ਕੇਜਰੀਵਾਲ ਨੇ ਦਿੱਲੀ ਦੇ ਇੱਕ ਲੱਖ ਜ਼ੀਰੋ ਬਿੱਲ ਦਿਖਾਉਂਦਿਆਂ ਚੰਨੀ ਨੂੰ ਸਿਰਫ਼ ਇੱਕ ਹਜ਼ਾਰ ਜ਼ੀਰੋ ਬਿੱਲ ਪੇਸ਼ ਕਰਨ ਦੀ ਦਿੱਤੀ ਚੁਣੌਤੀ
ਕਾਂਗਰਸੀ ਤੇ ਅਕਾਲੀ-ਭਾਜਪਾ ਨੂੰ ਦਿੱਤੇ ਬਹੁਤ ਮੌਕੇ, ਹੁਣ ਮੌਕਾ 'ਆਪ' ਨੂੰ ਦੇਣ ਪੰਜਾਬ ਵਾਸੀ: ਅਰਵਿੰਦ ਕੇਜਰੀਵਾਲ

ਮੋਹਾਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵੱਲੋਂ ਮੁਫ਼ਤ ਬਿਜਲੀ ਸਕੀਮ ਤਹਿਤ ਦਿੱਲੀ ਦੇ ਇੱਕ ਲੱਖ ਬਿਜਲੀ ਖਪਤਕਾਰਾਂ ਨੂੰ ਜ਼ੀਰੋ ਕੀਮਤ ਦੇ ਬਿਜਲੀ ਬਿੱਲ ਪੰਜਾਬ ਦੀ ਜਨਤਾ ਅੱਗੇ ਦਸਤਾਵੇਜ਼ੀ ਸਬੂਤ ਵਜੋਂ ਪੇਸ਼ ਕੀਤੇ ਅਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਕਿ ਉਹ ਕੇਵਲ ਇੱਕ ਹਜ਼ਾਰ ਬਿਜਲੀ ਖਪਤਕਾਰਾਂ ਦੇ ਜ਼ੀਰੋ ਕੀਮਤ ਦੇ ਬਿੱਲ ਪੰਜਾਬ ਦੀ ਜਨਤਾ ਮੂਹਰੇ ਪੇਸ਼ ਕਰਕੇ ਦਿਖਾਉਣ। ਕੇਜਰੀਵਾਲ ਮੁਤਾਬਿਕ ਚਰਨਜੀਤ ਸਿੰਘ ਚੰਨੀ ਕੇਵਲ ਐਲਾਨ ਕਰਦੇ ਹਨ ਪਰ ਉਨ੍ਹਾਂ ‘ਤੇ ਅਮਲ ਨਹੀਂ ਕਰਦੇ। ਆਪਣੀ ਫ਼ੋਕੀ ਮਸ਼ਹੂਰੀ ਲਈ ਚੰਨੀ ਥਾਂ-ਥਾਂ ‘ਤੇ ਸਰਕਾਰੀ ਪੈਸਾ ਖ਼ਰਚ ਕੇ ਇਸ਼ਤਿਹਾਰ ਅਤੇ ਬੋਰਡ ਤਾਂ ਖ਼ੂਬ ਲਗਵਾ ਰਹੇ ਹਨ, ਪਰ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਕਰਦੇ। ਜਿਸ ਕਾਰਨ ਅੱਜ ਬੇਰੁਜ਼ਗਾਰ ਅਧਿਆਪਕ, ਮੁਲਾਜ਼ਮ, ਕਿਸਾਨ, ਵਪਾਰੀ, ਡਾਕਟਰ, ਨਰਸਾਂ ਸਮੇਤ ਹਰ ਵਰਗ ਧਰਨੇ ਪ੍ਰਦਰਸ਼ਨਾਂ ‘ਤੇ ਬੈਠਾ ਹੈ। ਸ਼ਨੀਵਾਰ ਨੂੰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਪਾਰਟੀ ਵੱਲੋਂ ਕਰਵਾਏ ‘ਪੰਜਾਬ ਦੀ ਜਨਤਾ ਨਾਲ, ਕੇਜਰੀਵਾਲ ਜੀ ਦੀ ਗੱਲਬਾਤ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਲੋਕ ਅਤੇ ਪਾਰਟੀ ਵਰਕਰ ਪੁੱਜੇ ਹੋਏ ਸਨ। ਇਸ ਮੌਕੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧਰਾਮ, ਜੈ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ) ਮੌਜੂਦ ਸਨ, ਜਦੋਂ ਕਿ ਮੰਚ ਦਾ ਸੰਚਾਲਨ ਵਿਧਾਇਕ ਅਮਨ ਅਰੋੜਾ ਨੇ ਕੀਤਾ।
ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ‘ਪੰਜਾਬ ਦੀ ਜਨਤਾ ਨਾਲ, ਕੇਜਰੀਵਾਲ ਜੀ ਗੱਲਬਾਤ’ ਪ੍ਰੋਗਰਾਮ ਦੌਰਾਨ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ”ਦਿੱਲੀ ਦੇ 50 ਲੱਖ ਪਰਿਵਾਰਾਂ ਵਿਚੋਂ 35 ਲੱਖ ਪਰਿਵਾਰਾਂ ਨੂੰ ਬਿਜਲੀ ਮੁਫ਼ਤ ਮਿਲਦੀ ਹੈ। ਜਿਸ ਦਾ ਸਬੂਤ ਇਹ ਇੱਕ ਲੱਖ ਬਿਜਲੀ ਬਿੱਲ ਹਨ, ਜਿਨ੍ਹਾਂ ‘ਚ ਜ਼ੀਰੋ ਬਿੱਲ ਆਉਣ ਦਾ ਵਰਣਨ ਕੀਤਾ ਗਿਆ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੇਵਲ 1 ਹਜ਼ਾਰ ਮੁਫ਼ਤ ਬਿਜਲੀ ਵਾਲੇ ਬਿੱਲ (ਦਲਿਤ ਵਰਗ ਦੇ 200 ਯੂਨਿਟ ਮੁਆਫ਼ੀ ਦੇ ਬਿੱਲ ਛੱਡ ਕੇ) ਲੋਕਾਂ ਅੱਗੇ ਪੇਸ਼ ਕਰਨ, ਕਿਉਂਕਿ ਉਨ੍ਹਾਂ (ਚੰਨੀ) ਨੇ ਵੀ ਪੰਜਾਬ ਵਿੱਚ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ।”ਕੇਜਰੀਵਾਲ ਨੇ ਕਿਹਾ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਸਨ, ਉਹ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਦਿੱਲੀ ਦੇ ਸਕੂਲ ਅਤੇ ਸਿੱਖਿਆ ਵਿਵਸਥਾ, ਬਿਜਲੀ ਮੁਫ਼ਤ ਅਤੇ 24 ਘੰਟੇ ਸਪਲਾਈ, ਚੰਗੇ ਹਸਪਤਾਲ ਅਤੇ ਸਸਤਾ ਇਲਾਜ ਆਦਿ ਸਭ ਸਹੂਲਤਾਂ ਦਿੱਲੀ ਵਾਸੀਆਂ ਨੂੰ ਮਿਲਦੀਆਂ ਹਨ। ਜਦੋਂ ਕਿ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਤਾਂ ਬਹੁਤ ਕੀਤੇ ਸਨ, ਪਰੰਤੂ ਸਰਕਾਰ ਬਣਾ ਕੇ ਉਨ੍ਹਾਂ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ, ਸਗੋਂ ਆਪਣੇ ਹੀ ਮਹਿਲ ਉਸਾਰੇ ਹਨ।
ਕੇਜਰੀਵਾਲ ਨੇ ਕਿਹਾ, ”ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ, 16 ਹਜ਼ਾਰ ਕਲੀਨਿਕ ਖੋਲ੍ਹਣ, ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ, ਸਕੂਲ ਅਤੇ ਸਿੱਖਿਆ ਵਿਵਸਥਾ ਸੁਧਾਰਨ, ਚੰਗੇ ਹਸਪਤਾਲ ਬਣਾਉਣ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੀਆਂ ਗਰੰਟੀਆਂ ਦਿੱਤੀਆਂ ਹਨ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਸਾਰੀਆਂ ਗਰੰਟੀਆਂ ਹਰ ਹਾਲ ‘ਚ ਜ਼ਰੂਰ ਪੂਰੀਆਂ ਕੀਤੀਆਂ ਜਾਣਗੀਆਂ।”’ਆਪ’ ਸੁਪਰੀਮੋ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਵਾਰ-ਵਾਰ ਕਦੇ ਕਾਂਗਰਸ, ਕਦੇ ਅਕਾਲੀ ਦਲ ਬਾਦਲ ਦੀਆਂ ਸਰਕਾਰਾਂ ਬਣਾਈਆਂ, ਪਰ ਸਰਕਾਰਾਂ ਚਲਾਉਣ ਵਾਲਿਆਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਇਸ ਲਈ ਹੁਣ ਮੌਕਾ ਆਮ ਆਦਮੀ ਪਾਰਟੀ ਨੂੰ ਦੇਵੋ ਤਾਂ ਜੋ ਪੰਜਾਬ ਵਿੱਚ ਆਮ ਲੋਕਾਂ ਦਾ ਰਾਜ ਸਥਾਪਿਤ ਕੀਤਾ ਜਾ ਸਕੇ।ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜੇ ਪੰਜਾਬ ‘ਚ ਮੁਫ਼ਤ ਅਤੇ 24 ਘੰਟੇ ਬਿਜਲੀ, ਚੰਗੇ ਸਕੂਲ, ਚੰਗੇ ਹਸਪਤਾਲ, ਘਰ- ਘਰ ਰੋਜ਼ਗਾਰ ਅਤੇ ਪੰਜ-ਪੰਜ ਮਰਲਿਆਂ ਦੇ ਪਲਾਟ ਮਿਲ ਗਏ ਹਨ ਤਾਂ ਕਾਂਗਰਸ ਪਾਰਟੀ ਨੂੰ ਵੋਟ ਦੇ ਦੇਣਾ। ਜੇ ਕੁੱਝ ਨਹੀਂ ਮਿਲਿਆ ਅਤੇ ਉਹ ਚਾਹੁੰਦੇ ਹਨ ਕਿ ਦਿੱਲੀ ਜਿਹੀਆਂ ਸਹੂਲਤਾਂ ਉਨ੍ਹਾਂ ਨੂੰ ਮਿਲਣ ਤਾਂ ਇੱਕ ਵਾਰ ‘ਝਾੜੂ’ ਵਾਲਾ ਬਟਨ ਜ਼ਰੂਰ ਦੱਬ ਦੇਣਾ ਅਤੇ ‘ਆਪ’ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਾ।
Khabran Da Sira : ਚੋਣਾਂ ਬਾਰੇ ਕਿਸਾਨਾਂ ਦਾ ਐਲਾਨ, ਕੇਜਰੀਵਾਲ ਦੇ ਮਗਰ ਪਏ ਲੀਡਰ, ਪਰਗਟ ਸਿੰਘ ਤੇ ਸਿਸੋਦੀਆ ਦੀ ਖੜਕੀ
ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਸੁਧਾਰਨ ਅਤੇ ਸੰਵਾਰਨ ਲਈ ਮਿਹਨਤ ਕਰਨ। ਇੱਕਜੁੱਟਤਾ ਨਾਲ ਚੋਣਾਂ ਦੀ ਤਿਆਰੀ ਕਰਨ, ਕਿਉਂਕਿ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਖ਼ੁਸ਼ਹਾਲ ਪੰਜਾਬ ਬਣਾਉਣਾ ਹੈ।ਇਸ ਤੋਂ ਪਹਿਲਾਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ, ”ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾ ਵੇਲੇ 129 ਪੰਨਿਆਂ ਦਾ ਚੋਣ ਮਨੋਰਥ ਪੱਤਰ ਜਾਰੀ ਕਰਕੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਵਿਚੋਂ ਕੇਵਲ 29 ਸ਼ਬਦ ਵੀ ਲਾਗੂ ਨਹੀਂ ਕੀਤੇ। ਭਾਵੇਂ ਕਾਂਗਰਸ ਪਾਰਟੀ ਨੇ ਢਾਈ ਮਹੀਨਿਆਂ ਲਈ ਆਪਣਾ ਮੁੱਖ ਮੰਤਰੀ ਬਦਲ ਲਿਆ ਹੈ, ਪਰ ਕਾਂਗਰਸ ਪਾਰਟੀ ਕੋਲੋਂ ਹਿਸਾਬ-ਕਿਤਾਬ ਪੂਰੇ ਪੰਜਾਂ ਸਾਲਾ ਦਾ ਲਿਆ ਜਾਵੇਗਾ, ਨਾ ਕਿ ਢਾਈ ਮਹੀਨਿਆਂ ਦਾ।” ਉਨ੍ਹਾਂ ਚੰਨੀ ਸਰਕਾਰ ਦੇ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਬਦਲਣ ਨਾਲ ਸਰਕਾਰ ਦੇ ਕੰਮਾਂ ਵਿੱਚ ਕੋਈ ਫ਼ਰਕ ਨਹੀਂ ਪਿਆ। ਪੰਜ ਸਾਲਾਂ ਤੋਂ ਪਹਿਲਾਂ ਬਠਿੰਡਾ ਵਿੱਚ ਹੱਕ ਮੰਗਣ ਵਾਲਿਆਂ ਨੂੰ ਕੁੱਟਿਆ ਜਾਂਦਾ ਸੀ, ਪਿਛਲੇ ਪੌਣੇ ਪੰਜ ਸਾਲ ਮੁਲਾਜ਼ਮਾਂ ਨੂੰ ਪਟਿਆਲਾ ਵਿਖੇ ਕੁੱਟਿਆ ਜਾਂਦਾ ਰਿਹਾ ਅਤੇ ਹੁਣ ਢਾਈ ਮਹੀਨਿਆਂ ਦੌਰਾਨ ਮੋਰਿੰਡਾ ਅਤੇ ਖਰੜ ਵਿੱਚ ਕੁੱਟਿਆ ਜਾ ਰਿਹਾ ਹੈ।ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ‘ਤੇ ਦੋਸ਼ ਲਾਇਆ, ”ਮੁੱਖ ਮੰਤਰੀ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਥਾਂ ਉਨ੍ਹਾਂ ‘ਤੇ ਪਰਚੇ ਦਰਜ ਕਰਨ ਦੇ ਹੁਕਮ ਦੇ ਰਹੇ ਹਨ। ਪਰ ਦਿੱਲੀ ‘ਚ ਅਜਿਹਾ ਨਹੀਂ ਹੁੰਦਾ, ਸਗੋਂ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਇਸ ਲਈ ਦਿੱਲੀ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।”ਇਸ ਮੌਕੇ ਮੌਜੂਦਾ ਆਗੂਆਂ ਵਿਚ ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਡਾ. ਸਨੀ ਸਿੰਘ ਆਹਲੂਵਾਲੀਆ, ਅਨਮੋਲ ਗਗਨ ਮਾਨ, ਹਰਜੋਤ ਸਿੰਘ ਬੈਂਸ, ਲਲਿਤ ਮੋਹਨ ਪਾਠਕ, ਸੰਤੋਸ਼ ਕਟਾਰੀਆ, ਡਾ. ਚਰਨਜੀਤ ਸਿੰਘ, ਕੁਲਜੀਤ ਸਿੰਘ ਰੰਧਾਵਾ, ਵਿਨੀਤ ਵਰਮਾ, ਪ੍ਰਭਜੋਤ ਕੌਰ ਅਤੇ ਹੋਰ ਆਗੂ ਸ਼ਾਮਲ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.