ਕੰਨਾਂ ਨੇ ਕੀਤੇ ਕਈ ਕਤਲ !
ਅਮਰਜੀਤ ਸਿੰਘ ਵੜੈਚ (9417801988)
ਇਕ ਕਹਾਵਤ ਹੈ ਕਿ ਅੱਖਾਂ ਗਈਆਂ ਤਾਂ ਜਹਾਨ ਗਿਆ, ਦੰਦ ਗਏ ਤਾਂ ਸੁਆਦ ਗਿਆ, ਕੰਨ ਗਏ ਤਾਂ ਰਾਗ ਗਿਆ, ਮਾਪੇ ਗਏ ਤਾਂ ਲਾਡ ਗਿਆ। ਜਿਨ੍ਹਾਂ ਨੂੰ ਸੁਣਨਾ ਬੰਦ ਹੋ ਜਾਂਦਾ ਹੈ ਉਨ੍ਹਾਂ ਨੂੰ ਦੁਨੀਆਂ ਨਿਰਾਸ਼ ਲੱਗਣ ਲੱਗ ਪੈਂਦੀ ਹੈ ; ਉਨ੍ਹਾਂ ਨੂੰ ਇੰਜ ਲੱਗਦਾ ਹੈ ਜਿਵੇਂ ਉਨ੍ਹਾਂ ਦੇ ਟੀਵੀ ਦੀ ਆਵਾਜ਼ ਬੰਦ ਹੋ ਗਈ ਹੋਵੇ। ਕਦੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿ ਕਿਸੇ ਦੇ ਕੰਨ ਵੀ ਉਹਦੀ ਮੌਤ ਦਾ ਕਾਰਨ ਬਣ ਸਕਦੇ ਹਨ ! ਵਿਸ਼ਵ ਵਿੱਚ ਹਰ ਸਾਲ 48 ਹਜ਼ਾਰ ਲੋਕ ਸ਼ੋਰ-ਪ੍ਰਦੂਸ਼ਣ ਕਰਕੇ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ 12 ਹਜ਼ਾਰ ਤੋਂ ਵੱਧ ਲੋਕ ਉਮਰ ਤੋਂ ਪਹਿਲਾਂ ਹੀ ਇਹ ਦੁਨੀਆਂ ਛੱਡ ਜਾਂਦੇ ਹਨ।
12 ਹਜ਼ਾਰ ਤੋਂ ਵੱਧ ਬੱਚੇ ਹਰ ਸਾਲ ਸ਼ੋਰ ਪ੍ਰਦੂਸ਼ਣ ਕਰਕੇ ਪ੍ਰਭਾਵਿਤ ਹੁੰਦੇ ਹਨ ਜਿੰਨ੍ਹਾਂ ਨੂੰ ਭਵਿੱਖ ਵਿੱਚ ਇਸ ਦੇ ਮਾੜੇ ਅਸਰ ਹੋਣ ਦਾ ਹਮੇਸ਼ਾ ਖ਼ਤਰਾ ਬਣਿਆ ਰਹੇਗਾ। ਸ਼ੋਰ-ਪ੍ਰਦੂਸ਼ਣ ਕਾਰਨ ਕੰਨਾਂ ‘ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਸੁਣਨ ਸ਼ਕਤੀ ਤਾਂ ਘੱਟਦੀ ਹੀ ਹੈ ਨਾਲ ਦੀ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ, ਦਿਲ ਦੇ ਰੋਗ ਲੱਗ ਸਕਦੇ ਹਨ, ਨੀਂਦ ਘੱਟ ਹੋ ਜਾਂਦੀ ਹੈ, ਸਵੇਰੇ ਜ਼ਲਦੀ ਨੀਂਦ ਖੁੱਲ੍ਹਣ ਲੱਗ ਜਾਂਦੀ ਹੈ ਅਤੇ ਦਿਮਾਗੀ ਤਣਾਓ ਵਧਦਾ ਹੈ। ਸ਼ੋਰ ਪ੍ਰਦੂਸ਼ਣ ਦਾ ਬੱਚਿਆਂ ‘ਤੇ ਸਭ ਤੋਂ ਵੱਧ ਅਸਰ ਹੁੰਦਾ ਹੈ।
ਵਿਗਿਆਨ ਨੇ ਜਿਹੜੇ ਮਨੋਰੰਜਨ ਦੇ ਸਾਧਨ ਬਣਾਏ ਹਨ ਅਸੀਂ ਉਨ੍ਹਾਂ ਦੀ ਗ਼ਲਤ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅੱਜ ਕੱਲ੍ਹ ਦਾ ਇਲੈਕਟ੍ਰੋਨਿਕ ਸਾਜ਼ੋ-ਸਮਾਨ ਜਿਵੇਂ ਮੋਬਾਇਲ ਫ਼ੋਨ, ਹੈੱਡ ਫ਼ੋਨ, ਬਲੂਟੁੱਥ, ਕਾਰ ਸਪੀਕਰ, ਡੀਜੇ, ਹੋਮ ਥੀਏਟਰ, ਟੀਵੀ ਆਦਿ ਦਾ ਕੰਨਾਂ ਉਪਰ ਮਾੜਾ ਅਸਰ ਪਾਉਂਦਾ ਹੈ। ਗੱਡੀਆਂ ਦੇ ਹਾਰਨ ,ਆਵਾਜਾਈ ਦੇ ਸਾਧਨ, ਜਹਾਜ਼, ਰੇਲ ਗੱਡੀਆਂ, ਉਦਯੋਗ, ਉਸਾਰੀ, ਸੰਗੀਤ ਦੇ ਖੁੱਲ੍ਹੇ ਵਿੱਚ ਪ੍ਰੋਗਰਾਮ, ਭੀੜ-ਭੜੱਕੇ, ਮੇਲੇ-ਮਸਾਵੇ ਆਦਿ ਬਹੁਤ ਸ਼ੋਰ-ਪ੍ਰਦੂਸ਼ਣ ਪੈਦਾ ਕਰਦੇ ਹਨ।
ਅੱਜ ਕੱਲ੍ਹ ਭਾਰਤ ਵਿੱਚ ਵੀ ਲੋਕਾਂ ‘ਤੇ ਸ਼ੋਰ-ਪ੍ਰਦੂਸ਼ਣ ਦੇ ਅਸਰ ਨਜ਼ਰ ਆਉਣ ਲੱਗ ਪਏ ਹਨ। ਵਿਸ਼ਵ ਸਿਹਤ ਸੰਸਥਾ ਦੀ 2021 ਦੀ ਰਿਪੋਰਟ ਮੁਤਾਬਿਕ ਭਾਰਤ ਵਿੱਚ ਹਰ ਸਾਲ 27 ਹਜ਼ਾਰ ਬੱਚੇ ਬੋਲੇ ਪੈਦਾ ਹੁੰਦੇ ਹਨ। ਸਾਡੇ ਦੇਸ਼ ਵਿੱਚ ਇਸ ਵਕਤ 63 ਲੱਖ ਲੋਕ ਕੰਨਾਂ ਦੇ ਸੁਣਨ ਰੋਗਾਂ ਤੋਂ ਪੀੜਿਤ ਹਨ। ਭਾਵ 6.3 ਫ਼ੀਸਦ ਆਬਾਦੀ ਸੁਣਨ ਦੀਆਂ ਬਿਮਾਰੀਆਂ ਨਾਲ ਦੋ ਚਾਰ ਹੋ ਰਹੀ ਹੈ। ਸੰਸਥਾ ਦਾ ਇਹ ਵੀ ਵਿਸ਼ਲੇਸ਼ਣ ਹੈ ਕਿ ਭਾਰਤ ਸਮੇਤ ਬਾਕੀ ਦੁਨੀਆਂ ਵਿੱਚ ਸਾਲ 2050 ਤੱਕ ਹਰ ਚਾਰ ਵਿਅਕਤੀਆਂ ਪਿਛੇ ਇਕ ਨੂੰ ਕੰਨਾਂ ਦੀ ਸੁਣਨ ਸਬੰਧੀ ਸਮੱਸਿਆ ਆਉਣ ਲੱਗ ਪਏਗੀ।
ਕੇਂਦਰ ਅਤੇ ਰਾਜ ਸਰਕਾਰਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਭਾਵੇਂ ਇਸ ਪਾਸੇ ਕਾਰਜਸ਼ੀਲ ਹਨ ਪਰ ਹਾਲੇ ਆਮ ਲੋਕ ਇਸ ਮੁਸੀਬਤ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਸਰਕਾਰਾਂ ਵੱਲੋਂ ਵੀ ਸਖ਼ਤੀ ਨਹੀਂ ਕੀਤੀ ਜਾ ਰਹੀ। ਕੇਂਦਰੀ ਅਤੇ ਰਾਜ ਸਰਕਾਰਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਕਾਨੂੰਨ ਅਨੁਸਾਰ ਸਖ਼ਤੀ ਵੀ ਨਹੀਂ ਵਰਤ ਰਹੇ। ਵੈਸੇ ਕਾਨੂੰਨ ਅਨੁਸਾਰ ਵੀ ਉਲੰਘਣਾ ਕਰਨ ਵਾਲਿਆਂ ਲਈ ਕੋਈ ਬਹੁਤੀ ਸਜ਼ਾ ਜਾਂ ਜੁਰਮਾਨੇ ਵੀ ਨਹੀਂ ਹਨ। ਡਾਕਟਰ ਲੋਕਾਂ ਨੂੰ ਚੇਤਾਵਨੀਆਂ ਦੇ ਰਹੇ ਹਨ ਪਰ ਲੋਕ ਡਾਕਟਰਾਂ ਦੀ ਚਿਤਾਵਨੀ ‘ਤੇ ਕੰਨ ਨਹੀਂ ਧਰ ਰਹੇ।
ਭਵਿੱਖ ਵਿੱਚ ਸ਼ੋਰ-ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਜ਼ਿਆਦਾ ਸ਼ੋਰ ਤੋਂ ਦੂਰ ਰਹੀਏ, ਮੁਬਾਇਲ ਫੋਨਾਂ ਦੀ ਵਰਤੋਂ ਲੋੜ ਮੁਤਾਬਿਕ ਹੀ ਕਰੀਏ, ਬੱਚਿਆਂ ਨੂੰ ਇਲੈਕਟ੍ਰੋਨਕਿ ਸਾਜ਼ੋ-ਸਮਾਨ ਦੀਆਂ ਰੇਡੀਏਸ਼ਨ ਕਿਰਨਾਂ ਤੋਂ ਬਚਾ ਕੇ ਰੱਖੀਏ, ਧਾਰਮਿਕ, ਸਮਾਜਿਕ, ਪਰਿਵਾਰਕ, ਰਾਜਨੀਤਕ ਆਦਿ ਸਮਾਰੋਹਾਂ ‘ਤੇ ਸਪੀਕਰ ਘੱਟ ਆਵਾਜ਼ ‘ਤੇ ਚਲਾਈਏ। ਘਰਾਂ ਵਿੱਚ ਟੀਵੀ ਸਹਿੰਦੀ-ਸਹਿੰਦੀ ਆਵਾਜ਼ ‘ਤੇ ਹੀ ਸੁਣੀਏ, ਬਲੂਟੁਥ ਅਤੇ ਹੈੱਡ ਫੋਨਾਂ ਦੀ ਵਰਤੋਂ ਘੱਟ ਤੋਂ ਘੱਟ ਕਰੀਏ ਅਤੇ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖੀਏ। ਸਾਨੂੰ ਸਰਕਾਰੀ ਪੱਧਰ ‘ਤੇ ਬਹੁਤ ਜਲਦੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਤਾਂ ਕੇ ਇਹ ਮੁਸੀਬਤ ਤੋਂ ਆਬਾਦੀ ਦੀ ਵੱਡੀ ਗਿਣਤੀ ਨੂੰ ਬਚਾ ਸਕੀਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.