OpinionD5 special

ਪਹਿਲੀ ਸ਼ਤਾਬਦੀ ਨੂੰ ਸਮਰਪਿਤ : ਰਾਜਸੀ ਕੈਦੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਲੋਂ ਰਾਜ ਮੁੰਦਰੀ ਜੇਲ੍ਹ ਵਿੱਚੋਂ ਚਿੱਠੀ ਪੱਤਰ ਦੀ ਆਰੰਭਤਾ

ਜੈਤੇਗ ਸਿੰਘ ਅਨੰਤ
ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿੱਖ ਕੌਮ ਦੇ ਬੇਨਿਆਜ਼ ਹਸਤੀ ਹੋਏ ਹਨ। ਖਾਲਸਾ ਪੰਥ ਵਲੋਂ ਸੰਨ 1931 ਨੂੰ ਸਰਵਉੱਚ ਖਿਤਾਬ ਸੋਨ ਚਿੜੀ ਦਾ ਪ੍ਰਦਾਨ ਕੀਤਾ ਹੈ। ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਖਾਲਸਾ ਪੰਥ ਨੂੰ ਸਮਰਪਿਤ ਕੀਤਾ। ਉਹ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿੱਚੋਂ ਇਕ ਸਨ। ਪੰਜਾਬ ਦੀ ਗ਼ਦਰ ਲਹਿਰ ਦੇ ਮਹਾਨ ਨਾਇਕ ਤੇ ਅਖੰਡ ਕੀਰਤਨ ਟਕਸਾਲ ਦੇ ਵੀ ਜਨਮ ਦਾਤਾ ਸਨ। ਉਹ ਇਕ ਬਹੁਪੱਖੀ ਪ੍ਰਤਿਭਾ ਦੇ ਮਾਲਕ, ਨਾਮ ਬਾਣੀ ਦੇ ਰਸੀਆ, ਗਿਆਨ ਦੇ ਭੰਡਾਰ, ਗੁਰਮਤਿ ਮਾਰਗ ਦੇ ਪਾਂਧੀ, ਸਿਦਕ ਸਿਰੜ ਦੀ ਮੂਰਤ, ਕਹਿਣੀ ਤੇ ਕਰਨੀ ਦੇ ਸੂਰੇ ਸਨ। ਉਨ੍ਹਾਂ ਦੀ ਜ਼ਿੰਦਗੀ ਦਾ ਹਰ ਪੱਖ ਬਹੁਤ ਖ਼ੂਬਸੂਰਤ ਤੇ ਪ੍ਰੇਰਨਾ ਦਾਇਕ ਸੀ। ਉਨ੍ਹਾਂ ਸਾਰੀ ਜ਼ਿੰਦਗੀ ਬਾਣੀ ਤੇ ਬਾਣੇ, ਗੁਰੂ ਗ੍ਰੰਥ ਤੇ ਗੁਰੂ ਪੰਥ, ਸੰਗਤ ਤੇ ਪੰਗਤ ਤੇ ਨਾਮ ਅਭਿਆਸ ਦੇ ਸਿਧਾਂਤ ’ਤੇ ਖਰੇ ਉਤਰਨ ਵਾਲੇ ਇਕ ਪੱਕੇ ਸਿੱਖ ਸਨ। ਆਪ 7 ਜੁਲਾਈ 1878 ਦਿਨ ਐਤਵਾਰ ਪਿਤਾ ਸ. ਨੱਥਾ ਅਤੇ ਮਾਤਾ ਪੰਜਾਬ ਕੌਰ ਜੀ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪੈਦਾ ਹੋਏ। ਸਿੱਖੀ ਵਿਰਾਸਤ ਤੋਂ ਮਿਲੀ। ਜ਼ਿੰਦਗੀ ਦਾ ਮੁੱਖ ਸਿਧਾਂਤ ਕੀਰਤਨ ਤੇ ਚਿੰਤਨ ਸਨ।

ਨੌਜਵਾਨ ਵਰਗ ਲਈ ਆਪ ਮਾਰਗ ਦਰਸ਼ਕ ਸਨ। ਮਾਲਵਾ ਖਾਲਸਾ ਸਕੂਲ 18 ਨਵੰਬਰ 1908 ਨੂੰ ਜਾਰੀ ਹੋਇਆ। ਸੰਨ 1909 ਤੋਂ ਲੈ ਕੇ ਸੰਨ 1914 ਤੱਕ ਭਾਈ ਸਾਹਿਬ ਰਣਧੀਰ ਸਿੰਘ ਸਕੂਲ ਦੇ ਬੋਰਡਿੰਗ ਹਾਊਸ ਵਿਚ ਕੀਰਤਨ ਕਰਿਆ ਕਰਦੇ ਸਨ। ਇਸ ਸਕੂਲ ਦੀ ਇਕ ਭੁਜੰਗੀ ਸਭਾ ਬਣੀ ਹੋਈ ਸੀ, ਉਸ ਦੇ ਸਕੱਤਰ ਨਾਹਰ ਸਿੰਘ ਗੁਜਰਵਾਲ ਸਨ। ਸਾਰੇ ਵਿਦਿਆਰਥੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਅੰਮ੍ਰਿਤਧਾਰੀ ਹੋ ਗਏ ਸਨ। ਇਥੋਂ ਹੀ ਗਿਆਨੀ ਨਾਹਰ ਸਿੰਘ, ਭਾਈ ਰਣਧੀਰ ਸਿੰਘ ਦੀ ਅੱਖ ਦਾ ਤਾਰਾ ਬਣ ਗਿਆ। ਉਹ ਭਾਈ ਸਾਹਿਬ ਵਲੋਂ ਹਰ ਇਕੱਠ ਤੇ ਮੀਟਿੰਗ ਵਿਚ ਜਾਣਾ ਆਪਣਾ ਸੁਭਾਗ ਸਮਝਦਾ ਸੀ।

30 ਮਈ 1914 ਨੂੰ ਗੁਰਦੁਆਰਾ ਰਕਾਬ ਗੰਜ ਦਿੱਲੀ ਦੀ ਦੀਵਾਰ ਸਬੰਧੀ ਲੰਡਾ ਬਾਜ਼ਾਰ ਲਾਹੌਰ ਵਿਖੇ ਇਕ ਵਿਸ਼ੇਸ਼ ਦੀਵਾਨ ਲੱਗਾ। ਉਸ ਵਿਚ ਭਾਈ ਸਾਹਿਬ ਰਣਧੀਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ ਸਨ। ਇਸ ਦੀਵਾਨ ਵਿਚ ਭਾਈ ਸਾਹਿਬ ਦੇ ਨਿਕਟਵਰਤੀ ਹੈੱਡ ਮਾਸਟਰ ਧਰਮ ਸਿੰਘ, ਪ੍ਰਿੰਸੀਪਲ ਇਕਬਾਲ ਸਿੰਘ, ਭਾਈ ਸੁੰਦਰ ਸਿੰਘ ਘੁਮਾਣ ਤੇ ਗਿਆਨੀ ਨਾਹਰ ਸਿੰਘ ਗੁਜਰਵਾਲ ਨੇ ਵੀ ਆਪਣੀ ਹਾਜ਼ਰੀ ਲੁਆਈ।
ਫਿਰੋਜ਼ਪੁਰ ਛਾਉਣੀ ਗ਼ਦਰ ਐਕਸ਼ਨ ਤੋਂ ਪਹਿਲਾਂ ਮਾਲਵੇ ਇਲਾਕੇ ਵਿਚ ਗਦਰੀਆਂ ਦਾ ਭਰਵਾਂ ਇਕੱਠ 14 ਫਰਵਰੀ 1915 ਨੂੰ ਪਿੰਡ ਗੁਜਰਵਾਲ ਹੋਇਆ। ਜਿਥੇ ਭਾਈ ਈਸ਼ਰ ਸਿੰਘ ਢੁਡੀਕੇ, ਭਾਈ ਉਤਮ ਸਿੰਘ ਹਾਂਸ, ਭਾਈ ਸਾਹਿਬ ਰਣਧੀਰ ਸਿੰਘ, ਭਾਈ ਹਰਨਾਮ ਸਿੰਘ ਗੁਜਰਵਾਲ, ਭਾਈ ਮੁਲਤਾਨ ਸਿੰਘ ਨਾਰੰਗਵਾਲ ਤੇ ਗਿਆਨੀ ਨਾਹਰ ਸਿੰਘ ਗੁਜਰਵਾਲ ਇਸ ਇਕੱਠ ਵਿਚ ਸ਼ਾਮਲ ਹੋਏ ਜਿਸ ਵਿਚ ਫਿਰੋਜ਼ਪੁਰ ਐਕਸ਼ਨ ਪਲੈਨ ਤੇ ਵਿਚਾਰਾਂ ਕੀਤੀਆਂ। ਇਹ ਇਕ ਇਤਿਹਾਸਕ ਭਰਵੀਂ ਇਕੱਤਰਤਾ ਸੀ।

19 ਫਰਵਰੀ 1915 ਈਸਵੀ ਨੂੰ ਗ਼ਦਰ ਲਹਿਰ ਦੀ ਸ਼ਮੂਲੀਅਤ ਤੇ ਫਿਰੋਜ਼ਪੁਰ ਛਾਉਣੀ ਵਿਖੇ ਕਬਜ਼ਾ ਕਰਨ ਦੀ ਪਲਾਨ ਸੀ। ਗਿਆਨੀ ਨਾਹਰ ਸਿੰਘ ਗੁਜਰਵਾਲ ਤੇ ਮਾਲਵਾ ਖਾਲਸਾ ਸਕੂਲ ਦੀ ਭੁਜੰਗੀ ਸਭਾ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪਰ ਇਹ ਐਕਸ਼ਨ ਅਸਫਲ ਹੋਣ ਕਰਕੇ ਫੜੋ ਫੜੀ ਦਾ ਦੌਰ ਸ਼ੁਰੂ ਹੋ ਗਿਆ। ਭਾਈ ਸਾਹਿਬ ਰਣਧੀਰ ਸਿੰਘ ਜੀ ਨੂੰ 9 ਮਈ 1915 ਨੂੰ ਨਾਭੇ ਤੋਂ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਗਿਆਨੀ ਨਾਹਰ ਸਿੰਘ ਗੁਜਰਵਾਲ 25 ਜੂਨ 1915 ਨੂੰ ਗ੍ਰਿਫ਼ਤਾਰ ਕਰ ਲਿਆ। 27 ਜੂਨ 1915 ਨੂੰ ਇਨ੍ਹਾਂ ਸਾਰਿਆਂ ਨੂੰ ਰੇਲ ਗੱਡੀ ਰਾਹੀਂ ਲਾਹੌਰ ਲਿਜਾਇਆ ਗਿਆ। ਅਕਤੂਬਰ 29, 1915 ਨੂੰ ਸਾਰੇ ਕੈਦੀਆਂ ’ਤੇ ਮੁਕੱਦਮਾ ਸ਼ੁਰੂ ਹੋਇਆ। ਜਿਸ ਦਾ ਫੈਸਲਾ 30 ਮਾਰਚ 1916 ਲਾਹੌਰ ਵਿਖੇ ਜੇਲ੍ਹ ਅੰਦਰ ਹੀ ਤਿੰਨ ਜੱਜਾਂ ਦੀ ਅਦਾਲਤ ਨੇ ਕੀਤਾ। ਆਪ ਸਾਰਿਆਂ ਨੂੰ ਲਾਹੌਰ ਸਾਜ਼ਿਸ਼ ਕੇਸ ਵਿਚ ਧਰ ਲਿਆ। ਆਪ ਨੂੰ ਉਮਰ ਕੈਦ, ਕਾਲੇ ਪਾਣੀ ਦੀ ਸਜ਼ਾ ਤੇ ਜਾਇਦਾਦ ਜ਼ਬਤ ਦਾ ਹੁਕਮ ਹੋਇਆ। ਗਿਆਨੀ ਨਾਹਰ ਸਿੰਘ ਦੀ ਉਮਰ ਛੋਟੀ ਹੋਣ ਕਾਰਨ ਸਜ਼ਾ ਘਟਾ ਕੇ 5 ਸਾਲ ਸਖ਼ਤ ਕੈਦ ਕਰ ਦਿੱਤੀ। ਗਿਆਨੀ ਨਾਹਰ ਸਿੰਘ 4 ਅਪ੍ਰੈਲ ਨੂੰ ਮਿੰਟਗੁਮਰੀ ਜੇਲ੍ਹ ਭੇਜ ਦਿੱਤੇ, ਜਿਥੋਂ ਉਹ 15 ਅਪ੍ਰੈਲ 1919 ਨੂੰ ਰਿਹਾਅ ਹੋ ਕਿ ਪਿੰਡ ਗੁਜਰਵਾਲ ਆ ਗਏ। ਭਾਈ ਸਾਹਿਬ ਰਣਧੀਰ ਸਿੰਘ 4 ਅਪ੍ਰੈਲ 1916 ਤੋਂ ਅੱਧ ਜੁਲਾਈ 1916 ਤੱਕ ਮੁਲਤਾਨ ਜੇਲ੍ਹ, 16 ਜੁਲਾਈ 1916 ਤੋਂ ਅਕਤੂਬਰ 1921 ਤੱਕ ਹਜ਼ਾਰੀ ਬਾਗ਼ ਜੇਲ੍ਹ ਵਿਚ ਫਰੰਗੀ ਸਰਕਾਰ ਦੀਆਂ ਸਖ਼ਤੀਆਂ ਦੇ ਉਤਾਰ ਚੜਾਅ ਨੂੰ ਗੁਰੂ ਦੇ ਭਾਣੇ ਵਿਚ ਰਹਿ ਕੇ ਜਰਦੇ ਰਹੇ। ਐਪਰ ਅਕਤੂਬਰ 1921 ਵਿਚ ਆਂਧਰਾ ਪ੍ਰਦੇਸ਼ ਦੀ ਰਾਜਮੁੰਦਰੀ ਜੇਲ੍ਹ ਵਿਚ ਆ ਗਏ।

ਰਾਜਮੁੰਦਰੀ ਜੇਲ੍ਹ ਜਿਥੋਂ ਚਿੱਠੀਆਂ ਦਾ ਆਗਾਜ਼ ਹੋਇਆ
ਆਂਧਰਾ ਪ੍ਰਦੇਸ਼ ਦੇ ਰਾਜ ਵਿਚ ਰਾਜਮੁੰਦਰੀ ਵਿਖੇ ਦੇਸ਼ ਦੀ ਪੰਜਵੀਂ ਵੱਡੀ ਜੇਲ੍ਹ ਮੰਨਿਆ ਜਾਂਦਾ ਹੈ। ਜਿਸ ਨੂੰ ਸੰਨ 1602 ਨੂੰ ਡਚ ਨੇ ਰਾਜਮੁੰਦਰੀ ਅੰਦਰ ਇਕ ਵਿਸ਼ਾਲ ਕਿਲੇ ਦੇ ਰੂਪ ਵਿਚ ਸਥਾਪਿਤ ਕੀਤਾ। ਬ੍ਰਿਟਿਸ਼ ਸਰਕਾਰ ਦੇ ਆ ਜਾਣ ਨਾਲ 1864 ਵਿਚ ਜੇਲ੍ਹ ਦਾ ਰੂਪ ਧਾਰਨ ਕਰ ਲਿਆ। ਜਿਸ ਨੂੰ 1870 ਵਿਚ ਕੇਂਦਰੀ ਜੇਲ੍ਹ ਦਾ ਰੂਪ ਅਖ਼ਤਿਆਰ ਕਰ ਲਿਆ। ਭਾਈ ਸਾਹਿਬ ਰਣਧੀਰ ਸਿੰਘ ਅਕਤੂਬਰ 1921 ਵਿਚ ਰਾਜਮੁੰਦਰੀ ਜੇਲ੍ਹ ਵਿਚ ਪੁੱਜੇ। ਇਸ ਜੇਲ੍ਹ ਵਿਚ ਹੀ ਭਾਈ ਸਾਹਿਬ ਨੇ ਗੁਰਮਤਿ ਬਿਬੇਕ ਪੁਸਤਕ ਦੀ ਰਚਨਾ ਕੀਤੀ। ਇਸ ਜੇਲ੍ਹ ਤੋਂ ਹੀ ‘ਜੇਲ੍ਹ ਚਿੱਠੀਆਂ’ ਚਿੱਠੀ ਪੱਤਰ ਦੀ ਆਰੰਭਤਾ ਕੀਤੀ ਗਈ।

ਸੰਨ 1922 ਅੱਜ ਤੋਂ ਪੂਰੇ ਇਕ ਸੌ ਸਾਲ ਪਹਿਲਾਂ ਰਾਜਮੁੰਦਰੀ ਜੇਲ੍ਹ ’ਚੋਂ ਹੀ ਭਾਈ ਸਾਹਿਬ ਰਣਧੀਰ ਸਿੰਘ ਨੇ ਪਹਿਲੀ ਚਿੱਠੀ 19 ਮਾਰਚ 1922 ਨੂੰ ਆਪਣੇ ਅੱਤ ਪਿਆਰੇ ਸਨੇਹੀ ਗਿਆਨੀ ਨਾਹਰ ਸਿੰਘ ਗੁਜਰਵਾਲ ਨੂੰ ਲਿਖੀ। ਦੂਜੀ ਚਿੱਠੀ 24 ਮਾਰਚ 1922 ਤੇ ਤੀਜੀ ਚਿੱਠੀ 30 ਮਾਰਚ 1922 ਨੂੰ ਲਿਖੀ ਗਈ। ਇਕ ਮਹੀਨੇ ਵਿਚ ਤਿੰਨ ਚਿੱਠੀਆਂ ਲਿਖੀਆਂ ਗਈਆਂ ਜੋ ਵੱਖੋਵੱਖ ਦੋ ਲਫ਼ਾਫ਼ਿਆਂ ਵਿਚ ਗੁਜਰਵਾਲ ਪੁੱਜੀਆਂ। ਜਿਨ੍ਹਾਂ ਨੇ ਵੀ ਇਹ ਚਿੱਠੀਆਂ ਸੁਣੀਆਂ ਜਾਂ ਪੜ੍ਹੀਆਂ ਹਨ, ਉਹ ਅਸ਼ ਅਸ਼ ਕਰ ਉਠੇ ਹਨ ਕਿਉਂਕਿ ਇਨ੍ਹਾਂ ਵਿਚ ਕੁਝ ਖ਼ਾਸ ਖ਼ੂਬੀਆਂ ਸਨ।
1. ਉੱਚ ਆਤਮਿਕ ਰੰਗਾਂ ਦੇ ਪੇਖੀ ਪਰਖੀ ਹੋਈ ਆਪ ਬੀਤੀ ਵਾਰਤਾ ਹੈ ਜੋ ਨਾਮ ਬਾਣੀ ਦੇ ਪ੍ਰਤਾਪ ਨੂੰ ਦਿ੍ਰੜ੍ਹਾਉਂਦੀ ਤੇ ਗੁਰਮਤਿ ਪਰ ਸ਼ਰਧਾ ਤੇ ਭਾਵਨੀ ਵਧਾਉਂਦੀ ਹੈ।
2. ਗੁਰਮਤਿ ਦੀਆਂ ਗੁਣੀਆਂ ਰਮਜ਼ਾਂ ਤੇ ਨਾਮ ਸਿਮਰਨ ਆਦਿ ਦੀ ਐਸੀ ਰਸਦਾਇਕ ਅਚਰਜ ਵਿਆਖਿਆ ਹੈ, ਜੋ ਬਿਨਾਂ ਨਾਮ ਬਾਣੀ ਦੇ ਰਸਲੀਨ ਤੋਂ ਸਫੁਰਨ ਹੋਣੀ ਅਸੰਭਵ ਹੈ।
3. ਸਿੱਖ ਇਤਿਹਾਸ ਦੇ ਨੁਕਤਾ ਨਿਗਾਹ ਨਾਲ ਇਹ ਇਕ ਦੁਰਲੱਭ ਦਸਤਾਵੇਜ਼ ਹੈ। ਸ਼ਾਇਦ ਹੀ ਇਸ ਤਰ੍ਹਾਂ ਦੀਆਂ ਤਜ਼ਰਬੇ ਵਿਚ ਆਈਆਂ ਉਚ ਆਤਮਿਕ ਗੱਲਾਂ ਕਿਸੇ ਨੇ ਇਉਂ ਰਸਭਿੰਨੀ ਵਾਕ ਰਚਨਾ ਵਿਚ ਲਿਖੀਆਂ ਹੋਣਗੀਆਂ। ਖਿਆਲ ਕੀਤਾ ਜਾਂਦਾ ਹੈ ਨਾ ਸਿੱਖਾਂ ਵਿਚ ਕਿਸੇ ਨੇ ਤੇ ਨਾ ਕਿਸੇ ਹੋਰ ਨੇ ਅਜਿਹੀ ਰਚਨਾ ਅੱਜ ਤੀਕ ਰਚੀ ਹੈ।
ਮੁਕਦੀ ਗੱਲ ਇਹ ਕਿ ਇਨਾਂ ਚਿੱਠੀਆਂ ਦਾ ਇਹ ਮਜਮੂਨ ਧਾਰਮਿਕ, ਇਤਿਹਾਸਕ ਤੇ ਸਾਹਿਤਕ ਨੁਕਤਾ ਖਿਆਲ ਨਾਲ ਇਕ ਦੁਰਲੱਭ ਚੀਜ਼ ਹੈ ਜੋ ਸ੍ਰੀਮਾਨ ਭਾਈ ਸਾਹਿਬ ਨੂੰ ਅਨੁਭਵ (Inspiration) ਦੁਆਰਾ ਸਫੁਰਨ ਹੋ ਕੇ ਕਲਮ ਦੁਆਰਾ ਪ੍ਰਗਟ ਹੋਇਆ। ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਨਾਮ ਦੀ ਖੋਜ ਤੇ ਪ੍ਰਾਪਤੀ ਤੋਂ ਬਾਅਦ ਜੋਤ ਸਰੂਪੀ ਦਰਸ਼ਨ ਕਿਵੇਂ ਹੋਏ। ਇਸ ਤਰ੍ਹਾਂ ਦੀਆਂ ਹੋਰ ਭੀ ਕਈ ਗੁਰਮਤਿ ਦੇ ਉਚ ਭਾਵ ਦੀਆਂ ਗੱਲਾਂ ਹਨ।

ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਕੁਲ 25 ਇਤਿਹਾਸਕ ਚਿੱਠੀਆਂ ਲਿਖੀਆਂ ਜਿਸ ਦਾ ਮੁੱਢ ਰਾਜਮੁੰਦਰੀ ਜੇਲ੍ਹ ਵਿਚੋਂ ਹੋਇਆ। ਇਹ ਆਪ ਦੀ ਕਰਮ ਭੂਮੀ ਸੀ। ਇਹ ਸਾਰੀਆਂ ਚਿੱਠੀਆਂ ਭਾਈ ਸਾਹਿਬ ਨੇ ਆਪਣੇ ਇਕ ਅਜਿਹੇ ਮਿੱਤਰ ਜੋ ਰਾਜਸੀ ਕੈਦੀ ਦੇ ਤੌਰ ’ਤੇ ਖ਼ੁਦ ਲਾਹੌਰ ਸਾਜ਼ਿਸ਼ ਕੇਸ ਤੇ ਤਹਿਤ ਕੈਦ ਕੱਟ ਕੇ ਆਪਣੇ ਪਿੰਡ ਆ ਗਿਆ ਸੀ। ਇਹ ਕੋਈ ਹੋਰ ਨਹੀਂ ਬਲਕਿ ਨਾਹਰ ਸਿੰਘ ਗੁਜਰਵਾਲ ਸੀ। ਜੋ ਭਾਈ ਸਾਹਿਬ ਦਾ ਅੱਤ ਵਿਸ਼ਵਾਸਪਾਤਰ ਨਿਕਟਵਰਤੀ ਤੇ ਉਨ੍ਹਾਂ ਦੇ ਜੀਵਨ ਦੇ ਬਿਖਰੇ ਰਾਹਾਂ ਤੇ ਤੁਰਨ ਵਾਲਾ ਉਨ੍ਹਾਂ ਦਾ ਅੱਤ ਪਿਆਰਾ ਸਨੇਹੀ ਮਿੱਤਰ ਗਿਆਨੀ ਨਾਹਰ ਸਿੰਘ ਗੁਜਰਵਾਲ ਸਨ ਜਿਨ੍ਹਾਂ ਨੇ ਆਪਣੀ ਸੰਪਾਦਨਾ ਹੇਠ ਹੀ ਜੇਲ੍ਹ ਚਿੱਠੀਆਂ ਦਾ ਮਹਾਨ ਕਾਰਜ ਕੀਤਾ।

ਇਹ ਚਿੱਠੀਆਂ ਦਾ ਅਦਾਨ ਪ੍ਰਦਾਨ ਗੁਪਤ ਢੰਗ ਨਾਲ ਚਲਦਾ ਗਿਆ। ਪੁਲਿਸ ਨੂੰ ਇਸ ਗੱਲ ਦੀ ਸੂਹ ਲੱਗ ਗਈ ਤੇ ਉਹ ਚਿੱਠੀਆਂ ਦੀ ਤਲਾਸ਼ ਕਰਨ ਲਈ ਸਰਗਰਮ ਰਹੀ। ਗਿਆਨੀ ਨਾਹਰ ਸਿੰਘ ਦੇ ਪਿੰਡ ਇਕ ਸੁਹੀਆ (ਜਾਸੂਸ) ਉਨ੍ਹਾਂ ਦੇ ਸਫ਼ਰ ਦੇ ਦੌਰਾਨ ਵਿਚ ਵੀ ਨਾਲ ਰਹਿੰਦਾ। ਪੁਲਿਸ ਵਾਲੇ ਅਕਸਰ ਆਪਣੀ ਬੋਲੀ ਵਿਚ ਗਿਆਨੀ ਨਾਹਰ ਸਿਘ ਨੂੰ ‘ਲੀਡਰਾਂ ਦਾ ਲੈਟਰ ਬਾਕਸ’ (Leader’s Letter Box) ਕਿਹਾ ਕਰਦੇ ਸਨ। ਭਾਈ ਸਾਹਿਬ ਦਾ ਚਿੱਠੀਆਂ ਦਾ ਬੇਸ਼ ਕੀਮਤੀ ਖ਼ਜ਼ਾਨਾ ਜਦੋਂ ਗਿਆਨੀ ਨਾਹਰ ਸਿੰਘ ਜੀ ਆਪਣੇ ਸਪੁੱਤਰ ਸਰਦੂਲ ਸਿੰਘ ਜੀ ਪਾਸ ਅੰਬਾਲੇ ਵਿਖੇ ਸਨ ਤਾਂ ਪੰਜਾਬ ਵਿਚ ਆਏ ਹੜ੍ਹਾਂ ਦੇ ਭੇਟ ਚੜੇ ਘਰ ਦੇ ਸਮਾਨ ਨਸ਼ਟ ਹੋ ਗਏ।

ਗਿਆਨੀ ਨਾਹਰ ਸਿੰਘ ਜੀ ਨੇ ਜੇਲ੍ਹ ਚਿੱਠੀਆਂ ਦਾ ਪਹਿਲਾ ਹਿੱਸਾ ਸੰਨ 1936 ਤੇ ਦੂਜਾ ਹਿੱਸਾ ਸੰਨ 1937, ਤੀਜਾ ਹਿੱਸਾ ਸੰਨ 1938, ਦੂਜੀ ਵਾਰ ਤਿੰਨੇ ਹਿੱਸੇ ਇਕ ਜਿਲਦ ਵਿਚ ਸੰਨ 1951, ਤੀਜੀ ਵਾਰ ਤਿੰਨੇ ਹਿੱਸੇ ਸੰਨ 1956, ਇਸੇ ਤਰ੍ਹਾਂ ਵੱਡੀ ਗਿਣਤੀ ਵਿਚ ਇਸ ਦੀ ਪ੍ਰਕਾਸ਼ਨ ਹੁੰਦੀ ਰਹੀ। ਜਿਸ ਨੂੰ ਅਕਤੂਬਰ 2016 ਨੂੰ ਡੀ.ਟੀ.ਐਫ. ਪ੍ਰਕਾਸ਼ਨ ਬਰਮਿੰਘਮ ਇੰਗਲੈਂਡ ਵੱਲੋਂ ਭਾਈ ਮਦਨ ਸਿੰਘ ਨੇ ਵੱਡੀ ਗਿਣਤੀ ਵਿਚ ਪ੍ਰਕਾਸ਼ਨ ਕਰ ਗੁਰੂ ਦੀਆਂ ਖ਼ੁਸ਼ੀਆਂ ਦਾ ਪਾਤਰ ਬਣੇ। ‘ਜੇਲ੍ਹ ਚਿੱਠੀਆਂ’ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਜੀਵਨ ਦਾ ਅਜਿਹਾ ਅਦੁੱਤੀ ਸ਼ਾਹਕਾਰ ਹੈ ਹੈ ਜਿਸ ਨੂੰ ਪੜ੍ਹ ਕੇ ਪਾਠਕਾਂ ਵਿਚ ਇਕ ਨਵੀਂ ਜਗਿਆਸਾ ਪ੍ਰੇਰਨਾ ਤੇ ਮਾਰਗ ਦਰਸ਼ਕ ਸਾਬਤ ਹੁੰਦਾ ਹੈ। ਗੁਰਸਿੱਖੀ ਦੇ ਸੰਸਕਾਰ, ਗਿਆਨ ਦੀਆਂ ਕਣੀਆਂ, ਗੁਰਮਤਿ ਗਾਡੀ ਰਾਹ, ਨਾਮ ਰੰਗਾਂ ਵਿਚ ਰੰਗਿਆ ਜੋ ਪੰਜਾਬੀ ਸਾਹਿਤ ਵਿਚ ਸਦਾ ਧਰੂਵ ਤਾਰੇ ਵਾਂਗ ਚਮਕਦਾ ਰਹੇਗਾ। ਪਿਛਲੀ ਸਦੀ ਦੀ ਸਭ ਤੋਂ ਚਰਚਿਤ ਪੁਸਤਕ ਮੰਨੀ ਜਾ ਚੁੱਕੀ ਹੈ। ਇਹ ਜੇਲ੍ਹਾਂ ਵਿਚ ਉਨ੍ਹਾਂ ਦਾ ਜੀਵਨ ਬਿਰਤਾਂਤ ਹੀ ਨਹੀਂ ਸਗੋਂ ਇਕ ਕਿਸਮ ਦੀ ਸਵੈਜੀਵਨੀ ਵੀ ਹੈ।

ਅੱਜ ਮਾਰਚ 2022 ਚਲ ਰਿਹਾ ਹੈ। ਇਹ ਚਿੱਠੀ ਪੱਤਰ ਦਾ ਇਕ ਸੌ ਸਾਲ ਜਾਂ ਪਹਿਲੀ ਸ਼ਤਾਬਦੀ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੇ ਗਿਆਨੀ ਨਾਹਰ ਸਿੰਘ ਦੀ ਸ਼ਖ਼ਸੀਅਤ ਨੂੰ ਨਤਮਸਤਕ ਹੁੰਦੇ ਹਾਂ ਜਿਨ੍ਹਾਂ ਨੇ ਜੇਲ੍ਹ ਚਿੱਠੀਆਂ ਨੂੰ ਅਮਰ ਕਰ ਦਿੱਤਾ।
ਪਾਠਕਾਂ ਲਈ ਜੇਲ੍ਹ ਚਿੱਠੀਆਂ ਦੀ ਪਹਿਲੀ ਚਿੱਠੀ ਜੋ 19 ਮਾਰਚ 1922 ਨੂੰ ਲਿਖੀ ਸੀ ਪੇਸ਼ ਕਰਨ ਦੀ ਖ਼ੁਸ਼ੀ ਲੈ ਰਿਹਾ ਹੈ।

ੴਵਾਹਿਗੁਰੂ ਜੀ ਕੀ ਫਤਿਹ॥
ਰਾਜ ਮੰਦਰੀ
19 ਮਾਰਚ 1922
ਮੇਰੇ ਪਰਮ ਹਿਤੂ ਵੀਰ ਪਿਆਰੇ ਸ੍ਰੀ ਮਾਨ ਭਾ: ਨਾਹਰ ਸਿੰਘ ਜੀ!
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ॥

ਆਪ ਨੇ ਇਸ਼ਾਰੇ ਮਾਤਰ ਜੋ ਬਾਹਰ ਦੀ ਦਸ਼ਾ ਦਸੀ, ਉਹ ਸਾਡੇ ਆਪਣੇ ਅਨੁਮਾਨ ਅਨੁਸਾਰ ਪੂਰੀ ਉਤਰਦੀ ਦਿਸੀ। ਆਪ ਨੇ ਜੋ ਉਪਰਾਲਾ ਦਾਸ ਦੇ ਜੀਵਨ ਲਿਖਣ ਦਾ ਕੀਤਾ ਹੈ ਆਪ ਦੇ ਉਤਸ਼ਾਹ ਅਨੁਸਾਰ ਮੈਂ ਆਪ ਨੂੰ ਇਸ ਦੀ ਹਲਾਸ਼ੇਰੀ ਨਾ ਦੇਣਾ ਆਪ ਦਾ ਦਿਲ ਤੋੜਨਾ ਸਮਝਦਾ ਹਾਂ ਪਰ ਆਪ ਨੇ ਜੋ ਜੀਵਨ ਚਰਿਤ੍ਰ ਦਾ ਪਦ ਲਿਖਿਆ ਹੈ ਇਸ ਨੂੰ ਪੜ ਕੇ ਮੈਨੂੰ ਬੜੀ ਲੱਜਾ ਆਈ। ਵੀਰ ਜੀ! ਮੈਂ ਇਸ ਯੋਗ ਨਹੀਂ। ‘ਚਰਿਤ੍ਰ’ ਤਾਂ ਮਹਾਂਪੁਰਸ਼ਾਂ ਦੇ ਜੀਵਨਾਂ ਦੇ ਹੁੰਦੇ ਹਨ। ਮੈਂ ਤਾਂ ਇਕ ਅਧਮ ਤੇ ਅਲਪਗ ਜੀਵ ਹਾਂ ਜਿਸ ਵਿਚ ਕੋਈ ਅਜੇਹਾ ਗੁਣ ਨਹੀਂ ਜਿਸ ਦੇ ਕਿ ਜੀਵਨ ਦੇ ਕਿਸੇ ਅੰਗ ਪ੍ਰਥਾਇ ਭੀ ਚਰਿਤ੍ਰ ਦਾ ਪਦ ਘਟ ਸਕੇ। ਸੋ ਕ੍ਰਿਪਾ ਪੂਰਬਕ ਚਰਿਤ੍ਰ ਦਾ ਪਦ ਜੀਵਨ ਨਾਲੋਂ ਦੂਰ ਕਰਕੇ ਕੋਈ ਹੋਰ ਸਾਧਾਰਨ ਜਿਹਾ ਪਦ ਨਾਲ ਚਮੇੜ ਦੇਵੋ। ਮੈਂ ਆਪ ਦੇ ਉਤਸ਼ਾਹ ਤੋਂ ਆਪ ਨੂੰ ਹਟਾਉਣਾ ਵਰਜਣਾ ਅਯੋਗ ਸਮਝਦਾ ਹਾਂ ਅਤੇ ਬੜਾ ਖੁਸ਼ ਹਾਂ ਕਿ ਆਪ ਨੇ ਆਪਣੇ ਚਿਰਾਂ ਤੋਂ ਮਨਮੰਨੇ ਸੰਕਲਪ ਨੂੰ ਇਸੇ ਜਨਮ ਵਿਚ ਹੀ ਪੂਰਾ ਕਰਨ ਦੀ ਉਦਮ ਧਾਰਿਆ ਹੈ, ਪ੍ਰੰਤੂ ਸਚੀ ਗਲ ਤਾਂ ਇਹ ਹੈ ਕਿ ਜੀਵਨ ਤਾਂ ਸ਼ਹੀਦ ਸਿੰਘਾਂ ਦੇ ਲਿਖੀਦੇ ਹੁੰਦੇ ਹਨ ਜਿਨ੍ਹਾਂ ਨੇ ਕੋਈ ਨਿੱਗਰ ਪੰਥ ਦੀ ਸੇਵਾ ਕੀਤੀ ਹੋਵੇ ਜਾਂ ਉਚ ਕਲਾ ਦੀ ਕਰਨੀ ਕਰਕੇ ਦਿਖਾ ਗਏ ਹੋਣ।

ਮੈਂ ਤਾਂ ਜਦ ਆਪਣੇ ਅੰਦਰ ਨਜ਼ਰ ਮਾਰ ਕੇ ਦੇਖਦਾ ਹਾਂ ਤਾਂ “ਸਭਿ ਅਵਗਣ ਮੈ ਗੁਣੁ ਨਹੀ ਕੋਈ” ਸਿਰਫ਼ ਮੇਰੇ ਪੁਰ ਹੀ ਘਟਦਾ ਹੈ। ਤੇ ਕਰਨੀ ਮੇਰੀ ਕੁੱਤੇ ਜੇਹੀ ਭੀ ਨਹੀਂ, ਕਿਉਂਕਿ ਕੁੱਤੇ ਵਿਚ ਤਾਂ ਕਈ ਗੁਣ ਹਨ ਪਰ ਮੇਰੇ ਵਿਚ ਇਕ ਗੁਣ ਭੀ ਨਹੀਂ। ਆਪ ਤਾਂ ਸਮੂਹ ਜੱਥੇ ਸੰਬੰਧੀ ਇਤਿਹਾਸ ਨੂੰ ਆਪਣੀ ਲੇਖਣੀ ਦਵਾਰਾ ਲਿਖਣ ਦਾ ਉਤਸ਼ਾਹ ਪ੍ਰਗਟ ਕਰਿਆ ਕਰਦੇ ਸੀ। ਉਸ ਉਤਸ਼ਾਹ ਦੀ ਲੜੀ ਵਿਚ ਜੇ ਦਾਸ ਦਾ ਨਾਉਂ ਭੀ ਕਿਤੇ ਆ ਜਾਂਦਾ ਤਾਂ ਇਸ ਵਿਚ ਮੈਨੂੰ ਭੀ ਕੋਈ ਸੰਗ ਪ੍ਰਤੀਤ ਨ ਹੁੰਦੀ। “ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੇ ਸਹ ਨਾਲੇ।” ਹਰ ਹਾਲਤ ਵਿਚ ਮੈਂ ਆਪਦਾ ਦਿਲ ਨਹੀਂ ਤੋੜਨਾ ਚਾਹੁੰਦੀ। ਆਪ ਦਾ ਜੋ ਅਕਹਿ ਤੇ ਅਗੰਮੀ ਪਿਆਰ ਮੇਰੇ ਨਾਲ ਹੈ ਉਹ ਕੋਈ ਪੂਰਬਲੇ ਜਨਮ ਦਾ ਹੀ ਅੰਕੂਰ ਹੈ ਅਤੇ ਪੂਰਬਲੇ ਲੈਣੇ ਦੇਣੇ ਜਾਪਦੇ ਹਨ। ਅੱਛਾ ਜਿਵੇਂ ਰਜ਼ਾ, ਪ੍ਰੇਰਨਾ ਜਿਵੇਂ ਹੋਈ ਹੈ ਤਿਵੇਂ ਹੀ ਵਾਹਵਾ!
ਸੁਪਨੰਤ੍ਰ ਤਾਂ ਆਪ ਦੇ ਮੇਲੇ ਕਈ ਵਾਰ ਪ੍ਰਤੱਖ ਵਾਂਗ ਹੋਏ ਪਰ ਆਪ ਨੇ ਕਦੇ ਨ ਦਸਿਆ ਕਿ ਏਹ ਕੁਛ ਕਰ ਰਹੇ ਹੋ। ਕੁਝ ਲਿਖਤ ਪੜ੍ਹਤ ਕਰਦੇ ਪ੍ਰਤੀਤ ਹੁੰਦੇ ਸੀ ਪਰ ਚਰਿਤ੍ਰ ਵਾਲਾ ਭਾਰ ਚੜ੍ਹਾਉਂਦੇ ਕਦੇ ਨਾ ਦਿਸੇ।
ਕੀ ਜਾਣੀਏ ਤਿਲ ਥੋੜੇ ਹੀ ਹੋਣ, ਪਰ ਇਤਨੀ ਇੱਛਾ ਅਤਿ ਤੀਬਰ ਹੈਸੀ ਕਿ ਸੰਗਤ ਵਿਚ ਗੁਰਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸਰਨ ਕੀਰਤਨ ਕਰਦਿਆਂ ਅਥਵਾ ਧਰਮ ਯੁਧ ਵਿਚ ਲੇਖੇ ਲਗਦਿਆਂ ਸਰੀਰ ਛੁੱਟੇ ਪਰ ਜਿਸ ਜੋਗ ਹਾਂ ਤਿਵੇਂ ਹੀ ਹੋਵੇ, “ਜਿਵ ਜਿਵ ਹੁਕਮ ਤਿਵੈ ਤਿਵ ਕਾਰ।”
ਅਜ ਕਲ ਏਥੇ ਹਾੜ ਜੇਠ ਵਰਗੀ ਗਰਮੀ ਹੈ, ਹਾੜ ਜੇੜ ਨੂੰ ਖਬਰ ਨਹੀਂ ਕੇਹੀ ਜੇਹੀ ਹੋਊ। ਸਰਬ ਵੀਰਾਂ ਨੂੰ ਸਨਿਮਰ ਫ਼ਤਹ ਬੁਲਾਈ ਵਾਚਣੀ ਜੀ। ਸਤਿ ਸ੍ਰੀ ਅਕਾਲ!

+1 778 385-8141

ਸਰੀ-ਕੈਨੇਡਾ

2 15

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button