Press ReleasePunjabTop News
ਖੇਤ ਮਜ਼ਦੂਰ ਆਗੂਆਂ ਵੱਲੋਂ ਕਿਸਾਨਾਂ ਦੇ ਘੋਲ ਦੀ ਹਮਾਇਤ ਦਾ ਐਲਾਨ
ਚੰਡੀਗੜ੍ਹ,18 ਅਕਤੂਬਰ: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਦੁਆਰਾ ਝੋਨੇ ਦੀ ਸਰਕਾਰੀ ਖਰੀਦ ਤੋਂ ਆਨੇ ਬਹਾਨੇ ਭੱਜਣ ਦੀ ਨੀਤੀ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਆਪ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਤੇ ਟੋਲ ਪਲਾਜੇ ਫਰੀ ਕਰਨ ਸਮੇਤ ਵੱਖ ਵੱਖ ਰੂਪਾਂ ‘ਚ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਖੇਤ ਮਜ਼ਦੂਰ ਆਗੂਆਂ ਨੇ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਤਾਕਤ ਦੇ ਜ਼ੋਰ ਰੋਕਣ ਵਾਲੇ ਕਦਮ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਆਖਿਆ ਕਿ ਦੋਹੇਂ ਸਰਕਾਰਾਂ ਵਿਸ਼ਵ ਵਪਾਰ ਸੰਸਥਾ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਸਰਕਾਰੀ ਖਰੀਦ ਕਰਨ ਬੰਦ ਕਰਨ ਦੀ ਨੀਤੀ ‘ਤੇ ਚੱਲ ਰਹੀਆਂ ਹਨ।
ਉਹਨਾਂ ਆਖਿਆ ਕਿ ਸਰਕਾਰਾਂ ਵੱਲੋਂ ਫਸਲਾਂ ਦੀ ਸਰਕਾਰੀ ਖਰੀਦ ਤੋਂ ਭੱਜਣ ਨਾਲ਼ ਜਿੱਥੇ ਨਾਲ਼ ਜਿੱਥੇ ਕਿਸਾਨਾਂ ਦੀਆਂ ਫਸਲਾਂ ਦੀ ਵਪਾਰੀਆਂ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਕੌਡੀਆਂ ਦੇ ਭਾਅ ਲੁੱਟੀਆਂ ਜਾਣਗੀਆਂ ਉਥੇ ਸਰਕਾਰ ਦੁਆਰਾ ਜਨਤਕ ਵੰਡ ਪ੍ਰਣਾਲੀ ਤਹਿਤ ਰਾਸ਼ਨ ਡਿਪੂਆਂ ਰਾਹੀਂ ਕਰੋੜਾਂ ਲੋਕਾਂ ਨੂੰ ਸਸਤੇ ਭਾਅ ਕਣਕ ਤੇ ਚੌਲਾਂ ਦੀ ਕੀਤੀ ਜਾ ਰਹੀ ਵੰਡ ਵੀ ਬੰਦ ਹੋ ਜਾਵੇਗੀ । ਉਹਨਾਂ ਆਖਿਆਕਿ ਇਸ ਤੋਂ ਇਲਾਵਾ ਖਾਧ ਪਦਾਰਥਾਂ ਉਤੇ ਕਾਰਪੋਰੇਟ ਘਰਾਣਿਆਂ ਦੀ ਮੁਕੰਮਲ ਅਜਾਰੇਦਾਰੀ ਸਥਾਪਤ ਹੋਣ ਨਾਲ ਖੁਰਾਕੀ ਵਸਤਾਂ ਦੀ ਮਹਿੰਗਾਈ ਹੋਰ ਵਧੇਗੀ ਜਿਸਦਾ ਸਿੱਟਾ ਖੇਤ ਮਜ਼ਦੂਰਾਂ ਤੇ ਹੋਰਨਾਂ ਗ਼ਰੀਬ ਲੋਕਾਂ ਦੀ ਭੁੱਖਮਰੀ ‘ਚ ਨਿਕਲੇਗਾ।
ਉਹਨਾਂ ਆਖਿਆ ਕਿ ਕੇਂਦਰ ਦੀ ਮੋਦ ਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਸਰਕਾਰੀ ਮੰਡੀਕਰਨ ਸਿਸਟਮ ਨੂੰ ਤਬਾਹ ਕਰਕੇ ਇਸ ਉਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਦੇ ਰਾਹ ਤੁਰ ਰਹੀ ਹੈ ਜਿਸ ਨਾਲ ਮੰਡੀ ਮਜ਼ਦੂਰਾਂ ਸਮੇਤ ਇਸ ਨਾਲ ਜੁੜੇ ਪੱਲੇਦਾਰਾਂ ਦੇ ਰੁਜ਼ਗਾਰ ਨੂੰ ਵੀ ਭਾਰੀ ਸੱਟ ਵੱਜੇਗੀ। ਉਹਨਾਂ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਢੁਕਵੀਆਂ ਸ਼ਕਲਾਂ ਚ ਹਮਾਇਤ ਚ ਨਿੱਤਰਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.