Press ReleasePunjabTop News

ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਸੰਦੇਸ਼

ਚੰਡੀਗੜ੍ਹ: ਸਾਡੇ ਦੇਸ਼ ਦੀ ਆਜ਼ਾਦੀ ਦੇ 77 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ ‘ਤੇ ਮੈਂ ਭਾਰਤ ਦੇ ਲੋਕਾਂ ਖਾਸ ਕਰਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਅੱਜ ਅਸੀਂ ਉਨ੍ਹਾਂ ਸਾਰੇ ਦੇਸ਼ਭਗਤਾਂ ਅਤੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ। ਰਾਸ਼ਟਰਪਿਤਾ ਮਹਾਤਮਾ ਗਾਂਧੀ, ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ, ਬਾਲ ਗੰਗਾਧਰ ਤਿਲਕ ਅਤੇ ਕਰੋੜਾਂ ਭਾਰਤੀਆਂ ਨੇ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਵਿੱਚ ਅਹਿਮ ਯੋਗਦਾਨ ਪਾਇਆ ਸੀ। ਇਸ ਦੇ ਨਾਲ ਹੀ ਅਸੀਂ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਅਖੰਡਤਾ ਅਤੇ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਦੇਸ਼ ਦੀ ਅਜ਼ਾਦੀ ਲਈ ਪੰਜਾਬ ਵੱਲੋਂ ਪਾਏ ਗਏ ਯੋਗਦਾਨ ਦੇ ਬਰਾਬਰ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਅਨੇਕਾਂ ਦੇਸ਼ਭਗਤ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਆਪਣੇ ਖੂਨ ਦੀ ਇੱਕ-ਇੱਕ ਬੂੰਦ ਵਹਾਈ, ਜੇਲ੍ਹਾਂ ਕੱਟੀਆਂ, ਉਹ ਸਾਡੇ ਸਾਰਿਆਂ ਲਈ ਅਮੀਰ ਵਿਰਾਸਤ ਛੱਡ ਕੇ ਗਏ ਹਨ, ਜੋ ਭਾਰਤ ਦੀ ਸ਼ਾਨ ਅਤੇ ਆਜ਼ਾਦੀ ਨੂੰ ਸੁਰੱਖਿਅਤ ਰੱਖਣ ਲਈ ਦ੍ਰਿੜ ਵਚਨਬੱਧਤਾ ਦੇ ਨਾਲ ਨਾਲ ਮਾਤ ਭੂਮੀ ਲਈ ਅਥਾਹ ਪਿਆਰ ਅਤੇ ਸਤਿਕਾਰ ਦੀ ਮੰਗ ਕਰਦੀ ਹੈ।
ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੇ ਲੋਕਾਂ ਦੇ ਸ਼ਲਾਘਾਯੋਗ ਯੋਗਦਾਨ ਨੂੰ ਚੇਤੇ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲਈ ਹਮੇਸ਼ਾ ਬੇਮਿਸਾਲ ਦਲੇਰੀ ਅਤੇ ਦ੍ਰਿੜ ਵਚਨਬੱਧਤਾ ਦਿਖਾਈ ਹੈ। ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ, ਜਿਸਨੂੰ ਭਾਰਤ ਦੇ ਪ੍ਰਗਤੀਸ਼ੀਲ ਰਾਜ ਵਜੋਂ ਵੀ ਜਾਣਿਆ ਜਾਂਦਾ ਹੈ। ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ‘ਤੇ ਦੇਸ਼ ਨੂੰ ਅੰਮ੍ਰਿਤ ਕਾਲ ਦਾ ਸੰਕਲਪ ਦਿੱਤਾ। ‘ਅੰਮ੍ਰਿਤ ਕਾਲ’, 2047 ਤੱਕ ‘ਨਿਊ ਇੰਡੀਆ’ ਭਾਵ ਵਿਕਸਿਤ ਭਾਰਤ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਦਾ ਉਦੇਸ਼ ਹੈ, ਜੋ ਦੇਸ਼ ਲਈ ਆਪਣੀਆਂ ਇੱਛਾਵਾਂ ਦੀ ਪੂਰਤੀ ਦੇ ਮੌਕਿਆਂ ਨਾਲ ਭਰਪੂਰ ਇੱਕ ਨਵੀਂ ਸਵੇਰ ਲੈ ਕੇ ਆਵੇਗਾ। ਇਹ ਅੰਮ੍ਰਿਤ ਕਾਲ ਸਾਡੇ ਸਾਰਿਆਂ ਲਈ ਦੇਸ਼ ਦੀ ਪ੍ਰਗਤੀ ਵਿੱਚ ਵਧ-ਚੜ੍ਹ ਕੇ ਯੋਗਦਾਨ ਦੇਣ ਦਾ ਸਮਾਂ ਹੈ। ਇਹ ਅੰਮ੍ਰਿਤ ਕਾਲ ਸਾਡੇ ਸਾਰਿਆਂ ਵਾਸਤੇ ਮਾਂ ਭਾਰਤੀ ਲਈ ਕੁਝ ਕਰਨ ਦਾ ਸਮਾਂ ਹੈ। ਆਜ਼ਾਦੀ ਦੀ ਲੜਾਈ ਦੌਰਾਨ 1947 ਤੋਂ ਪਹਿਲਾਂ ਪੈਦਾ ਹੋਈ ਪੀੜ੍ਹੀ ਨੂੰ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਦੇਸ਼ ਲਈ ਕੁਰਬਾਨ ਹੋਣ ਦਾ ਕੋਈ ਮੌਕਾ ਨਹੀਂ ਛੱਡਿਆ। ਪਰ ਸਾਨੂੰ ਦੇਸ਼ ਲਈ ਕੁਰਬਾਨ ਹੋਣ ਦਾ ਮੌਕਾ ਨਹੀਂ ਸਗੋਂ ਦੇਸ਼ ਲਈ ਜਿਉਣ ਦਾ ਮੌਕਾ ਮਿਲਿਆ ਹੈ। ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ! ਸਾਨੂੰ ਹਰ ਪਲ ਦੇਸ਼ ਦੀ ਬਿਹਤਰੀ ਲਈ ਜਿਉਣਾ ਚਾਹੀਦਾ ਹੈ।
ਇਸ ਲਈ, ਆਓ ਇਸ ਉਦੇਸ਼ ਦੇ ਨਾਲ ਅਸੀਂ ਇਸ ‘ਅੰਮ੍ਰਿਤ ਕਾਲ’ ਵਿੱਚ 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਨਵਾਂ ਸੰਕਲਪ ਲਈਏ। ਅਸੀਂ 140 ਕਰੋੜ ਦੇਸ਼ਵਾਸੀਆਂ ਦੇ ਸੰਕਲਪ ਨੂੰ ਪੂਰਾ ਕਰਨਾ ਹੈ ਅਤੇ ਜਦੋਂ 2047 ਵਿੱਚ ਤਿਰੰਗਾ ਲਹਿਰਾਏਗਾ ਤਾਂ ਪੂਰੀ ਦੁਨੀਆਂ ਵਿਕਸਤ ਭਾਰਤ ਦਾ ਮਾਣ ਵਧਾਉਣ ਲਈ ਤਿਆਰ ਖੜ੍ਹੀ ਹੋਵੇਗੀ। ਸਾਲ 2024, 18ਵੀਆਂ ਲੋਕ ਸਭਾ ਚੋਣਾਂ ਦੇ ਰੂਪ ਵਿੱਚ ਸਾਡੇ ਲੋਕਤੰਤਰੀ ਇਤਿਹਾਸ ਦੇ ਇੱਕ ਵੱਡੇ ਈਵੈਂਟ ਦਾ ਗਵਾਹ ਰਿਹਾ ਹੈ। ਇਹ ਬੜੀ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ। ਲੋਕਾਂ ਦੁਆਰਾ ਲੋਕਤੰਤਰੀ ਸਰਕਾਰ ਦੀ ਚੋਣ ਨੇ ਸੰਸਾਰ ਨੂੰ ਇਹ ਦਿਖਾ ਦਿੱਤਾ ਹੈ ਕਿ ਭਾਰਤ ਇੱਕ ਪਰਿਪੱਕ ਲੋਕਤੰਤਰ ਹੈ, ਜਿੱਥੋਂ ਦੇ ਅਗਾਂਹਵਧੂ ਸੋਚ ਵਾਲੇ ਲੋਕ ਦੇਸ਼ ਦੀ ਤਰੱਕੀ ਲਈ ਹਮੇਸ਼ਾ ਤਤਪਰ ਹਨ। ਸਾਨੂੰ, ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦਾ ਸੁਨਹਿਰੀ ਮੌਕਾ ਮਿਿਲਆ ਹੈ। ਸਾਡੇ ਟੀਚਿਆਂ ਦੀ ਪ੍ਰਾਪਤੀ ਵਿੱਚ ਹਰੇਕ ਨਾਗਰਿਕ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ। ਇਸ ਉਦੇਸ਼ ਦੀ ਪੂਰਤੀ ਲਈ  ਮੈਂ ਆਪਣੇ ਸਾਰੇ ਸਾਥੀ ਨਾਗਰਿਕਾਂ ਨੂੰ ਸੰਵਿਧਾਨ ਵਿੱਚ ਦਰਜ ਸਾਡੇ ਬੁਨਿਆਦੀ ਫਰਜ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ। ਇਹ ਫ਼ਰਜ਼ ਆਜ਼ਾਦੀ ਦੇ 100 ਸਾਲ ਪੂਰੇ ਹੋਣ ‘ਤੇ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਹਰ ਨਾਗਰਿਕ ਦੇ ਲਈ ਜ਼ਰੂਰੀ ਹਨ।
ਅਸੀਂ ਅਯੁੱਧਿਆ ਵਿੱਚ ਪ੍ਰਭੂ ਸ੍ਰੀ ਰਾਮ ਦੇ ਜਨਮ ਸਥਾਨ ‘ਤੇ ਬਣੇ ਰਾਮ ਮੰਦਰ ਵਿੱਚ ਭਗਵਾਨ ਸ੍ਰੀ ਰਾਮ ਦੀ ਮੂਰਤੀ ਸਥਾਪਨਾ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਸਮਾਰੋਹ ਦੇ ਗਵਾਹ ਬਣੇ। ਜਦੋਂ ਇਸ ਘਟਨਾ ਨੂੰ ਵਿਆਪਕ ਪਰਿਪੇਖ ਵਿੱਚ ਦੇਖਿਆ ਜਾਵੇਗਾ ਤਾਂ ਭਵਿੱਖ ਦੇ ਇਤਿਹਾਸਕਾਰ ਇਸ ਨੂੰ ਭਾਰਤੀ ਸੱਭਿਅਤਾ ਦੀ ਵਿਰਾਸਤ ਦੀ ਪੁਨਰ-ਖੋਜ ਵਿੱਚ ਇੱਕ ਵੱਡੇ ਮੀਲ ਪੱਥਰ ਵਜੋਂ ਦੇਖਣਗੇ। ਭਾਰਤ ਦੀ ਪ੍ਰਧਾਨਗੀ ਹੇਠ ਰਾਜਧਾਨੀ ਵਿਖੇ ਜੀ-20 ਸਿਖਰ ਸੰਮੇਲਨ ਦਾ ਸਫ਼ਲ ਆਯੋਜਨ ਇੱਕ ਮਹੱਤਵਪੂਰਨ ਪ੍ਰਾਪਤੀ ਸੀ। ਸਭ ਤੋਂ ਵੱਧ ਮਹੱਤਵਪੂਰਨ ਅਤੇ ਧਿਆਨ ਦੇਣ ਯੋਗ ਗੱਲ ਇਹ ਸੀ ਕਿਸ ਤਰ੍ਹਾਂ ਲੋਕਾਂ ਨੇ ਵੱਧ ਚੜ੍ਹ ਕੇ ਜੀ-20 ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਸ਼ਾਨਦਾਰ ਸਮਾਗਮ ਨੇ ਨਾਗਰਿਕਾਂ ਨੂੰ ਰਣਨੀਤਕ ਅਤੇ ਕੂਟਨੀਤਕ ਮਾਮਲਿਆਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਸਬਕ ਦਿੱਤਾ ਜੋ ਉਨ੍ਹਾਂ ਦੇ ਭਵਿੱਖ ਨੂੰ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ। ਸੰਸਦ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ਨਾਲ ਅਸੀਂ ਲੰਿਗ ਸਮਾਨਤਾ ਦੇ ਆਦਰਸ਼ ਵੱਲ ਅੱਗੇ ਵਧ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਨਾਰੀ ਸ਼ਕਤੀ ਵੰਦਨ ਅਧਿਿਨਯਮ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਇੱਕ ਕ੍ਰਾਂਤੀਕਾਰੀ ਜ਼ਰੀਆ ਸਾਬਤ ਹੋਵੇਗਾ।
ਭਾਰਤ ਸਰਕਾਰ ਵੱਲੋਂ ਕੀਤੀ ਗਈ ਇੱਕ ਹੋਰ ਮਹੱਤਵਪੂਰਨ ਪਹਿਲਕਦਮੀ ਡਿਜੀਟਲ ਇੰਡੀਆ ਦਾ ਨਿਰਮਾਣ ਕਰਨਾ ਹੈ ਜਿਸ ਨੇ ਭਾਰਤ ਵਿੱਚ ਲੋਕਾਂ ਦੇ ਜੀਵਨ ਅਤੇ ਕਾਰੋਬਾਰ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਅੱਜ ਦੁਨੀਆ ਭਰ ਨੇ ਇਸ ਨੂੰ ਭਾਰਤ ਦੀ ਇੱਕ ਵੱਡੀ ਪ੍ਰਾਪਤੀ ਮੰਨਿਆ ਹੈ। ਇੱਥੋਂ ਤੱਕ ਕਿ ਵਿਕਸਤ ਦੇਸ਼ਾਂ ਕੋਲ ਵੀ ਭਾਰਤ ਵਰਗੀ ਡਿਜੀਟਲ ਪ੍ਰਣਾਲੀ ਨਹੀਂ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਹੇਠ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਦੇਸ਼ ਸੰਸਾਰ ਭਰ ਵਿੱਚ ਮੋਹਰੀ ਬਣ ਕੇ ਉਭਰ ਰਿਹਾ ਹੈ। ਦੇਸ਼ ਵਿੱਚ ਮੌਜੂਦ ਪ੍ਰਤਿਭਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸੁਨਹਿਰੀ ਭਵਿੱਖ ਦੇ ਵਾਅਦੇ ਹੋਰ ਵੀ ਮਜ਼ਬੂਤ ਹੋ ਰਹੇ ਹਨ। ਆਓ ਅਸੀਂ ਵਿਕਾਸ ਦੇ ਭਰੂਪਰ ਮੌਕਿਆਂ ਨਾਲ ਸੰਜੋਏ ਭਾਰਤ ਨੂੰ ਹੋਰ ਵਿਕਸਤ ਕਰਨ ਲਈ ਵਚਨਬੱਧ ਹੋਈਏ। ਅੱਜ ਅਸੀਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਸਾਨੂੰ ਨਸ਼ਿਆਂ ਦੀ ਸਮਾਜਿਕ ਬੁਰਾਈ ਨੂੰ ਸਮਾਜ, ਖਾਸ ਤੌਰ ‘ਤੇ ਨੌਜਵਾਨਾਂ ‘ਚੋਂ ਜੜ੍ਹੋਂ ਖ਼ਤਮ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਸਾਡੇ ਗੁਆਂਢੀ ਦੁਸ਼ਮਣ ਦੇਸ਼ ਪਾਕਿਸਤਾਨ ਤੋਂ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ ਹੈ ਜਿਸ ਦੀ ਪੰਜਾਬ ਰਾਜ ਨਾਲ 245 ਕਿਲੋਮੀਟਰ ਲੰਬੀ ਜ਼ਮੀਨੀ ਸਰਹੱਦ ਲੱਗਦੀ ਹੈ। ਕਿਉਂਕਿ ਪਾਕਿਸਤਾਨ ਕੋਲ ਭਾਰਤ ਨਾਲ ਸਿੱਧੀ ਲੜਾਈ ਲੜਨ ਦੀ ਸਮਰੱਥਾ ਨਹੀਂ ਹੈ, ਇਸ ਲਈ ਉਹ ਦੇਸ਼ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਨਸ਼ੇ ਅਤੇ ਹਥਿਆਰ ਭੇਜ ਕੇ ਇਕ ਅਸਿੱਧੀ ਜੰਗ ਲੜ ਰਿਹਾ ਹੈ।
ਸਾਨੂੰ ਦੁਸ਼ਮਣ ਦੀਆਂ ਅਜਿਹੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਦੁਸ਼ਮਣ ਦੀਆਂ ਅਜਿਹੀਆਂ ਸਾਜ਼ਿਸ਼ਾਂ ਦਾ ਸਾਂਝੇ ਤੌਰ ‘ਤੇ ਡੱਟ ਕੇ ਮੁਕਾਬਲਾ ਕਰਨ ਦੀ ਜ਼ਰੂਰਤ ਹੈ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਸਰਹੱਦ ਪਾਰੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਸਾਂਝੇ ਅਭਿਆਨ ਸ਼ੁਰੂ ਕੀਤੇ ਹਨ। ਕੇਂਦਰੀ ਅਤੇ ਸੂਬਾਈ ਸੁਰੱਖਿਆ ਬਲਾਂ ਨੇ ਪੰਜਾਬ ਦੇ ਛੇ ਸਰਹੱਦੀ ਜ਼ਿਿਲ੍ਹਆਂ ਵਿੱਚ ਸਾਂਝੇ ਆਪਰੇਸ਼ਨ ਚਲਾਏ ਹਨ ਜੋ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਵਿੱਚ ਕਾਫ਼ੀ ਸਫਲ ਰਹੇ ਹਨ। ਸਰਹੱਦੀ ਇਲਾਕਿਆਂ ‘ਚ ਦੇਸ਼ ਵਿਰੋਧੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਲਗਭਗ 3000 ਏ.ਆਈ. ਸਮਰੱਥ ਕੈਮਰੇ ਲਗਾਏ ਜਾ ਰਹੇ ਹਨ। ਭਾਰਤ ਸਰਕਾਰ ਹੁਣ ਸਰਹੱਦੀ ਇਲਾਕਿਆਂ ਵਿੱਚ ਡਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਪੂਰੀ ਸਰਹੱਦ ਨੂੰ ਐਂਟੀ ਡਰੋਨ ਤਕਨੀਕ ਨਾਲ ਲੈਸ ਕਰ ਰਹੀ ਹੈ। ਪੰਜਾਬ ਦੇ ਸਾਰੇ ਸਰਹੱਦੀ ਜ਼ਿਿਲ੍ਹਆਂ ਵਿੱਚ ਪਿੰਡ ਪੱਧਰੀ ਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਸਰਹੱਦੀ ਜ਼ਿਿਲ੍ਹਆਂ ਵਿੱਚ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਬਾਰੇ ਪੁਲਿਸ ਅਤੇ ਰੱਖਿਆ ਬਲਾਂ ਨੂੰ ਸੂਚਿਤ ਕਰਨ ਲਈ ਸਮੂਹਿਕ ਤੌਰ ‘ਤੇ ਕੰਮ ਕਰ ਰਹੀਆਂ ਹਨ। ਪੰਜਾਬ ਦੇ ਰਾਜਪਾਲ ਨੇ ਛੇ ਸਰਹੱਦੀ ਜ਼ਿਿਲ੍ਹਆਂ ਵਿੱਚ ਆਪਣੇ ਪਿੰਡਾਂ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਸਬੰਧੀ ਕਾਰਗੁਜ਼ਾਰੀ ਦੇ ਆਧਾਰ ’ਤੇ ਪਹਿਲੀਆਂ ਤਿੰਨ ਸਰਬੋਤਮ ਪਿੰਡ ਪੱਧਰੀ ਰੱਖਿਆ ਕਮੇਟੀਆਂ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ 36 ਲੱਖ ਰੁਪਏ ਸਾਲਾਨਾ ਇਨਾਮ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ।
ਇਹ ਇਨਾਮ ਸਾਰੇ 6 ਸਰਹੱਦੀ ਜ਼ਿਿਲ੍ਹਆਂ ਵਿੱਚ ਹਰੇਕ ਜ਼ਿਲ੍ਹੇ ਦੇ ਤਿੰਨ ਪਿੰਡਾਂ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀ ਪਿੰਡ ਪੱਧਰੀ ਰੱਖਿਆ ਕਮੇਟੀ ਨੂੰ 3 ਲੱਖ ਰੁਪਏ, ਦੂਜੇ ਨੰਬਰ ‘ਤੇ ਆਉਣ ਵਾਲੀ ਰੱਖਿਆ ਕਮੇਟੀ ਨੂੰ 2 ਲੱਖ ਰੁਪਏ ਅਤੇ ਤੀਜੇ ਨੰਬਰ ‘ਤੇ ਆਉਣ ਵਾਲੀ ਰੱਖਿਆ ਕਮੇਟੀ ਨੂੰ 1 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਰਾਜ ਭਵਨ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਹੋਣਹਾਰ ਵਿਿਦਆਰਥੀਆਂ ਨੂੰ ਸਨਮਾਨਿਤ ਕਰਨ ਦੀ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਨਾ ਸਿਰਫ਼ ਹੋਣਹਾਰ ਵਿਿਦਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕਰਨਾ ਹੈ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੁਝ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਸੂਬੇ/ਯੂ.ਟੀ. ਵਿੱਚ 8ਵੀਂ ਅਤੇ 10ਵੀਂ ਜਮਾਤ ਵਿੱਚ ਸਰਬੋਤਮ ਕਾਰਗੁਜ਼ਾਰੀ ਵਾਲੇ ਪੰਜਾਬ ਅਤੇ ਯੂਟੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 300 ਹੋਣਹਾਰ ਵਿਿਦਆਰਥੀ ਨੂੰ ਸਨਮਾਨਿਤ ਕੀਤਾ ਗਿਆ ਹੈ। ਇਨਾਮੀ ਰਾਸ਼ੀ ਵਜੋਂ 10ਵੀਂ ਜਮਾਤ ਦੇ ਹਰੇਕ ਵਿਿਦਆਰਥੀ ਨੂੰ 10,000 ਰੁਪਏ ਅਤੇ 8ਵੀਂ ਜਮਾਤ ਦੇ ਹਰੇਕ ਵਿਿਦਆਰਥੀ ਨੂੰ 5000 ਰੁਪਏ ਦਿੱਤੇ ਗਏ ਹਨ।
ਮੈਂ ਪੰਜਾਬ ਦੇ ਲੋਕਾਂ, ਚੁਣੇ ਹੋਏ ਨੁਮਾਇੰਦਿਆਂ, ਸਿਵਲ ਅਤੇ ਪੁਲਿਸ ਅਧਿਕਾਰੀਆਂ, ਸਾਬਕਾ ਸੈਨਿਕਾਂ, ਨੌਜਵਾਨਾਂ, ਡਾਕਟਰਾਂ, ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ, ਗੈਰ ਸਰਕਾਰੀ ਸੰਗਠਨਾਂ, ਸਵੈ-ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾਉਣ, ਹਰੇ-ਭਰੇ ਅਤੇ ਸਾਫ਼-ਸੁਥਰੇ ਵਾਤਾਵਰਣ, ਗ੍ਰੀਨ ਐਨਰਜੀ, ਸੋਲਰ ਐਨਰਜੀ, ਭਾਰਤ ਸਰਕਾਰ ਦੀ ਸਕੀਮ ‘ਏਕ ਪੇਡ ਮਾਂ ਕੇ ਨਾਮ’ ਤਹਿਤ ਪੌਦੇ ਲਗਾਉਣ, ਸਵੱਛ ਭਾਰਤ, ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਮਹਿਲਾ ਸਸ਼ਕਤੀਕਰਨ, ਵਿਕਸ਼ਿਤ ਭਾਰਤ ਆਦਿ ਲਈ ਜਨਤਕ ਮੁਹਿੰਮਾਂ ਚਲਾਉਣ ਦਾ ਸੱਦਾ ਦਿੰਦਾ ਹਾਂ। ਆਓ, ਇਸ ਮੌਕੇ ਅਸੀਂ ਆਪਣੇ ਦੇਸ਼ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹੋਏ, ਇਮਾਨਦਾਰੀ, ਵਚਨਬੱਧਤਾ, ਲਗਨ ਅਤੇ ਸਮਰਪਣ ਨਾਲ ਆਪਣੇ ਫਰਜ਼ ਨਿਭਾਉਣ ਲਈ ਸਮੂਹਿਕ ਤੌਰ ‘ਤੇ ਸਖ਼ਤ ਮਿਹਨਤ ਕਰਨ ਦਾ ਪ੍ਰਣ ਕਰੀਏ।
ਮੈਂ ਇੱਕ ਵਾਰ ਫਿਰ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ,
ਜੈ ਹਿੰਦ!
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button