Opinion

ਉੱਤਰ-ਆਧੁਨਿਕਤਾ ਬਨਾਮ ਜੋਖਮ ਸਮਾਜ (modernity v/s Risk Society)

ਡਾ. ਗੁਰਪ੍ਰੀਤ ਸਿੰਘ

ਬਦਲਾਅ ਅਤੇ ਵਿਕਾਸ ਸਮਾਜ ਦੀ ਹੋਂਦ ਲਈ ਅਵੱਸ਼ਕ ਹਨ. ਤੱਤਕਾਲੀਨ ਸਮਾਜ ਪਹਿਲਾਂ ਐਵੇਂ ਦਾ ਨਹੀ ਸੀ. ਸਗੋਂ ਇਹ ਸਮਾਜ ਸਰਲਤਾ ਤੋਂ ਜਟਿਲਤਾ ਵੱਲ ਹੋਏ ਕ੍ਰਮਕ-ਵਿਕਾਸ ਦਾ ਨਤੀਜਾ ਹੈ. ਇਸ ਪੜਾਅ-ਦਰ-ਪੜਾਅ ਹੋਏ ਕ੍ਰਮਕ-ਵਿਕਾਸ ਦੇ ਸਾਕਾਰਾਤਮਕ ਅਤੇ ਨਾਕਾਰਾਤਮਕ ਦੋਨੋਂ ਹੀ ਪੱਖ ਹਨ. ਇਸ ਵਿਕਾਸ ਦੇ ਸਾਕਾਰਾਤਮਕ ਪੱਖ ਅਨੁਸਾਰ, ਬੇਸ਼ਰਤ, ਬਹੁਤ ਸਾਰੀਆਂ ਵਿਗਿਆਨਕ ਅਤੇ ਤਕਨੀਕੀ ਮਨੁੱਖੀ ਕਾਢਾਂ ਨੇ ਸਮਾਜਿਕ ਉੱਨਤੀ ਲਈ ਅਲੱਗ-ਅਲੱਗ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ ਜਿਵੇਂ ਸੰਚਾਰ, ਆਵਾਜਾਈ, ਸਿੱਖਿਆ, ਭੋਜਨ ਸੰਬੰਧੀ ਆਦਿ. ਨਤੀਜਾ, ਇਨ੍ਹਾਂ ਕਾਢਾਂ ਕਾਰਨ ਮਨੁੱਖੀ ਜੀਵਨ ਸੌਖਾ ਹੋਇਆ ਜਾਪਦਾ ਹੈ।

ਪਰ, ਇਸ ਵਿਕਾਸ ਦੇ ਨਾਕਾਰਾਤਮਕ ਪੱਖ ਅਨੁਸਾਰ, ਸਮਾਜਿਕ ਸੱਭਿਆਚਾਰ ਅਤੇ ਵਾਤਾਵਰਨ ਵਿੱਚ ਨਾ-ਪੂਰਨ ਯੋਗ ਬਦਲਾਅ ਆਏ ਹਨ. ਸਮਾਜ ਵਿੱਚ ਹੋਈਆਂ ਆਧੁਨਿਕ ਵਿਗਿਆਨਕ ਅਤੇ ਤਕਨੀਕੀ ਕਾਢਾਂ ਨੇ ਮਨੁੱਖੀ ਜੀਵਨ ਨੂੰ ਭਾਵੇਂ ਸੌਖਾ ਜਰੂਰ ਕੀਤਾ ਹੈ ਪਰ ਇਨ੍ਹਾਂ ਕਾਢਾਂ ਨੇ ਮਨੁੱਖਤਾ ਲਈ ਬਹੁਤ ਸਾਰੀਆਂ ਬਿਪਤਾਵਾਂ ਪੈਦਾ ਕੀਤੀਆਂ ਹਨ. ਆਧੁਨਿਕ ਮਨੁੱਖ ਜੋਖਮ ਸਮਾਜ (Risk Society) ਵਿੱਚ ਰਹਿ ਰਿਹਾ ਹੈ. ਜਰਮਨ ਸਮਾਜ-ਵਿਗਿਆਨੀ ਉਲਰਿਕ ਬੈਕ ਦਾ ਕੰਮ ਆਧੁਨਿਕ ਯੁੱਗ ਵਿੱਚ ਬੇਕਾਬੂਤਾ, ਅਗਿਆਨਤਾ ਅਤੇ ਅਨਿਸ਼ਚਿਤਤਾ ਤੇ ਕੇਂਦ੍ਰਿਤ ਸੀ. ਉਸਨੇ ‘ਪੂਰਵ-ਆਧੁਨਿਕਤਾ’, ‘ਆਧੁਨਿਕਤਾ’ ਅਤੇ ‘ਉੱਤਰ-ਆਧੁਨਿਕਤਾ ਜਾਂ ਰਿਫਲੈਕਸੀਵਿਟੀ’ ਦੇ ਸੰਕਲਪਾਂ ਰਾਹੀਂ ਸਮਾਜ ਦੀ ਪਰਿਵਰਤਨਸ਼ੀਲਤਾ ਨੂੰ ਪੇਸ਼ ਕੀਤਾ ਹੈ। ਪੂਰਵ-ਆਧੁਨਿਕ ਸਮਾਜ ਪਰੰਪਰਾਵਾਦੀ ਸਮਾਜ ਸੀ ਜਿਸ ਵਿੱਚ ਨਾ-ਗਿਣਨਯੋਗ ਜੋਖਮ ਹੋਣ ਕਰਕੇ ਇਹ ਡਰ ਨਹੀਂ ਸੀ ਕਿ ਅਗਲੀ ਬਿਪਤਾ ਕਦੋਂ ਆਵੇਗੀ. ਆਧੁਨਿਕ ਸਮਾਜ ਉਦਯੋਗਿਕ ਸਮਾਜ ਹੋਣ ਕਰਕੇ ਇਸ ਵਿੱਚ ਜੋਖਮ ਗਿਣਨਯੋਗ ਹੋ ਗਿਆ। ਪਰ ਉੱਤਰ-ਆਧੁਨਿਕ ਸਮਾਜ ਵਿੱਚ ਫਿਰ ਦੁਬਾਰਾ ਨਾ-ਗਿਣਨਯੋਗ ਜੋਖਮ ਆਇਆ। ਬੈਕ ਦਲੀਲ ਦਿੰਦਾ ਹੈ ਕਿ ਆਧੁਨਿਕ ਸਮਾਜ ਵਿੱਚ ਮੌਜੂਦ ਜੋਖਮ ਇੱਕ ਵਿਸ਼ਵ-ਵਿਆਪੀ ਜੋਖਮ ਸਮਾਜ ਦੇ ਗਠਨ ਵਿੱਚ ਯੋਗਦਾਨ ਪਾਵੇਗਾ।

ਤਕਨਾਲੋਜੀ ਜੋਖਮਾਂ ਦੇ ਨਵੇਂ-ਨਵੇਂ ਰੂਪ ਪੈਦਾ ਕਰਦੀ ਹੈ. ਵਿਅਕਤੀ ਨੂੰ ਹਮੇਸ਼ਾ ਤਬਦੀਲੀਆਂ ਦਾ ਉੱਤਰ ਦੇਣ ਅਤੇ ਉਨ੍ਹਾਂ ਨਾਲ ਅਨੁਕੂਲਤਾ ਦੀ ਜਰੂਰਤ ਹੁੰਦੀ ਹੈ. ਜੋਖਮ ਸਮਾਜ, ਸਿਰਫ ਵਾਤਾਵਰਣ ਅਤੇ ਸਿਹਤ ਨਾਲ ਸਬੰਧਿਤ ਜੋਖਮਾਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਇਸ ਵਿੱਚ ਸਮਕਾਲੀ-ਜੀਵਨ ਵਿੱਚ ਅੰਤਰ-ਸਬੰਧਿਤ ਤਬਦੀਲੀਆਂ ਦੀ ਇੱਕ ਪੂਰੀ ਲੜੀ ਸ਼ਾਮਿਲ ਹੁੰਦੀ ਹੈ ਜਿਵੇਂ ਰੁਜਗਾਰ ਸਬੰਧੀ ਅਨਿਸ਼ਚਿਤਤਾ ਅਤੇ ਅਸੁਰੱਖਿਆ, ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਦਾ ਘਟਦਾ ਪ੍ਰਭਾਵ, ਪਰੰਪਰਾਗਤ ਪਰਿਵਾਰ ਦਾ ਖਾਤਮਾ, ਨਮੂਨੇ ਅਤੇ ਨਿੱਜੀ ਸਬੰਧਾਂ ਦਾ ਲੋਕਤੰਤਰੀਕਰਣ ਆਦਿ. ਜਿੰਨੀ ਤੇਜੀ ਨਾਲ ਆਧੁਨਿਕਤਾ ਦਾ ਪ੍ਰਸਾਰ ਅਤੇ ਵਿਸਥਾਰ ਹੋਇਆ ਓਨੀ ਹੀ ਤੇਜੀ ਨਾਲ ਜੋਖਮ ਵੀ ਵਧਿਆ। ਇਹ ਜੋਖਮ ਸਮਾਜ ਵਿੱਚ ਵਿਅਕਤੀਵਾਦ ਦੀ ਧਾਰਣਾ ਮੁੱਖ ਕੇਂਦਰ ਬਿੰਦੂ ਹੈ ਕਿਉਂਕਿ ਹੁਣ ਵਿਅਕਤੀ ਖੁਦ ਬਾਰੇ ਹੀ ਸੋਚਦਾ ਅਤੇ ਫੈਸਲੇ ਕਰਦਾ ਹੈ. ਉਹ ਸਮਾਜ ਅਤੇ ਵਾਤਾਵਰਣ ਨੂੰ ਆਪਣੇ ਤੋਂ ਦੂਰ ਕਰਦਾ ਜਾ ਰਿਹਾ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਵਿਅਕਤੀ ਖੁਦ ਬਾਰੇ ਹੀ ਸੋਚਦਾ ਅਤੇ ਫੈਸਲੇ ਕਰਦਾ ਹੈ ਤਾਂ ਜੋਖਮ ਕਿੱਥੋਂ ਆਇਆ? ਬੈਕ ਉੱਤਰ ਦਿੰਦਾ ਹੋਇਆ ਕਹਿੰਦਾ ਹੈ ਕਿ ਆਧੁਨਿਕ ਸਮਾਜ ਦੀ ਨੀਂਹ ਅਜਿਹੇ ਲੱਛਣਾਂ ਉੱਤੇ ਸਥਾਪਿਤ ਹੈ ਜਿਸ ਵਿੱਚ ਜੋਖਮ ਅੰਤਰ-ਨਿਹਿਤ ਹੈ। ਹੁਣ ਵਿਅਕਤੀ ਮਨੁੱਖੀ ਛੋਟਵਾਦ ਨਮੂਨੇ (Human Exemptionalism Paradigm) ਅਨੁਸਾਰ ਜੀਵਨ-ਗਤੀਵਿਧੀਆਂ ਕਰ ਰਿਹਾ ਹੈ। ਉਹ ਸੋਚਦਾ ਹੈ ਕਿ ਜੋਖਮ ਤਾਂ ਕੇਵਲ ਜੀਵ-ਜੰਤੂਆਂ, ਪਸ਼ੂ, ਪੌਦਿਆਂ ਲਈ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਬਚਾਅ ਅਤੇ ਬਦਲ (alternative) ਉਸ ਕੋਲ ਹੈ ਉਦਾਹਰਣ ਵਜੋਂ ਗਰਮੀ ਤੋਂ ਰਾਹਤ ਲਈ ਏ.ਸੀ, ਕੂਲਰ, ਰੈੱਫਰਿਜਰੇਟਰ ਆਦਿ ਅਤੇ ਸਰਦੀਆਂ ਤੋਂ ਬਚਾਅ ਲਈ ਹੀਟਰ, ਬਲੋਅਰ ਆਦਿ। ਬੈਕ ਇਨ੍ਹਾਂ ਧਾਰਨਾਵਾਂ ਦੇ ਸਬੰਧੀ ਇੱਕ ਪਰਿਕਲਪਨਾ ਵੀ ਰੱਖਦਾ ਹੈ ਕਿ ਜਿਵੇਂ ਧਨ ਦਾ ਸਬੰਧ ਸਮਾਜਿਕ ਵਰਗ (class)ਨਾਲ ਹੁੰਦਾ ਹੈ ਉਸੇ ਤਰ੍ਹਾਂ ਜੋਖਮ ਦਾ ਸਬੰਧ ਸਮਾਜਿਕ ਵਰਗ ਨਾਲ ਵੀ ਹੈ ਪਰ ਇਹ ਸਬੰਧ ਉਲਟਾ ਹੈ ਕਿਉਂਕਿ ਪੈਸਾ ਸਮਾਜ ਵਿੱਚ ਸੱਭ ਤੋਂ ਉੱਪਰਲੇ ਪੱਧਰ ਤੇ ਹੈ ਅਤੇ ਜੋਖਮ ਸੱਭ ਤੋਂ ਹੇਠਲੇ।

ਭਾਵ ਕਿ ਜਿਸ ਵਿਅਕਤੀ ਕੋਲ ਧਨ, ਸ਼ਕਤੀ ਅਤੇ ਹੋਰ ਲੋੜ੍ਹੀਂਦੇ ਸਾਧਨ ਬਹੁਤਾਤ ਵਿੱਚ ਹੁੰਦੇ ਹਨ ਉਹ ਇਨ੍ਹਾਂ ਸਹੂਲਤਾਂ ਦੀ ਮਦਦ ਨਾਲ ਆਪਣੇ ਤੋਂ ਹੇਠਲੇ ਵਰਗਾਂ ਦੇ ਵਿਅਕਤੀਆਂ ਦੇ ਮੁਕਾਬਲੇ ਆਪਣੇ ਜੀਵਨ ਵਿਚਲਾ ਜੋਖਮ ਘੱਟ ਕਰ ਲੈਂਦਾ ਹੈ। ਇਸੇ ਤਰ੍ਹਾਂ ਵਿਕਸਿਤ ਰਾਸ਼ਟਰਾਂ ਦੀ ਤੁਲਨਾ ਵਿਕਾਸਸ਼ੀਲ ਅਤੇ ਅਵਿਕਸਿਤ ਰਾਸ਼ਟਰਾਂ ਵਿੱਚ ਵੀ ਜੋਖਮ ਜਿਆਦਾ ਪਾਇਆ ਜਾਂਦਾ ਹੈ। ਉਦਯੋਗੀਕਰਣ ਅਤੇ ਤਕਨੀਕੀਕਰਣ ਦੀ ਬਦੌਲਤ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ ਜਿਸ ਨਾਲ ਬਹੁਤ ਸਾਰੀਆਂ ਨਾ-ਸੋਚੀਆਂ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ ਜੋ ਮਨੁੱਖਤਾ ਲਈ ਮਾਰੂ ਸਾਬਤ ਹੁੰਦੀਆਂ ਹਨ ਜਿਵੇਂ ਕਿ ਕਰੋਨਾ ਵਾਇਰਸ. ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਸਾਡੇ ਆਲੇ-ਦੁਆਲੇ ਹਰ ਪਾਸੇ ਜੋਖਮ ਹੀ ਜੋਖਮ ਹੈ।

ਜਿਵੇਂ ਮੋਬਾਇਲ ਅਤੇ ਇੰਟਰਨੈੱਟ ਕਾਰਨ ਸਾਡਾ ਖਲਾਅ (space) ਵੀ ਮੱਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਨੈੱਟਵਰਕ ਦੇਣ ਲਈ ਲੱਗੇ ਰੇਂਜ-ਟਾਵਰਾਂ ਤੋਂ ਨਿੱਕਲ ਰਹੀਆਂ ਨੁਕਸਾਨਦਾਇਕ ਤਰੰਗਾਂ ਕਾਰਣ ਅਸੀਂ ਹੁਣ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਾਂ। ਜੋਖਮ ਨੂੰ ਘੱਟ ਕਰਨ ਲਈ ਸਾਨੂੰ ਸਮਾਜਿਕ ਨੈਤਿਕ ਕਦਰਾਂ-ਕੀਮਤਾਂ ਦਾ ਸਹਾਰਾ ਲੈਣਾ ਪਵੇਗਾ ਜਿਨ੍ਹਾਂ ਤੋਂ ਅਸੀਂ ਦੂਰ ਹੋ ਕੇ ਵਿਅਕਤੀਵਾਦ ਦੀ ਧਾਰਣਾ ਨੂੰ ਪ੍ਰਫੁੱਲਿਤ ਕੀਤਾ ਹੈ।  ਦੂਜਾ ਇਸ ਉਦਯੋਗਿਕ ਅਤੇ ਤਕਨੀਕੀ ਵਿਕਾਸ ਕਾਰਨ ਅਸੀਂ ਝੂਠ ਬੋਲਣ ਨੂੰ ਆਪਣੀ ਜਿੰਦਗੀ ਦਾ ਹਿੱਸਾ ਹੀ ਮੰਨ ਲਿਆ ਹੈ। ਸਾਡੇ ਪੰਜਾਬ ਦੀ ਇੱਕ ਕਹਾਵਤ ਹੈ ਕਿ ਜਦੋਂ ਘਰ ਕੱਚੇ ਸੀ ਉਦੋਂ ਲੋਕ ਸੱਚੇ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button