OpinionD5 special

ਅਹਿਸਾਸ

ਅਹਿਸਾਸ ਸ਼ਬਦ ਚਾਰ ਅੱਖਰਾਂ ਨਾਲ ਮਿਲ ਕੇ ਬਣਿਆ ਹੈ, ਪਰ ਇਸ ਦੇ ਅਰਥ ਬਹੁਤ ਡੂੰਘੇ ਹਨ। ਇਹ ਸ਼ਬਦ ਆਪਣੇ ਅਰਥਾਂ ਵਿਚ ਬਹੁਤ ਕੁਝ ਲੁਕੋਈ ਬੈਠਾ ਹੈ। ਇਸਦਾ ਕੋਸ਼ਗਤ ਅਰਥ ਹੈ ਮਹਿਸੂਸ ਕਰਨਾ ਭਾਵ ਗਿਆਨ-ਇੰਦਰੀਆਂ ਨਾਲ ਮਾਹੌਲ ਨੂੰ ਸਮਝਣਾ। ਜੇਕਰ ਇਸ ਸ਼ਬਦ ਦੀ ਅੰਦਰੂਨੀ ਭਾਵਨਾ ਨੂੰ ਸਮਝਿਆ ਜਾਵੇ ਤਾਂ ਮਨੁੱਖ ਵੈਰ ਵਿਰੋਧ ਤੋਂ ਮੁਕਤ ਹੋ ਜਾਵੇਗਾ। ਮਨੁੱਖ ਨੂੰ ਆਪਣੀ ਪੀੜ ਦਾ ਅਹਿਸਾਸ ਤਾਂ ਹੁੰਦਾ ਹੈ, ਪਰ ਦੂਜਿਆਂ ਦੀ ਪੀੜ ਨੂੰ ਕਦੇ ਨਹੀਂ ਸਮਝਦਾ।

‘ਜਿਸ ਤਨੁ ਲਾਗੈ ਸੋਈ ਜਾਣੈ ਕਉਣ ਜਾਣੈ ਪੀਰ ਪਰਾਈ’

ਦੁੱਖ ਦਾ ਅਹਿਸਾਸ ਉਸ ਨੂੰ ਹੀ ਹੁੰਦਾ ਹੈ,ਜਿਸ ਮਨੁੱਖ ਨੇ ਸਰੀਰ ਉੱਤੇ ਦੁੱਖ ਹੰਢਾਇਆ ਹੁੰਦਾ ਹੈ। ਦੂਜਾ ਮਨੁੱਖ ਉਸ ਦੀ ਪੀੜ ਦਾ ਅਹਿਸਾਸ ਨਹੀਂ ਕਰ ਸਕਦਾ। ਭੁੱਖ ਦੀ ਕੀਮਤ ਇਕ ਭੁੱਖਾ ਵਿਅਕਤੀ ਹੀ ਦੱਸ ਸਕਦਾ ਹੈ, ਤੇ ਪਿਆਸ ਦੀ ਕੀਮਤ ਇਕ ਪਿਆਸਾ ਵਿਅਕਤੀ ਹੀ ਦੱਸ ਸਕਦਾ ਹੈ। ਜਿਸ ਮਨੁੱਖ ਨੇ ਕਦੇ ਗਰੀਬੀ ਦੇਖੀ ਹੀ ਨਹੀਂ ਉਸ ਨੂੰ ਗਰੀਬ ਵਿਅਕਤੀ ਤੇ ਕਦੇ ਤਰਸ ਨਹੀਂ ਆ ਸਕਦਾ। ਧੁੱਪਾਂ ਵਿਚ ਸੜਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਦਰਦ ਨੂੰ ਏ.ਸੀ. ਕਮਰੇ ਵਿੱਚ ਬੈਠਾ ਵਿਅਕਤੀ ਨਹੀਂ ਸਮਝ ਸਕਦਾ। ਧਰਾਤਲ ਨਾਲ ਜੁੜਿਆ ਮਨੁੱਖ ਹੀ ਧਰਾਤਲ ਦੀਆਂ ਸਮੱਸਿਆਵਾਂ ਨੂੰ ਸਮਝ ਸਕਦਾ ਹੈ।

ਜਿਸ ਮਾਂ ਦਾ ਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਗਿਆ ਉਹ ਮਾਂ ਜਿਉਂਦੀ ਲਾਸ਼ ਬਣ ਜਾਂਦੀ ਹੈ, ਪਰ ਨਸ਼ਾ ਵੇਚਣ ਵਾਲਾ ਮਾਂ ਦੇ ਦਰਦ ਨੂੰ ਕਦੇ ਨਹੀਂ ਸਮਝ ਸਕਦਾ। ਜੇਕਰ ਕਦੇ ਨਸ਼ਾ ਵੇਚਣ ਵਾਲਿਆਂ ਨੂੰ ਇਸ ਦੁੱਖ ਦਾ ਅਹਿਸਾਸ ਹੋ ਜਾਵੇ ਤਾਂ ਪੰਜਾਬ ਦੀ ਜਵਾਨੀ ਨਸ਼ੇ ਦੀ ਭੇਂਟ ਚੜ੍ਹਨ ਤੋਂ ਬਚ ਜਾਵੇ। ਪਤਾ ਨਹੀਂ ਕਿੰਨੇ ਹਸਦੇ-ਵਸਦੇ ਘਰ ਇਸ ਨਸ਼ੇ ਨੇ ਉਜਾੜ ਦਿਤੇ। ਮਨੁੱਖ ਦਾ ਇਹ ਸੁਭਾਅ ਹੈ ਕਿ ਉਹ ਦੂਜਿਆਂ ਦੇ ਘਰ ਲੱਗੀ ਅੱਗ ਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦਾ ਹੈ, ਪਰ ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਅੱਗ ਇਕ ਦਿਨ ਉਸ ਦੇ ਘਰ ਵੀ ਲੱਗ ਸਕਦੀ ਹੈ।

ਮਨੁੱਖ ਕੋਲ ਸਭ ਕੁਝ ਹੁੰਦੇ ਹੋਏ ਵੀ ਉਹ ਰੱਬ ਅੱਗੇ ਸ਼ਿਕਾਇਤਾਂ ਕਰਨੋ ਨਹੀਂ ਹਟਦਾ, ਕਿ ਰੱਬ ਨੇ ਮੈਨੂੰ ਇਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਜਿੰਨਾ ਦਿੱਤਾ ਹੁੰਦਾ ਹੈ ਉਸ ਦਾ ਕਦੇ ਸ਼ੁਕਰਾਨਾ ਨਹੀਂ ਕਰਦਾ। ਅੱਖਾਂ ਦੀ ਕੀਮਤ ਇਕ ਅੰਨ੍ਹਾ ਵਿਅਕਤੀ ਹੀ ਦੱਸ ਸਕਦਾ ਹੈ, ਤੇ ਲੱਤਾਂ ਦੀ ਕੀਮਤ ਇਕ ਅੰਗਹੀਣ ਵਿਅਕਤੀ ਹੀ ਦੱਸ ਸਕਦਾ ਹੈ। ਜ਼ੁਬਾਨ ਦੀ ਕੀਮਤ ਇਕ ਗੂੰਗਾ ਵਿਅਕਤੀ ਹੀ ਮਹਿਸੂਸ ਕਰ ਸਕਦਾ ਹੈ। ਜਦੋਂ ਤਾਂ ਕੋਈ ਵਸਤੂ ਸਾਡੇ ਕੋਲ ਹੁੰਦੀ ਹੈ, ਉਦੋਂ ਤੱਕ ਉਸਦਾ ਅਹਿਸਾਸ ਨਹੀਂ ਹੁੰਦਾ, ਪਰ ਜਦੋਂ ਸਾਡੇ ਤੋਂ ਦੂਰ ਚਲੀ ਜਾਂਦੀ ਹੈ, ਉਦੋਂ ਹੀ ਉਸ ਚੀਜ਼ ਦਾ ਅਹਿਸਾਸ ਹੁੰਦਾ ਹੈ।

ਮਨੁੱਖ ਦੇ ਗੁਣ ਉਸ ਦੇ ਮਰਨ ਤੋਂ ਬਾਅਦ ਗਿਣੇ ਜਾਂਦੇ ਹਨ। ਜਿਉਂਦੇ ਵਿਅਕਤੀ ਦੇ ਤਾਂ ਅਸੀਂ ਹਮੇਸ਼ਾ ਔਗੁਣ ਹੀ ਚਿਤਾਰਦੇ ਹਾਂ। ਮਨੁੱਖ ਦਾ ਸੁਭਾਅ ਹੀ ਅਜਿਹਾ ਹੈ, ਉਸ ਨੂੰ ਹਮੇਸ਼ਾ ਦੂਸਰਿਆਂ ਦੇ ਔਗੁਣ ਹੀ ਨਜ਼ਰ ਆਉਂਦੇ ਹਨ। ਉਹ ਕਦੇ ਗੁਣ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ। ਜਦ ਕਿ ਸਾਡੇ ਜੀਵਨ ਦਾ ਮਕਸਦ ਹੋਣਾ ਚਾਹੀਦਾ ਹੈ ਕਿ ਦੂਜਿਆ ਤੋਂ ਗੁਣ ਲੈ ਕੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ। ਹਰ ਵਿਅਕਤੀ ਵਿਚ ਗੁਣ-ਔਗੁਣ ਹੋਣਾ ਕੁਦਰਤੀ ਗੱਲ ਹੈ। ਪਰ ਅਸੀਂ ਦੇਖਣਾ ਹੈ ਕਿ ਅਸੀਂ ਦੂਜਿਆਂ ਕੋਲੋਂ ਕੀ ਹਾਸਲ ਕਰਨਾ ਹੈ। ਕਈ ਵਾਰ ਕਿਸੇ ਵਿਅਕਤੀ ਵਿਚ ਹਜਾਰਾਂ ਗੁਣ ਹੁੰਦੇ ਹਨ ਤੇ ਇਕ-ਅੱਧਾ ਔਗੁਣ ਹੁੰਦਾ ਹੈ। ਮਨੁੱਖ ਨੂੰ ਉਸਦਾ ਔਗੁਣ ਹੀ ਨਜ਼ਰ ਆਉਂਦਾ ਹੈ।

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।।

ਭਾਵ ਹੈ ਮਨੁੱਖ ਗੁਰਮੁਖਾਂ ਨਾਲ ਗੁਣਾਂ ਦੀ ਸਾਂਝ ਕਰ, ਇਸ ਤਰ੍ਹਾਂ ਤੂੰ ਅੰਦਰੋਔਗੁਣ ਤਿਆਗ ਕੇ ਜੀਵਨ-ਰਾਹ ਤੇ ਤੁਰ ਸਕੇਗਾ।

ਸਾਨੂੰ ਆਪਣੇ ਜੀਵਨ ਵਿਚ ਹਰ ਇਕ ਚੀਜ਼ ਦਾ ਮੁੱਲ ਪਾਉਣਾ ਚਾਹੀਦਾ ਹੈ। ਰਿਸਤਿਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਜ਼ਰੂਰੀ ਹੈ ਕਿ ਸਾਨੂੰ ਇਕ ਦੂਜੇ ਦਾ ਅਹਿਸਾਸ ਹੋਣਾ ਚਾਹੀਦਾ ਹੈ।

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ।।

ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ।।

ਭਾਵ ਜੋ ਸਿਰਫ਼ ਸਰੀਰਕ ਤੌਰ ਤੇ ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖਿਆ ਜਾ ਸਕਦਾ। ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ।

ਅਹਿਸਾਸ ਰਿਸ਼ਤਿਆਂ ਦੀ ਨੀਂਹ ਹੈ। ਜਦੋਂ ਤੱਕ ਮਨੁੱਖ ਨੂੰ ਦੂਜੇ ਦੇ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਉਦੋਂ ਤੱਕ ਰਿਸ਼ਤੇ ਨਹੀਂ ਨਿਭਦੇ। ਮਨੁੱਖ ਦੇ ਅੰਦਰੋਂ ਇਕ ਆਵਾਜ਼ ਆਉਂਦੀ ਹੈ ਜਦੋਂ ਤੱਕ ਮਨੁੱਖ ਉਸ ਆਵਾਜ਼ ਨੂੰ ਨਹੀਂ ਸੁਣਦਾ ਉਦੋਂ ਤੱਕ ਮਨੁੱਖ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਜੀਵਨ ਦੇ ਵਿਚ ਚੰਗਾ ਇਨਸਾਨ ਬਣਨਾ ਬਹੁਤ ਜ਼ਰੂਰੀ ਹੈ, ਪਰ ਇਹ ਮਨੁੱਖ ਕਦੇ ਨਹੀਂ ਸੋਚਦਾ। ਮਨੁੱਖ ਸੋਚਦਾ ਹੈ ਕਿ ਮੇਰਾ ਬੱਚਾ ਡਾਕਟਰ ਬਣ ਜਾਵੇ, ਇੰਜੀਨੀਅਰ ਬਣ ਜਾਵੇ, ਵੱਡਾ ਅਫਸਰ ਬਣ ਜਾਵੇ ਪਰ ਮਨੁੱਖ ਨੂੰ ਇਹ ਖ਼ਿਆਲ ਤਾਂ ਕਦੇ ਆਉਂਦਾ ਹੀ ਨਹੀਂ ਕਿ ਜੀਵਨ ਵਿਚ ਕਦਰਾਂ ਕੀਮਤਾਂ ਵੀ ਬਹੁਤ ਜ਼ਰੂਰੀ ਹੁੰਦੀਆਂ ਹਨ। ਸੋ ਜੀਵਨ ਵਿਚ ਹਮੇਸ਼ਾ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰੋ, ਦੂਜਿਆਂ ਦੇ ਦੁੱਖ ਨੂੰ ਸਮਝੋ, ਹਰ ਇਕ ਦੇ ਦੁੱਖ ਵਿਚ ਭਾਗੀਦਾਰ ਬਣੋ। ਦੂਜੇ ਦੇ ਦੁੱਖਾਂ ਨੂੰ ਮਹਿਸੂਸ ਕਰਨਾ ਹੀ ਸਭ ਤੋਂ ਵੱਡਾ ਅਹਿਸਾਸ ਹੈ।

ਹਰਵਿੰਦਰ ਸਿਘ

16 2 1

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button