ਕੈਪਟਨ ਤੇ ਨਵਜੋਤ ਸਿੱਧੂ ਬਾਰੇ ਰਾਜਾ ਵੜਿੰਗ ਦੀਆਂ ਬੇਬਾਕ ਟਿੱਪਣੀਆਂ
ਕਿਹਾ– ਹਾਲੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹੋਈਆਂ ਗੜਬੜੀਆਂ

‘ਡੀ-5 ਚੈਨਲ ਪੰਜਾਬੀ’ ਨੂੰ ਦਿੱਤਾ EXCLUSIVE ਇੰਟਰਵਿਊ
NRIs ਦੇ ਮਸਲੇ ਹੱਲ ਕਰਨ ਦਾ ਕੀਤਾ ਦਾਅਵਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (AMRINDER SINGH RAJA WARRING, PRESIDENT, PUNJAB PARDESH CONGRESS COMMITTEE) ਨੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਤੇ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨਾਂ ਉਤੇ ਖੁੱਲ੍ਹ ਕੇ ਆਪਣੇ ਪ੍ਰਤੀਕਰਮ ਪ੍ਰਗਟ ਕੀਤੇ ਹਨ। ਉਨ੍ਹਾਂ ਹਾਲੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਹੋਈਆਂ ਕਥਿਤ ਗੜਬੜੀਆਂ ਦਾ ਮਾਮਲਾ ਵੀ ਚੁੱਕਿਆ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਐਨਆਰਆਈਜ਼ ਦੇ ਪ੍ਰਮੁੱਖ ਮਸਲੇ ਵੀ ਚੁੱਕਣ ਦੀ ਗੱਲ ਆਖੀ ਹੈ।
‘ਡੀ–5 ਚੈਨਲ ਪੰਜਾਬੀ’ ਦੇ CEO ਇਰਵਿੰਦਰ ਸਿੰਘ ਆਹਲੂਵਾਲੀਆ ਨਾਲ਼ ਇੱਕ ਖ਼ਾਸ (EXCLUSIVE) ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਬਚਪਨ ਦੀਆਂ ਗੱਲਾਂ ਤੋਂ ਲੈ ਕੇ ਆਪਣੀ ਹੁਣ ਤੱਕ ਦੀ ਜ਼ਿੰਦਗੀ ਦੇ ਵੱਖੋ–ਵੱਖਰੇ ਤਜਰਬੇ ਸਾਂਝੇ ਕੀਤੇ। ਰਾਜਾ ਵੜਿੰਗ ਨੇ ਇਸ ਤੋਂ ਪਹਿਲਾਂ ਕਦੇ ਵੀ ਪੰਜਾਬੀ ਮੀਡੀਆ ਨਾਲ਼ ਇੰਨੀ ਲੰਮੀ ਤੇ ਬੇਬਾਕ ਗੱਲਬਾਤ ਨਹੀਂ ਕੀਤੀ।
ਇਸ ਇੰਟਰਵਿਊ ਤੋਂ ਦਰਸ਼ਕਾਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਰਾਜਾ ਵੜਿੰਗ ਦਾ ਨਾਮ ਪਹਿਲਾਂ ਰਾਜਾ ਸੋਥਾ ਵੀ ਹੁੰਦਾ ਸੀ। ਗ਼ੈਰ–ਰਸਮੀ ਗੱਲਬਾਤ ਦੌਰਾਨ ਜਦੋਂ ਇਰਵਿੰਦਰ ਸਿੰਘ ਆਹਲੂਵਾਲੀਆ ਨੇ ਸੁਝਾਅ ਦਿੱਤਾ ਕਿ NRIs ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਛੋਟ ਮਿਲਣੀ ਚਾਹੀਦੀ ਹੈ, ਤਾਂ ਰਾਜਾ ਵੜਿੰਗ ਨੇ ਤੁਰੰਤ ਕਿਹਾ ਕਿ ਇਹ ਬਹੁਤ ਵਧੀਆ ਸੁਝਾਅ ਹੈ ਤੇ ਉਹ ਇਹ ਸੁਝਾਅ ਅੱਗੇ ਤੱਕ ਲਿਜਾ ਕੇ ਇਸ ਨੂੰ ਲਾਗੂ ਕਰਵਾਉਣ ਦੇ ਵੀ ਜਥੇਬੰਦਕ ਜਤਨ ਕਰਨਗੇ।
ਰਾਜਾ ਵੜਿੰਗ ਨੇ ਅੰਕੜਿਆਂ ਦੀ ਪੂਰੀ ਗਿਣਤੀ–ਮਿਣਤੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਾਂਗਰਸ ਪਾਰਟੀ ਸਾਲ 2027 ਦੀਆਂ ਚੋਣਾਂ ਜ਼ਰੂਰ ਜਿੱਤੇਗੀ। ਉਨ੍ਹਾਂ ਦੋਸ਼ ਲਾਇਆ ਕਿ ਹਾਲੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸੱਤਾਧਾਰੀ ਧਿਰ ਨੇ ਕਈ ਤਰ੍ਹਾਂ ਦੀਆਂ ਵਧੀਕੀਆਂ ਤੇ ਗੜਬੜੀਆਂ ਕੀਤੀਆਂ ਹਨ; ਜਿਨ੍ਹਾਂ ਬਾਰੇ ਪਿਛਲੇ ਕੁਝ ਸਮੇਂ ਦੌਰਾਨ ਆਵਾਜ਼ ਬੁਲੰਦ ਕੀਤੀ ਗਈ ਹੈ।
ਡੀ–5 ਚੈਨਲ ਪੰਜਾਬੀ ਵੱਲੋਂ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਭਾਜਪਾ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਹਾਲੀਆ ਇੰਟਰਵਿਊ ਦੌਰਾਨ ਕਾਂਗਰਸ ‘ਚ ਪਰਤਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨਾਲ਼ ਹੀ ਇਹ ਵੀ ਕਿਹਾ ਕਿ ਹੁਣ ਪੁਰਾਣੇ ਤੇ ਟਕਸਾਲੀ ਕਾਂਗਰਸੀ ਆਗੂਆਂ ਦੇ ਨਾਲ਼–ਨਾਲ਼ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਵਧੇਰੇ ਜ਼ਰੂਰਤ ਹੈ।
ਇੱਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ ਦਾ ਉਹ ਦਿਲੋਂ ਸਤਿਕਾਰ ਕਰਦੇ ਹਨ ਪਰ ਅਨੁਸ਼ਾਸਨਹੀਣਤਾ ਨੂੰ ਉਹ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕਰ ਸਕਦੇ।
ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੀ ਮਿਸਾਲ ਦਿੰਦਿਆਂ ਇਹ ਵੀ ਕਿਹਾ ਕਿ ਉਸ ਇਲਾਕੇ ਦੇ ਨਾਲ਼ ਰਾਜਸਥਾਨ ਦਾ ਬਾਰਡਰ ਲੱਗਦਾ ਹੈ, ਜਿੱਥੋਂ ਭੁੱਕੀ ਬਹੁਤ ਆਸਾਨੀ ਨਾਲ਼ ਤੇ ਸਸਤੀ ਮਿਲ਼ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪਿਛਲੇ ਕੁਝ ਸਮੇਂ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਦੀ ਦੁਰਵਰਤੋਂ ਕਾਰਣ ਇਸ ਫ਼ਾਨੀ ਜਹਾਨ ਤੋਂ ਕੂਚ ਕਰਦਿਆਂ ਵੇਖ ਚੁੱਕੇ ਹੋ। ‘ਪਰ ਕੀ ਤੁਸੀਂ ਕਦੇ ਕਿਸੇ ਵਿਅਕਤੀ ਨੂੰ ਅਫ਼ੀਮ ਜਾਂ ਭੁੱਕੀ ਦਾ ਨਸ਼ਾ ਕਰ ਕੇ ਮਰਦੇ ਤੱਕਿਆ ਹੈ?’ ਰਾਜਾ ਵੜਿੰਗ ਨੇ ਅਜਿਹਾ ਸੁਆਲ ਕੀਤਾ ਹੈ, ਜਿਸ ਦਾ ਜੁਆਬ ਹੁਣ ਆਮ ਜਨਤਾ ਤੋਂ ਹੀ ਨਹੀਂ, ਮਾਹਿਰਾਂ ਤੋਂ ਲੈਣ ਦੀ ਜ਼ਰੂਰਤ ਹੈ।
ਰਾਜਾ ਵੜਿੰਗ ਨੇ ਇਹ ਵੀ ਇੰਕਸ਼ਾਫ਼ ਕੀਤਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਮੁੱਖ ਮੰਤਰੀ ਦਾ ਕੋਈ ਚਿਹਰਾ ਨਹੀਂ ਐਲਾਨੇਗੀ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਹੁਣ ਕਦੇ ਵੀ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨੇਗੀ। ਉਨ੍ਹਾਂ ਇਸ ਲਈ ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਮਿਸਾਲਾਂ ਦਿੱਤੀਆਂ, ਜਿੱਥੇ ਕਾਂਗਰਸ ਪਾਰਟੀ ਨੇ ਆਪਣੀਆਂ ਸਰਕਾਰਾਂ ਬਣਾਈਆਂ ਹਨ ਪਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਪਹਿਲਾਂ ਨਹੀਂ ਕੀਤਾ ਸੀ।
ਰਾਜਾ ਵੜਿੰਗ ਨੇ ਆਖਿਆ ਕਿ ਪਾਰਟੀ ‘ਚ ਸਭ ਨੂੰ ਨਾਲ਼ ਲੈ ਕੇ ਚੱਲਣਾ ਬਹੁਤ ਔਖਾ ਕੰਮ ਹੈ। ਗੁੱਸੇ ਤੇ ਹੰਕਾਰ ਨਾਲ਼ ਕਦੇ ਵੀ ਪਾਰਟੀਆਂ ਨਹੀਂ ਚੱਲਿਆ ਕਰਦੀਆਂ। ਉਨ੍ਹਾਂ ਕਿਹਾ ਕਿ ਬੋਲਣ ਦੀ ਆਜ਼ਾਦੀ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ‘ਚ ਹੀ ਹੈ। ‘ਕੀ ਤੁਸੀਂ ਕਦੇ ਸੋਚ ਸਕਦੇ ਹੋ ਕਿ ਭਾਜਪਾ ਵਿੱਚ PM ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਕਿਸੇ ਨੂੰ ਬੋਲਣ ਦੀ ਕੋਈ ਆਜ਼ਾਦੀ ਹੈ? ਕੀ ਆਮ ਆਦਮੀ ਪਾਰਟੀ ਵਿੱਚ ਅਰਵਿੰਦ ਕੇਜਰੀਵਾਲ਼ ਅਤੇ ਭਗਵੰਤ ਮਾਨ ਤੋਂ ਹੋਰ ਕੋਈ ਕੁਝ ਬੋਲ ਸਕਦਾ ਹੈ?’
ਇੱਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਬੱਸਾਂ ਦੀਆਂ ਬਾਡੀਆਂ ਸਿਰਫ਼ ਤਸਦੀਕਸ਼ੁਦਾ ਨਿਰਮਾਤਾਵਾਂ ਤੋਂ ਹੀ ਬਣਵਾਈਆਂ ਜਾ ਸਕਦੀਆਂ ਹਨ। ‘ਮੌਜੂਦਾ ਸਰਕਾਰ ਨੇ ਕਿਲੋਮੀਟਰ ਸਕੀਮ ਅਧੀਨ ਜਿਹੜੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਪਰਮਿਟ ਦਿੱਤੇ ਹਨ, ਉਨ੍ਹਾਂ ਨੇ ਵੀ ਤਾਂ ਰਾਜਸਥਾਨ ਤੋਂ ਹੀ ਆਪਣੀਆਂ ਬੱਸਾਂ ਤਿਆਰ ਕਰਵਾਈਆਂ ਹਨ। ਅਸੀਂ ਕਦੇ ਵੀ ਕਿਸੇ ਗ਼ੈਰ–ਤਸਦੀਕਸ਼ੁਦਾ ਬਾਡੀ ਬਿਲਡਰ ਤੋਂ ਬੱਸਾਂ ਤਿਆਰ ਨਹੀਂ ਕਰਵਾ ਸਕਦੇ ਕਿਉਂਕਿ ਕਦੋਂ ਯਾਤਰੀਆਂ ਨੂੰ ਖ਼ਤਰਾ ਖੜ੍ਹਾ ਹੋ ਜਾਵੇ, ਇਸ ਬਾਰੇ ਕੋਈ ਵੀ ਗਰੰਟੀ ਨਹੀਂ ਦੇ ਸਕਦਾ।’
ਇੱਕ ਸੁਆਲ ਦਾ ਜੁਆਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਖ਼ਾਲਿਸਤਾਨ ਦਾ ਸੱਚਮੁਚ ਉੱਕਾ ਕੋਈ ਸਮਰਥਕ ਨਹੀਂ ਹੈ।
ਇਸ ਪੂਰੇ ਇੰਟਰਵਿਊ ਦਾ ਪੂਰੀ ਤਰ੍ਹਾਂ ਆਨੰਦ ਮਾਣਨ ਲਈ ਇੱਥੇ ਹੇਠਾਂ ਦਿੱਤੇ ਲਿੰਕ ਉਤੇ ਕਲਿੱਕ ਕਰੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




