਹੈ। ਮੰਗਲ ਸਿੰਘ ਭੰਡਾਲ, ਮਨੀ ਭੰਡਾਲ ਅਤੇ ਜੈ ਭੰਡਾਲ “ਭੰਡਾਲ ਬ੍ਰਦਰਜ਼” ਨੂੰ ਸਿਖ਼ਰਾਂ ਤੱਕ ਪਹੁੰਚਾਉਣ ਵਾਲੇ ਚਿਹਰੇ ਹਨ, ਜਿਹਨਾ ਦਿਨ-ਰਾਤ ਇੱਕ ਕਰਕੇ ਟਰੱਕਿੰਗ ਕਾਰੋਬਾਰ ‘ਚ ਸਿਖ਼ਰਾਂ ਛੋਹੀਆਂ ਹਨ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸੈਂਕੜੈ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ।

ਦੁਆਬਾ ਖਿੱਤੇ ਦੇ ਜ਼ਿਲੇ ਕਪੂਰਥਲਾ ਨਾਲ ਸਬੰਧਤ ਭੰਡਾਲ ਭਰਾ, ਗਿੱਲਰੌਏ (ਕੈਲੇਫੋਰਨੀਆ) ਵਿੱਚ ਰਹਿੰਦੇ ਹਨ ਤੇ ਇੱਕ ਵੱਖਰੀ ਪਛਾਣ ਰੱਖਦੇ ਹਨ, ਜਿਹਨਾ ਨੇ ਆਪਣੇ ਕਾਰੋਬਾਰ ਨੂੰ ਕੁਝ ਸਾਲਾਂ ਵਿੱਚ ਹੀ ਸਿਖ਼ਰਾਂ ਉਤੇ ਪਹੁੰਚਾਇਆ ਹੈ। ਮੰਗਲ ਸਿੰਘ ਅਤੇ ਉਹਨਾ ਦੇ ਭਰਾਵਾਂ ਦੇ ਦੋਸਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪੰਜਾਬੀ ਭਾਈਚਾਰੇ ‘ਚ ਇੱਕ ਨਿਵੇਕਲੀ ਥਾਂ ਰੱਖਣ ਵਾਲੇ ਭੰਡਾਲ ਬ੍ਰਦਰਜ਼ ਕੈਲੇਫੋਰਨੀਆ ਸੰਸਥਾਵਾਂ ਨੂੰ ਭਰਪੂਰ ਸਹਿਯੋਗ ਦਿੰਦੇ ਹਨ। ਨਵੀਂ ਤਕਨੀਕ ਨਾਲ ਖੇਤੀ ਕਰਨ ਵਾਲਾ – ਇੰਜੀਨੀਅਰ ਅਵਤਾਰ ਕੂਨਰ :ਕੈਲੇਫੋਰਨੀਆ ਵਸਦੇ ਪੰਜਾਬੀ ਕਿਸਾਨਾਂ ਨੇ ਇਹ ਦਰਸਾ ਦਿੱਤਾ ਹੈ ਕਿ ਖੇਤੀ ਉਹਨਾ ਦੇ ਲਹੂ ‘ਚ ਵਸਦੀ ਹੈ।

ਭਾਵੇਂ ਕਿਸਾਨ ਕੈਨੇਡਾ ਗਏ ਜਾਂ ਅਸਟ੍ਰੇਲੀਆ ਜਾਂ ਫਿਰ ਅਮਰੀਕਾ ਉਹਨਾ ਦੀ ਪਹਿਲ ਖੇਤੀ ਜਾਂ ਖੇਤੀ ਨਾਲ ਸਬੰਧਤ ਕਿੱਤੇ ਹੀ ਰਹੇ। ਕੈਲੇਫੋਰਨੀਆ ਦੇ ਯੂਬਾ ਸਿਟੀ ਖੇਤਰ ‘ਚ 95 ਫ਼ੀਸਦੀ ਆੜੂ ਦੀ ਖੇਤੀ ਅਤੇ 20 ਫ਼ੀਸਦੀ ਬਦਾਮਾਂ ਦੀ ਖੇਤੀ ਪੰਜਾਬੀ ਕਿਸਾਨਾਂ ਦੇ ਹੱਥ ਹੈ। ਫਲਾਂ ਦੀ ਤੋੜ-ਤੁੜਾਈ ਦਾ ਕੰਮ ਵੀ 60 ਫ਼ੀਸਦੀ ਪੰਜਾਬੀ ਕਿਸਾਨਾਂ ਦੇ ਪ੍ਰੀਵਾਰ ਕਰਦੇ ਹਨ । ਪੰਜਾਬ ਦੇ ਕਿਸਾਨ ਜਿਹੜੇ ਪੰਜਾਬ ‘ਚ ਰਹਿੰਦਿਆਂ ਕਦੇ ਖੇਤੀ ‘ਚ ਸੋਕੇ ਦਾ ਸ਼ਿਕਾਰ ਰਹੇ, ਕਦੇ ਜਿਆਦਾ ਮੀਂਹ ਕਾਰਨ ਫ਼ਸਲਾਂ ਦੀ ਤਬਾਹੀ ਦਾ, ਵਿਦੇਸ਼ ਜਾਕੇ ਜਾਕੇ ਨਵੀਆਂ ਤਕਨੀਕਾਂ ਨਾਲ ਉਹਨਾ ਨੇ ਖੇਤੀ ਨੂੰ ਅਪਨਾਇਆ।

ਨਵੀਂ ਤਕਨੀਕ ਨਾਲ ਇੰਜੀਨੀਅਰ ਅਵਤਾਰ ਸਿੰਘ ਕੂਨਰ ਮੋਡਿਸਟੋ(ਕੈਲੇਫੋਰਨੀਆ) ‘ਚ 100 ਏਕੜ ‘ਚ ਬਦਾਮਾਂ ਦੀ ਖੇਤੀ ਕਰਦਾ ਹੈ। ਬਾਵਜੂਦ ਇਸ ਗੱਲ ਦੇ ਕਿ ਉਸ ਨੂੰ ਆਪਣੇ ਖੇਤਾਂ ਲਈ ਪਾਣੀ ਦੀ ਥੁੜ ਰਹਿੰਦੀ ਹੈ, ਪਰ ਉਹ “ਸਪਾਰਿੰਕਲਿੰਗ” (ਛਿੜਕਾਅ) ਵਿਧੀ ਨਾਲ ਬਦਾਮਾਂ ਦੇ ਪੌਦਿਆਂ ਦੀ ਸਿੰਚਾਈ ਕਰਦਾ ਹੈ। ਜਲੰਧਰ ਜ਼ਿਲੇ ਦੇ ਪਿੰਡ ਕੰਦੋਲਾ ( ਨੇੜੇ ਆਦਮਪੁਰ) ਦਾ ਰਹਿਣ ਵਾਲਾ ਕੂਨਰ ਖੇਤੀ ਤੋਂ ਅਪਾਣਾ ਪਰਿਵਾਰ ਹੀ ਨਹੀਂ ਪਾਲਦਾ ਸਗੋਂ ਹੋਰ ਪਰਿਵਾਰਾਂ ਨੂੰ ਰੁਜ਼ਗਾਰ ਵੀ ਦਿੰਦਾ ਹੈ।

ਉੱਦਮੀ ਕਿਸਾਨ

ਕੈਲੇਫੋਰਨੀਆ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਿਸਾਨ ਹਨ, ਜੋ ਬਹੁਤ ਉੱਦਮ ਨਾਲ ਖੇਤੀ ਕਰਦੇ ਹਨ। ਉਹਨਾ ਵਿਚੋਂ ਬਦਾਮਾਂ ਦੀ ਖੇਤੀਕਰਨ ਵਾਲਾ “ਸਮਰਾ ਪਰਿਵਾਰ” ਜੋ ਲਗਭਗ 3000 ਏਕੜ, ਅਮਰੀਕ ਸਿੰਘ ਬਸਰਾ ਪਲਾਹੀ ਅਤੇ ਸਿਮਰ ਸਿੰਘ 300 ਏਕੜ ਅਤੇ ਸਵ: ਗੁਰਚਰਨ ਸਿੰਘ ਰੱਕੜ ਦੇ ਸਪੁੱਤਰ ਦਲਜੀਤ ਸਿੰਘ ਰੱਕੜ ਵੀ ਸ਼ਾਮਲ ਹਨ ਜੋ 3000 ਏਕੜ ‘ਚ ਬਦਾਮ ਅਤੇ ਪਿਸ਼ਤੇ ਦੀ ਖੇਤੀ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button