Press ReleasePunjabTop News

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਨਿਯੁਕਤ ਹੋਏ ਗ੍ਰੰਥੀ ਸਿੰਘ ਸਾਹਿਬਾਨ ਨੇ ਸੇਵਾ ਸੰਭਾਲੀ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਯੋਜਿਤ ਸਮਾਗਮ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਿਰੋਪਾਓ ਤੇ ਦਸਤਾਰਾਂ ਭੇਟ

ਅੰਮ੍ਰਿਤਸਰ 15 ਜੁਲਾਈ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੂੰ ਪੰਥਕ ਮਰਯਾਦਾ ਅਨੁਸਾਰ ਸੇਵਾ ਸੰਭਾਲਣ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਤੌਰ ’ਤੇ ਸੇਵਾ ਸੰਭਾਲ ਸਮਾਗਮ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਗਿਆਨੀ ਕੇਵਲ ਸਿੰਘ ਅਤੇ ਗਿਆਨੀ ਪਰਵਿੰਦਰਪਾਲ ਸਿੰਘ ਦੇ ਨਾਵਾਂ ਦਾ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ‘ਗ੍ਰੰਥੀ ਸਿੰਘ’ ਵਜੋਂ ਐਲਾਨ ਕੀਤਾ, ਜਿਨ੍ਹਾਂ ਨੂੰ ਹਾਜ਼ਰ ਪੰਥਕ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਇਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ, ਕਾਰਸੇਵਾ ਵਾਲੇ ਮਹਾਂਪੁਰਖਾਂ, ਚੀਫ ਖਾਲਸਾ ਦੀਵਾਨ, ਸਿੱਖ ਸਟੂਡੈਂਟਸ ਫੈਡਰੇਸ਼ਨਾਂ ਤੇ ਧਾਰਮਿਕ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਪ੍ਰਮੁੱਖ ਧਾਰਮਿਕ ਸਖ਼ਸ਼ੀਅਤਾਂ ਨੇ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬਾਨ ਨੂੰ ਦਸਤਾਰਾਂ ਅਤੇ ਸਿਰੋਪਾਓ ਭੇਟ ਕੀਤੇ।
ਸੇਵਾ ਸੰਭਾਲ ਸਮਾਗਮ ਮਗਰੋਂ ਨਵੇਂ ਨਿਯੁਕਤ ਹੋਏ ਦੋਵਾਂ ਗ੍ਰੰਥੀ ਸਿੰਘ ਸਾਹਿਬਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਅਤੇ ਸਿੱਖ ਰਵਾਇਤ ਅਨੁਸਾਰ ਅਰਦਾਸ ਉਪਰੰਤ ਪਾਵਨ ਹੁਕਮਨਾਮਾ ਲੈ ਕੇ ਸੇਵਾ ਸ਼ੁਰੂ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਬਾਬਾ ਅਟੱਲ ਰਾਏ ਸਾਹਿਬ ਵੀ ਚੱਲਦੀ ਆ ਰਹੀ ਪੰਥਕ ਰਵਾਇਤ ਤਹਿਤ ਦੇਗ ਕਰਵਾਈ ਅਤੇ ਪਾਵਨ ਹੁਕਮਨਾਮਾ ਲਿਆ। ਸੇਵਾ ਸੰਭਾਲ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪਾਵਨ ਅਸਥਾਨ ਦੀ ਸੇਵਾ ਸੰਭਾਲ ਦੇ ਇਤਿਹਾਸ ਅਤੇ ਰਵਾਇਤ ਤੋਂ ਜਾਣੂ ਕਰਵਾਉਂਦਿਆਂ ਇਸ ਸੇਵਾ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੇਵਾ-ਸੰਭਾਲ ਲਈ ਪਹਿਲੇ ਗ੍ਰੰਥੀ ਥਾਪਿਆ। ਇਸ ਤਰ੍ਹਾਂ ਇਹ ਸਿੱਖ ਕੌਮ ਅੰਦਰ ਬੇਹੱਦ ਸਤਿਕਾਰ ਵਾਲੀ ਪਦਵੀ ਹੈ, ਜਿਸ ਦੀ ਸੇਵਾ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਗਿਆਨੀ ਰਘਬੀਰ ਸਿੰਘ ਨੇ ਨਵੇਂ ਨਿਯੁਕਤ ਹੋਏ ਗ੍ਰੰਥੀ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਪਾਵਨ ਅਸਥਾਨ ਦੀ ਮਰਯਾਦਾ ਅਨੁਸਾਰ ਸੇਵਾ ਨਿਭਾਉਣ ਦੀ ਪ੍ਰੇਰਣਾ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਸਮਾਜ ਅੰਦਰ ਗ੍ਰੰਥੀ ਸਿੰਘ ਦਾ ਰੁਤਬਾ ਬਹੁਤ ਵੱਡਾ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਉਣੀਆਂ ਵੱਡੇ ਮਾਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ’ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਤੋਂ ਲੈ ਕੇ ਕਈ ਨਾਮਵਰ ਸਖਸ਼ੀਅਤਾਂ ਨੇ ਸੇਵਾ ਨਿਭਾਈ ਹੈ। ਉਨ੍ਹਾਂ ਨਵੇਂ ਨਿਯੁਕਤ ਹੋਏ ਗ੍ਰੰਥੀ ਸਿੰਘ ਸਾਹਿਬਾਨ ਨੂੰ ਮੁਬਾਰਕ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਦੋਵੇਂ ਸ਼ਖ਼ਸੀਅਤਾਂ ਪੰਥ ਦੀ ਇਸ ਸਤਿਕਾਰਤ ਪਦਵੀ ਦੀ ਮਾਣ-ਮਰਯਾਦਾ ਦੀ ਪਾਲਣਾ ਕਰਦਿਆਂ ਸਿੱਖ ਪੰਥ ਦੀ ਸੇਵਾ ਕਰਨਗੀਆਂ। ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਸਟੇਜ ਦੀ ਸੇਵਾ ਨਿਭਾਈ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਦੇ ਇਤਿਹਾਸਕ ਪਿਛੋਕੜ, ਰਵਾਇਤ ਅਤੇ ਸੇਵਾ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਭਜਨ ਸਿੰਘ ਮਸਾਣਾ, ਅੰਤ੍ਰਿੰਗ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਸ. ਰਘਬੀਰ ਸਿੰਘ ਸਹਾਰਨਮਾਜਰਾ, ਮੈਂਬਰ ਸ. ਅਵਤਾਰ ਸਿੰਘ ਵਣਵਾਲਾ, ਭਾਈ ਅਜਾਇਬ ਸਿੰਘ ਅਭਿਆਸੀ, ਬੀਬੀ ਜੋਗਿੰਦਰ ਕੌਰ, ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ, ਗਿਆਨੀ ਗੁਰਿਮੰਦਰ ਸਿੰਘ, ਗਿਆਨੀ ਬਲਵਿੰਦਰ ਸਿੰਘ, ਗਿਆਨੀ ਮਲਕੀਤ ਸਿੰਘ, ਸਾਬਕਾ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਸ. ਦਿਲਜੀਤ ਸਿੰਘ ਬੇਦੀ, ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਵੱਲੋਂ ਬਾਬਾ ਨਾਹਰ ਸਿੰਘ ਸਾਧ ਜੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵੱਲੋਂ ਬਾਬਾ ਜਬਰਜੰਗ ਸਿੰਘ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ, ਜਥੇਦਾਰ ਤਰਲੋਚਨ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਬਾਬਾ ਸੁੱਚਾ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਸਤਨਾਮ ਸਿੰਘ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਸੁਰਿੰਦਰ ਸਿੰਘ ਮਿੱਠੇ ਟਿਵਾਣੇ ਵਾਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਅਮਰਜੀਤ ਸਿੰਘ, ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਫੈਡਰੇਸ਼ਨ ਆਗੂ ਸ. ਅਮਰਬੀਰ ਸਿੰਘ ਢੋਟ, ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਂਕ, ਬਾਬਾ ਕੁਲਦੀਪ ਸਿੰਘ ਨੌਰੰਗਾਬਾਦ, ਬਾਬਾ ਅਮਨਦੀਪ ਸਿੰਘ ਟਕਸਾਲ ਸ਼ਹੀਦ ਭਾਈ ਮਨੀ ਸਿੰਘ, ਕਥਾਵਾਚਕ ਗਿਆਨੀ ਜਸਵੰਤ ਸਿੰਘ, ਗਿਆਨੀ ਜੀਵਾ ਸਿੰਘ, ਭਾਈ ਕਿਸ਼ਨ ਸਿੰਘ, ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵੱਲੋਂ ਬਾਬਾ ਬਲਦੇਵ ਸਿੰਘ, ਬਾਬਾ ਹਜੂਰਾ ਸਿੰਘ ਖਿਆਲੀਵਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਸ. ਕੁਲਦੀਪ ਸਿੰਘ ਰੋਡੇ, ਸ. ਗੁਰਚਰਨ ਸਿੰਘ ਕੋਹਾਲਾ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਪ੍ਰੋ. ਸੁਖਦੇਵ ਸਿੰਘ, ਸ. ਸ਼ਾਹਬਾਜ਼ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ ਤੇ ਸ. ਮਲਕੀਤ ਸਿੰਘ ਬਹਿੜਵਾਲ, ਸਾਬਕਾ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਭਰਪੂਰ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਸਮੇਤ ਤਖ਼ਤਾਂ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੁੱਖ ਗ੍ਰੰਥੀ ਅਤੇ ਮੈਨੇਜਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button