PunjabPunjabTop News

ਅੱਜ ਬਠਿੰਡਾ ‘ਚ ਹੋਵੇਗੀ ਵਿਸ਼ਾਲ ਕਿਸਾਨ ਰੈਲੀ, ਪ੍ਰਸ਼ਾਸਨ ਨੇ ਉਗਰਾਹਾਂ ਨਾਲ਼ ਮੀਟਿੰਗ ਪਿੱਛੋਂ ਦਿੱਤੀ ਇਜਾਜ਼ਤ

ਕਿਸਾਨ ਅੱਜ 6 ਮਾਰਚ ਨੂੰ ਬਠਿੰਡਾ ‘ਚ ਵਿਸ਼ਾਲ ਰੈਲੀ ਕਰਨਗੇ। ਭਾਰਤੀ ਕਿਸਾਨ ਯੂਨੀਅਨ–(ਏਕਤਾ ਉਗਰਾਹਾਂ) ਦੀ ਇਸ ਰੈਲੀ ਨੂੰ ਬਠਿੰਡਾ ਪ੍ਰਸ਼ਾਸਨ ਦੀ ਇਜਾਜ਼ਤ ਮ੍ਰਿਲ਼ ਗਈ ਹੈ
ਇਹ ਰੈਲੀ ਪਾਵਰ ਹਾਊਸ ਰੋਡ ‘ਤੇ ਪੁੱਡਾ ਗਰਾਊਂਡ ‘ਚ ਹੋਵੇਗੀ। ਕੱਲ੍ਹ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, DIG ਹਰਜੀਤ ਸਿੰਘ, SSP ਜਿਓਤੀ ਯਾਦਵ ਨਾਲ਼ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਹੋਰ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ। ਉਸ ਮੀਟਿੰਗ ਤੋਂ ਬਾਅਦ ਹੀ ਕਿਸਾਨ ਰੈਲੀ ਦੀ ਇਜਾਜ਼ਤ ਦਿੱਤੀ ਗਈ ਹੈ।
ਕੱਲ੍ਹ  ਸਵੇਰ ਤੱਕ ਵੀ ਕਿਸਾਨਾਂ ਦੀ ਬਠਿੰਡਾ ਰੈਲੀ ਨੂੰ ਲੈ ਕੇ ਭੰਬਲ਼ਭੂਸੇ ਵਾਲ਼ੀ ਹਾਲਤ ਬਣੀ ਹੋਈ ਸੀ। ਪਰ ਕੱਲ੍ਹ  ਜਦੋਂ ਪ੍ਰਸ਼ਾਸਨਿਕ ਪ੍ਰਵਾਨਗੀ ਮਿਲਣ ਦੀ ਖ਼ਬਰ ਆਈ, ਤਾਂ ਕਿਸਾਨਾਂ ‘ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਰੈਲੀ ਨੂੰ ਲਗਭਗ 50 ਦੇ ਕਰੀਬ ਹੋਰ ਵਿਦਿਆਰਥੀ, ਮਜ਼ਦੂਰ ਤੇ ਸਮਾਜ–ਸੇਵੀ ਜਥੇਬੰਦੀਆਂ ਦੀ ਹਮਾਇਤ ਹਾਸਲ ਹੋਵੇਗੀ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਜਦੋਂ ਕਥਿਤ ਪੁਲਿਸ ਤਸ਼ੱਦਦ ਖ਼ਿਲਾਫ਼ ਪਹਿਲਾਂ ਰੋਸ ਮੁਜ਼ਾਹਰਿਆਂ ਦੇ ਐਲਾਨ ਕੀਤੀ ਸੀ, ਤਦ ਬੀਤੀ 6 ਤੇ 18 ਫ਼ਰਵਰੀ ਨੂੰ ਪੁਲਿਸ ਨੇ ਉਹ ਮੁਜ਼ਾਹਰੇ ਤੇ ਧਰਨੇ ਹੋਣ ਹੀ ਨਹੀਂ ਦਿੱਤੇ ਸਨ। ਕਿਸਾਨ ਹੁਣ ਅਜਿਹੀਆਂ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ, ਫੱਟੜ ਕਿਸਾਨਾਂ ਲਈ ਮੁਆਵਜ਼ਿਆਂ ਤੇ ਧਰਨਾ ਪ੍ਰਦਰਸ਼ਨਾਂ ਮੌਕੇ ਕਈ ਲੋਕਾਂ ਉਤੇ ਪਾਏ ਕੇਸ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਮੌਕੇ ਕਿਹਾ ਕਿ ਜੇ ਪ੍ਰਸ਼ਾਸਨ ਪਹਿਲਾਂ ਹੀ ਗੱਲਬਾਤ ਦੇ ਰਾਹ ਪੈ ਜਾਂਦਾ, ਤਾਂ ਗੱਲ ਇੰਨੀ ਜ਼ਿਆਦਾ ਨਾ ਵਧਦੀ। ਛੇ ਫਰ਼ਵਰੀ ਨੂੰ ਦੋ ਹਜ਼ਾਰ ਤੋਂ ਵੱਧ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਾਇਰ ਕੀਤੇ ਗਏ ਸਨ। ਫਿਰ 18 ਫ਼ਰਵਰੀ ਨੂੰ 400 ਅਣਪਛਾਤੇ ਕਿਸਾਨਾਂ ਖ਼ਿਲਾਫ਼ ਇਰਾਦਾ–ਏ–ਕਤਲ ਦੇ ਕੇਸ ਦਰਜ ਕੀਤੇ ਗਏ ਸਨ। ਉਸ ਦਿਨ ਤਾਂ ਤਾਂ ਦੋ ਕਿਸਾਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਨ। ਇਨ੍ਹਾਂ ਦੋਵੇਂ ਦਿਨਾਂ ਦੌਰਾਨ ਮੁੱਖ ਮੁੱਦਾ ਸੀ ਜਿਉਂਦ ਪਿੰਡ ਦੇ ਸ਼ਗਨਦੀਪ ਸਿੰਘ ਤੇ ਚਾਉਕੇ ਦੇ ਇੱਕ ਹੋਰ ਕਿਸਾਨ ਬਲਦੇਵ ਸਿੰਘ ਦੀ ਰਿਹਾਈ। ਪਰ 18 ਫ਼ਰਵਰੀ ਨੂੰ ਹੀ ਇਨ੍ਹਾਂ ਦੋਵੇਂ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ਼ ਗਈ ਸੀ। ਇਨ੍ਹਾਂ ਦੋਵੇਂ ਕਿਸਾਨਾਂ ਨੂੰ ਲਗਭਗ 10 ਮਹੀਨੇ ਜੇਲ੍ਹ ‘ਚ ਰਹਿਣਾ ਪਿਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button