EDITORIAL

BBC ਬਨਾਮ India ਤੇ BJP, ਬੀਬੀਸੀ ਦਾ ਦਫ਼ਤਰ ਕੀਤਾ ਬੰਦ

ਪਹਿਲਾਂ The Fantom ਤੇ India's Doughter ਵੀ ਬੈਨ

ਅਮਰਜੀਤ ਸਿੰਘ ਵੜੈਚ (94178-01988)

ਆਮਦਨ ਕਰ ਵਿਭਾਗ ਵੱਲੋਂ ਬੀਬੀਸੀ ਦੇ ਦਿੱਲੀ ਤੇ ਮੁੰਬਈ ਦਫ਼ਤਰਾਂ ‘ਤੇ ਛਾਪੇ , ਜਿਸ ਨੂੰ ਸਰਕਾਰ ਸਰਵੇਖਣ ਕਹਿ ਰਹੀ ਹੈ ,ਇਕ ਅਚੰਭਾ ਨਹੀਂ ਹਨ ਬਲਕਿ ਇਹ ਤਾਂ ਕਿਆਸ ਅਰਾਈਆਂ ਮੀਡੀਆ ‘ਚ ਪਹਿਲਾਂ ਹੀ ਲੱਗ ਰਹੀਆਂ ਸਨ । ਭਾਰਤ ਸਰਕਾਰ ਦਾ ਇਕ ਵਾਰ ਫੇਰ ਦੁਨੀਆਂ ਦੇ ਸੱਭ ਤੋਂ ਵੱਡੇ ਵਿਸ਼ਵਾਸਯੋਗ ‘ਪਬਲਿਕ ਸਰਵਿਸ ਬਰੌਡਕਾਸਟਰ’ ਬੀਬੀਸੀ ਨਾਲ਼ ਪੇਚਾ ਪੈ ਗਿਆ ਹੈ ।

ਗੁਜਰਾਤ ‘ਚ ਫ਼ਰਵਰੀ/ਮਾਰਚ 2002 ‘ਚ ਹੋਏ ਫਿਰਕੂ ਦੰਗਿਆਂ ਬਾਰੇ ਪੂਰੇ 21 ਸਾਲਾਂ ਬਾਦ ਬੀਬੀਸੀ ਵੱਲੋਂ India : The Modi Question ਇਕ ਦਸਤਾਵੇਜ਼ੀ ਫਿਲਮ 21 ਜਨਵਰੀ 2023 ਨੂੰ ਲੰਡਨ ‘ਚ ਜਾਰੀ ਕੀਤੀ ਗਈ ਤਾਂ ਭਾਰਤ ‘ਚ ਖਾਸਕਰ ਮੋਦੀ ਸਰਕਾਰ ਤੇ ਬੀਜੇਪੀ ਦੇ ਸਮੱਰਥਕਾਂ ‘ਚ ਖਲਬਲੀ ਮੱਚ ਗਈ । ਭਾਵੇਂ ਸਰਕਾਰ ਨੇ 2021 ‘ਚ ਬਣਾਏ ਆਈਟੀ ਕਾਨੂੰਨ ਤਹਿਤ ਇਹ ਫ਼ਿਲਮ ਭਾਰਤ ਦੇ ਸਾਰੇ ਡਿਜ਼ੀਟਲ ਪਲੇਟਫਾਰਮਾਂ ‘ਤੇ ਬੈਨ ਕਰ ਦਿੱਤੀ ਸੀ ਪਰ ਤਾਂ ਵੀ ਇਸ ਫ਼ਿਲਮ ਨੂੰ ਭਾਰਤ ਦੇ ਵਿੱਚ ਕਈ ਥਾਵਾਂ ‘ਤੇ ਵੇਖਿਆ ਜਾ ਰਿਹਾ ਹੈ । ਆਮਦਨ ਕਰ ਵਿਭਾਗ ਵੱਲੋਂ ਇਹ ‘ਸਰਵੇਖਣ’ ਉਪਰੋਕਤ ਦਸਤਾਵੇਜ਼ੀ ਟੈਲੀਕਾਸਟ ਹੋਣ ਦੇ ਇਕ ਮਹੀਨੇ ਦੇ ਅੰਦਰ ਹੀ ਕੀਤਾ ਗਿਆ ਐਲਸ਼ਨ ਹੈ ।

ਬੀਬੀਸੀ ਨਾਲ਼ ਇਹ ਵਿਵਾਦ ਕੋਈ ਨਵਾਂ ਨਹੀਂ : ਇਸ ਤੋਂ ਪਹਿਲਾਂ ਵੀ ਬੀਬੀਸੀ ਦੀਆਂ ਤਿੰਨ ਫ਼ਿਲਮਾਂ ਬੈਨ ਹੋ ਚੁੱਕੀਆਂ ਹਨ । ਸਾਲ 1970 ‘ਚ ਵੀ ਇੰਦਰਾਂ ਗਾਂਧੀ ਵੱਲੋਂ ਬੀਬੀਸੀ ‘ਤੇ ਬੈਨ ਲਾ ਦਿਤਾ ਗਿਆ ਸੀ ਜਦੋਂ ਬੀਬੀਸੀ ਵੱਲੋਂ ਫ਼ਰਾਂਸ ਦੇ ਫ਼ਿਲਮ ਨਿਰਮਾਤਾ ਲੁਇਸ ਮਾਲੇ ਦੀ ਤਿਆਰ ਕੀਤੀ ਦਸਤਾਵੇਜ਼ੀ ਫਿਲਮ ‘The Fantom’ ਦੀਆਂ ਦੋ ਕਿਸ਼ਤਾ ਟੀਵੀ ‘ਤੇ ਪ੍ਰਸਾਰਿਤ ਕਰ ਦਿਤੀਆਂ ਸਨ ਜਿਨ੍ਹਾਂ ‘ਚ ਭਾਰਤ ‘ਚ ਰਹਿੰਦੇ ਲੋਕਾਂ ਦੀਆਂ ਬੜੀਆਂ ਦਰਦਨਾਕ ਸਥਿਤੀਆਂ ਵਖਾਈਆਂ ਗਈ ਸਨ । ਉਨ੍ਹਾਂ ਫ਼ਿਲਮਾਂ ਦਾ ਵਿਦੇਸ਼ਾਂ ‘ਚ ਰਹਿੰਦੇ ਪ੍ਰਵਾਸੀ ਭਾਰਤੀਆਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਸੀ ।

ਇਸ ਮਗਰੋੰ ਫਿਰ ਭਾਰਤ ਦੀ ਅਗਸਤ 1970 ‘ਚ ਪਾਕਿਸਤਾਨ ਨਾਲ਼ ਲੜਾਈ ਸਮੇਂ ਵੀ ਬੀਬੀਸੀ ‘ਤੇ ਪਾਬੰਦੀ ਲਾ ਦਿਤੀ ਗਈ ਸੀ ਤੇ ਭਾਰਤ ਚ’ ਬੀਬੀਸੀ ਦੇ ਰਿਪੋਰਟਰ ਮਾਰਕ ਟੁਲੀ ਨੂੰ ਬੀਬੀਸੀ ਦਾ ਦਫ਼ਤਰ ਬੰਦ ਕਰਨ ਲਈ ਕਹਿ ਦਿਤਾ ਗਿਆ ਸੀ । ਬਾਦ ‘ਚ 1971 ਦੇ ਅਖੀਰ ‘ਚ ਇਹ ਪਾਬੰਦੀ ਹਟਾ ਲਈ ਗਈ ਸੀ । ਜਦੋਂ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਦੇਸ਼ ‘ਚ ਐਮਰਜੈਂਸੀ ਲਾਈ ਸੀ ਤਾਂ ਉਸ ਵਕਤ ਵੀ ਬੀਬੀਸੀ ਨੂੰ ਦੇਸ਼ ‘ਚ ਬੈਨ ਕਰ ਦਿਤਾ ਗਿਆ ਸੀ । ਸਾਲ 1984 ‘ਚ ਬਲਿਊ ਸਟਾਰ, ਇੰਦਰਾ ਕਤਲ ਸਮੇਂ ਦਿੱਲੀ ਦੰਗਿਆਂ ਤੇ ਫਿਰ ਭੁਪਾਲ ਦੇ ਯੂਨੀਅਨ ਕਾਰਬਾਈਡ ਹਾਦਸੇ ਸਮੇਂ ਵੀ ਬੀਬੀਸੀ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਸੀ । ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਤਾਂ ਉਨ੍ਹਾ ਦੇ ਪੁਤਰ ਰਾਜੀਵ ਗਾਂਧੀ ਪੱਛਮੀ ਬੰਗਾਲ ‘ਚ ਸਨ ਤਾਂ ਰਾਜੀਵ ਗਾਂਧੀ ਨੇ 12.30 ਦੁਪਿਹਰੇ ‘ਤੇ ਬੀਬੀਸੀ ਦੀਆਂ ਖ਼ਬਰਾਂ ਸੁਣ ਕੇ ਹੀ ਆਪਣੀ ਮਾਂ ਦੇ ਕਤਲ ਵਾਲ਼ੀ ਖ਼ਬਰ ਦਾ ਯਕੀਨ ਕੀਤਾ ਸੀ ।

ਸਾਲ 2012 ‘ਚ ਦਿੱਲੀ ਦੇ ‘ਨਿਰਭੱਇਆ ਕੇਸ’ ਤੋਂ ਮਗਰੋਂ ਬੀਬੀਸੀ ਨੇ ਲਿਜ਼ਲੀ ਉਡਵਿਨ ਦੀ ਇਕ ਦਸਤਾਵੇਜ਼ੀ ਫ਼ਿਲਮ ‘India’s Doughter’ ਟੀਵੀ ‘ਤੇ ਪ੍ਰਸਾਰਿਤ ਕੀਤੀ ਸੀ ਤਾਂ ਉਸ ਵਕਤ ਵੀ ਉਸ ਫ਼ਿਲਮ ‘ਤੇ ਭਾਰਤ ਨੇ ਬੈਨ ਲਾ ਦਿਤਾ ਸੀ । ਮਗਰੋਂ ਦਿੱਲੀ ਹਾਈ ਕੋਰਟ ਨੇ ਵੀ ਉਸ ਬੈਨ ਨੂੰ ਸਹੀ ਕਰਾਰ ਦਿਤਾ ਸੀ । ਦੇਸ਼ ਦੇ ਕਾਜ਼ੀਰੰਗਾ ਰਾਸ਼ਟਰੀ ਪਾਰਕ ‘ਤੇ ਰਿਪੋਰਟਿੰਗ ਕਰਨ ਕਰਕੇ ਵੀ 2017 ‘ਚ ਬੀਬੀਸੀ ‘ਤੇ ਪਾਬੰਦੀਆਂ ਲਾਈਆਂ ਗਈ ਸਨ ।

ਬੀਬੀਸੀ ਵਿਸ਼ਵ ਵਿੱਚ ਆਪਣੀ ਨਿਰਪੱਖ ਰਿਪੋਰਟਿੰਗ ਵਾਸਤੇ ਜਾਣਿਆਂ ਜਾਂਦਾ ਹੈ ਇਸ ਦੀ ਕੀਮਤ ਇਸ ਦੇ ਕਈ ਪੱਤਰਕਾਰਾਂ ਨੇ ਅਫ਼ਗਾਨਿਸਤਾਨ, ਈਰਾਨ, ਲੈਬਨਾਨ, ਸਾਉਦੀ ਅਰਬ,ਅਫ਼ਰੀਕਨ ਦੇਸ਼ਾਂ ਸਮੇਤ ਹੋਰ ਕਈ ਥਾਂਈ ਆਪਣੀਆਂ ਜਾਨਾਂ ਵਾਰ ਕੇ ਤਾਰੀ ਹੈ ।
18 ਅਕਤੂਬਰ 1922 ‘ਚ , ਬੀਬੀਸੀ ਇਕ ਬਰਿਟਿਸ਼ ਬਰੌਡਕਾਸਟਿੰਗ ਕੰਪਨੀ ਵਜੋਂ ਸ਼ੁਰੂ ਕੀਤੀ ਗਈ ਇਕ ਨਿੱਜੀ ਸੰਸਥਾ ਹੀ ਸੀ ਜਿਸ ਨੂੰ 1927 ‘ਚ ਇਕ ਕਾਰਪੋਰੇਸ਼ਨ ਦਾ ਰੂਪ ਦੇ ਦਿਤਾ ਗਿਆ ਤੇ ਹੁਣ ਬੀਬੀਸੀ – ਬਰਿਟਿਸ਼ ਬਰੌਡਕਸਟਿੰਗ ਕਾਰਪੋਰੇਸ਼ਨ ਦੇ ਤੌਰ ‘ਤੇ ਦੁਨੀਆਂ ‘ਚ ਮਸ਼ਹੂਰ ਹੈ । ਬੀਬੀਸੀ ਇਕ ਖਾਸ ‘Royal Charter’ ਦੇ ਤਹਿਤ ਚੱਲਦੀ ਹੈ ਜੋ ਹਰ 10 ਸਾਲਾਂ ਮਗਰੋਂ ਮੁੜ ਨਵਿਆਇਆ ਜਾਂਦਾ ਹੈ । ਬੀਬੀਸੀ ਨੂੰ ਯੂਕੇ ਦੇ ਲੋਕਾਂ ਵੱਲੋਂ ਦਿਤੀ ਜਾਂਦੀ ਲਾਇਸੰਸ ਫ਼ੀਸ ਨਾਲ਼ ਅਤੇ ਬੀਬੀਸੀ ਦੀਆਂ ਕੁਝ ਹੋਰ ਵਪਾਰਿਕ ਗਤੀ ਵਿਧੀਆਂ ਤੋਂ ਆਉਣ ਵਾਲ਼ੀ ਆਮਦਨ ਨਾਲ਼ ਹੀ ਚਲਾਇਆ ਜਾਂਦਾ ਹੈ ।

ਬੀਬੀਸੀ ਦੇ ਪਹਿਲੇ 1927 ਵਾਲ਼ੇ ਚਾਰਟਰ ‘ਚ ਇੰਡੀਆਂ ਦਾ ਨਾਂ ਵੀ ਪਹਿਲੀ ਲਾਇਨ ‘ਚ ਹੈ ਜਦੋਂ ਭਾਰਤ ਉਤੇ ਇੰਗਲੈਂਡ ਦਾ ਰਾਜ ਸੀ । ਆਜ਼ਾਦ ਭਾਰਤ ‘ਚ ਬੀਬੀਸੀ ਨੇ ਮਈ 1940 ‘ਚ ਬੀਬੀਸੀ ਰੇਡੀਓ ਦੀ ਹਿੰਦੀ ਸਰਵਿਸ ਸ਼ੁਰੂ ਕੀਤੀ ਸੀ ਤੇ ਹੁਣ ਬੀਬੀਸੀ ਹਿੰਦੀ ਬੰਗਾਲੀ,ਗੁਜਰਾਤੀ,ਮਰਾਠੀ,ਤਾਮਿਲ ਤੇ ਪੰਜਾਬੀ ਸਮੇਤ ਕਈ ਭਾਸ਼ਾਵਾਂ ‘ਚ ਪ੍ਰੋਗਰਾਮ ਪ੍ਰਸਾਰਿਤ ਕਰ ਰਿਹਾ ਹੈ । ਹੁਣ ਬੀਬੀਸੀ ਔਨ ਲਾਈਨ ਹਰ ਇਕ ਸੋਸ਼ਲ ਮੀਡੀਆ ‘ਤੇ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ।

ਮੌਜੂਦਾ ਦਸਤਾਵੇਜ਼ੀ ਫ਼ਿਲਮ ‘ਤੇ ਉਠੇ ਵਿਵਾਦ ਬਾਰੇ ਬੀਜੇਪੀ ਦੇ ਗੌਰਵ ਭਾਟੀਆ ਨੇ ਬੀਬੀਸੀ ਨੂੰ ‘ਭਰਿਸ਼ਟ ਤੇ ਬਕਵਾਸ ਕਾਰਪੋਰੇਸ਼ਨ’ ਦਾ ਨਾਮ ਦਿਤਾ ਹੈ ਜਦੋਂ ਕਿ ਕਾਂਗਰਸ ਦੇ ਜੈ ਰਾਮ ਰਮੇਸ਼ ਨੇ ਭਾਰਤ ਸਰਕਾਰ ਦੇ ਇਸ ਬੈਨ ਨੂੰ ‘ਵਿਨਾਸ਼ ਕਾਲੇ ਵਿਪਰੀਤ ਬੁੱਧੀ’ ਕਿਹਾ ਹੈ । ਜਦੋਂ ਇੰਦਰਾਂ ਗਾਂਧੀ ਨੇ ਦੇਸ਼ ‘ਚ ਐਮਰਜੈਂਸੀ ਲਾਈ ਸੀ ਤਾਂ ਉਸ ਵਕਤ ਮਸ਼ਹੂਰ ਨੇਤਾ ‘ਲੋਕ ਨਾਇਕ’ ਜੈ ਪ੍ਰਕਾਸ਼ ਨਰਾਇਣ ਨੇ ਵੀ ਇੰਦਰਾ ਗਾਂਧੀ ਵੱਲੋਂ ਬੀਬੀਸੀ ‘ਤੇ ਬੈਨ ਲਾਉਣ ਦੇ ਫ਼ੈਸਲੇ ਨੂੰ ‘ਵਿਨਾਸ਼ ਬੁੱਧੀ ਵਿਪਰੀਤ ਕਾਲੇ’ ਕਿਹਾ ਸੀ ।

ਮੌਜੂਦਾ ਫ਼ਿਲਮ ‘ਤੇ ਸਰਕਾਰ ਵੱਲੋਂ ਬੈਨ ਲਾਉਣ ਨਾਲ਼ ਇਸ ਦੀ ਜ਼ਿਆਦਾ ਮਸ਼ਹੂਰੀ ਹੋ ਗਈ ਹੈ ਤੇ ਇਸ ਦੀ ਚਰਚਾ ਪੂਰੇ ਵਿਸ਼ਵ ‘ਚ ਹੋ ਗਈ ਹੈ । ਸਰਕਾਰ ਦੀ ਮਨਸ਼ਾ ਸੀ ਕਿ ਇਹ ਬੈਨ ਲਾਉਣ ਨਾਲ਼ ਗੱਲ ਦੱਬੀ ਜਾਏਗੀ ਪਰ ਹੋਇਆ ਇਸਦੇ ਉਲਟ ਹੈ । ਸਰਕਾਰ ਦੇ ਬੀਬੀਸੀ ਦੇ ਦਫ਼ਤਰਾਂ ‘ਤੇ ਛਾਪਿਆਂ ਦੇ ਹੁਕਮਾਂ ਨੂੰ ਪ੍ਰੈਸ ਦੀ ਆਜ਼ਾਦੀ ਦਾ ਗਲ਼ਾ ਦਬਾਉਣ ਦੀ ਨਜ਼ਰ ਨਾਲ਼ ਵੀ ਵੇਖਿਆ ਜਾ ਰਿਹਾ ਹੈ । ਉਧਰ ਬੀਬੀਸੀ ਨੇ ਕਿਹਾ ਹੈ ਕਿ ਉਹ ਜਾਂਚ ਏਜੰਸੀਆਂ ਨਾਲ਼ ਪੂਰਾ ਸਹਿਯੋਗ ਕਰ ਰਹੀ ਹੈ । ਬੀਬੀਸੀ ਨੇ ਬੀਤੇ ਕੱਲ੍ਹ ਤੋਂ ਆਪਣੇ ਸਟਾਫ਼ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਹਿ ਦਿਤਾ ਹੈ । ਇਨ੍ਹਾਂ ਛਾਪਿਆਂ ਦੀ ਸਮੁੱਚੇ ਵਿਸ਼ਵ ਦੇ ਮੀਡੀਆ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button