ਸੰਗਤ ਦਾ ਪ੍ਰਭਾਵ
(ਹਰਵਿੰਦਰ ਸਿੰਘ) : ਅਸੀਂ ਇਹ ਕਹਾਵਤਾਂ ਆਮ ਹੀ ਸੁਣਦੇ ਆਏ ਹਾਂ ਕਿ ‘ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਬਦਲਦਾ ਹੈ’, ‘ਜੈਸੀ ਸੰਗਤ ਤੈਸੀ ਰੰਗਤ’। ਭਾਵ ਸੰਸਾਰ ਦੀ ਹਰ ਵਸਤੂ ਸੰਗਤ ਦਾ ਪ੍ਰਭਾਵ ਕਬੂਲ ਕਰਦੀ ਹੈ। ਮਨੁੱਖ, ਜਾਨਵਰ, ਪੰਛੀ ਜਾਂ ਕੋਈ ਨਿਰਜੀਵ ਵਸਤੂ, ਹਰ ਇਕ ਤੇ ਸੰਗਤ ਦਾ ਪ੍ਰਭਾਵ ਪੈਂਦਾ ਹੈ। ਸੰਸਾਰ ਦੋ ਤਰ੍ਹਾਂ ਦੀ ਸੰਗਤ ਦੇ ਨਾਲ ਚੱਲ ਰਿਹਾ ਹੈ, ਇਕ ਬੁਰੀ ਸੰਗਤ ਤੇ ਦੂਜੀ ਭਲੀ ਸੰਗਤ। ਆਮ ਦੇਖਣ ਵਿੱਚ ਆਉਂਦਾ ਹੈ ਕਿ ਸਾਡੇ ਮਨ ਤੇ ਬੁਰੀ ਸੰਗਤ ਦਾ ਪ੍ਰਭਾਵ ਜਲਦੀ ਪੈਂਦਾ ਹੈ, ਬੁਰੇ ਕੰਮਾਂ ਵੱਲ ਸਾਡਾ ਧਿਆਨ ਜਲਦੀ ਜਾਂਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:-
ਬੁਰੇ ਕਾਮ ਕਉ ਊਠਿ ਖਲੋਇਆ, ਨਾਮ ਕੀ ਬੈਲਾ ਪੈ ਪੈ ਸੋਇਆ।।
ਭਾਵ ਬੁਰੇ ਕੰਮ ਕਰਨ ਵੇਲੇ ਤਾਂ ਮਨੁੱਖ ਬਹੁਤ ਜਲਦੀ ਤਿਆਰ ਹੋ ਜਾਂਦਾ ਹੈ, ਪਰ ਨਾਮ ਜਪਣ ਵੇਲੇ ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ।
ਪਾਪੁ ਬੁਰਾ ਪਾਪੀ ਕਉ ਪਿਆਰਾ।। ਪਾਪਿ ਲਦੇ ਪਾਪੇ ਪਾਸਾਰਾ।।
ਪਾਪ ਮਾੜਾ ਕੰਮ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ। ਉਹ ਪਾਪ ਨਾਲ ਲੱਦਿਆ ਹੋਇਆ ਪਾਪਾਂ ਦਾ ਹੀ ਖਿਲਾਰਾ ਖਿਲਾਰਦਾ ਹੈ।
ਨਾਂਗੇ ਆਵਨੁ ਨਾਂਗੇ ਜਾਨਾ।।
ਮਨੁੱਖ ਇਸ ਸੰਸਾਰ ਵਿਚ ਖਾਲੀ ਹੱਥ ਆਉਂਦਾ ਹੈ ਤੇ ਖਾਲੀ ਹੱਥ ਜਾਂਦਾ ਹੈ। ਮਨੁੱਖ ਦਾ ਵਾਤਾਵਰਣ ਨਿਰਧਾਰਤ ਕਰਦਾ ਹੈ ਕਿ ਉਸ ਨੇ ਕਿਸ ਤਰ੍ਹਾਂ ਦਾ ਬਣਨਾ ਹੈ। ਜੇਕਰ ਮਨੁੱਖ ਨੂੰ ਬਚਪਨ ਤੋਂ ਜਾਨਵਰਾਂ ਕੋਲ ਛੱਡ ਦਿੱਤਾ ਜਾਵੇ ਤਾਂ ਉਹ ਜਾਨਵਰਾਂ ਵਾਂਗੂ ਹੀ ਤੁਰੇਗਾ, ਉਸੇ ਤਰ੍ਹਾਂ ਹੀ ਬੋਲੇਗਾ, ਜਾਨਵਰਾਂ ਵਾਂਗ ਹੀ ਵਰਤਾਓ ਕਰੇਗਾ। ਜੇਕਰ ਪੰਛੀਆਂ ਵਿਚ ਛੱਡ ਦਿੱਤਾ ਜਾਵੇ ਤਾਂ ਪੰਛੀਆਂ ਵਰਗੀਆਂ ਆਵਾਜ਼ਾ ਕੱਢਣੀਆਂ ਸਿੱਖ ਜਾਵੇਗਾ। ਮਨੁੱਖ ਨੂੰ ਜਿਸ ਤਰ੍ਹਾਂ ਦਾ ਵਾਤਾਵਰਣ ਮਿਲਦਾ ਹੈ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ।
ਕੇਵਲ ਮਨੁੱਖ ਹੀ ਨਹੀਂ, ਸੰਸਾਰ ਦੀ ਹਰ ਇਕ ਵਸਤੂ ’ਤੇ ਸੰਗਤ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਜੇਕਰ ਰੇਤ ਦੀ ਦੀਵਾਰ ਬਣਾਈ ਜਾਵੇ ਤਾਂ ਉਹ ਹਲਕੇ ਜਿਹੇ ਹਵਾ ਦੇ ਬੁੱਲੇ ਨਾਲ ਢਹਿ-ਢੇਰੀ ਹੋ ਜਾਵੇਗੀ, ਪਰ ਜਦੋਂ ਰੇਤ ਵਿੱਚ ਸੀਮਿੰਟ ਮਿਲਾ ਦਿੱਤਾ ਜਾਂਦਾ ਹੈ ਤਾਂ ਉਹ ਮਜ਼ਬੂਤ ਕੰਧ ਬਣ ਜਾਂਦੀ ਹੈ। ਦੁੱਧ ਵਿਚ ਜਦੋਂ ਮਿੱਠਾ ਮਿਲਾ ਦਿੱਤਾ ਜਾਵੇ ਤਾਂ ਉਹ ਮਿੱਠਾ ਹੋ ਜਾਂਦਾ ਹੈ, ਜੇਕਰ ਖੱਟਾ ਮਿਲਾ ਦਿੱਤਾ ਜਾਵੇ ਤਾਂ ਉਹ ਫਟ ਜਾਂਦਾ ਹੈ। ‘ਗੰਧ’ ਜਦ ‘ਸੁ’ ਸ਼ਬਦ ਦਾ ਸੰਗ ਕਰਦੀ ਹੈ ਤਾਂ ‘ਸੁਗੰਧ’ ਬਣ ਜਾਂਦੀ ਹੈ ਅਤੇ ‘ਦੁਰ’ ਸ਼ਬਦ ਦੇ ਨਾਲ ਮਿਲ ਕੇ ਦੁਰਗੰਧ ਬਣ ਜਾਂਦੀ ਹੈ।
ਬੱਚੇ ਨੂੰ ਬਚਪਨ ਤੋਂ ਹੀ ਜਿਸ ਤਰ੍ਹਾਂ ਦਾ ਵਾਤਾਵਰਣ ਮਿਲਦਾ ਹੈ, ਉਹ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਇਹ ਮਾਤਾ ਪਿਤਾ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਬੱਚੇ ਨੂੰ ਕਿਹੋ ਜਿਹਾ ਬਣਾਉਣਾ ਹੈ, ਕਿਉਂ ਕਿ ਬੱਚੇ ਮਾਤਾ ਪਿਤਾ ਨੂੰ ਦੇਖ ਕੇ ਹੀ ਸਿੱਖਦੇ ਹਨ। ਜਦੋਂ ਬੱਚਾ ਮਾਤਾ ਦੇ ਗਰਭ ਵਿਚ ਪਲ ਰਿਹਾ ਹੁੰਦਾ ਹੈ, ਉਦੋਂ ਤੋਂ ਹੀ ਮਾਂ ਦੇ ਖਾਣ ਪੀਣ ਦਾ ਪ੍ਰਭਾਵ ਤਾਂ ਬੱਚੇ ਤੇ ਪੈਂਦਾ ਹੀ ਹੈ, ਪਰ ਮਾਂ ਦੀਆਂ ਆਦਤਾਂ ਦਾ ਪ੍ਰਭਾਵ ਵੀ ਬੱਚੇ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਧਾਰਮਿਕ ਬਿਰਤੀ ਵਾਲੇ ਪਰਿਵਾਰਾਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਕਿ ਮਾਂ ਗਰਭ ਵਿਚ ਪਲ ਰਹੇਬੱਚੇ ਨੂੰ ਪਾਠ ਸੁਣਾਉਂਦੀ ਹੈ, ਕੀਰਤਨ ਸੁਣਾਉਂਦੀ ਹੈ ਜਾਂ ਆਪਣੇ ਧਰਮ ਅਨੁਸਾਰ ਭਜਨ, ਨਮਾਜ਼, ਬਾਇਬਲ, ਕੁਰਾਨ ਦਾ ਪਾਠ ਸੁਣਾਉਂਦੀ ਹੈ। ਬੱਚੇ ’ਤੇ ਗਰਭ ਵਿਚ ਉਸ ਤਰ੍ਹਾਂ ਦਾ ਹੀ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਦਾ ਮਾਂ ਉਸ ਨੂੰ ਵਾਤਾਵਰਣ ਦਿੰਦੀ ਹੈ।
ਬੱਚੇ ਨੂੰ ਕਿਸ ਤਰ੍ਹਾਂ ਦੀ ਸੰਗਤ ਦੇਣੀ ਹੈ, ਇਹ ਬਚਪਨ ਤੋਂ ਹੀ ਨਿਰਭਰ ਕਰਦਾ ਹੈ। ਬੱਚੇ ਨੂੰ ਚੰਗੀ ਸੰਗਤ ਅਨੁਸਾਰ ਢਾਲਣਾ ਮਾਤਾ ਪਿਤਾ ਦਾ ਮੁਢਲਾ ਫਰਜ਼ ਹੁੰਦਾ ਹੈ। ਸੰਗਤ ਕਿਹੋ ਜਿਹੀ ਹੋਣੀ ਚਾਹੀਦੀ ਹੈ? ਇਸ ਦਾ ਗਿਆਨ ਸਾਨੂੰ ਗੁਰਬਾਣੀ ਤੋਂ ਮਿਲਦਾ ਹੈ।
ਸਤਸੰਗਤਿ ਕੈਸੀ ਜਾਣੀਐ।। ਜਿਥੈ ਏਕੋ ਨਾਮੁ ਵਖਾਣੀਐ।।
ਗੁਰੂ ਨਾਨਕ ਦੇਵ ਜੀ ‘ਸ੍ਰੀ ਰਾਗੁ’ ਦੇ ਵਿਚ 71 ਅੰਗ ’ਤੇ ਫੁਰਮਾਨ ਕਰਦੇ ਹਨ ਕਿ ਸਤਸੰਗਤਿ ਉਹ ਹੈ ਜਿਥੇ ਕੇਵਲ ਪ੍ਰਭੂ ਦੇ ਨਾਮੁ ਦੀ ਚਰਚਾ ਹੋਵੇ। ਗੁਰੂ ਜੀ ਪਹਿਲਾਂ ਆਪ ਹੀ ਪ੍ਰਸ਼ਨ ਕਰਦੇ ਹਨ ਕਿ ਸਤਸੰਗਤਿ ਕਿਹੋ ਜਿਹੀ ਹੋਣੀ ਚਾਹੀਦੀ ਹੈ, ਫਿਰ ਆਪ ਹੀ ਉਸ ਪ੍ਰਸ਼ਨ ਦਾ ਉਤਰ ਅਗਲੀ ਤੁੱਕ ਵਿਚ ਦਿੰਦੇ ਹਨ, ਕਿ ਜਿਥੇ ਇਕ ਪ੍ਰਭੂ ਦੇ ਨਾਮ ਦੀ ਹੀ ਸਿਫ਼ਤ ਸਾਲਾਹ ਤੇ ਗਾਇਨ ਹੁੰਦਾ ਹੈ ਉਹ ਸਤਸੰਗਤਿ ਹੈ।
ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ।।
ਗੁਰੂ ਰਾਮਦਾਸ ਜੀ ‘ਭੈਰਊ ਰਾਗੁ’ ਵਿਚ 1135 ਅੰਗ ’ਤੇ ਫੁਰਮਾਨ ਕਰਦੇ ਹਨ, ਕਿ ਉਹੀ ਇਕੱਠ ਤੇਰੀ ਸਾਧ ਸੰਗਤ ਅਖਵਾ ਸਕਦਾ ਹੈ, ਜਿਸ ਵਿਚ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਸੁਣੀ ਜਾਂਦੀ ਹੈ।
ਸੋ ਇਸ ਤਰ੍ਹਾਂ ਗੁਰਬਾਣੀ ਵਿਚ ਅਨੇਕ ਹੀ ਉਦਾਹਰਣਾਂ ਮਿਲਦੀਆਂ ਹਨ, ਜਿਨ੍ਹਾਂ ਤੋਂ ਸਾਨੂੰ ਚੰਗੀ ਸੰਗਤ ਦੀ ਸੇਧ ਮਿਲਦੀ ਹੈ। ਬਚਪਨ ਤੋਂ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਚੰਗੀ ਸੰਗਤ ਵੱਲ ਲਾਇਆ ਜਾ ਸਕਦਾ ਹੈ। ਜਿਸ ਨਾਲ ਬੱਚਿਆਂ ਨੂੰ ਚੰਗਾ ਵਾਤਾਵਰਣ ਮਿਲੇਗਾ ਤੇ ਭਵਿੱਖ ਵਿਚ ਬੱਚੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾ ਸਕਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.