ਚੰਡੀਗੜ੍ਹ : ਬੀਜੇਪੀ ਦੇ ਵਾਰ-ਵਾਰ ਇਨਕਾਰ ਕਰਨ ਮਗਰੋਂ ਆਖਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਗੱਠਜੋੜ ਨਹੀਂ ਹੋਏਗਾ। ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਗਰੇਵਾਲ ਨੇ ਇਹ ਗੱਲ ਸੱਪਸ਼ਟ ਕਰ ਦਿੱਤੀ ਹੈ ਕਿ ਬੀਜੇਪੀ ‘ਤੇ ਅਕਾਲੀ ਦਲ ਦਾ ਕੋਈ ਗੱਠਜੋੜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਬੇਹੱਦ ਹੈਰਾਨੀ ਹੈ ਕਿ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵਾਰ ਵਾਰ ਇਹ ਗੱਲ ਕਿਉਂ ਆਖ ਰਹੀ ਹੈ ਕਿ ਉਹ ਆਪਣੇ ਪੁਰਾਣੇ ਭਾਈਵਾਲ ਨਾਲ ਗਠਜੋੜ ਨਹੀਂ ਕਰੇਗੀ ਜਦੋਂ ਕਿ ਅਕਾਲੀ ਦਲ ਨੇ ਗਠਜੋੜ ਦੀ ਆਪਣੀ ਖ਼ੁਦ ਦੀ ਅਜਿਹੀ ਕੋਈ ਇੱਛਾ ਹੀ ਨਹੀਂ ਹੈ। ਇਸਦੇ ਬਾਵਜੂਦ ਵੀ ਪੰਜਾਬ ਭਾਜਪਾ ਵੱਲੋਂ ਵਾਰ-ਵਾਰ ਅਜਿਹੇ ਬਿਆਨ ਦੇ ਕੇ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਤਰਕਹੀਣ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਸਿਰਫ਼ ਬਸਪਾ ਨਾਲ ਹੈ ਜੋ ਕਿ ਵਧੀਆ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਵੀ ਸਿਆਸੀ ਜਮਾਤ ਨਾਲ ਗਠਜੋੜ ਦੀ ਕੋਈ ਤਜ਼ਵੀਜ਼ ਨਹੀਂ ਹੈ। ਭਾਜਪਾ ਨੂੰ ਰੋਜ਼ਾਨਾ ਦੇ ਆਧਾਰ ’ਤੇ ਇਸ ਬਾਰੇ ਬੇਤੁਕੀਆਂ ਕਿਆਸ ਅਰਾਈਆਂ ਲਗਾਉਣੀਆਂ ਤੁਰੰਤ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਇਸ ਮੌਕੇ ਮੈਂ ਭਾਜਪਾ ਨੂੰ ਇੱਕ ਵਾਰ ਫ਼ੇਰ ਯਾਦ ਕਰਵਾ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲ ਗੱਠਜੋੜ ਤੋੜਿਆ ਹੀ ਸਿਧਾਂਤਾਂ ਦੇ ਅਧਾਰ ‘ਤੇ ਸੀ, ਕਿਉਂਕਿ ਉਹਨਾਂ ਨੇ ਗਠਜੋੜ ਦੇ ਭਾਈਵਾਲ਼ ਜਾਂ ਪੰਜਾਬ ਦੇ ਕਿਸਾਨਾਂ ਨਾਲ ਕੋਈ ਵੀ ਗੱਲਬਾਤ ਕੀਤੇ ਬਗੈਰ ਸੰਸਦ ਵਿਚ ਖੇਤੀਬਾੜੀ ਬਾਰੇ ਤਿੰਨ ਕਾਲੇ ਕਾਨੂੰਨ ਲਿਆ ਕੇ ਧੋਖਾ ਕੀਤਾ ਸੀ। ਸੋ ਇੱਕ ਵਾਰ ਫ਼ੇਰ ਭਾਜਪਾ ਨੂੰ ਇਹ ਸਲਾਹ ਹੈ ਕਿ ਅਜਿਹੀਆਂ ਬੇਤੁਕੀਆਂ ਬਿਆਨਬਾਜ਼ੀਆਂ ਦੇ ਕੇ ਮੁਫ਼ਤ ਦੇ ਨੰਬਰ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.