ਚੰਡੀਗੜ੍ਹ : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਸਪੈਸ਼ਲ ਸੈਕਟਰੀ ਨੇ ਡੀ ਜੀ ਪੀ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਇੰਸਪੈਕਟਰ ਇੰਦਰਜੀਤ ਸਿੰਘ ਓ ਆਰ ਪੀ ਇੰਸਪੈਕਟਰ ਦੀ ਬਦਲੀ ਨੂੰ ਪ੍ਰਵਾਨਗੀ ਦੇਣ ਵਾਲੇ ਅਫਸਰਾਂ ਬਾਰੇ ਵਿਸਥਾਰਿਤ ਰਿਪੋਰਟ ਮੰਗੀ ਹੈ।
ਬੀਤੇ ਦਿਨ ਲਿਖੇ ਇਸ ਪੱਤਰ ਵਿਚ ਡੀ ਜੀ ਪੀ ਨੂੰ ਆਖਿਆ ਗਿਆ ਕਿ ਓ ਆਰ ਪੀ ਇੰਸਪੈਕਟਰ ਇੰਦਰਜੀਤ ਸਿੰਘ ਦਾ 31.05.2013 ਨੂੰ ਤਰਨਤਾਰਨ ਵਿਚ ਤਬਾਦਲਾ ਅਤੇ ਮਿਤੀ 12.08.2014 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਤਬਾਦਲਾ ਕਰਨ ਦੇ ਹੁਕਮ ਕਿਸਨੇ ਜਾਰੀ ਕੀਤੇ ਅਤੇ ਕਿਸਨੇ ਪ੍ਰਵਾਨਗੀ ਦਿੱਤੀ, ਇਹਨਾਂ ਮਾਮਲਿਆਂ ਦੀ ਪੂਰੀ ਫਾਈਲ ਗ੍ਰਹਿ ਵਿਭਾਗ ਨੂੰ ਭੇਜੀ ਜਾਵੇ।
ਇਸ ਵਿਚ ਇਹ ਵੀ ਕਿਹਾ ਕਿ ਇੰਸਪੈਕਟਰ ਇੰਦਰਜੀਤ ਸਿੰਘ ਦੇ ਖਿਲਾਫ ਗੰਭੀਰ ਦੋਸ਼ ਹੋਣ ਦੇ ਬਾਵਜੂਦ ਉਸ ਖਿਲਾਫ ਵਿਭਾਗੀ ਕਾਰਵਾਈ ਕਿਉਂ ਨਹੀਂ ਕੀਤੀ ਗਈ, ਇਸਦੀ ਵੀ ਜਾਣਕਾਰੀ ਭੇਜੀ ਜਾਵੇ। ਇਸਦੇ ਨਾਲ ਹੀ ਸੁਰਿੰਦਰ ਮਿੱਤਰ ਵਸਨੀਕ ਫਗਵਾੜਾ ਵੱਲੋਂ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਲਗਾਏ ਗੰਭੀਰ ਦੋਸ਼ਾਂ ਬਾਰੇ ਵੀ ਰਿਪੋਰਟ ਦੋ ਦਿਨਾਂ ਦੇ ਅੰਦਰ ਅੰਦਰ ਭੇਜਣ ਵਾਸਤੇ ਕਿਹਾ ਗਿਆ। ਇਸ ਤੋਂ ਇਲਾਵਾ ਡੀ ਜੀ ਪੀ ਨੂੰ ਮਿਤੀ 05.08.1998 ਨੂੰ ਗੁਰਾਇਆ ਜ਼ਿਲ੍ਹਾ ਜਲੰਧਰ ਵਿਚ ਦਰਜ ਹੋਈ ਐਫ ਆਈ ਆਰ ਨੰਬਰ 80 ਅਤੇ ਮਿਤੀ 15.06.2006 ਨੂੰ ਅੰਮ੍ਰਿਤਸਰ ਵਿਚ ਦਰਜ ਹੋਈ ਐਫ ਆਈ ਆਰ ਨੰਬਰ 89 ਵਿਚ ਕਾਰਵਾਈ ਦੀ ਤਾਜ਼ਾ ਸਥਿਤੀ ਦੀ ਰਿਪੋਰਟ ਭੇਜਣ ਵਾਸਤੇ ਵੀ ਕਿਹਾ ਗਿਆ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਪੱਤਰ ਦੇ ਅਖੀਰ ਵਿਚ ਇਹ ਲਿਖਿਆ ਗਿਆ ਹੈ ਕਿ ਇਹ ਸਾਰੀ ਕਾਰਵਾਈ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.