Opinion

ਸਿੱਖੀ ਸਿਦਕ ਦਾ ਮੁਜੱਸਮਾ : ਜਥੇਦਾਰ ਗੁਰਚਰਨ ਸਿੰਘ ਟੌਹੜਾ

1 ਅਪ੍ਰੈਲ ਬਰਸੀ ‘ਤੇ ਵਿਸ਼ੇਸ਼

ਉਜਾਗਰ ਸਿੰਘ

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਲਿਆਂ 19 ਸਾਲ ਬੀਤ ਗਏ ਹਨ ਪ੍ਰੰਤੂ ਉਨ੍ਹਾਂ ਦੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰ ਰਹੀ ਹੈ। ਭਾਵੇਂ ਉਹ ਸਿਆਸੀ ਵਿਅਕਤੀ ਸਨ ਪ੍ਰੰਤੂ ਉਨ੍ਹਾਂ ਸਿਆਸਤ ਨੂੰ ਆਪਣੀਆਂ ਧਾਰਮਿਕ ਸਰਗਰਮੀਆਂ ਉਪਰ ਭਾਰੂ ਨਹੀਂ ਪੈਣ ਦਿੱਤਾ। ਉਨ੍ਹਾਂ ਦੀ ਹਮੇਸ਼ਾ ਪਹਿਲ ਸਿੱਖ ਧਰਮ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਹੁੰਦੀ ਸੀ। ਟੌਹੜਾ ਪਿੰਡ ਦੇ ਲੋਕ ਸੱਥਾਂ ਵਿੱਚ ਬੈਠਕੇ ਵਰਤਮਾਨ ਸਿੱਖ ਨੇਤਾਵਾਂ ਦੀਆਂ ਸਿੱਖ ਧਰਮ ਦੀ ਸਰਵਉਚਤਾ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਕਿੰਤੂ ਪ੍ਰੰਤੂ ਕਰਦੇ ਹੋਏ ਜਥੇਦਾਰ ਟੌਹੜਾ ਦੇ ਕਦਾਵਰ ਵਿਅਕਤੀਤਿਵ ‘ਤੇ ਮਾਣ ਨਾਲ ਫ਼ਖ਼ਰ ਮਹਿਸੂਸ ਕਰਦੇ ਹਨ। ਜਥੇਦਾਰ ਟੌਹੜਾ ਤੋਂ ਬਿਨਾਂ ਟੌਹੜਾ ਪਿੰਡ ਉਦਾਸ ਵਿਖਾਈ ਦਿੰਦਾ ਹੈ, ਜਿਥੇ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਹੀ ਰੌਣਕਾਂ ਲੱਗ ਜਾਂਦੀਆਂ ਸਨ, ਅੱਜ ਟੌਹੜਾ ਪਿੰਡ ਦੀਆਂ ਗਲੀਆਂ ਸੁੰਨਸਾਨ ਪਈਆਂ ਹਨ।

ਅੱਜ ਜਦੋਂ ਸਿੱਖ ਜਗਤ ਦੁਬਿਧਾ ਵਿੱਚ ਪਿਆ ਹੋਇਆ ਹੈ ਤਾਂ ਗੁਰਚਰਨ ਸਿੰਘ ਟੌਹੜਾ ਵਰਗੇ ਸਿਦਕਵਾਨ ਸਿੱਖ ਨੇਤਾ ਦੀ ਲੋੜ ਮਹਿਸੂਸ ਹੋ ਰਹੀ ਹੈ। ਸਿੱਖ ਨੌਜਵਾਨ ਸਿੱਖ ਸਿਧਾਂਤਾਂ ਤੋਂ ਕਿਨਾਰਾ ਕਰੀ ਜਾ ਰਹੇ ਹਨ। ਉਨ੍ਹਾਂ ‘ਤੇ ਪਤਿਤਪੁਣਾ ਭਾਰੂ ਹੈ ਅਤੇ ਸਿੱਖੀ ਸੋਚ ਦੀ ਵਿਚਾਰਧਾਰਾ ‘ਤੇ ਅਮਲ ਬਾਰੇ ਭੰਬਲਭੂਸੇ ਵਿੱਚ ਪਏ ਹੋਏ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਉਨ੍ਹਾਂ ਨੂੰ ਯੋਗ ਅਗਵਾਈ ਦੇਣ ਵਾਲਾ ਕਦਾਵਰ ਧਾਰਮਿਕ ਨੇਤਾ ਨਹੀਂ ਹੈ। ਗੀਭੀਰ ਸੰਕਟ ਦੇ ਸਮੇਂ ਸਿੱਖੀ ਸਿਦਕ ਦੇ ਮੁੱਦਈ ਗੁਰਮਤਿ ਦੇ ਧਾਰਨੀ ਧਾਰਮਿਕ ਵਿਦਵਾਨ ਬੁੱਧੀਜੀਵੀਆਂ ਨੂੰ ਯੋਗ ਅਗਵਾਈ ਲਈ ਮੋਹਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਗੁਰਚਰਨ ਸਿੰਘ ਟੌਹੜਾ 18 ਸਾਲ ਸਿੱਖੀ ਅਤੇ ਸਿੱਖ ਵਿਚਾਰਧਾਰਾ ਦੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਰਹੇ। ਉਹ ਸਾਰੀ ਉਮਰ ਸਿੱਖ ਵਿਚਾਰਧਾਰਾ ਨੂੰ ਸਮਰਪਤ ਰਹੇ।

ਉਨ੍ਹਾਂ ਨੇ ਭਾਵੇਂ ਬਹੁਤੀ ਅਕਾਦਮਿਕ ਵਿਦਿਆ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਥੋੜ੍ਹਾ ਸਮਾਂ ਸੰਸਕ੍ਰਿਤ ਵਿਦਿਆਲਿਆ ਪਟਿਆਲਾ ਵਿੱਚ  ਪੜ੍ਹਾਈ ਕੀਤੀ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਆਪਣਾ ਧਾਰਮਿਕ ਅਤੇ ਸਿਆਸੀ ਜੀਵਨ ਸ਼ੁਰੂ ਕਰ ਲਿਆ ਸੀ। ਉਨ੍ਹਾਂ ਨੇ ਅਕਾਲੀ ਮੋਰਚੇ ਵਿੱਚ 1944 ਵਿੱਚ ਹਿੱਸਾ ਲਿਆ ਅਤੇ ਜੇਲ੍ਹ ਯਾਤਰਾ ਵੀ ਕੀਤੀ। ਇਸ ਤੋ ਬਾਅਦ ਉਨ੍ਹਾਂ ਨੇ ਹਰ ਅਕਾਲੀ ਮੋਰਚੇ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਅਨੇਕਾਂ ਵਾਰ ਜੇਲ੍ਹ ਕੱਟੀ। 1960 ਵਿੱਚ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਲਗਾਤਾਰ ਉਸ ਤੋਂ ਬਾਅਦ ਆਪਣੀ ਮੌਤ 1 ਅਪ੍ਰੈਲ 2004 ਤੱਕ ਇਸਦੇ ਮੈਂਬਰ ਰਹੇ। ਉਹ 6 ਜਨਵਰੀ 1973 ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਅਤੇ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਇਸ ਸਮੇਂ ਦੌਰਾਨ ਉਨ੍ਹਾਂ ਨੇ ਸਿੱਖੀ ਸੋਚ, ਪਰੰਪਰਾਵਾਂ ਅਤੇ ਵਿਚਾਰਧਾਰਾ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ।

ਕੁਝ ਹੱਦ ਤੱਕ ਉਹ ਸਫਲ ਵੀ ਹੋਏ। ਉਹ ਹਮੇਸ਼ਾ ਇਹ ਕਹਿੰਦੇ ਸਨ ਕਿ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਮੁੱਦਈ ਹੋਵੋ ਪ੍ਰੰਤੂ ਆਪੋ ਆਪਣੇ ਧਰਮ ਵਿੱਚ ਪ੍ਰਪੱਕ ਹੋਣੇ ਚਾਹੀਦੇ ਹੋ। ਉਹ 1 ਅਪ੍ਰੈਲ 2004 ਨੂੰ ਸਾਡੇ ਤੋਂ ਵਿਦਾ ਹੋ ਗਏ ਸਨ। ਉਨ੍ਹਾਂ ਦੀ ਧਾਰਮਿਕ ਅਕੀਦਤ ਅਤੇ ਸਮਰਪਣ ਭਾਵਨਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਉਸ ਸਮੇਂ ਪਿਆ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਵਿੱਚ ਹਿੱਸਾ ਲੈ ਰਹੇ ਸਨ। ਅਜੇ ਉਨ੍ਹਾਂ ਨੂੰ ਇਸ ਫ਼ਾਨੀ ਸੰਸਾਰ ਤੋਂ ਅਲਵਿਦਾ ਹੋਇਆਂ 19 ਸਾਲ ਹੀ ਹੋਏ ਹਨ ਪ੍ਰੰਤੂ ਸਿੱਖ ਧਰਮ ਵਿੱਚ ਨਿਘਾਰ ਬਹੁਤ ਜ਼ਿਆਦਾ ਆ ਗਿਆ ਹੈ।  ਇਸ ਸਮੇਂ ਸਿੱਖ ਜਗਤ ਘੋਰ ਸੰਕਟ ਵਿੱਚ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਾ ਵਿਅਕਤੀ ਹੀ, ਉਸ ਨੂੰ ਸੁਚੱਜੀ ਅਗਵਾਈ ਦੇ ਕੇ ਸਹੀ ਰਸਤੇ ‘ਤੇ ਲਿਆ ਸਕਦਾ ਹੈ।

80ਵਿਆਂ ਵਿੱਚ ਸਿੱਖ ਨੌਜਵਾਨਾ ਨੇ ਇਕ ਲਹਿਰ ਚਲਾਈ ਸੀ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘਰਾਂ ਤੋਂ ਬਾਹਰ ਪ੍ਰਕਾਸ਼ ਕਰਨ ਤੇ ਪਾਬੰਦੀ ਲਾਈ ਸੀ। ਵਿਆਹਾਂ ਸਮੇਂ ਆਨੰਦ ਕਾਰਜ ਵੀ ਸਿਰਫ ਗੁਰੂ ਘਰਾਂ ਵਿੱਚ ਕਰਨ ਲਈ ਕਿਹਾ ਸੀ, ਜਿਸ ‘ਤੇ ਪੂਰਾ ਅਮਲ ਹੁੰਦਾ ਰਿਹਾ ਪ੍ਰੰਤੂ ਅੱਜ ਕੀ ਹੋ ਰਿਹਾ ਹੈ, ਇਹ ਤੁਹਾਡੇ ਸਾਹਮਣੇ ਹਨ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਂ ਕੁ ਥਾਂ ਲਈ ਫਿਰਦੇ ਹਨ। ਮਰਿਆਦਾ ‘ਤੇ ਪੂਰਾ ਅਮਲ ਨਹੀਂ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 19 ਸਾਲਾਂ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ ਹੈ। ਨੌਜਵਾਨਾ ਨੂੰ ਸਹੀ ਦਿਸ਼ਾ ਨਿਰਦੇਸ਼ ਨਹੀਂ ਮਿਲ ਰਹੇ। ਨੌਜਵਾਨ ਪਤਿਤ ਹੋ ਰਹੇ ਹਨ। ਇਸ ਵਜਾਹ ਕਰਕੇ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਆ ਰਹੀ ਹੈ। ਸਿੱਖ ਜਗਤ ਲਈ ਹਾਲਾਤ ਸਾਜਗਾਰ ਨਹੀਂ ਹਨ।

  ਜਥੇਦਾਰ ਗੁਰਚਰਨ ਸਿੰਘ ਹਰ ਕਦਮ ਸਮੇਂ ਦੀ ਨਜ਼ਾਕਤ ਅਨੁਸਾਰ ਚੁੱਕਦੇ ਸਨ। ਇਕ ਉਦਾਹਰਣ ਦੇਵਾਂਗਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਉਪਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਪਟਿਆਲਾ ਲੋਕ ਸਭਾ ਦੀ ਚੋਣ ਸਮੇਂ ਨਿਰੰਕਾਰੀ ਭਵਨ ਵਿੱਚ ਜਾਣ ‘ਤੇ ਵਾਵਰੋਲਾ ਉਠਿਆ ਸੀ, ਉਸ ਸਮੇਂ ਉਨ੍ਹਾਂ ਬੇਬਾਕੀ ਨਾਲ ਕਿਹਾ ਸੀ ਕਿ ਪੰਜਾਬ ਵਿੱਚ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਅਤੇ ਸ਼ਾਂਤੀ ਸਥਾਪਤ ਕਰਨ ਲਈ ਅਜਿਹੇ ਕਦਮ ਚੁਕਣੇ ਪੈਂਦੇ ਹਨ। ਉਹ ਹਿੰਦੂ ਸਿੱਖਾਂ ਵਿੱਚੋਂ ਕੁੜੱਤਣ ਖ਼ਤਮ ਕਰਨ ਦੇ ਹੱਕ ਵਿੱਚ ਸਨ। ਉਸ ਸਮੇਂ ਉਨ੍ਹਾਂ ਦੇ ਜਵਾਈ ਹਰਮੇਲ ਸਿੰਘ ਟੌਹੜਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸਨ। ਉਨ੍ਹਾਂ ਨੇ ਪਟਿਆਲਾ-ਅਮਲੋਹ ਸੜਕ ‘ਤੇ ਨਹਿਰ ਦੇ ਪੁਲ ਦਾ ਨਂੀਹ ਪੱਥਰ ਟੌਹੜਾ ਸਾਹਿਬ ਤੋਂ ਰਖਵਾਇਆ ਸੀ। ਉਦੋਂ ਮੈਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਸੀ।

ਮੇਰੇ ਨਾਲ ਕੁਝ ਪੱਤਰਕਾਰ ਟੌਹੜਾ ਸਾਹਿਬ ਨੂੰ ਮਿਲਣ ਲਈ ਸਮਾਗਮ ‘ਤੇ ਗਏ ਸਨ। ਟੌਹੜਾ ਸਾਹਿਬ ਨੇ ਕਿਹਾ ਕਿ ਤੁਸੀਂ ਸਰਕਟ ਹਾਊਸ ਚਲੋ ਮੈਂ ਉਥੇ ਹੀ ਪੱਤਰਕਾਰਾਂ ਨਾਲ ਗੱਲ ਕਰਾਂਗਾ। ਉਨ੍ਹਾਂ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਫ਼ ਦਾ ਰਿਕਾਰਡ ਨਿਰੰਕਾਰੀ ਭਵਨ ਜਾਣ ਬਾਰੇ ਸਾਰੀ ਗੱਲ ਦੱਸ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਮੈਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਅਜਿਹੇ ਸਨ ਜਥੇਦਾਰ ਗੁਰਚਰਨ  ਸਿੰਘ ਟੌਹੜਾ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀਆਂ ਗ਼ਲਤੀਆਂ ਕਰਕੇ ਸਿੱਖ ਜਗਤ ਅਤੇ ਖਾਸ ਕਰਕੇ ਸਿੱਖ ਨੌਜਵਾਨ ਦਿਸ਼ਾਹੀਣ ਹੋਏ ਪਏ ਹਨ। ਸਿੱਖ ਬੁੱਧੀਜੀਵੀਆਂ ਨੂੰ ਆਪਸੀ ਖ਼ਹਿਬਾਜ਼ੀ ਛੱਡ ਕੇ ਸਿੱਖ ਧਰਮ ਦੀ ਬਿਹਤਰੀ ਲਈ ਇੱਕਮਤ ਹੋ ਕੇ ਸਿੱਖ ਜਗਤ ਨੂੰ ਸਹੀ ਅਗਵਾਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਸਿੱਖ ਜਗਤ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ  ਅਤੇ ਵਿਚਾਰਧਾਰਾ ‘ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ। ਸਿੱਖ ਲੀਡਰਸ਼ਿਪ ਨੂੰ ਅੱਜ ਟੌਹੜਾ ਸਾਹਿਬ ਦੀ ਬਰਸੀ ‘ਤੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਧਰਮ ਦੀ ਪ੍ਰਫੁਲਤਾ ਲਈ ਆਪਸੀ ਮਤਭੇਦ ਭੁਲਾ ਕੇ ਏਕਤਾ ਦਾ ਸਬੂਤ ਦੇਣਗੇ। ਜੇਕਰ ਸਿੱਖ ਨੇਤਾ ਏਸੇ ਤਰ੍ਹਾਂ ਅੱਡੋਫਾਟੀ ਹੋਏ ਰਹੇ ਤਾਂ ਸਿੱਖ ਧਰਮ ਦਾ ਨੁਕਸਾਨ ਹੋਵੇਗਾ। ਆਪਸੀ ਟਕਰਾਓ ਨਾਲ ਸਿੱਖ ਜਗਤ ਦਾ ਨੁਕਸਾਨ ਹੋ ਰਿਹਾ ਹੈ। ਏਕਤਾ ਦਾ ਸਬੂਤ ਦੇਣਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button