ਯੂਕਰੇਨ ‘ਤੇ ਰਸ਼ੀਆ ਦਾ ਹਮਲਾ
ਅਮਰਜੀਤ ਸਿੰਘ ਵੜੈਚ
ਯੂਕਰੇਨ ‘ਤੇ ਰਸ਼ੀਆ ਵੱਲੋਂ 24 ਫ਼ਰਵਰੀ ਨੂੰ ਕੀਤੇ ਹਮਲੇ ਨੂੰ ਅੱਜ 45 ਦਿਨ ਹੋ ਗਏ ਹਨ। ਰੂਸ ਯੂਕਰੇਨ ‘ਤੇ ਦੋ ਦਿਨਾਂ ‘ਚ ਕਬਜ਼ਾ ਕਰਨ ਨੂੰ ਲੈ ਕੇ ਤੁਰਿਆ ਸੀ ਪਰ ਹੁਣ ਰਸ਼ੀਆ ਨੂੰ ਭੱਜਣ ਲਈ ਬਹਾਨਾ ਨਹੀਂ ਲੱਭ ਰਿਹਾ ਕਿਉਂਕਿ ਇਸ ਜੰਗ ਵਿੱਚ ਰਸ਼ੀਆ ਦਾ ਜਾਨੀ ਨੁਕਸਾਨ ਬਹੁਤ ਹੋ ਗਿਆ ਹੈ ਅਤੇ ਜੰਗ ਦੇ ਲੰਮਾ ਚੱਲਣ ਨਾਲ ਰਸ਼ੀਆ ‘ਤੇ ਅੰਤਰਾਸ਼ਟਰੀ ਪੱਧਰ ‘ਤੇ ਮਨੁੱਖਤਾ ਵਿਰੁਧ ਜ਼ੁਲਮ ਕਰਨ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਹਨ। ਰਸ਼ੀਆ ਨੇ ਇਸ ਜੰਗ ‘ਚ ਯੂਕਰੇਨ ਦੇ ਜਾਨ-ਮਾਲ ਦੀ ਭਿਆਨਕ ਤਬਾਹੀ ਕੀਤੀ ਹੈ ਜਿਸ ‘ਚੋਂ ਯੂਕਰੇਨ ਅਗਲੇ 50 ਸਾਲ ਵੀ ਚੰਗੀ ਤਰ੍ਹਾਂ ਉਭਰ ਨਹੀਂ ਸਕੇਗਾ।
ਹੈਰਾਨੀ ਦੀ ਗੱਲ ਹੈ ਕਿ ਵਿਸ਼ਵ ਪੱਧਰ ‘ਤੇ ਇਸ ਯੁੱਧ ਨੂੰ ਰੁਕਵਾਉਣ ਲਈ ਕੋਈ ਵੀ ਸੁਹਿਰਦ ਯਤਨ ਨਹੀਂ ਹੋਏ। ਅਮਰੀਕਾ ਅਤੇ ਰਸ਼ੀਆ ( ਪਹਿਲਾਂ ਯੈਐੱਸਐੱਸਆਰ ) ਦਰਮਿਆਨ ਦੂਜੀ ਵਿਸ਼ਵ ਜੰਗ ਦੇ ਮਗਰੋਂ ਪੰਜ ਦਹਾਕੇ ‘ਠੰਡੀ ਜੰਗ’ ਚਲਦੀ ਰਹੀ ਅਤੇ 1990 ਵਿਚ ਰੂਸ ਦੇ ਟੋਟੇ ਟੋਟੇ ਹੋ ਕਿ ਕਈ ਰਾਜਾਂ ਨੇ ਆਪਣੇ ਆਪ ਨੂੰ ਦੇਸ਼ ਐਲਾਨ ਦਿੱਤਾ ਅਤੇ ਕਈ ਮੁਲਕਾਂ ਨੇ ਉਨ੍ਹਾਂ ਨੂੰ ਮਾਨਤਾ ਵੀ ਦੇ ਦਿੱਤੀ। ਯੂਕਰੇਨ ਨੂੰ ਵੀ ਦਸੰਬਰ 1991 ਵਿੱਚ ਮਾਨਤਾ ਮਿਲ ਗਈ ਸੀ। ਇਸ ਸਮੇਂ ਰਸ਼ੀਆ ਦਾ ਨਾਟੋ (NATO) ਦੇ ਮੁਲਕਾਂ ਨਾਲ ਸਹਿਮਤੀ ਬਣੀ ਕਿ ਨਾਟੋ ਰਸ਼ੀਆ ਵੱਲ ਪਾਸਾਰ ਦੀ ਨੀਤੀ ਨਹੀਂ ਅਪਣਾਏਗੀ ਪਰ ਹੌਲੀ-ਹੌਲੀ ਨਾਟੋ ਨੇ ਯੂਕਰੇਨ ਤੱਕ ਪਾਸਾਰ ਕਰਨ ਦੀ ਨੀਤੀ ਅਪਣਾਉਣ ਦੇ ਸੰਕੇਤ ਦਿੱਤੇ ਤਾਂ ਰਸ਼ੀਆ ਨੂੰ ਆਪਣੀ ਹੋਂਦ ਨੂੰ ਖਤਰਾ ਭਾਂਪਣ ਲੱਗਾ ।
ਰਸ਼ੀਆ ਨੇ ਪਹਿਲਾਂ 2014 ਵਿੱਚ ਦੱਖਣੀ ਯੂਕਰੇਨ ਦੇ ਆਜ਼ਾਦ ਸੂਬੇ ਕਰੀਮੀਆ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਰਾਜਧਾਨੀ ‘ਤੇ ਰਸ਼ੀਆ ਦਾ ਝੰਡਾ ਲਹਿਰਾ ਦਿੱਤਾ। ਇਸੇ ਦੌਰਾਨ ਯੂਕਰੇਨ ਦੇ ਦੋ ਇਲਾਕੇ ਦੁਨਸਤਕ ਅਤੇ ਹੁਨਸਤਕ ਵਿੱਚ ਵੀ ਰਸ਼ੀਆ ਨੇ ਬੇਚੈਨੀ ਪੈਦਾ ਕਰਵਾ ਦਿੱਤੀ ਜੋ ਪੂਰਬੀ ਯੂਕਰੇਨ ਦੀ ਸੀਮਾ ‘ਤੇ ਰਸ਼ੀਆ ਦੇ ਨਾਲ ਲੱਗਦੇ ਹਨ। ਹੁਣ ਜਦੋਂ ਰਸ਼ੀਆ ਨੂੰ ਇਹ ਪੱਕਾ ਹੋ ਗਿਆ ਕਿ ਨਾਟੋ ਉਸ ਲਈ ਖਤਰਾ ਬਣ ਸਕਦੀ ਹੈ ਤਾਂ ਰਸ਼ੀਆ ਨੇ ਯੂਕਰੇਨ ‘ਤੇ 24 ਫਰਵਰੀ ਨੂੰ ਹਮਲਾ ਕਰ ਦਿੱਤਾ।
ਇਸ ਜੰਗ ਨੂੰ ਰੋਕਣ ਜਾਂ ਖ਼ਤਮ ਕਰਨ ਵਿੱਚ ਸੰਯੁਕਤ ਰਾਸ਼ਟਰ ਵੀ ਫੇਲ੍ਹ ਹੋ ਗਿਆ ਹੈ। ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਯੋਲੈਂਸਕੀ ਇਕ ਦੂਜੇ ਦੇ ਖ਼ਿਲਾਫ ਡੱਟ ਕੇ ਅੜੇ ਹੋਏ ਹਨ ਅਤੇ ਯੂਕਰੇਨ ਦੀ ਜਨਤਾ ਦੋਜ਼ਖ ਵਿੱਚ ਧੱਕੀ ਗਈ ਹੈ। ਇਸ ਜੰਗ ਨੇ ਪੂਰੀ ਦੁਨੀਆਂ ਦੇ ਵਪਾਰ ਅਤੇ ਸ਼ਾਂਤੀ ਨੂੰ ਇਕ ਜ਼ਬਰਦਸਤ ਝਟਕਾ ਦਿੱਤਾ ਹੈ। ਰਸ਼ੀਆਂ ਨਾਲ ਬਹੁਤ ਮੁਲਕਾਂ ਦਾ, ਭਾਰਤ ਸਮੇਂ, ਵੱਡੇ ਪੱਧਰ ‘ਤੇ ਵਪਾਰਿਕ ਲੈਣ-ਦੇਣ ਹੁੰਦਾ ਹੈ। ਯੁਕਰੇਨ ‘ਚ ਵੱਡੀ ਗਿਣਤੀ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀ ਡਾਕਟਰੀ ਦੀ ਵਿੱਦਿਆ ਲੈਣ ਜਾਂਦੇ ਹਨ। ਕਈ ਪੰਜਾਬੀ ਵੀ ਓਥੇ ਖੇਤੀ ਕਰਨ ਪਹੁੰਚ ਗਏ ਸਨ।
ਯੁਕਰੇਨ ਦੀ(ਕਰੀਮੀਆ ਸਮੇਤ) ਤਕਰੀਬਨ ਸਾਢੇ ਚਾਰ ਕਰੋੜ ਆਬਾਦੀ ਹੈ। ਦੁਨੀਆਂ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਚਰਨੋਬਲ, ਵੀ ਇਥੇ ਹੀ ਹੈ ਜਿਸ ਵਿੱਚ 1986 ਵਿੱਚ ਬਹੁਤ ਵੱਡਾ ਧਮਾਕਾ ਹੋਇਆ ਸੀ ਜਿਸ ਮਗਰੋਂ ਹੁਣ ਤੱਕ ਉਥੇ ਪਰਮਾਣੂ ਪਦਾਰਥਾਂ ਦਾ ਉਤਪਾਦਨ ਬੰਦ ਹੈ । ਇਸ ਧਮਾਕੇ ਕਾਰਨ ਇਸ ਦਾ ਆਲੇ-ਦੁਆਲੇ ਏਨਾ ਰੇਡੀਏਸ਼ਨ ਹੋ ਗਿਆ ਸੀ ਕਿ ਵਿਗਿਆਨਕਾਂ ਅਨੁਸਾਰ ਹਜ਼ਾਰਾਂ ਸਾਲ ਉਥੇ ਖੇਤੀ ਕਰਨੀ ਖਤਰੇ ਤੋਂ ਖਾਲੀ ਨਹੀਂ। ਹਾਲਾਂਕਿ ਇਸ ਤਰ੍ਹਾਂ ਦੀਆਂ ਵੀ ਰਿਪੋਰਟਾਂ ਆਈਆਂ ਹਨ ਕਿ ਕੁਝ ਇਲਾਕਿਆਂ ਵਿੱਚ ਖੇਤੀ ਕਰਨੀ ਆਰੰਭ ਕਰ ਦਿੱਤੀ ਗਈ ਹੈ।
ਯੁਕਰੇਨ ਆਨਾਜ ਅਤੇ ਆਲੂ ਦੀ ਖੇਤੀ ਲਈ ਵਿਸ਼ਵ ਵਿੱਚ ਮਸ਼ਹੂਰ ਹੈ। ਇਥੇ ਰੂਸ ਦੇ ਜ਼ਮਾਨੇ ਭਾਵ 1991 ਤੋਂ ਪਹਿਲਾਂ ਹੀ, ਉਦਯੋਗ ਵਿਕਸਿਤ ਹੋ ਚੁੱਕਿਆ ਸੀ। ਉਦਯੋਗ ਅਤੇ ਖੇਤੀ ਕਰਕੇ ਇਥੇ ਦੀਆਂ ਦੀਆਂ ਨਦੀਆਂ ਬਹੁਤ ਪਰਦੂਸ਼ਿਤ ਹੋ ਚੁੱਕੀਆਂ ਹਨ ਅਤੇ ਵਾਤਾਵਰਣ ਵੀ ਹੱਦ ਦਰਜੇ ਤੱਕ ਵਿਗੜ ਚੁੱਕਿਆ ਹੈ। ਯੁਕਰੇਨ ਰਸ਼ੀਆ ਦੇ ਪੱਛਮ ਅਤੇ ਯੂਰਪ ਦੇ ਪੂਰਬ ਵਿੱਚ ਹੈ। ਇਸਦੇ ਪੂਰਬ ‘ਚ ਰਸ਼ੀਆ,ਪੱਛਮ ਵਿੱਚ ਸਲੋਵਾਕੀਆ, ਪੋਲੈਂਡ ਅਤੇ ਹੰਗਰੀ, ਉਤਰ ਵਿੱਚ ਬੇਲਾਰੂਸ ਅਤੇ ਦੱਖਣ ਵਿੱਚ ਰੁਮਾਨੀਆ ਅਤੇ ਮਾਲਡੋਵਾ ਦੇਸ਼ ਹਨ ਅਤੇ ਕਾਲਾ ਸਾਗਰ ਅਤੇ ਅਜ਼ੋਵ ਸਾਗਰ ਹਨ। ਉਤਰ ਵਿਚ ਨੀਪਰ (DNIEPER) ਨਦੀ ਉਪਰ ਇਸ ਦੀ ਰਾਜਧਾਨੀ ਕੀਵ (KIEV/KYIV )ਹੈ। ਇਸ ਦਾ ਕੁਲ ਖੇਤਰਫਲ਼ ਛੇ ਲੱਖ ਛੱਤੀ ਸੌ ਵਰਗ ਕਿਲੋਮੀਟਰ ਤੋਂ ਵੱਧ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.