Opinion

ਪੀੜ ਜਰਨ ਬਾਰੇ ਨਵੀਂ ਖੋਜ

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
ਜਿਸ ਨੂੰ ਲੰਮੇ ਸਮੇਂ ਤੋਂ ਪੀੜ ਸਹਿਣੀ ਪੈ ਰਹੀ ਹੋਵੇ, ਉਹੀ ਸਮਝ ਸਕਦਾ ਹੈ ਕਿ ਗੋਡਾ ਸਿੱਧਾ ਕਰਨਾ ਜਾਂ ਪਿੱਠ ਟੇਢੀ ਕਰਨੀ ਕਿੰਨੀ ਤਕਲੀਫ਼ਦੇਹ ਹੋ ਜਾਂਦੀ ਹੈ। ਇਸ ਵਾਸਤੇ ਆਮ ਹੀ ਦਰਦ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਹਨ। ਕਈ ਵਾਰ ਤਾਂ ਪੀੜ ਏਨੀ ਅਸਹਿ ਹੋ ਜਾਂਦੀ ਹੈ ਕਿ ਲੋੜੋਂ ਵੱਧ ਦਰਦ ਦੀਆਂ ਗੋਲੀਆਂ ਖਾਣ ਨਾਲ ਗੁਰਦਾ ਵੀ ਨੁਕਸਾਨਿਆ ਜਾਂਦਾ ਹੈ। ਦਰਅਸਲ ਪੀੜ ਦਾ ਇਹਸਾਸ ਹਰ ਕਿਸੇ ਨੂੰ ਵੱਖ ਹੁੰਦਾ ਹੈ। ਕੋਈ ਲੱਤ ਵੱਢੀ ਜਾਣ ਉੱਤੇ ਵੀ ਪੀੜ ਸਹਿ ਜਾਂਦਾ ਹੈ ਤੇ ਕੋਈ ਝਰੀਟ ਪੈ ਜਾਣ ਉੱਤੇ ਵੀ ਚੀਕ ਚਿਹਾੜਾ ਮਚਾ ਦਿੰਦਾ ਹੈ।
ਇਹ ਤਾਂ ਮੰਨੀ ਪ੍ਰਮੰਨੀ ਗੱਲ ਹੈ ਕਿ ਜਿਸ ਨੇ ਆਪਣੇ ਮਨ ਨੂੰ ਕਾਬੂ ਵਿਚ ਰੱਖਣ ਦੀ ਜਾਂਚ ਸਿੱਖ ਲਈ ਹੋਵੇ, ਉਸ ਨੂੰ ਪੀੜ ਮਹਿਸੂਸ ਹੋਣੀ ਘੱਟ ਹੋ ਜਾਂਦੀ ਹੈ। ਹੁਣ ਦੀ ਨਵੀਂ ਖੋਜ ਹੋਰ ਵੀ ਦਿਲਚਸਪ ਹੈ।
ਇਹ ਖੋਜ 10,000 ਨੌਜਵਾਨਾਂ ਅਤੇ ਅਧੇੜ ਉਮਰ ਦੇ ਲੋਕਾਂ ਉੱਤੇ ਕੀਤੀ ਗਈ ਹੈ। ਇਨ੍ਹਾਂ ਨੂੰ 8 ਸਾਲਾਂ ਤੱਕ ਲਗਾਤਾਰ ਘੋਖਿਆ ਗਿਆ। ਇਹ ਸਾਰੇ ਹੀ ਰੈਗੂਲਰ ਕਸਰਤ ਕਰ ਰਹੇ ਸਨ। ਕੋਈ ਵੱਧ ਤੇ ਕੋਈ ਘੱਟ! ਕੋਈ ਸਿਰਫ਼ ਕੁੱਝ ਚਿਰ ਪੈਦਲ ਤੁਰਨ ਜਾਂ ਦਿਨ ਵਿਚ ਸੱਤ ਅੱਠ ਵਾਰ ਘਰ ਦੀ ਉਪਰਲੀ ਮੰਜਿਲ ਤੱਕ ਆਉਣ ਜਾਣ ਨੂੰ ਵੀ ਕਸਰਤ ਮੰਨ ਰਿਹਾ ਸੀ। ਇਸ ਦੇ ਨਾਲ ਦੂਜਾ ਗਰੁੱਪ ਸ਼ਾਮਲ ਕੀਤਾ ਗਿਆ ਜੋ ਸਿਰਫ਼ ਬੈਠਣ ਨੂੰ ਹੀ ਤਰਜੀਹ ਦਿੰਦਾ ਸੀ ਤੇ ਕਸਰਤ ਨਾ ਬਰਾਬਰ ਕਰਦਾ ਸੀ। ਸਭ ਕੁੱਝ ਰੀਮੋਟ ਜਾਂ ਨੌਕਰ ਚਾਕਰਾਂ ਨੇ ਸਾਂਭਿਆ ਹੋਇਆ ਸੀ। ਯੂਨੀਵਰਸਿਟੀ ਔਫ਼ ਨੌਰਥ ਨਾਰਵੇ ਦੇ ਖੋਜੀ ਡਾ. ਐਂਡਰਜ਼ ਪੈਡਰਸਨ ਨੇ ਖੋਜ ਦੇ ਨਤੀਜਿਆਂ ਬਾਰੇ ਦੱਸਿਆ ਕਿ ਜਿਹੜੇ ਰੈਗੂਲਰ ਕਸਰਤ ਕਰ ਰਹੇ ਸਨ, ਉਨ੍ਹਾਂ ਦੀ ਪੀੜ ਜਰਨ ਦੀ ਸਮਰਥਾ ਦੂਜਿਆਂ ਨਾਲੋਂ ਕਿਤੇ ਵੱਧ ਸੀ।
‘ਟਰੌਮਸੋ ਹੈਲਥ ਸਟੱਡੀ’ ਦੇ ਨਾਂ ਨਾਲ ਮਸ਼ਹੂਰ ਇਸ ਖੋਜ ਨੇ ਜ਼ਿੰਦਗੀ ਜੀਊਣ ਦਾ ਢੰਗ ਤਬਦੀਲ ਕਰ ਦਿੱਤਾ ਹੈ। ਸੰਨ 2007 ਤੋਂ 2016 ਤੱਕ ਚੱਲੀ ਇਸ ਖੋਜ ਵਿਚ Çਲੰਗ,ਉਮਰ, ਪੀੜ ਦਾ ਇਹਸਾਸ, ਮਾਹੌਲ, ਬੀਮਾਰੀ, ਕਸਰਤ ਆਦਿ, ਸਭ ਦਾ ਰਿਕਾਰਡ ਰੱਖਿਆ ਗਿਆ ਸੀ। ਇਨ੍ਹਾਂ ਦਾ ਪੂਰਾ ਮੈਡੀਕਲ ਚੈੱਕਅੱਪ ਅਤੇ ਸਾਰੇ ਟੈਸਟ ਵੀ ਕੀਤੇ ਗਏ ਸਨ। ਪੀੜ ਦਾ ਇਹਸਾਸ ‘ਕੋਲਡ ਪ੍ਰੈੱਸਰ ਟੈਸਟ’ ਨਾਲ ਮਾਪਿਆ ਗਿਆ ਸੀ। ਇਸ ਵਿਚ ਹੱਥ ਨੂੰ ਕਿੰਨੀ ਦੇਰ ਬਰਫ਼ ਵਿਚ ਰੱਖਿਆ ਜਾ ਸਕਦਾ ਸੀ, ਨੋਟ ਕੀਤਾ ਗਿਆ। ਜਿਹੜੇ ਬਿਲਕੁਲ ਕਸਰਤ ਨਹੀਂ ਕਰ ਰਹੇ ਸਨ,ਉਹ ਤਾਂ ਪਲ ਭਰ ਵੀ ਬਰਫ਼ ਵਿਚ ਹੱਥ ਡੁਬੋ ਕੇ ਨਹੀਂ ਰੱਖ ਸਕੇ। ਜਿਹੜੇ ਹਲਕੀ ਕਸਰਤ ਕਰ ਰਹੇ ਸਨ, ਉਨ੍ਹਾਂ ਵਿਚ ਕਸਰਤ ਨਾ ਕਰਨ
ਵਾਲਿਆਂ ਨਾਲੋਂ 7 ਫੀਸਦੀ ਵੱਧ ਪੀੜ ਜਰਨ ਦਾ ਮਾਦਾ ਲੱਭਿਆ। ਜਿਹੜੇ ਵਿਚਕਾਰਲੇ ਮੇਲ ਦੀ ਕਸਰਤ ਕਰ ਰਹੇ ਸਨ, ਉਨ੍ਹਾਂ ਵਿਚ 14 ਫੀਸਦੀ ਵੱਧ ਅਤੇ ਜਿਹੜੇ ਤਗੜੀ ਕਸਰਤ ਕਰ ਰਹੇ ਸਨ, ਉਨ੍ਹਾਂ ਵਿੱਚ 16 ਫੀਸਦੀ ਵੱਧ ਪੀੜ ਜਰਨ ਦਾ ਇਹਸਾਸ ਲੱਭਿਆ। ਫਿਰ ਉਹ ਲੋਕ ਸ਼ਾਮਲ ਕੀਤੇ ਗਏ ਜਿਹੜੇ ਪਹਿਲਾਂ ਉੱਕਾ ਹੀ ਤੁਰ ਫਿਰ ਨਹੀਂ ਸਨ ਰਹੇ ਤੇ ਹੁਣ ਹਲਕੀ ਕਸਰਤ ਕਰਨ ਵੱਲ ਪ੍ਰੇਰਿਤ ਕੀਤੇ ਗਏ ਸਨ। ਇਹ ਵੇਖਣ ਵਿਚ ਆਇਆ ਕਿ ਇਨ੍ਹਾਂ ਵਿਚ ਵੀ ਪੀੜ ਜਰਨ ਦਾ ਮਾਦਾ ਵੱਧ ਗਿਆ। ਇਹ ਵਾਧਾ ਤਿੰਨ ਫੀਸਦੀ ਸੀ। ਜਿਹੜੇ ਉੱਕਾ ਹੀ ਨਾ ਕਸਰਤ ਕਰਨ ਤੋਂ ਹੁਣ ਤਗੜੀ ਜਾਂ ਵਿਚਕਾਰਲੇ ਮੇਲ ਦੀ ਕਸਰਤ ਕਰਨ ਵੱਲ ਪ੍ਰੇਰੇ ਗਏ ਸਨ, ਉਨ੍ਹਾਂ ਨੇ ਪਹਿਲਾਂ ਨਾਲੋਂ 20.4 ਸਕਿੰਟ ਵੱਧ ਬਰਫ਼ ਵਿਚ ਹੱਥ ਰੱਖੀ ਰੱਖਿਆ। ਮਰਦ ਅਤੇ ਔਰਤਾਂ ਦਾ ਪੀੜ ਜਰਨ ਦਾ ਇਹਸਾਸ ਇੱਕੋ ਜਿੰਨਾ ਹੀ ਲੱਭਿਆ। ਅਸਲ ਫ਼ਾਇਦਾ ਸਿਰਫ਼ ਕਸਰਤ ਨੇ ਹੀ ਵਿਖਾਇਆ ਸੀ।
ਡਾ. ਸਟੀਵਨ ਕੋਹੇਨ, ਜੋ ਜੌਨ ਹੌਪਕਿਨ ਯੂਨੀਵਰਸਿਟੀ ਵਿਚ ਪੇਨ ਮੈਡੀਸਨ ਅਤੇ ਨਿਊਰੌਲੋਜੀ ਦੇ ਪ੍ਰੋਫੈੱਸਰ ਸਨ, ਨੇ ਇਸ ਤਰ੍ਹਾਂ ਦੀਆਂ ਹੋਰ ਖੋਜਾਂ ਕਰ ਕੇ ਸਪਸ਼ਟ ਕੀਤਾ ਕਿ ਪੀੜ ਜਰਨਾ ਅਤੇ ਕਸਰਤ ਦਾ ਡੂੰਘਾ ਰਿਸ਼ਤਾ ਹੈ। ਜ਼ਿਆਦਾ ਕਸਰਤ ਕਰਨ ਵਾਲੇ ਤਿੱਖੀ ਪੀੜ ਨੂੰ ਵੀ ਸੌਖਿਆਂ ਜਰ ਜਾਂਦੇ ਹਨ ਅਤੇ ਮਾੜੀ ਮੋਟੀ ਪੀੜ ਦੀ ਤਾਂ ਪਰਵਾਹ ਵੀ ਨਹੀਂ ਕਰਦੇ। ਇਹ ਵੀ ਵੇਖਣ ਵਿਚ ਆਇਆ ਕਿ ਲੰਮੇ ਸਮੇਂ ਤੋਂ ਪੱਠਿਆਂ ਜਾਂ ਜੋੜਾਂ ਦੀਆਂ ਪੀੜਾਂ, ਸਿਰ ਪੀੜ ਆਦਿ, ਤੋਂ ਪੀੜਤ ਲੋਕ ਵੀ ਜਦੋਂ ਕਸਰਤ ਕਰਨ ਵੱਲ ਪ੍ਰੇਰੇ ਗਏ ਤਾਂ ਉਨ੍ਹਾਂ ਦੇ ਮੂਡ ਵਿਚ ਬਹੁਤ ਤਬਦੀਲੀ ਦਿਸੀ ਅਤੇ ਨਕਾਰਾਤਮਕ ਸੋਚ ਤੋਂ ਛੇਤੀ ਕਿਨਾਰਾ ਕਰਨ ਲੱਗ ਪਏ। ਉਨ੍ਹਾਂ ਵਿਚ ਘਬਰਾਹਟ ਅਤੇ ਫ਼ਿਕਰ ਘੱਟ ਗਏ ਅਤੇ ਉਹ ਹੋਰ ਲੋਕਾਂ ਨਾਲ ਮਿਲਣ ਗਿਲਣ ਲੱਗ ਪਏ। ਇਨ੍ਹਾਂ ਦੇ ਸਰੀਰ ਅੰਦਰਲੇ ਹਾਰਮੋਨਾਂ ਵਿਚਲੀ ਤਬਦੀਲੀ ਨੇ ਦਿਮਾਗ਼ ਉੱਤੇ ਅਜਿਹੀ ਛਾਪ ਛੱਡੀ ਕਿ ਪੀੜ ਜਰਨ ਦਾ ਮਾਦਾ ਵੱਧ ਗਿਆ ਤੇ ਚੜ੍ਹਦੀ ਕਲਾ ਦੇ ਇਹਸਾਸ ਹੇਠ ਕਈ ਵਾਰ ਤਾਂ ਸਭ ਮੰਨੇ ਕਿ ਉਨ੍ਹਾਂ ਨੂੰ ਆਪਣੀ ਪੀੜ ਭੁੱਲ ਹੀ ਗਈ।
ਕਸਰਤ ਕਰਨ ਨਾਲ ਲਗਭਗ ਸਾਰਿਆਂ ਵਿਚ ਹੀ ਸੋਚਣ ਸਮਝਣ ਦੀ ਸ਼ਕਤੀ ਵਧੀ ਅਤੇ ਉਨ੍ਹਾਂ ਨੂੰ ਆਪਣੀ ਸਰੀਰਕ ਤਾਕਤ ਵੀ ਵਧੀ ਹੋਈ ਲੱਭੀ। ਇਸ ਤੋਂ ਇਲਾਵਾ ਜੋ ਹੋਰ ਤਬਦੀਲੀਆਂ ਦਿਸੀਆਂ, ਉਹ ਸਨ :-
1. ਯਾਦਾਸ਼ਤ ’ਚ ਵਾਧਾ
2. ਨੀਂਦਰ ਠੀਕ ਆਉਣੀ
3. ਸਵੈ-ਭਰੋਸੇ ਵਿਚ ਵਾਧਾ
4. ਚਿੰਤਾ ਘਟਣੀ
5. ਖੁਸ਼ੀ ਮਹਿਸੂਸ ਹੋਣੀ ਅਤੇ ਹੱਸਣ ਨੂੰ ਜੀਅ ਕਰਨਾ – ਇਹ ਅਸਰ ਐਡਰੀਨਾਲੀਨ ਅਤੇ ਕੌਰਟੀਸੋਲ ਦੇ ਘਟਣ ਸਦਕਾ ਦਿਸੇ।
ਕਾਰਨ :-
ਸਾਡੇ ਸਰੀਰ ਅੰਦਰ ਕੁਦਰਤੀ ਐਂਡੌਰਫਿਨ ਹੁੰਦੇ ਹਨ ਜੋ ਕਸਰਤ ਨਾਲ ਨਿਕਲਣ ਲੱਗ ਪੈਂਦੇ ਹਨ। ਇਹ ਤਗੜੇ ‘ਪੇਨ ਕਿੱਲਰ’ ਮੰਨੇ ਜਾ ਚੁੱਕੇ ਹਨ। ਇਹੀ ਕਾਰਨ ਹੈ ਕਿ ਪੀੜ ਦਾ ਇਹਸਾਸ ਘੱਟ ਹੋ ਜਾਂਦਾ ਹੈ। ਹਾਰਵਰਡ ਯੂਨੀਵਰਸਿਟੀ ਵਿਚ ਹੋਈ ਖੋਜ ਵੀ ਇਹ ਸਭ ਸਪਸ਼ਟ ਕਰ ਚੁੱਕੀ ਹੈ ਕਿ ਕਸਰਤ ਘਟਦੇ ਸਾਰ ਮੂਡ ਵਿਚ ਤਬਦੀਲੀ, ਸੁਸਤੀ, ਕੰਮ ਕਰਨ ਨੂੰ ਜੀਅ ਨਾ ਕਰਨਾ, ਮਿਗਰੇਨ, ਨੀਂਦਰ ਪੂਰੀ ਨਾ ਆਉਣੀ, ਕਿਸੇ ਨਾਲ ਗੱਲ ਕਰਨ ਨੂੰ ਜੀਅ ਨਾ ਕਰਨਾ, ਢਹਿੰਦੀ ਕਲਾ, ਹਲਕੀ ਗੱਲਬਾਤ ਵੀ ਸਿਰ ਅੰਦਰ ਵੱਜਦੀ ਮਹਿਸੂਸ ਹੋਣੀ, ਕਿਸੇ ਦਾ ਹਾਸਾ ਜਰ ਨਾ ਸਕਣਾ, ਇਕੱਲੇ ਬੈਠਣ ਨੂੰ ਜੀਅ ਕਰਨਾ ਆਦਿ, ਝਟਪਟ ਜਕੜ ਲੈਂਦੇ ਹਨ।
ਹੁਣ ਤਾਂ ਅਣਗਿਣਤ ਰੋਗ, ਜਿਵੇਂ ਮੋਟਾਪਾ, ਕੈਂਸਰ, ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ, ਯਾਦਾਸ਼ਤ ਦਾ ਘਟਣਾ (ਡਿਮੈਂਸ਼ੀਆ), ਜੋੜਾਂ ਦਾ ਅਕੜਾਓ, ਮਾਨਸਿਕ ਰੋਗ, ਸਿਰ ਪੀੜ, ਦਿਲ ਦੇ ਰੋਗ, ਸੋਚ ਵਿਚਾਰ ਨਾ ਕਰ ਸਕਣਾ, ਪਿੱਠ ਦਾ ਕੁੱਬਾ ਹੋਣਾ, ਸਰੀਰਕ ਤਾਕਤ ਘਟਣੀ, ਨਪੁੰਸਕਤਾ, ਪੱਠਿਆਂ ਦੀਆਂ ਪੀੜਾ, ਮਾਹਵਾਰੀ ਵੇਲੇ ਦੀ ਦਰਦ, ਹੱਡੀਆਂ ਦੀ ਕਮਜ਼ੋਰੀ, ਨਜ਼ਰ ਘਟਣੀ ਆਦਿ, ਸਭ 90 ਫੀਸਦੀ ਸਿਰਫ਼ ਕਸਰਤ ਨਾਲ ਹੀ ਠੀਕ ਕੀਤੇ ਜਾ ਸਕਦੇ ਹਨ। ਕਸਰਤ ਨਾਲ ਬੌਧਿਕ ਵਿਕਾਸ ਵਿਚ ਵਾਧਾ ਤਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੇਖਿਆ ਗਿਆ ਹੈ। ਅਣਗਿਣਤ ਖੋਜੀ ਮੰਨ ਚੁੱਕੇ ਹਨ ਕਿ ਸਵਖ਼ਤੇ ਦੀ ਸੈਰ ਦੌਰਾਨ ਉਨ੍ਹਾਂ ਦੇ ਮਨ ਦੀ ਇਕਾਗਰਤਾ ਦੀ ਚਰਮ ਸੀਮਾ ਹੁੰਦੀ ਹੈ। ਉਸ ਸਮੇਂ ਦੇ ਫੁਰੇ ਫੁਰਨੇ ਕਮਾਲ ਦੀਆਂ ਖੋਜਾਂ ਦੀ ਨੀਂਹ ਧਰ ਚੁੱਕੇ ਹੋਏ ਹਨ।
ਕਿੰਨੀ ਕਸਰਤ ?
ਖੋਜਾਂ ਅਨੁਸਾਰ ਹਫ਼ਤੇ ਵਿਚ ਪੰਜ ਦਿਨ 20 ਤੋਂ 60 ਮਿੰਟ ਦੀ ਤਗੜੀ ਕਸਰਤ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇ ਪਹਿਲਾਂ ਕਦੇ ਕਸਰਤ ਨਹੀਂ ਕੀਤੀ ਗਈ ਤਾਂ ਕਿਸੇ ਸਿਆਣੇ ਫਿਜ਼ਿਓਥੈਰਪੀ ਸਪੈਸ਼ਲਿਸਟ ਦੀ ਸਲਾਹ ਲੈਣੀ ਚਾਹੀਦੀ ਹੈ। ਖੋਜਾਂ ਅਨੁਸਾਰ ਦੌੜਨਾ, ਤੈਰਨਾ, ਸਾਈਕਲ ਚਲਾਉਣਾ, ਤੇਜ਼ ਤੁਰਨਾ (112 ਕਦਮ ਪ੍ਰਤੀ ਮਿੰਟ), ਪੌੜੀਆਂ ਚੜ੍ਹਨਾ, ਰੱਸੀ ਟੱਪਣਾ, ਚੱਪੂ ਚਲਾਉਣਾ, ਨੱਚਣਾ-ਟੱਪਣਾ ਜਾਂ ਕਿਸੇ ਵੀ ਕਿਸਮ ਦੀ ਤਗੜੀ ਖੇਡ (ਬੈਡਮਿੰਟਨ, ਫੁੱਟਬੌਲ, ਬੇਸਬੌਲ, ਵੌਲੀਬਾਲ, ਟੇਬਲ ਟੇਨਿਸ, ਲਾਨ ਟੈਨਿਸ, ਹਾਕੀ, ਕ੍ਰਿਕਟ, ਖੋ-ਖੋ, ਪਿੱਠੂ, ਛੂ-ਛੂ ਆਦਿ, ਸਭ ਵਧੀਆ ਅਸਰ ਵਿਖਾਉਂਦੀਆਂ ਹਨ।
ਮਸਲਾ ਇੱਕੋ ਹੀ ਬਚਿਆ- ਕਦੋਂ ਸ਼ੁਰੂ ਕਰੀਏ? ਜਵਾਬ ਇੱਕੋ ਹੈ – ਅੱਜ ਤੋਂ ਹੀ!
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783 
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button