Press ReleasePunjabTop News

ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨ

ਮੁੱਖ ਮੰਤਰੀ ਦੀ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ - ਕਿਸਾਨਾਂ ਆਗੂਆਂ ਨੂੰ ਇਕ ਸਾਲ ਵਿਚ ਜਥੇਬੰਦੀਆਂ ਨੂੰ ਧਰਨਾ ਮੁਕਤ ਕਰਨ ਦਾ ਭਰੋਸਾ

ਚੰਡੀਗੜ੍ਹ – ਸੂਬੇ ਦੇ ਕਿਸਾਨਾਂ ਦੀ ਮੰਗ ਨਾਲ ਸਹਿਮਤੀ ਪ੍ਰਗਟਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਝੋਨੇ ਦੀ ਪੜਾਅਵਾਰ ਲੁਆਈ ਲਈ 14 ਜੂਨ ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਜ਼ੋਨਾਂ ਦੀ ਗਿਣਤੀ ਦੋ ਕਰ ਦਿੱਤੀ ਹੈ ਜਦਕਿ ਇਸ ਤੋਂ ਪਹਿਲਾਂ ਚਾਰ ਜ਼ੋਨ ਬਣਾਏ ਗਏ ਸਨ। ਹਾਲਾਂਕਿ, ਕੰਡਿਆਲੀ ਤਾਰ ਤੋਂ ਪਾਰ ਵਾਲੇ ਸਰਹੱਦੀ ਇਲਾਕੇ ਵਾਲੀ ਜ਼ਮੀਨਾਂ ਨੂੰ ਜ਼ੋਨਾਂ ਦੀਆਂ ਬੰਦਿਸ਼ਾਂ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਸ ਖੇਤਰ ਦੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਹੋਵੇਗੀ।

IMG 20220518 WA0209

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਝੋਨੇ ਦੀ ਲੁਆਈ ਪੜਾਅਵਾਰ ਢੰਗ ਨਾਲ ਕਰਨ ਲਈ ਸੂਬੇ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਸੀ ਜਿਨ੍ਹਾਂ ਵਿਚ ਜ਼ੋਨ-1 ਵਿਚ ਝੋਨੇ ਦੀ ਲੁਆਈ ਦੀ ਤਰੀਕ 18 ਜੂਨ ਸੀ, ਜ਼ੋਨ-2 ਦੀ 22 ਜੂਨ, ਜ਼ੋਨ-3 ਦੀ 24 ਜੂਨ ਅਤੇ ਜ਼ੋਨ-4 ਦੀ 26 ਤਰੀਕ ਤੈਅ ਕੀਤੀ ਗਈ ਸੀ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ।

ਇੱਥੇ ਪੰਜਾਬ ਭਵਨ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਜਾ ਕੇ ਤੁਰੰਤ ਪਨੀਰੀ ਲਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਕਿ ਨਿਰਧਾਰਤ ਸਮੇਂ ਦੇ ਅੰਦਰ ਝੋਨੇ ਦੀ ਲੁਆਈ ਨੂੰ ਯਕੀਨੀ ਬਣਾਇਆ ਜਾ ਸਕੇ।

IMG 20220518 WA0205

ਮੂੰਗੀ ਦੀ ਫਸਲ ‘ਤੇ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਪੂਰਾ ਕਰਦਿਆਂ ਭਗਵੰਤ ਮਾਨ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ 7275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਸਮੁੱਚੀ ਫ਼ਸਲ ਦੀ ਖ਼ਰੀਦ ਲਈ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਫਸਲੀ ਵਿਭਿੰਨਤਾ ਦੇ ਆਪਣੇ ਪ੍ਰਮੁੱਖ ਪ੍ਰੋਗਰਾਮ ਨੂੰ ਹੁਲਾਰਾ ਦੇਣ ਲਈ ਘੱਟੋ-ਘੱਟ ਸਮਰਥਨ ਮੁੱਲ ‘ਤੇ ਮੱਕੀ ਦੀ ਖਰੀਦ ਲਈ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਜਾ ਰਹੀ ਹੈ।

IMG 20220518 WA0179

ਬਾਸਮਤੀ ਲਈ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਉਹ ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਬਾਸਮਤੀ ‘ਤੇ ਤੁਰੰਤ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਰਨ ਲਈ ਭਾਰਤ ਸਰਕਾਰ ‘ਤੇ ਜ਼ੋਰ ਪਾਉਣਗੇ ਤਾਂ ਜੋ ਸਾਡੇ ਕਿਸਾਨਾਂ ਨੂੰ ਪਾਣੀ ਦੀ ਵੱਧ ਖਪਤ ਵਾਲੀ ਝੋਨੇ ਦੀ ਫਸਲ ਤੋਂ ਮੱਕੀ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾ ਸਕੇ ਜਿਸ ਨਾਲ ਪਾਣੀ ਦੀ ਬੱਚਤ ਹੋਵੇਗੀ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੂਬੇ ਦਾ ਇੱਕੋ ਇੱਕ ਬਹੁਮੁੱਲਾ ਕੁਦਰਤੀ ਸਰੋਤ ਹੈ। ਉਨ੍ਹਾਂ ਨੇ ਕਿਸਾਨ ਮੋਰਚੇ ਦੇ ਮੈਂਬਰਾਂ ਨੂੰ ਇਹ ਵੀ ਕਿਹਾ ਕਿ ਉਹ ਸਾਰੇ ਭਾਈਵਾਲਾਂ ਦੀ ਸੰਤੁਸ਼ਟੀ ਲਈ ਜਲਦੀ ਹੱਲ ਕਰਨ ਵਾਸਤੇ ਅਮਿਤ ਸ਼ਾਹ ਕੋਲ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਦੇ ਵਿਵਾਦਪੂਰਨ ਮੁੱਦੇ ਨੂੰ ਵੀ ਉਠਾਉਣਗੇ।

ਸਿੱਧੀ ਤਕਨੀਕ ਜ਼ਰੀਏ ਝੋਨੇ ਦੀ ਬਿਜਾਈ ਲਈ ਕਿਸਾਨਾਂ ਦੇ ਹੁੰਗਾਰੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਪਾਣੀ ਦੀ ਘੱਟ ਖਪਤ ਵਾਲੀ ਅਤੇ ਘੱਟ ਖਰਚੇ ਵਾਲੀ ਤਕਨੀਕ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਪਹਿਲਾਂ ਹੀ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਮੰਤਵ ਲਈ ਉਤਸ਼ਾਹ ਰਾਸ਼ੀ ਵਜੋਂ 450 ਕਰੋੜ ਰੁਪਏ ਰੱਖੇ ਗਏ ਹਨ।

IMG 20220518 WA0164

ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਮੈਂਬਰਾਂ ਨੇ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਮੁੱਖ ਮੰਤਰੀ ਦਾ ਕਿਸਾਨੀ ਦੀ ਭਲਾਈ ਲਈ ਲੀਹ ਤੋਂ ਹਟਵਾਂ ਰਾਹ ਤਲਾਸ਼ਣ ਲਈ ਧੰਨਵਾਦ ਕੀਤਾ।

ਭਗਵੰਤ ਮਾਨ ਨੇ ਕਿਸਾਨ ਆਗੂਆਂ ਤੋਂ ਖੇਤੀਬਾੜੀ ਖੇਤਰ ਵਿੱਚ ਕਿਸਾਨ ਪੱਖੀ ਸੁਧਾਰ ਲਿਆਉਣ ਲਈ ਘੱਟੋ-ਘੱਟ ਇਕ ਸਾਲ ਦਾ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ “ਕਿਰਪਾ ਕਰਕੇ ਸਬਰ ਰੱਖੋ, ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੀਆਂ ਜਥੇਬੰਦੀਆਂ ਨੂੰ ਮੈਂ ਧਰਨਾ ਮੁਕਤ ਕਰ ਦੇਵਾਂਗਾ।” ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਨਾਲ ਸਬੰਧਤ ਕੋਈ ਵੀ ਮਸਲਾ ਹੱਲ ਕਰਨ ਲਈ ਉਨ੍ਹਾਂ ਦੇ ਦਫਤਰ ਦੇ ਨਾਲ-ਨਾਲ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ ਅਤੇ ਉਹ ਲਗਾਤਾਰ ਗੱਲਬਾਤ ਰਾਹੀਂ ਸਾਰੇ ਭਾਈਵਾਲਾਂ ਦੀ ਮੁਕੰਮਲ ਸੰਤੁਸ਼ਟੀ ਲਈ ਖੁੱਲ੍ਹੇ ਮਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸੇ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਪ੍ਰਦਰਸ਼ਨਾਂ ਦਾ ਰਾਹ ਤਿਅਗਣ ਦੀ ਅਪੀਲ ਕਰਦਿਆਂ ਆਖਿਆ ਕਿ ਜੇ ਸਰਕਾਰ ਨਾਲ ਕੋਈ ਰੋਸਾ ਹੈ ਤਾਂ ਕਿਸੇ ਸੁਖਾਵੇਂ ਹੱਲ ਲਈ ਗੱਲਬਾਤ ਵਾਲੀ ਮੇਜ਼ ਉਤੇ ਆਉਣ।

IMG 20220518 WA0122

ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਚੁੱਕੇ ਇਕ ਹੋਰ ਮਸਲੇ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਉਤੇ ਲੰਮੇ ਸਮੇਂ ਤੋਂ ਕਾਬਜ਼ਕਾਰਾਂ, ਜਿਨ੍ਹਾਂ ਬੰਜਰ ਜ਼ਮੀਨਾਂ ਨੂੰ ਵਾਹੀਯੋਗ ਬਣਾਇਆ, ਨੂੰ ਮਾਲਕੀ ਹੱਕ ਦੇਣ ਲਈ ਵਿਆਪਕ ਰਣਨੀਤੀ ਲਿਆਏਗੀ। ਮੁੱਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਅਤੇ ਇਸ ਮਸਲੇ ਦਾ ਛੇਤੀ ਹੱਲ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਲਈ ਵਿੱਢੀ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਜ਼ਮੀਨ ਦੀ ਆਖਰੀ ਇੰਚ ਤੱਕ ਵੀ ਕਬਜ਼ਿਆਂ ਤੋਂ ਮੁਕਤ ਨਹੀਂ ਕਰਵਾ ਲਈ ਜਾਂਦੀ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੀ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਚ ਕਿਸਾਨ ਜਥੇਬੰਦੀਆਂ ਨੂੰ ਵੀ ਸਹਿਯੋਗ ਦੇਣ ਲਈ ਕਿਹਾ।

IMG 20220518 WA0169

ਮੁੱਖ ਮੰਤਰੀ ਨੇ ਕਿਸਾਨਾਂ ਤੇ ਖੇਤ ਕਾਮਿਆਂ ਵਿਚਾਲੇ ਵਧੀਆ ਰਿਸ਼ਤੇ ਬਰਕਰਾਰ ਰੱਖਣ ਦੀ ਅਪੀਲ ਕੀਤੀ ਤਾਂ ਜੋ ਦੋਵਾਂ ਧਿਰਾਂ ਦੇ ਹਿੱਤਾਂ ਦੀ ਰਾਖੀ ਲਈ ਕਿਸਾਨੀ ਕਿੱਤੇ ਨੂੰ ਵਿੱਤੀ ਤੌਰ ਉਤੇ ਟਿਕਾਊ ਬਣਾਇਆ ਜਾਵੇ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਸਾਡੇ ਚੇਤਿਆਂ ਤੋਂ ਵੀ ਪਹਿਲਾਂ ਤੋਂ ਚੱਲਦੇ ਆ ਰਹੇ ਦੋਵਾਂ ਧਿਰਾਂ ਦੇ ਲਾਮਿਸਾਲ ਰਿਸ਼ਤੇ ਹੋਰਨਾਂ ਲਈ ਮਿਸਾਲ ਬਣਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂ ਪ੍ਰਸਾਦ, ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਊਰਜਾ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਹਾਜ਼ਰ ਸਨ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button