ਨਵੀਂ ਦਿੱਲੀ: 5 ਰਾਜਾਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਘੋਸ਼ਿਤ ਹੋਏ ਨਤੀਜਿਆਂ ‘ਚ ਕਾਂਗਰਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ‘ਚ ਕਾਂਗਰਸ ਨੇ ਬਾਜ਼ੀ ਮਾਰੀ ਹੈ।ਜਦਕਿ ਤੇਲੰਗਾਨਾ ਅਤੇ ਮਿਜ਼ੋਰਮ ‘ਚ ਕਾਂਗਰਸ ਪਾਰਟੀ ਨੂੰ ਲੋਕਾਂ ਦਾ ਸਮਰੱਥਨ ਨਹੀਂ ਮਿਲਿਆ।ਇਸ ਜਿੱਤ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸੂਬਿਆਂ ਨੂੰ ਅਜਿਹੀ ਸਰਕਾਰ ਦੇਣ ਜਾ ਰਹੇ ਹਾਂ, ਜਿਨ੍ਹਾਂ `ਤੇ ਉਨ੍ਹਾਂ ਨੂੰ ਮਾਣ ਹੋਵੇਗਾ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ,‘ਚੋਣਾਂ ਦੇ ਨਤੀਜੇ ਆਏ। ਜਨਤਾ ਤੇ ਕਾਂਗਰਸ ਦੇ ਕਾਰਕੁੰਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਜਿੱਥੇ ਅਸੀਂ ਹਾਰੇ ਹਾਂ ਤੇ ਜੋ ਜਿੱਤੇ ਹਨ, ਉਨ੍ਹਾਂ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ।`
ਉਨ੍ਹਾਂ ਕਿਹਾ,‘ਇਹ ਕਾਂਗਰਸੀ ਕਾਰਕੁੰਨਾਂ, ਕਿਸਾਨਾਂ, ਨੌਜਵਾਨਾਂ ਤੇ ਛੋਟੇ ਦੁਕਾਨਦਾਰਾਂ ਦੀ ਜਿੱਤ ਹੈ। ਅਸੀਂ ਹੁਣ ਜੋ ਦ੍ਰਿਸ਼ਟੀਕੋਣ ਦੇਣ ਵਾਲੇ ਹਾਂ, ਉਨ੍ਹਾਂ `ਤੇ ਕੰਮ ਸ਼ੁਰੂ ਕਰਾਂਗੇ।`ਰਾਹੁਲ ਗਾਂਧੀ ਕਿਹਾ,‘ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ ਹੈ। ਇਨ੍ਹਾਂ ਰਾਜਾਂ ਵਿੱਚ ਭਾਜਪਾ ਦੇ ਮੁੱਖ ਮੰਤਰੀ ਸਨ। ਉਨ੍ਹਾਂ ਜੋ ਕੰਮ ਕੀਤਾ ਹੈ, ਉਸ ਲਈ ਅਸੀਂ ਧੰਨਵਾਦ ਕਰਦੇ ਹਾਂ, ਅਸੀਂ ਉਨ੍ਹਾਂ ਦੇ ਕੰਮ ਅੱਗੇ ਲਿਜਾਣਾ ਚਾਹੁੰਦੇ ਹਾਂ।`
ਉਨ੍ਹਾਂ ਕਿਹਾ ਕਿ ਇਹ ਬਹੁਤ ਸਾਫ ਹੈ ਕਿ ਦੇਸ਼ ਲੋਕਾਂ `ਚ ਇਹ ਭਾਵਨਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹਨ। ਇਹ ਸਪੱਸਟ ਸੰਦੇਸ਼ ਹੈ ਕਿ ਮੋਦੀ ਤੇ ਭਾਜਪਾ ਜੋ ਕਰ ਰਹੇ ਹਨ, ਉਸ ਤੋਂ ਜਨਤਾ ਖ਼ੁਸ਼ ਨਹੀਂ ਹੈ। ਪ੍ਰਧਾਨ ਮੰਤਰੀ ਨੇ ਰੋਜ਼ਗਾਰ ਦਾ ਜੋ ਵਾਅਦਾ ਕੀਤਾ ਸੀ, ਉਹ ਟੁੱਟ ਗਿਆ ਹੈ। ਕਿਸਾਨਾਂ `ਚ ਵੀ ਇਹੋ ਭਾਵਨਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਚਾਰਧਾਰਾ ਹੈ। ਉਸ ਵਿਚਾਰਧਾਰਾ ਵਿਰੁੱਧ ਅਸੀਂ ਲੜਾਂਗੇ ਤੇ ਉਸ ਨੂੰ ਹਰਾਵਾਂਗੇ। ਅਸੀਂ ਅੱਜ ਵੀ ਹਰਾਇਆ ਹੈ ਤੇ 2019 `ਚ ਵੀ ਹਰਾਵਾਂਗੇ। ਉਨ੍ਹਾਂ ਕਿਹਾ ਸਮਾਜਵਾਦੀ ਪਾਰਟੀ, ਬਸਪਾ ਅਤੇ ਕਾਂਗਰਸ ਦੀ ਵਿਚਾਰਧਾਰਾ ਇੱਕੋ ਜਿਹੀ ਹੈ। ਇਹ ਵਿਚਾਰਧਾਰਾ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਤੋਂ ਬਿਲਕੁਲ ਵੱਖਰੀ ਕਿਸਮ ਦੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਅਹੁਦੇ ਦੇ ਚਿਹਰੇ ਦਾ ਮੁੱਦਾ ਵੱਡਾ ਨਹੀਂ ਹੈ, ਉਹ ਆਸਾਨੀ ਨਾਲ ਹੋ ਜਾਵੇਗਾ।
ਕਾਂਗਰਸ ਦੇ ਹੱਕ ‘ਚ ਆਏ ਨਤੀਜਿਆਂ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਮੰਤਰੀਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦੀ ਜਿੱਤ ਤੇ ਕਿਹਾ ਕਿ ਜਨਤਾ ਨੇ ਬੀਜੇਪੀ ਦੀ ਰਾਜਨੀਤੀ ਨੂੰ ਰਿਜੈਕਟ ਕੀਤਾ ਹੈ।
ਉਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਜਿੱਤ ਨੂੰ ਰਾਹੁਲ ਗਾਂਧੀ ਨੂੰ ਦੇਸ਼ ਦਾ ਆਉਣ ਵਾਲਾ ਪ੍ਰਧਾਨ ਮੰਤਰੀ ਬਣਾਉਣ ਲਈ 2019 ਦਾ ਨੀਂਹ ਪੱਥਰ ਦੱਸਿਆ।
ਸਿਮਰਜੀਤ ਸਿੰਘ ਬੈਂਸ ਕਾਂਗਰਸ ਦੀ ਜਿੱਤ ਤੇ ਬੋਲਦਿਆਂ ਕਿਹਾ ਕਿ ਇਹ ਕਾਂਗਰਸ ਦੀ ਆਪਣੀ ਪ੍ਰਾਪਤੀ ਨਹੀਂ ਹੈ ਬਲਕਿ ਮੋਦੀ ਸਰਕਾਰ ਦੇ ਨਾਦਰਸ਼ਾਹੀ ਫਰਮਾਨਾਂ ਦੇ ਖਿਲਾਫ ਲੋਕ ਭੁਗਤੇ ਨੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.