IndiaPunjabTop News

Punjab Bulletin : 03-03-2023 ਅੱਜ ਦੀਆਂ ਸਾਰੀਆਂ ਖ਼ਬਰਾਂ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ, ਪਹਿਲੇ ਹੀ ਦਿਨ ਹੋਇਆ ਹੰਗਾਮਾ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁਰੂ ਹੋ ਚੁੱਕਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਵਿਧਾਨ ਸਭਾ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਗਵਰਨਰ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕਰ ਰਹੇ ਹੋ ਪਰ ਇਹ ਸਰਕਾਰ ਤਾਂ ਤੁਹਾਨੂੰ ਹੀ ਜਾਣਕਾਰੀ ਨਹੀਂ ਦਿੰਦੀ ਤਾਂ ਇਸ ‘ਤੇ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਸਰਕਾਰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਵੇਗੀ।

ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਦਾ ਵਾਕ-ਆਊਟ, ਸਰਕਾਰ ‘ਤੇ ਸਾਧੇ ਨਿਸ਼ਾਨੇ

ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਪਾਰਟੀ ਵਲੋਂ ਵਾਕ-ਆਊਟ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸਦਨ ਤੋਂ ਬਾਹਰ ਆਕੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਜਿਥੇ ‘ਮੇਰੀ ਸਰਕਾਰ’ ਸ਼ਬਦ ‘ਤੇ ਇਤਰਾਜ਼ ਜਤਾਇਆ ਹੈ ਉਥੇ ਹੀ ਉਹਨਾਂ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਹੋਏ ਕਿਹਾ ਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਨਾਲ ਹੀ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਹ ਬਿਆਨ ਦਿੰਦੇ ਹੋਏ ਕਿਹਾ ਕਿ ਰਾਜਪਾਲ ਖੁਦ ਇਸ ਮੁੱਦੇ ‘ਤੇ ਚੁਸਕੀਆਂ ਲੈ ਰਹੇ ਸੀ।

ਰਾਜਪਾਲ ਭਾਸ਼ਣ ਦੌਰਾਨ ਹੋਏ ਵੱਡੇ ਹੰਗਾਮੇ ਦੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਨਿਖੇਦੀ

ਬਜਟ ਇਜਲਾਸ ਦੇ ਪਹਿਲੇ ਹੀ ਦਿਨ ਹੋਏ ਵੱਡੇ ਹੰਗਾਮੇ ਨੂੰ ਲੈਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਸਾਰੇ ਹੰਗਾਮੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਵਿਰੋਧੀਆਂ ਵਲੋਂ ਸੰਵਿਧਾਨਕ ਰੀਤਾਂ ਨੂੰ ਠੇਸ ਪਹੁੰਚਾਈ ਗਈ ਹੈ। ਨਾਲ ਹੀ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੋ ਕੋਈ ਵੀ ਪੰਜਾਬ ਦੀ ਅਮਨ-ਸ਼ਾਂਤੀ ਨਾਲ ਖੇਡੇਗਾ ਸਾਡੇ ਮੁੱਖ ਮੰਤਰੀ ਬਰਦਾਸ਼ਤ ਨਹੀਂ ਕਰਨਗੇ।

ਸ੍ਰੀ ਦਰਬਾਰ ਸਾਹਿਬ ਪਹੁੰਚੇ ਅੰਮ੍ਰਿਤਪਾਲ ਸਿੰਘ, ਜਾਨ ਨੂੰ ਖ਼ਤਰਾ ਹੋਣ ਦੇ ਸਵਾਲ ‘ਤੇ ਦਿੱਤਾ ਵੱਡਾ ਬਿਆਨ

‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਆਪਣੇ ਸੁਰੱਖਿਆ ਮੁਲਾਜ਼ਮਾਂ ਅਤੇ ਹਥਿਆਰਾਂ ਨਾਲ ਹਰਿਮੰਦਰ ਸਾਹਿਬ ਵਿਖੇ ਪੁੱਜੇ ਅੰਮ੍ਰਿਤਪਾਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆਉਣ ਹਰ ਸਿੱਖ ਦਾ ਫਰਜ਼ ਹੈ। ਇਸ ਦੌਰਾਨ ਆਪਣੀ ਜਾਨ ਨੂੰ ਖ਼ਤਰਾ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਖ਼ਤਰਾ ਨਹੀਂ ਹੈ, ਸਗੋਂ ਏਜੰਸੀਆਂ ਨੂੰ ਹੀ ਖ਼ਤਰਾ ਹੋ ਸਕਦਾ ਹੈ।

ਅੰਮ੍ਰਿਤਪਾਲ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ

ਸ੍ਰੀ ਦਰਬਾਰ ਸਾਹਿਬ ਪੁੱਜੇ ਅੰਮ੍ਰਿਤਪਾਲ ਸਿੰਘ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਰਸਮੀ ਤੌਰ ‘ਤੇ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਨਾਲ ਪੰਥਕ ਮੁੱਦਿਆਂ ਨੂੰ ਲੈਕੇ ਗੱਲਬਾਤ ਕੀਤੀ ਗਈ ਹੈ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਲੈਕੇ ਵੀ ਵਿਚਾਰ ਚਰਚਾ ਕੀਤੀ ਗਈ ਹੈ।

30 ਪ੍ਰਿੰਸੀਪਲਜ਼ ਦਾ ਦੂਜਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਹੋਇਆ ਰਵਾਨਾ

ਆਧੁਨਿਕ ਪੜ੍ਹਾਈ ਦੀ ਟ੍ਰੇਨਿੰਗ ਲਈ 30 ਪ੍ਰਿੰਸੀਪਲਜ਼ ਦਾ ਦੂਜਾ ਬੈਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹਰੀ ਝੰਡੀ ਦੇ ਕੇ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ ਹੈ। ਇਸ ਦੌਰਾਨ ਸਿੰਗਾਪੁਰ ਵਾਸਤੇ ਟ੍ਰੇਨਿੰਗ ‘ਤੇ ਜਾਣ ਵਾਲੇ ਪ੍ਰਿੰਸੀਪਲ ਚੋਣ ਪ੍ਰਕਿਰਿਆ ਦੀ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕ 5 ਮੈਂਬਰੀ ਕਮੇਟੀ ਪ੍ਰਿੰਸੀਪਲਾਂ ਦੀ ਚੋਣ ਕਰਦੀ ਹੈ।

ਖਾਲਿਸਤਾਨ ਦੇ ਮੁੱਦੇ ‘ਤੇ MP ਸਿਮਰਨਜੀਤ ਸਿੰਘ ਮਾਨ ਦਾ ਅਹਿਮ ਬਿਆਨ

ਬੰਦੀ ਸਿੰਘਾ ਦੀ ਰਿਹਾਈ ਨੂੰ ਲੈਕੇ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਇਸ ਦੌਰਾਨ ਮੋਰਚੇ ਵਿਚ ਸ਼ਮੂਲੀਅਤ ਕਰਨ ਵਾਲੀ ਸੰਗਤ ਨੂੰ ਜ਼ਿਲ੍ਹਾ ਸੰਗਰੂਰ ਦੇ MP ਸਿਮਰਨਜੀਤ ਸਿੰਘ ਮਾਨ ਵੱਲੋਂ ਹੱਲਾਸ਼ੇਰੀ ਦਿੱਤੀ ਗਈ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ MP ਮਾਨ ਨੇ ਕੇਂਦਰ ਸਰਕਾਰ ਉਪਰ ਤਿੱਖੇ ਨਿਸ਼ਾਨੇ ਸਾਧੇ ਹਨ। ਨਾਲ ਹੀ ਉਹਨਾਂ ਇਹ ਬਿਆਨ ਜਾਰੀ ਕੀਤਾ ਹੈ ਕਿ ਹੁਣ ਇਹ ਸਭ ਦੇ ਹਿੱਤ ਵਿਚ ਹੈ ਕਿ ਖਾਲਿਸਤਾਨ ਬਣਾ ਦਿੱਤਾ ਜਾਵੇ।

ਪੰਜਾਬ ਦੀ ਸ਼ਰਾਬ ਨੀਤੀ ਖਿਲਾਫ਼ ਭਾਜਪਾ ਦਾ ਪ੍ਰਦਰਸ਼ਨ, ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਦਿੱਲੀ ਵਿਚ ਸ਼ਰਾਬ ਨੀਤੀ ਘੁਟਾਲੇ ਦੇ ਪਰਦਾਫਾਸ਼ ਹੋਣ ਤੋਂ ਬਾਅਦ ਹੁਣ ਭਾਜਪਾ ਵੱਲੋਂ ਪੰਜਾਬ ਦੀ ਸ਼ਰਾਬ ਨੀਤੀ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਬੀਜੇਪੀ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਨਾਲ ਹੀ ਆਗੂਆਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਹੈ।

ਪੰਜਾਬ ਦੀ ਮਾਨ ਸਰਕਾਰ ਦੇ ਪਹਿਲੇ ਬਜਟ ਤੋਂ ਲੋਕਾਂ ਨੂੰ ਖ਼ਾਸ ਉਮੀਦਾਂ

ਅੱਜ ਤੋਂ ਸ਼ੁਰੂ ਹੋਏ ਪੰਜਾਬ ਸਰਕਾਰ ਦੇ ਬਜਟ ਸ਼ੈਸ਼ਨ ‘ਤੇ ਜਿਥੇ ਵਿਰੋਧੀ ਪਾਰਟੀਆਂ ਦੀਆਂ ਨਜ਼ਰਾ ਟਿਕੀਆਂ ਹੋਈਆਂ ਹਨ। ਉਥੇ ਹੀ ਪੰਜਾਬੀਆਂ ਵਲੋਂ ਵੀ ਮਾਨ ਸਰਕਾਰ ਦੇ ਇਸ ਬਜਟ ਤੋਂ ਕਈ ਉਮੀਦਾਂ ਜਤਾਈਆਂ ਜਾ ਰਹੀਆਂ ਹਨ। ਇਸ ਦੌਰਾਨ ਰੂਪਨਗਰ ਦੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਹਿੰਗੀਆਂ ਹੋਈਆਂ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਘਟਨੇ ਚਾਹੀਦੇ ਹਨ। ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਸਿਲੰਡਰ ਦੇ ਵਧੇ ਰੇਟਾਂ ਵਿਚ ਵੀ ਕਮੀ ਆਉਣੀ ਚਾਹੀਦੀ ਹੈ।

ਜੈਕਾਰਿਆਂ ਦੀ ਗੂੰਜ ਨਾਲ ਹੋਲੇ-ਮਹੱਲੇ ਦੇ ਪਵਿੱਤਰ ਤਿਓਹਾਰ ਦੀ ਹੋਈ ਸ਼ੁਰੂਆਤ

ਖ਼ਾਲਸੇ ਦੀ ਆਨ, ਸ਼ਾਨ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ-ਮਹੱਲੇ ਦੀ ਸ਼ੁਰੂਆਤ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਤੋਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਈ। ਇਸ ਮੌਕੇ ਜਿਥੇ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਹੋਲੇ-ਮਹੱਲੇ ਦੇ ਪਵਿੱਤਰ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ ਹਨ। ਉਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਸੰਗਤਾਂ ਨੂੰ ਹੋਲੇ-ਮਹੱਲੇ ‘ਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

ਰਾਜੋਆਣਾ ਦੀ ਰਹਿਮ ਪਟੀਸ਼ਨ ‘ਤੇ ਫੈਸਲਾ ਰਾਖਵਾਂ ਰੱਖਣ ‘ਤੇ ਭੜਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ

ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮਰਹੂਮ ਸੀ.ਐਮ. ਬੇਅੰਤ ਸਿੰਘ ਦੇ ਕਤਲਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਪਟੀਸ਼ਨ ‘ਤੇ ਬੀਤੇ ਕੱਲ੍ਹ ਸੁਣਵਾਈ ਕੀਤੀ ਸੀ ਜਿਸ ਦੌਰਾਨ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਅਰਜ਼ੀ ‘ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੋਸਟ ਜਾਰੀ ਕਰਦੇ ਹੋਏ ਕੇਂਦਰ ਸਰਕਾਰ ਦੀ ਨਿਖੇਦੀ ਕੀਤੀ ਹੈ। ਪ੍ਰਧਾਨ ਸੁਖਬੀਰ ਬਾਦਲ ਨੇ ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੇ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਸਟੈਂਡ ਬਦਲਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਨਾਲ ਦੁਨੀਆਂ ਭਰ ਵਿਚ ਬੈਠੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਜੰਗ ਦਾ ਮੈਦਾਨ ਬਣਿਆ ਤਰਨਤਾਰਨ ਦਾ ਐਸ.ਡੀ.ਐਮ. ਦਫ਼ਤਰ

ਖ਼ਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿਥੇ ਐਸ.ਡੀ.ਐਮ. ਦਫ਼ਤਰ ਇਕ ਜੰਗ ਦਾ ਮੈਦਾਨ ਬਣ ਗਿਆ। ਦਰਅਸਲ, ਸਨਾਤਨ ਧਰਮ ਸਭਾ ਦੀ ਪ੍ਰਧਾਨਗੀ ਨੂੰ ਲੈਕੇ ਦੋ ਧਿਰਾਂ ਆਪਸ ਵਿਚ ਭਿੜ ਗਈਆਂ ਹਨ। ਮਾਮਲਾ ਇੰਨਾਂ ਜ਼ਿਆਦਾ ਵਿਗੜ ਗਿਆ ਕਿ ਗੱਲ ਹੱਥੋਪਾਈ ਤੱਕ ਉਤਰ ਆਈ। ਇਸ ਦੌਰਾਨ ਇਕ ਧਿਰ ਵਲੋਂ ਦੂਜੀ ਧਿਰ ‘ਤੇ ਇਲਜ਼ਾਮ ਲਗਾਏ ਹਨ ਅਤੇ ਇਹ ਗੱਲ ਆਖੀ ਹੈ ਕਿ ਉਹ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਗੇ। ਹਾਲਾਂਕਿ, ਦੂਜੀ ਧਿਰ ਨੇ ਇਹ ਸਾਰੇ ਇਲਜ਼ਾਮ ਨਕਾਰ ਦਿੱਤੇ ਹਨ। ਉਥੇ ਹੀ ਐਸ.ਡੀ.ਐਮ. ਨੇ ਇਸ ‘ਤੇ ਕਾਰਵਾਈ ਕਰਦੇ ਹੋਏ ਇਕ 20 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ ਇਸ ਸਾਰੇ ਮਾਮਲੇ ਦੀ ਸੁਣਵਾਈ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button