NewsPress ReleasePunjabTop News

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੰਗਰੂਰ ਵਿਖੇ ਲਹਿਰਾਇਆ ਕੌਮੀ ਝੰਡਾ, ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਲਿਆ ਅਹਿਦ

ਸੰਗਰੂਰ ਦੇ ਲੋਕਾਂ ਨੂੰ ਸਮਰਪਤ ਕੀਤੇ ਚਾਰ ਆਮ ਆਦਮੀ ਕਲੀਨਿਕ

ਸਮਾਗਮਾਂ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ‘ਚ 16 ਅਗਸਤ ਦੀ ਛੁੱਟੀ ਦਾ ਐਲਾਨ
ਚੰਡੀਗੜ੍ਹ: ਭਾਰਤ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਸੰਗਰੂਰ ਵਿਖੇ ਕੌਮੀ ਝੰਡਾ ਲਹਿਰਾਉਂਦਿਆਂ ਪੰਜਾਬ ਦੇ ਟਰਾਂਸਪੋਰਟ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਪੰਜਾਬ ਨੂੰ  ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਦਾ ਅਹਿਦ ਲਿਆ। ਕੈਬਨਿਟ ਮੰਤਰੀ ਨੇ ਇੱਥੇ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਅਤੇ ਪ੍ਰੇਰਨਾ ਦੀ ਗੱਲ ਹੈ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਪਰੇਡ ਦਾ ਨਿਰੀਖਣ ਵੀ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।
ਕੈਬਨਿਟ ਮੰਤਰੀ ਸ. ਭੁੱਲਰ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਕਾਨੂੰਨ ਤੇ ਵਿਵਸਥਾ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰਾਂ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ, ਸਿਹਤ, ਨਿਵੇਸ਼  ਪੱਖੀ ਮਾਹੌਲ ਸਿਰਜਣ ਅਤੇ ਉਦਯੋਗਾਂ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਲਗਭਗ 5 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਅਨੇਕਾਂ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਗੈਂਗਸਟਰ ਕਾਬੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਜੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਨਮਾਨ ਰਾਸ਼ੀ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਅਜਾਰੇਦਾਰੀ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਪੰਜਾਬ ਤੋਂ ਸਿੱਧੀਆਂ ਦਿੱਲੀ ਕੌਮਾਂਤਰੀ ਏਅਰਪੋਰਟ ਲਈ ਜਾਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਕਿਰਾਇਆ ਵੀ ਪ੍ਰਾਈਵੇਟ ਬੱਸਾਂ ਨਾਲੋਂ ਕਾਫ਼ੀ ਘੱਟ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ ਦਿਵਾਉਣ ਲਈ ਮੋਟਰ ਵਹੀਕਲ ਡੀਲਰਾਂ ਨੂੰ ਨਵੇਂ ਵਾਹਨ ਦੀ ਮੌਕੇ ’ਤੇ ਰਜਿਸਟ੍ਰੇਸ਼ਨ ਲਈ ਪ੍ਰਵਾਨਗੀ ਦੇਣ ਵਾਲੀ ਅਥਾਰਟੀ ਵਜੋਂ ਅਧਿਕਾਰਤ ਕੀਤਾ ਗਿਆ ਹੈ।
ਜ਼ਿਲੇ ਸੰਗਰੂਰ ਦੇ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਸ. ਭੁੱਲਰ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ 25 ਏਕੜ ਰਕਬੇ ਵਿੱਚ ਕਰੀਬ 345 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦਾ ਪਹਿਲਾ ਅਕਾਦਮਿਕ ਸੈਸ਼ਨ ਇੱਕ ਅਪ੍ਰੈਲ 2023 ਤੋਂ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਸੰਗਰੂਰ ਦੇ ਮੌਜੂਦਾ ਸਿਵਲ ਹਸਪਤਾਲ ਨੂੰ 220 ਬਿਸਤਰਿਆਂ ਤੋਂ ਅਪਗ੍ਰੇਡ ਕਰਕੇ 360 ਬਿਸਤਰਿਆਂ ਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਫ਼ ਸੁਥਰੀ ਊਰਜਾ ਦੀ ਦਿਸ਼ਾ ਵਿੱਚ ਠੋਸ ਕਦਮ ਪੁੱਟਦਿਆਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁਟਾਲ ਕਲਾਂ ਵਿਖੇ ਏਸ਼ੀਆ ਦਾ ਸਭ ਤੋਂ ਵੱਡਾ ਕੰਪਰੈੱਸਡ ਬਾਇਓ ਗੈਸ ਪਲਾਂਟ ਕਾਰਜਸ਼ੀਲ ਹੋ ਗਿਆ ਹੈ। ਜ਼ਿਲ੍ਹਾ ਸੰਗਰੂਰ ਵਿਖੇ ਸੈਂਟਰ ਫਾਰ ਐਕਸੀਲੈਂਸ ਫਾਰ ਓਨੀਅਨ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢ ਕੇ ਪਿਆਜ਼ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਕੈਬਨਿਟ ਮੰਤਰੀ ਭੁੱਲਰ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈਸਾਈਕਲ ਵੀ ਸੌਂਪੇ। ਆਜ਼ਾਦੀ ਦਿਵਸ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਕੈਬਨਿਟ ਮੰਤਰੀ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦਿਆਂ 16 ਅਗਸਤ ਨੂੰ ਉਨ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਸਕੂਲਾਂ ਵਲੋਂ ਆਜ਼ਾਦੀ ਸਮਾਗਮ ਵਿੱਚ ਹਿੱਸਾ ਲਿਆ ਗਿਆ।
ਉਨ੍ਹਾਂ ਸਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਟੀਮ ਪੱਧਰ ’ਤੇ 1100-1100 ਰੁਪਏ ਦੀ ਨਗਦ ਰਾਸ਼ੀ ਵੀ ਮੌਕੇ ’ਤੇ ਹੀ ਪ੍ਰਦਾਨ ਕੀਤੀ। ਕੈਬਨਿਟ ਮੰਤਰੀ ਵੱਲੋਂ ਮੁਰਾਹ ਬਫੈਲੋ ਪ੍ਰਾਜੈਕਟ ਸਕੀਮ ਅਧੀਨ ਪੰਜ ਪਸ਼ੂ ਪਾਲਕਾਂ ਨੂੰ ਚੈਕ ਵੰਡੇ ਗਏ। ਉਨ੍ਹਾਂ ਨੇ ਨਵੇਂ ਬੁਢਾਪਾ ਪੈਨਸ਼ਨਰਾਂ, ਦਿਵਿਆਂਗ ਵੋਟਰਾਂ, ਸਵੈ ਸਹਾਇਤਾ ਸਮੂਹਾਂ, ਮਗਨਰੇਗਾ ਦੇ ਜੋਬ ਕਾਰਡ ਹੋਲਡਰਾਂ ਨੂੰ ਵੀ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਪੁਲਿਸ ਲਾਈਨ ਵਿਖੇ ਸ਼ਹੀਦੀ ਸਮਾਰਕ ਵਿਖੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸੰਗਰੂਰ ਦੇ ਲੋਕਾਂ ਨੂੰ ਚਾਰ ਆਮ ਆਦਮੀ ਕਲੀਨਿਕ ਕੀਤੇ ਸਮਰਪਿਤ
ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਸੰਗਰੂਰ ਜ਼ਿਲ੍ਹੇ ਵਿੱਚ ਚਾਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ, ਜਿਨ੍ਹਾਂ ਵਿੱਚੋਂ ਦੋ ਕਲੀਨਿਕ ਸੰਗਰੂਰ ਸ਼ਹਿਰ ਵਿੱਚ, ਇੱਕ-ਇੱਕ ਭਵਾਨੀਗੜ੍ਹ ਅਤੇ ਧੂਰੀ ਵਿੱਚ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਪਹਿਲੇ ਪੜਾਅ ਤਹਿਤ ਸੂਬੇ ਵਿੱਚ ਕੁੱਲ 75 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਅਤੇ ਇਹ ਸਾਰੇ ਕਲੀਨਿਕ ਲੋਕਾਂ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਸਿਹਤ ਸੇਵਾਵਾਂ ਯਕੀਨੀ ਬਣਾਉਣਗੇ।
ਇਸ ਮੌਕੇ ਵਿਧਾਇਕਾ ਸੰਗਰੂਰ ਬੀਬਾ ਨਰਿੰਦਰ ਕੌਰ ਭਰਾਜ, ਵਿਧਾਇਕ ਲਹਿਰਾ ਬਰਿੰਦਰ ਕੁਮਾਰ ਗੋਇਲ, ਸੀਨੀਅਰ ਆਗੂ ਗੁਰਮੇਲ ਸਿੰਘ ਘਰਾਚੋਂ, ਜ਼ਿਲਾ ਤੇ ਸੈਸ਼ਨ ਜੱਜ ਰਜਿੰਦਰ ਸਿੰਘ ਰਾਏ ਸਮੇਤ ਹੋਰ ਜੱਜ ਸਾਹਿਬਾਨ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ ਵਿਕਾਸ ਵਰਜੀਤ ਵਾਲੀਆ, ਏ.ਡੀ.ਸੀ ਸ਼ਹਿਰੀ ਵਿਕਾਸ ਲਤੀਫ਼ ਅਹਿਮਦ, ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਸਮੇਤ ਕਈ ਅਧਿਕਾਰੀ ਹਾਜ਼ਰ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button