WORLD WALK

WHO : ਭਾਰਤ ਵਿਚੋਂ ਪੋਲੀਓ ਦਾ ਬੀਜ ਨਾਸ ਹੋਇਆ

ਅਮਰਜੀਤ ਸਿੰਘ ਵੜੈਚ (9417801988)

ਵਿਸ਼ਵ ਵਿੱਚ ਬੱਚਿਆਂ ਨੂੰ ਹੋਣ ਵਾਲੇ ਪੋਲੀਓ ਨੇ ਕਰੋੜਾਂ ਬੱਚਿਆਂ ਨੂੰ ਅਪੰਗ ਬਣਾ ਕੇ ਜ਼ਿੰਦਗੀ ਦੀਆਂ ਭਰਪੂਰ ਅਮਾਨਤਾਂ ਤੋਂ ਵਾਂਝਿਆਂ ਕਰ ਦਿੱਤਾ ਸੀ ਪਰ ਹੁਣ ਅਸੀਂ ਭਾਰਤ ਵਿੱਚ ਕਦੇ ਕਿਸੇ ਬੱਚੇ ਨੂੰ ਪੋਲੀਓ ਹੋਇਆ ਹੋਵੇ ਕਦੇ ਨਹੀਂ ਸੁਣਿਆ। ਭਾਰਤ ਵਿੱਚ 13 ਜਨਵਰੀ 2011 ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਹਾਵੜਾ ਇਲਾਕੇ ਵਿੱਚ ਪੋਲੀਓ ਦਾ ਆਖਰੀ ਕੇਸ ਆਇਆ ਸੀ ਅਤੇ WHO ਨੇ ਮਾਰਚ 2014 ਵਿੱਚ ਭਾਰਤ ਨੂੰ ਪੋਲੀਓ ਮੁਕਤ ਦੇਸ਼ ਕਰਾਰ ਦੇਣ ਵਾਲਾ ਸਰਟੀਫਿਕੇਟ ਜਾਰੀ ਕਰ ਦਿੱਤਾ ਸੀ।

ਅੱਜ ਦੁਨੀਆ ਵਿੱਚੋਂ ਪੋਲੀਓ 99.99 ਫ਼ੀਸਦ ਖਤਮ ਹੋ ਚੁੱਕਾ ਹੈ ਸਿਰਫ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚੋਂ ਹੀ ਹਰ ਸਾਲ ਕੇਸ ਮਿਲ ਰਹੇ ਹਨ। 1988 ਤੱਕ ਪੂਰੀ ਦੁਨੀਆ ਵਿੱਚੋਂ ਪ੍ਰਤੀ ਸਾਲ ਸਾਢੇ ਤਿੰਨ ਲੱਖ ਕੇਸ ਰਿਪੋਰਟ ਹੁੰਦੇ ਸਨ ਜੋ ਹੁਣ ਸਿਰਫ 100-200 ਤੱਕ ਰਹਿ ਗਏ ਹਨ। ਅਫਰੀਕਾ ਮਹਾਂਦੀਪ ਵੀ ਹੁਣ ਏਸ਼ੀਆ ਦੇ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਛੱਡਕੇ, ਦੁਨੀਆਂ ਦੇ ਬਾਕੀ ਮਹਾਂਦੀਪਾਂ ਵਾਂਗ ਪੋਲੀਓ ਮੁਕਤ ਹੋ ਚੁੱਕਿਆ ਹੈ।

ਇਹ ਕਰਿਸ਼ਮਾ ਕਰਨ ਵਾਲੀ ਸੰਸਥਾ ਦਾ ਨਾਮ ਵਿਸ਼ਵ ਸਿਹਤ ਸੰਸਥਾ ਭਾਵ WHO ਹੈ। ਇਸ ਦਾ ਮੁੱਖ ਦਫ਼ਤਰ ਸਵਿਟਜ਼ਰਲੈਂਡ (Switzerland) ਦੀ ਰਾਜਧਾਨੀ ਜੀਨੇਵਾ (Geneva)ਵਿੱਚ ਹੈ ਅਤੇ ਇਸ ਤੋਂ ਇਲਾਵਾ ਛੇ ਖੇਤਰੀ ਮੁੱਖ ਦਫ਼ਤਰ ਵਾਸ਼ਿੰਗਟਨ, ਕੋਪਨਹੈਗਨ, ਕਾਇਰੋ, ਬਰਾਜ਼ਾਈਲੇ, ਨਵੀਂ ਦਿੱਲੀ ਅਤੇ ਮਨੀਲਾ ਵਿਚ ਹਨ। ਇਸ ਸੰਸਥਾ ਦੇ ਕੰਮ ਨੂੰ ਅਸੀਂ ਹੁਣੇ 2020 ਵਿੱਚ ਆਈ ਮਹਾਂਮਾਰੀ ਵਿੱਚ ਵੇਖ ਹੀ ਚੁੱਕੇ ਹਾਂ।

ਸੰਨ 1800 ਵਿੱਚ ਯੂਰਪ ਦੇ ਦੇਸ਼ਾਂ ਦਾ ਪੂਰਬੀ ਦੇਸ਼ਾਂ ਨਾਲ ਵਪਾਰ ਵਧ ਜਾਣ ਕਰਕੇ ਯੂਰਪ ਦੇ ਕਈ ਮੁਲਕਾਂ ਵਿੱਚ ਹੈਜੇ ਦੀ ਭਿਆਨਕ ਮਹਾਂਮਾਰੀ ਫੈਲੀ ਸੀ। ਇਸ ਕਰਕੇ ਯੂਰਪ ਦੇ ਦੇਸ਼ਾ ਨੇ ਮਹਿਸੂਸ ਕੀਤਾ ਕਿ ਸਿਹਤ ਦੇ ਮਸਲਿਆਂ ‘ਤੇ ਕੋਈ ਵਿਸ਼ਵ ਪੱਧਰ ਦੀ ਸੰਸਥਾ ਹੋਣੀ ਚਾਹੀਦੀ ਹੈ। ਇਹ ਹੀ WHO ਦੀ ਨੀਂਹ ਦੀ ਪਹਿਲੀ ਇਟ ਸਮਝੀ ਜਾ ਸਕਦੀ ਹੈ। ਇਸ ਮਗਰੋਂ ਹੋਰ ਵੀ ਉਪਰਾਲੇ ਹੋਏ ਅਤੇ ਦੂਜੀ ਵਿਸ਼ਵ ਜੰਗ ਮਗਰੋਂ 7 ਅਪਰੈਲ 1948 ਨੂੰ ਜੀਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਹੋਈ ਜਿਸ ਵਿੱਚ ਵਿਸ਼ਵ ਸਿਹਤ ਸੰਸਥਾ ਯਾਨੀ WHO ਬਣਾਉਣ ਦਾ ਮਤਾ ਪਾਸ ਹੋਇਆ ਅਤੇ ਇਹ ਸੰਸਥਾ ਹੋਂਦ ਵਿੱਚ ਆ ਗਈ। ਇਹ ਸੰਸਥਾ ਸੰਯੁਕਤ ਰਾਸ਼ਟਰ ਦੇ ਹਿਸੇ ਵਜੋਂ ਆਜ਼ਾਦਾਨਾ ਢੰਗ ਨਾਲ ਕੰਮ ਕਰਦ‌ੀ ਹੈ। ਹੁਣ ਹਰ ਸਾਲ ਵਿਸ਼ੇਸ਼ ਨਾਅਰੇ ਨਾਲ ਸੱਤ ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ।

ਇਸ ਸੰਸਥਾ ਨੇ ਹੁਣ ਤੱਕ ਬਹੁਤ ਮਾਅਰਕੇ ਮਾਰੇ ਹਨ ; 1958 ਤੋਂ 1977 ਤੱਕ
ਟੀਕਾਕਰਨ ਕਰਕੇ ਵੱਡੀ ਮਾਤਰਾ ਖਤਮ ਕੀਤੀ , 1960 ਤੋਂ ਹੈਜਾ ਅਤੇ ਕੋਹੜ ‘ਤੇ ਵਿਸ਼ੇਸ਼ ਵਿਸ਼ਵ ਵਿਆਪੀ ਪ੍ਰੋਗਰਾਮ ਚੱਲ ਰਹੇ ਹਨ, 1974 ਤੋਂ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਪ੍ਰੋਜੈਕਟ ਵਿਸ਼ਵ ਵਿਆਪੀ ਚੱਲ ਰਿਹਾ ਹੈ, 1980 ਤੋਂ ਪੋਲੀਓ ਰੋਕੂ ਮੁਹਿੰਮ ਰੰਗ ਲਿਆ ਚੁੱਕੀ ਹੈ, 1986 ਤੋਂ ਏਡਜ਼ ਰੋਕੂ ਪ੍ਰੋਗਰਾਮ ਚੱਲ ਰਿਹਾ ਹੈ, 1992 ਤੋਂ WHO ਵਿਸ਼ਵ ਸਿਹਤ ਅਤੇ ਵਾਤਾਵਰਣ ਦੇ ਸੰਕਲਪ ‘ਤੇ ਪ੍ਰੋਗਰਾਮ ਕਰ ਰਹੀ ਹੈ ,1998 ਤੋਂ ਇਸ ਨੇ ਮਾਂ ਅਤੇ ਬੱਚੇ ਦੀ ਤੰਦਰੁਸਤੀ ਅਤੇ ਦੋਵਾਂ ਦੀ ਬੱਚੇ ਦੇ ਜਨਮ ਸਮੇਂ ਮੌਤ ਦਰ ਨੂੰ ਰੋਕਣ ਲਈ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ ਆਦਿ।

WHO ਵੱਖ-ਵੱਖ ਦੇਸ਼ਾਂ ਵਿੱਚ ਉਨ੍ਹਾਂ ਦੇਸ਼ਾਂ ਲਈ ਵੀ ਸਿਹਤ ਪ੍ਰੋਗਰਾਮ ਚਲਾਉਂਦੀ ਹੈ ਅਤੇ ਮਾਇਕ ਸਹਾਇਤਾ ਵੀ ਦਿੰਦੀ ਹੈ। ਇਸ ਨੂੰ ਮਾਇਕ ਸਹਾਇਤਾ 194 ਮੈਂਬਰ ਦੇਸ਼ਾ ਵੱਲੋਂ ਸੰਯੁਕਤ ਰਾਸਟਰ ਦੇ ਨਿਰਧਾਰਿਤ ਫਾਰਮੂਲੇ ਅਨੁਸਾਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੈਂਬਰ ਦੇਸ਼ ਦਾਨ ਦੇ ਰੂਪ ਵਿੱਚ ਵੀ ਮਦਦ ਕਰਦੇ ਹਨ। ਇਸ ਸੰਸਥਾ ਦਾ ਮੁੱਖ ਉਦੇਸ਼ ਹਰ ਇਕ ਲਈ ਅਵਲ ਦਰਜੇ ਦੀ ਸਿਹਤ ਲਈ ਮਾਹੌਲ ਅਤੇ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸਦੇ ਮੌਜੂਦਾ ਡਾਇਰੈਕਟਰ ਜਨਰਲ Dr Tedros Adhanom Ghebreyesus ਡਾ:  ਟੈਡਰੌਸ ਐਡਾਨੌਮ ਗੈਬ੍ਹਰੀਏਸਿਸ, ਪਹਿਲੇ ਦੱਖਣੀ ਅਫ਼ਰੀਕੀ ਹਨ ਜੋ ਇਸ ਦੇ ਮੁੱਖੀ ਬਣੇ। ਉਹ ਦੁਨੀਆਂ ਦੇ ਗਰੀਬ ਮੁਲਕਾਂ ਵਿਚਲੇ ਈਥੋਪੀਆ ਦੇ ਮਲੇਰੀਆਂ ਦੇ ਖੋਜੀ ਡਾਕਟਰ ਹਨ ਜਿਨ੍ਹਾਂ ਨੂੰ ਇਸ ਸੰਸਥਾ ਦੀ ਜਨਰਲ ਅਸੈਂਬਲੀ ਨੇ 5 ਸਾਲਾਂ ਲਈ 2017 ਵਿੱਚ ਚੁਣਿਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button