D5 specialOpinion

ਕੁਦਰਤ ਦੇ ਰੰਗਾਂ ਵਿੱਚ ਰੰਗਿਆ ਜਸਪ੍ਰੀਤ ਦਾ ਕਾਵਿ ਸੰਗ੍ਰਹਿ : ‘ਪੌਣਾ ਦੀ ਸਰਗਮ’

ਉਜਾਗਰ ਸਿੰਘ

ਜਸਪ੍ਰੀਤ ਦਾ ਕਾਵਿ ਸੰਗ੍ਰਹਿ ‘ਪੌਣਾਂ ਦੀ ਸਰਗਮ’ਕਵਿਤਾਵਾਂ ਅਤੇ ਫੋਟੋਗ੍ਰਾਫੀ ਦੀ ਕਲਾ ਦਾ ਸੁਮੇਲ ਹੈ। ਜਸਪ੍ਰੀਤ ਜਿਥੇ ਇਕ ਕਵਿਤਰੀ ਹੈ, ਉਸਦੇ ਨਾਲ ਹੀ ਉਹ ਫੋਟੋ ਕਲਾਕਾਰ ਵੀ ਹੈ। ਉਸ ਨੂੰ ਕਲਾ ਤੇ ਸਾਹਿਤ ਦਾ ਸੁਮੇਲ ਕਿਹਾ ਜਾ ਸਕਦਾ ਹੈ। ਜਸਪ੍ਰੀਤ ਦੀਆਂ ਕਵਿਤਾਵਾਂ ਅਤੇ ਤਸਵੀਰਾਂ ਕੁਦਰਤ ਦੇ ਕਾਦਰ ਦੀ ਕਲਾ ਦਾ ਸੁਹਜਾਤਮਿਕ ਪ੍ਰਗਟਾਵਾ ਕਰਦੀਆਂ ਹਨ। ਕਵਿਤਰੀ ਦੀਆਂ ਲਗਪਗ ਸਾਰੀਆਂ ਕਵਿਤਾਵਾਂ ਵਿੱਚ ਪ੍ਰਕਿ੍ਰਤੀ ਦਾ ਗੁਣ ਗਾਨ ਕੀਤਾ ਗਿਆ ਹੈ। ਭਾਵ ਪ੍ਰਕਿ੍ਰਤੀ ਹੀ ਉਸਦਾ ਜੀਵਨ ਹੈ। ਇਸ ਲਈ ਜਸਪ੍ਰੀਤ ਨੇ ਫੁਲ, ਫਲ, ਰੁੱਖ, ਵੇਲ, ਬੂਟੇ, ਫਸਲਾਂ, ਹਵਾਵਾਂ, ਦਰਿਆਵਾਂ, ਨਦੀਆਂ, ਪੰਛੀਆਂ ਦਾ ਜ਼ਿਕਰ ਵਿਸ਼ੇਸ਼ ਤੌਰ ‘ਤੇ ਆਪਣੀਆਂ ਕਵਿਤਾਵਾਂ ਵਿੱਚ ਕੀਤਾ ਹੈ। ਪ੍ਰਕਿ੍ਰਤੀ ਤੋਂ ਬਿਨਾ ਇਨਸਾਨ ਦਾ ਜੀਵਨ ਕਿਆਸਿਆ ਹੀ ਨਹੀਂ ਜਾ ਸਕਦਾ। ਸੂਖ਼ਮ ਭਾਵਨਾਵਾਂ ਵਾਲਾ ਇਨਸਾਨ ਹੀ ਅਜਿਹੀਆਂ ਕਵਿਤਾਵਾਂ ਅਤੇ ਕਲਾਤਮਿਕ ਤਸਵੀਰਾਂ ਖਿੱਚ ਸਕਦਾ ਹੈ।

ਕਵਿਤਾ ਅਤੇ ਫੋਟੋਗ੍ਰਾਫ਼ੀ ਸਮੇਂ ਦੀ ਨਜ਼ਾਕਤ ਅਤੇ ਨਬਜ਼ ਨੂੰ ਪਕੜਨਾ ਹੁੰਦਾ ਹੈ। ਹਵਾ ਦੇ ਬੁਲੇ ਅਤੇ ਮੀਂਹ ਦੇ ਪਾਣੀ ਦੇ ਕਤਰੇ ਦੀ ਸਰਗਮ ਅਤੇ ਸਥਾਨ ਬਦਲਣ ਤੋਂ ਪਹਿਲਾਂ ਕੈਮਰੇ ਵਿੱਚ ਕੈਦ ਕਰਨਾ ਹੁੰਦਾ ਹੈ। ਇਸ ਕਰਕੇ ਇਸ ਕਾਵਿ ਸੰਗ੍ਰਹਿ ਵਿੱਚ ਕਈ ਵਿਲੱਖਣ ਸੁਰਾਂ ਅਲਾਪੀਆਂ ਗਈਆਂ ਹਨ, ਜਿਹੜੀਆਂ ਪੁਸਤਕ ਨੂੰ ਆਮ ਸਾਹਿਤਕ ਪੁਸਤਕਾਂ ਤੋਂ ਵੱਖ਼ਰਾ ਬਣਾ ਰਹੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕਾਫੀ ਟੇਬਲ ਪੁਸਤਕ ਹੈ। ਪੰਜਾਬੀ ਵਿੱਚ ਕਾਫੀ ਟੇਬਲ ਪੁਸਤਕਾਂ ਖਾਸ ਤੌਰ ਤੇ ਕਾਵਿ ਅਤੇ ਉਹ ਵੀ ਦੋ ਭਾਸ਼ਾਵਾਂ ਵਿੱਚ ਸ਼ਾਇਦ ਮੇਰੀ ਜਾਣਕਾਰੀ ਅਨੁਸਾਰ ਇਹ ਪਹਿਲੀ ਪੁਸਤਕ ਹੈ। ਦੂਜੇ ਹਰ ਕਵਿਤਾ ਦੇ ਨਾਲ ਤਸਵੀਰਾਂ ਲਗਾਈਆਂ ਗਈਆਂ ਹਨ। ਕਵਿਤਾ ਅਤੇ ਤਸਵੀਰਾਂ ਇਕ ਦੂਜੇ ਦੀਆਂ ਪੂਰਕ ਬਣੀਆਂ ਹੋਈਆਂ ਹਨ।

ਜੋ ਕਵਿਤਾ ਕਹਿੰਦੀ ਹੈ, ਉਸਦਾ ਪ੍ਰਗਟਾਵਾ ਤਸਵੀਰ ਬਿਨ ਬੋਲਿਆਂ ਕਰਦੀ ਹੈ। ਤੀਜੇ ਸਭ ਤੋਂ ਵੱਡੀ ਗੱਲ ਅੰਗਰੇਜ਼ੀ ਵਿੱਚ ਕਵਿਤਾਵਾਂ ਦਾ ਤਰਜ਼ਮਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਸਾਰੀਆਂ ਕਵਿਤਾਵਾਂ ਸੁਪਨਿਆਂ, ਭਾਵਨਾਵਾਂ, ਅਹਿਸਾਸਾਂ, ਮਨ ਦੀਆਂ ਤਰੰਗਾਂ, ਦਿਲ ਦੀਆਂ ਉਮੰਗਾਂ, ਬਚਪਨ ਦੀਆਂ ਸੁਗੰਧਾਂ, ਕੁਦਰਤ ਦੀਆਂ ਅਰਜੋਈਆਂ, ਮਨ ਵਿੱਚ ਵਰੋਸੋਈਆਂ, ਕਣਕ ਦੀਆਂ ਬੱਲੀਆਂ, ਹੋਈਆਂ ਝੱਲੀਆਂ, ਸੂਰਜ ਦਾ ਚੜ੍ਹਨਾ,  ਫੁਲਾਂ ਦਾ ਖਿੜਨਾ, ਬਾਰਿਸ਼ ਦੀ ਛਮ-ਛਮ, ਰੁੱਤਾਂ ਦੀ ਸਰਗਮ, ਪਾਣੀ ਦੀਆਂ ਲਹਿਰਾਂ ਤੇ ਪੰਛੀਆਂ ਦੀਆਂ ਬਹਿਰਾਂ, ਰੰਗ ਬਿਰੰਗੀਆਂ ਤਿਤਲੀਆਂ, ਭੰਵਰੇ ਦਾ ਮਨ ਡੋਲਿਆ, ਸੂਰਜ ਦੀਆਂ ਰਿਸ਼ਮਾ ਅਬੋਲ ਕਰਨ ਕਲੋਲ ਅਤੇ ਚੰਦਰਮਾ ਦੀਆਂ ਸਿਫ਼ਤਾਂ ਦੇ ਸੋਹਲੇ ਗਾਉਂਦੀਆਂ ਹੋਈਆਂ ਮਨ ਨੂੰ ਸ਼ਰਸਾਰ ਕਰਦੀਆਂ ਹਨ। ਇਨਸਾਨ ਦੇ ਅੰਦਰ ਵੀ ਇਕ ਸੂਰਜ ਹਰ ਰੋਜ਼ ਚੜ੍ਹਦਾ ਹੈ ਅਤੇ ਸੂਰਜ ਵਰਗੀਆਂ ਪ੍ਰਾਪਤੀਆਂ ਕਰਨ ਦੀ ਇਛਾ ਕਰਦਾ ਹੋਇਆ ਅਲੋਪ ਹੋ ਜਾਂਦਾ ਹੈ।

ਇਹ ਜਦੋਜਹਿਦ ਲਗਾਤਾਰ ਇਨਸਾਨ ਦੇ ਮਨ ਵਿੱਚ ਜ਼ਾਰੀ ਰਹਿੰਦੀ ਹੈ। ਕਵਿਤਾਵਾਂ ਦੀ ਸ਼ੈਲੀ ਅਤੇ ਸ਼ਬਦਾਵਲੀ ਪੰਜਾਬੀ ਵਿਰਾਸਤ ਦਾ ਪ੍ਰਤੀਕ ਬਣਦੀਆਂ ਹਨ। ਮੁੱਖ ਤੌਰ ‘ਤੇ ਫ਼ੁਲਾਂ ਦੀਆਂ ਸੁਗੰਧੀਆਂ, ਪੱਤਿਆਂ ਦੀ ਖੜ-ਖੜ, ਰੁੱਖਾਂ ਦੀ ਜੜ ਅਤੇ ਪੰਛੀਆਂ ਦੀਆਂ ਸਰਗਰਮੀਆਂ ਦੀ ਚਹਿਲ ਪਹਿਲ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਤਸਵੀਰਾਂ ਬਹੁਰੰਗੀਆਂ ਅਤੇ ਗੂੜ੍ਹੇ ਰੰਗਾਂ ਵਾਲੀਆਂ ਹਨ, ਜਿਹੜੀਆਂ ਮਾਨਵਤਾ ਦੇ ਮਨਾਂ ਦੀ ਮਾਨਸਿਕਤਾ ਨੂੰ ਟੁੰਬਦੀਆਂ ਹੋਈਆਂ ਮਨਮੋਹਕ ਬਣਾਉਂਦੀਆਂ ਹਨ। ਗੂੜ੍ਹਾ ਪੀਲਾ ਰੰਗ ਬਹੁਤੀਆਂ ਤਸਵੀਰਾਂ ਦੀ ਸ਼ੋਭਾ ਵਧਾਉਂਦਾ ਹੈ। ਕਵਿਤਾ ਇਨਸਾਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੁੰਦੀ ਹੈ। ਇਸ ਲਈ ਕਵਿਤਰੀ ਨੇ ਮਾਨਵਤਾ ਦੇ ਅਚੇਤ ਮਨ ਵਿੱਚ ਉਪਜਦੇ ਸੁਪਨਿਆਂ ਦੀ ਪੈੜ-ਚਾਲ ਨੂੰ ਆਪਣੀ ਪਹਿਲੀ ਕਵਿਤਾ ਰਾਹੀਂ ਪ੍ਰਗਟ ਕੀਤਾ ਹੈ। ਸੁਪਨੇ ਮਿ੍ਰਗ ਤਿ੍ਰਸ਼ਨਾ ਦੀ ਤਰ੍ਹਾਂ ਲੰਮੇ ਹੁੰਦੇ ਹੋਏ ਕਵਿਤਾ ਦਾ ਰੂਪ ਧਾਰ ਲੈਂਦੇ ਹਨ।

ਜਿਵੇਂ ਭਾਈ ਵੀਰ ਸਿੰਘ ਫੁਲਾਂ ਦੀ ਮਹਿਕ ਦੀ ਮਹੱਤਤਾ ਆਪਣੀ ਕਵਿਤਾ ਰਾਹੀਂ ਕਰਦੇ ਹੋਏ ਉਸਨੂੰ ਤੋੜਨ ਤੋਂ ਵਰਜਦੇ ਹਨ, ਉਸੇ ਤਰ੍ਹਾਂ ਜਸਪ੍ਰੀਤ ਨੇ ਫਲਾਵਰ ਸ਼ੋ ਦੇ ਨਾਂ ‘ਤੇ ਫੁਲਾਂ ਦੀ ਮਹਿਕ ਨੂੰ ਅਣਗੌਲਿਆਂ ਕਰਨ ਦਾ ਜ਼ਿਕਰ ਆਪਣੀ ਕਵਿਤਾ ਵਿੱਚ ਕੀਤਾ ਹੈ। ਜੇਕਰ ਨੀਝ ਨਾਲ ਵੇਖਿਆ ਜਾਵੇ ਤਾਂ ਕਵਿਤਰੀ ਦੀਆਂ ਕਵਿਤਾਵਾਂ ਦੇ ਦੋਹਰੇ ਅਰਥ ਪ੍ਰਗਟ ਹੁੰਦੇ ਹਨ। ਜਿਵੇਂ ਪੰਛੀਆਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਉਨ੍ਹਾਂ ਦੀ ਆਜ਼ਾਦੀ ਖ਼ਤਮ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਫੁਲਾਂ ਨਾਲ ਇਨਸਾਨ ਵਿਵਹਾਰ ਕਰਦਾ ਹੈ। ਫੁਲ ਜ਼ਿੰਦਗੀ ਨੂੰ ਸੁਹਾਵਣੀ ਬਣਾਉਂਦੇ ਹਨ ਪ੍ਰੰਤੂ ਇਨਸਾਨ ਆਪਣੀ ਖੁਦਗਰਜੀ ਲਈ ਫਲਾਵਰ ਸ਼ੋ ਵਿੱਚ ਲਿਜਾ ਕੇ ਉਨ੍ਹਾਂ ਦੀ ਨਿਰਾਦਰੀ ਕਰਦਾ ਹੈ। ਸੌਖਾ ਨਹੀਂ ਹੁੰਦਾ, ਅਮਲਤਾਸ ਹੋ ਜਾਣਾ। ਇਹ ਇਕ ਸਿੰਬਾਲਿਕ ਗੱਲ ਹੈ। ਜਿਵੇਂ ਅਮਲਤਾਸ ਕਲੀਰਾ, ਝੁਮਕਾ, ਮਾਲਾ, ਗਜਰਾ ਬਣਦਾ ਹੈ, ਉਸੇ ਤਰ੍ਹਾਂ ਇਨਸਾਨ ਵੀ ਕਈ ਪੜਾਵਾਂ ਵਿੱਚੋਂ ਲੰਘਦਾ ਹੋਇਆ ਪੂਰਨ ਇਨਸਾਨ ਬਣਦਾ ਹੈ।

ਭਾਵ ਕਿਸੇ ਵੀ ਪ੍ਰਾਪਤੀ ਲਈ ਸਬਰ, ਸੰਤੋਖ, ਜਦੋਜਹਿਦ, ਮਿਹਨਤ ਅਤੇ ਸੁਨਿਆਰ ਦੀ ਭੱਠੀ ਵਿੱਚ ਜਿਵੇਂ ਸੋਨਾ ਨਿਖਰਦਾ ਹੈ, ਉਸੇ ਤਰ੍ਹਾਂ ਇਨਸਾਨ ਨੂੰ ਵੀ ਪ੍ਰਪਤੀ ਕਰਨ ਲਈ ਕਰਨਾ ਪਵੇਗਾ। ਕਵਿਤਰੀ ਦੀ ਕਵਿਤਾ ਪੜ੍ਹਕੇ ਦਿਹਾਤੀ ਜੀਵਨ ਦੇ ਦਰਸ਼ਨ ਹੋ ਜਾਂਦੇ ਹਨ। ਸ਼ਹਿਰੀਕਰਨ ਦੇ ਜ਼ਮਾਨੇ ਵਿੱਚ ਆਪਣੀ ਵਿਰਾਸਤ ਦੇ ਸ਼ਬਦਾਂ ਦੀ ਵਰਤੋਂ ਕਰਨੀ ਵਿਰਾਸਤੀ ਪਿਆਰ ਦਾ ਪ੍ਰਗਟਾਵਾ  ਹੈ। ਉਸਦੀ ਕਵਿਤਾ ਵਰਤਮਾਨ ਸਮਾਜਿਕ ਤਾਣੇ ਬਾਣੇ ਵਿੱਚ ਰੁੱਝੇ ਇਨਸਾਨ ਦਾ ਪ੍ਰਕਿਰਤੀ ਤੋਂ ਮੂੰਹ ਮੋੜਨ ਦੀ ਬਾਤ ਵੀ ਪਾਉਂਦੀ ਹੈ। ਕਵਿਤਰੀ ਇਸ਼ਕ ਮੁਸ਼ਕ ਦੀ ਗੱਲ ਕਰਦੀ ਵੀ ਕੁੱਦਰਤ ਨਾਲ ਇਕ-ਮਿਕ ਹੋ ਕੇ ਜਾਂਦੀ ਹੈ। ਹਵਾ ਦਾ ਰੁੱਖ ਬਦਲਿਆ ਵਿੱਚ ਜਸਪ੍ਰੀਤ ਨੇ ਅਸਫਲ ਪਿਆਰ ਨੂੰ ਵੀ ਧੂਣੀ ਦੇ ਧੂਏਂ ਦੀ ਤਸ਼ਬੀਹ ਦੇ ਕੇ ਲਿਖਿਆ ਹੈ। ਇਸੇ ਤਰ੍ਹਾਂ ਮੌਸਮ ਜਦ ਸਾਜ਼ਿਸ਼ ਕਰਦੇ ਹਨ ਵਾਲੀ ਕਵਿਤਾ ਵਿੱਚ ਵੀ ਇਸ਼ਕ ਦੀ ਜ਼ਿੰਦਗੀ ਦੇ ਲਹਿਰਾਉਂਦੇ ਪਰਚਮ ਦੇ ਰੂਬਰੂ ਹੁੰਦੀ ਹੈ। ਇਸਦੇ ਨਾਲ ਜਿਹੜੀ ਤਸਵੀਰ ਲਾਈ ਹੈ, ਉਸ ਵਿੱਚ ਫੁੱਲ ਦੀ ਸੁਗੰਧ ਲੈਂਦਾ ਪੰਛੀ ਜ਼ਿੰਦਗੀ ਦਾ ਆਨੰਦ ਮਾਨਣ ਦਾ ਪ੍ਰਤੀਕ ਹੈ। ਪਿਆਰਿਆਂ ਦੀ ਚੁੱਪ ਵਿੱਚੋਂ ਪਿਆਰ ਦੀ ਮਹਿਕ ਆਉਂਦੀ ਵਿਖਾਈ ਹੈ। ਚੰਨ ਤੋਂ ਮਿਲਦੀ ਚਾਨਣੀ ਇਸ਼ਕ ਦੀਆਂ ਅੰਬਰੀਂ ਪੀਂਘਾਂ ਪਾਉਣ ਦਾ ਸੰਕੇਤ ਹੈ-

ਬੱਦਲਾਂ ‘ਚੋਂ ਚੰਨ ਤੱਕਦਾ

ਨੀ ਮੈਂ ਚੰਨ ਦੇ ਗੁਆਂਢ ਘਰ ਪਾਵਾਂ

ਚੰਨ ਤੋਂ ਮੈਂ ਲੈ ਕੇ ਚਾਨਣੀ

ਪਿੰਡੇ ਉਤੇ ਮਲ਼ ਮਲ਼ ਨ੍ਹਾਵਾਂ

ਤੱਕ ਤੱਕ ਸੋਹਣੇ ਚੰਨ ਨੂੰ

ਇਸ਼ਕ ਦੇ ਸੋਹਲੇ ਗਾਵਾਂ

ਚੰਨ ਕੋਲ ਡਾਹ ਕੇ ਚਰਖ਼ਾ

ਨੀ ਮੈਂ ਤੰਦ ਰਿਸ਼ਮਾਂ ਦੀ ਪਾਵਾਂ।

ਕਵਿਤਰੀ ਆਪਣੀਆਂ ਕਵਿਤਾਵਾਂ ਵਿੱਚ ਉਦਾਸੀ ਤੋਂ ਛੁਟਕਾਰਾ ਪਾਉਣ ਲਈ ਕੁਦਰਤ ਦੀ ਗੋਦ ਦਾ ਸਹਾਰਾ ਲੈਣ ਲਈ ਪ੍ਰੇਰਦੀ ਹੈ। ਬੱਚਿਆਂ ਦੀ ਪ੍ਰਾਪਤੀ ਮਾਪਿਆਂ ਦੀ ਅਤਿ੍ਰਪਤ ਭਾਵਨਾ ਨੂੰ ਪੂਰਦੀ ਹੈ। ਯੁਗਾਂ ਯੁਗਾਂ ਤੋਂ ਕਵਿਤਾ ਬਹੁ ਅਰਥੀ ਹੈ, ਜਿਸ ਵਿੱਚ ਧਰਤੀ ਵਿੱਚੋਂ ਖ਼ਤਮ ਹੋ ਰਹੇ ਪਾਣੀ ਅਤੇ ਜੀਵਨ ਦੀ ਪ੍ਰਾਪਤੀ ਦੀ ਸੰਤੁਸ਼ਟਤਾ ਪ੍ਰਗਟਾਉਂਦੀ ਹੈ। ਧੀ ਦੇ ਬਿਗਾਨੇ ਘਰ ਜਾਣ ਸਮੇਂ ਲੋੜਬੰਦਾਂ ਦੀ ਮਦਦ ਦੀ ਗੁਹਾਰ ਲਾਉਂਦੀ ਹੈ। ਯਾਤਰਾ ਮੰਜ਼ਿਲ ਦਾ ਅੰਤਮ ਸੱਚ ਵਿੱਚ ਜਸਪ੍ਰੀਤ ਲਿਖਦੀ ਹੈ ਕਿ ਕਿਸੇ ਪ੍ਰਾਪਤੀ ਨੂੰ ਅੰਤਮ ਨਾ ਸਮਝਿਆ ਜਾਵੇ ਸਗੋਂ ਜ਼ਿੰਦਗੀ ਦਾ ਸਫਰ ਜ਼ਾਰੀ ਰੱਖਿਆ ਜਾਵੇ। ਸਾਵਣ ਦੇ ਮਹੀਨਾ ਕਵਿਤਾ ਵਿੱਚ ਕਵਿਤਰੀ ਦੱਸਦੀ ਹੈ ਕਿ ਇਨਸਾਨ ਆਪ ਆਨੰਦ ਦਾ ਲੁਤਫ਼ ਲੈਣ ਸਮੇਂ ਦੂਜੇ ਦੇ ਆਨੰਦ ਵਿੱਚ ਵਿਘਨ ਪਾਉਣ ਵਿੱਚ ਝਿਜਕਦਾ ਨਹੀਂ। ਕਵਿਤਰੀ ਅਨੁਸਾਰ ਪੌਣਾ ਦੀ ਸਰਗਮ ਦੇ ਰੁੱਖਾਂ ਦੇ ਪੱਤਿਆਂ ਨਾਲ ਖਹਿਣ ‘ਤੇ ਪੈਦਾ ਹੁੰਦੇ ਸੰਗੀਤ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਬਹਾਰ ਦੇ ਮੌਸਮ ਬਾਰੇ ਕਵਿਤਾ ਵਿੱਚ ਲਿਖਦੀ ਹੈ-

ਕਤਕ ਬੂਹਾ ਖੋਲਿ੍ਹਆ

ਸਰਘੀ ਨੇ ਚਾਨਣ ਡੋਲਿਆ

ਧਰਤੀ ਹੋਈ ਹਰਿਆਲੀ

ਕੁਦਰਤ ਨੇ ਜਾਦੂ ਘੋਲ਼ਿਆ

ਲੂੰਆਂ ਝੁਲਸੇ ਰੁੱਖਾਂ ਤੇ

ਨਵਾਂ ਫੁਟਾਰਾ ਮੌਲਿਆ।

ਇਹ ਕਵਿਤਾ ਵੀ ਸਿੰਬਾਲਿਕ ਹੈ। ਬਹਾਰ ਦੇ ਮੌਸਮ ਵਿੱਚ ਪਿਆਰ ਦੀਆਂ ਪੀਂਘਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਰੂੰਬਲਾਂ ਫੁਟਦੀਆਂ ਹਨ, ਫੁਲ ਕਿਲਕਾਰੀ ਮਾਰਦੇ ਹਨ, ਕੋਇਲ ਦੀ ਮਿੱਠੀ ਹੂਕ ਗੂੰਜਦੀ ਹੈ। ਇਹ ਧਰਤ ਸੁਹਾਵੀ ਜੰਨਤ ਬਣ ਜਾਂਦੀ ਹੈ। ਚੱਲ ਮੇਰੀ ਬੱਲੀਏ ਜਸਪ੍ਰੀਤ ਦੀ ਬਿਹਤਰੀਨ ਕਵਿਤਾ ਕਹੀ ਜਾ ਸਕਦੀ ਹੈ, ਜਿਸ ਵਿੱਚ ਉਹ ਧਰਮਾ, ਜ਼ਾਤਾ, ਨਸਲਾਂ ਅਤੇ ਫਿਰਕਿਆਂ ਤੋਂ ਉਪਰ ਉਠ ਕੇ ਇਨਸਾਨੀਅਤ ਦੀ ਗੱਲ ਕਰਦੀ ਹੋਈ ਲਿਖਦੀ ਹੈ-

ਵੱਖਰਾ ਸੰਸਾਰ ਹੋਵੇ

ਸਭ ਕੋਲ ਰਿਜਕ ਹੋਵੇ

ਆਪਣਾ ਮਕਾਨ ਹੋਵੇ

ਵੱਖਰੀ ਨਾ ਜ਼ਾਤ ਹੋਵੇ

ਰੰਗ ਕੋਈ ਨਸਲ ਨਾ ਹੀ

ਕੋਈ ਭੇਦ ਭਾਵ ਹੋਵੇ

ਬਸ ਇਨਸਾਨ ਹੋਵੇ।

ਫੁੱਲਾਂ ਦੀ ਇਸ ਮੰਡੀ ਅੰਦਰ ਕਵਿਤਾ ਵਿੱਚ ਪਿਆਰ ਦੇ ਨਾਂ ‘ਤੇ ਸਬਜ਼ਬਾਗ ਵਿਖਾਉਣ ਵਾਲੇ ਚਾਲਬਾਜਾਂ ਤੇ ਟਕੋਰ ਲਗਾਈ ਗਈ ਹੈ। ਮਨ ਖਿੜਦਾ ਵਿੱਚ ਇਨਸਾਨ ਦੀ ਮਾਨਸਿਕਤਾ ਦੇ ਉਤਰਾ ਚੜ੍ਹਾਆ ਦਾ ਤਰਾਜੂ ਹਿਲਦਾ ਵਿਖਾਇਆ ਹੈ। ਕਵਿਤਰੀ ਖੁਲ੍ਹੀ ਕਵਿਤਾ ਦੀ ਪ੍ਰੋੜ੍ਹਤਾ ਕਰਦੀ ਹੋਈ ਲਿਖਦੀ ਹੈ ਕਿ ਕਵਿਤਾ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਹੋਣੀ ਚਾਹੀਦੀ ਹੈ। ਜ਼ਿੰਦਗੀ ਦਾ ਜੋਗ ਅਵੱਲਾ ਸਈਓ ਵਿਚ ਜਸ ਪ੍ਰਤੀ ਕਹਿੰਦੀ ਹੈ ਕਿ ਦੁਨੀਆਂ ਰੰਗ ਬਿਰੰਗੀ ਹੈ। ਉਹ ਪੈਸਾ ਕਮਾਉਣ ਵਿੱਚ ਲੱਗੀ ਹੋਈ ਹੈ। ਜ਼ਿੰਦਗੀ ਜਿਓਣ ਲਈ ਤਾਂ ਦੋ ਵਕਤ ਦੀ ਰੋਟੀ ਦੀ ਜ਼ਰੂਰਤ ਹੈ। ਨੀਲੇ ਚਮਕਦਾਰ ਖੰਭਾਂ ਵਾਲੀ ਕਵਿਤਾ ਵਿੱਚ ਕਵਿਤਰੀ ਦੱਸਦੀ ਹੈ ਕਿ ਹਰ ਜੀਵ ਅਤੇ ਬਨਯਪਤੀ ਦੀ ਆਪਣੀ ਜ਼ਿੰਦਗੀ ਹੁੰਦੀ ਹੈ। ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਸੰਸਾਰ ਹੁੰਦਾ ਹੈ। ਤੂੰ ਤਾਂ ਰੁੱਖ ਹੈਂ ਵਿੱਚ ਦੱਸਿਆ ਹੈ ਕਿ ਇਨਸਾਨ ਦਾ ਜੀਵਨ ਰੁੱਖ ਦੀ ਤਰ੍ਹਾਂ ਗੁੰਝਲਦਾਰ ਹੁੰਦਾ ਹੈ। ਵੇਖਣ ਵਾਲੇ ਦੀ ਅੱਖ ਆਪਣੀ ਸੋਚ ਅਨੁਸਾਰ ਵੇਖਦੀ ਹੈ। ਕਈਆਂ ਨੂੰ ਕਲਾਕਾਰੀ ਲੱਗਦੀ ਹੈ।

ਬਹੁਤ ਦਰਦਨਾਕ ਕਵਿਤਾ ਕਰੋਨਾ ਕਾਲ ਦੀਆਂ ਵਿਸੰਗਤੀਆਂ ਦੀ ਤਸਵੀਰ ਪੇਸ਼ ਕਰਦੀ ਹੈ। ਕੀ ਸਾਂਝ ਹੈ ਮੇਰੀ ਤੇਰੇ ਨਾਲ ਕਵਿਤਾ ਵਿੱਚ ਪ੍ਰਕਿ੍ਰਤੀ ਅਤੇ ਇਨਸਾਨ ਦੀ ਸਾਂਝ ਦੀ ਬਾਤ ਪਾਈ ਗਈ ਹੈ। ਦੋਵੇਂ ਇਕ ਦੂਜੇ ਦੇ ਪੂਰਕ ਹਨ। ਦੋਹਾਂ ਨੂੰ ਇਕ ਦੂਜੇ ਤੋਂ ਸ਼ਾਂਤੀ ਮਿਲਦੀ ਹੈ। 72 ਪੰਨਿਆਂ, ਸਚਿਤਰ ਮੁੱਖ ਕਵਰ, 380 ਰੁਪਏ ਕੀਮਤ ਵਾਲੀ ਕਾਫੀ ਟੇਬਲ ਪੁਸਤਕ ਅਸਥੈਟਿਕ ਪਬਲੀਕੇਸ਼ਨਜ਼ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।  ਮੁੱਖ ਕਵਰ ਦੀ ਤਸਵੀਰ ਵੀ ਜਸਪ੍ਰੀਤ ਦੀ ਹੀ ਹੈ। ਕਵਿਤਾਵਾਂ ਦਾ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਜਗਤਾਰ ਸਿੰਘ ਧੀਮਾਨ ਨੇ ਕੀਤਾ ਹੈ। ਪੁਸਤਕ ਦਾ ਡੀਜਾਈਨ ਸਵਰਨਜੀਤ ਸਵੀ ਨੇ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button