
ਸੋਰਠਿ ਮਹਲਾ ੫ ॥ ਤਾਪੁ ਗਵਾਇਆ ਗੁਰਿ ਪੂਰੇ ॥ ਵਾਜੇ ਅਨਹਦ ਤੂਰੇ ॥ ਸਰਬ ਕਲਿਆਣ ਪ੍ਰਭਿ ਕੀਨੇ ॥ ਕਰਿ ਕਿਰਪਾ ਆਪਿ ਦੀਨੇ ॥੧॥ ਬੇਦਨ ਸਤਿਗੁਰਿ ਆਪਿ ਗਵਾਈ ॥ ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ ਜੋ ਮੰਗਹਿ ਸੋ ਲੇਵਹਿ ॥ ਪ੍ਰਭ ਅਪਣਿਆ ਸੰਤਾ ਦੇਵਹਿ ॥ ਹਰਿ ਗੋਵਿਦੁ ਪ੍ਰਭਿ ਰਾਖਿਆ ॥ ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ਪਦ ਅਰਥ: ਗੁਰਿ = ਗੁਰੂ ਨੇ। ਤਾਪੁ = ਦੁੱਖ-ਕਲੇਸ਼। ਵਾਜੇ = ਵੱਜ ਪਏ। ਅਨਹਦ = ਇਕ-ਰਸ, ਬਿਨਾ ਵਜਾਏ। ਤੂਰੇ = ਵਾਜੇ। ਕਲਿਆਣ = ਸੁਖ। ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ ॥੧॥ ਬੇਦਨ = ਪੀੜ। ਸਤਿਗੁਰਿ = ਸਤਿਗੁਰੂ ਨੇ। ਸਭਿ = ਸਾਰੇ। ਸਰਸੇ = ਸ-ਰਸ, ਰਸ ਸਹਿਤ, ਆਨੰਦ-ਭਰਪੂਰ। ਧਿਆਈ = ਧਿਆਇ, ਸਿਮਰ ਕੇ ॥ ਮੰਗਹਿ = ਮੰਗਦੇ ਹਨ। ਲੇਵਹਿ = ਹਾਸਲ ਕਰਦੇ ਹਨ। ਪ੍ਰਭ = ਹੇ ਪ੍ਰਭੂ! ਦੇਵਹਿ = ਤੂੰ ਦੇਂਦਾ ਹੈਂ। ਪ੍ਰਭਿ = ਪ੍ਰਭੂ ਨੇ। ਸੁਭਾਖਿਆ = ਉਚਾਰਿਆ ਹੈ ॥੨॥੬॥੭੦॥
ਅਰਥ: ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ, (ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖ਼ਸ਼ ਦਿੱਤੇ। ਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥ ਹੇ ਭਾਈ! (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ। ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ॥ ਰਹਾਉ॥ ਹੇ ਪ੍ਰਭੂ! (ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ। (ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ) ਦਾਸ ਨਾਨਕ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹੈ ॥੨॥੬॥੭੦॥
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




