ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਜੰਗਲਾਤ ਅਫ਼ਸਰ ਅਤੇ ਠੇਕੇਦਾਰ 2,00,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜਿਲ੍ਹਾ ਜੰਗਲਾਤ ਅਫ਼ਸਰ ਐਸ.ਏ.ਐਸ. ਨਗਰ ਗੁਰਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ਼ ਹੈਮੀ ਨੂੰ ਡਬਲਯੂ.ਡਬਲਯੂ.ਆਈ.ਸੀ.ਐਸ. ਅਸਟੇਟ ਪ੍ਰਾਈਵੇਟ ਲਿਮਟਿਡ ਕੰਪਨੀ, ਪਿੰਡ ਮਸੌਲ ਅਤੇ ਟਾਂਡਾ, ਜ਼ਿਲ੍ਹਾ ਐਸਏਐਸ ਨਗਰ ਦੇ ਮਾਲਕ ਦਵਿੰਦਰ ਸਿੰਘ ਸੰਧੂ ਦੇ ਪ੍ਰਾਜੈਕਟਾਂ ਸਬੰਧੀ ਪੱਖ ਲੈਣ ਬਦਲੇ 2,00,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ।
ਇਸ ਸਬੰਧੀ ਗੁਰਮਨਪ੍ਰੀਤ ਸਿੰਘ, ਡੀ.ਐਫ.ਓ. ਅਤੇ ਹਰਮਹਿੰਦਰ ਸਿੰਘ ਉਰਫ਼ ਹੈਮੀ, ਠੇਕੇਦਾਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਵਿੰਦਰ ਸਿੰਘ ਸੰਧੂ ਅਤੇ ਉਸ ਦੇ ਪਿਤਾ ਬਲਜੀਤ ਸਿੰਘ ਸੰਧੂ ਪਿੰਡ ਮਸੌਲ ਅਤੇ ਟਾਂਡਾ, ਸਬ-ਡਵੀਜ਼ਨ ਮਾਜਰੀ, ਜ਼ਿਲ੍ਹਾ ਮੋਹਾਲੀ ਵਿਖੇ ਆਪਣੀ ਕੰਪਨੀ ਡਬਲਯੂ.ਡਬਲਿਊ.ਆਈ.ਸੀ.ਐਸ. ਅਸਟੇਟ ਪ੍ਰਾਈਵੇਟ ਲਿਮਟਿਡ ਦੇ ਨਾਂ ‘ਤੇ ਕਰੀਬ 100 ਏਕੜ ਜ਼ਮੀਨ ਦੇ ਮਾਲਕ ਹਨ ਅਤੇ ਉਪਰੋਕਤ ਜ਼ਮੀਨ ਦਾ ਕੁਝ ਹਿੱਸਾ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਲੈਂਡ ਐਕਟ, 1900 ਦੀ ਧਾਰਾ 4 ਅਧੀਨ ਆਉਂਦਾ ਹੈ।
ਉਨ੍ਹਾਂ ਦੱਸਿਆ ਕਿ ਰਣਜੋਧ ਸਿੰਘ, ਵਣ ਰੇਂਜ ਅਫ਼ਸਰ ਐਸ.ਏ.ਐਸ.ਨਗਰ ਵੱਲੋਂ ਬਲਜੀਤ ਸਿੰਘ ਸੰਧੂ ਖਿਲਾਫ਼ 24.04.2022 ਨੂੰ ਥਾਣਾ ਨਵਾਂਗਾਓਂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸਬੰਧੀ ਸ਼ਿਕਾਇਤਕਰਤਾ ਦਵਿੰਦਰ ਸਿੰਘ ਸੰਧੂ, ਰਣਜੋਧ ਸਿੰਘ, ਵਣ ਰੇਂਜ ਅਫ਼ਸਰ ਅਤੇ ਅਮਨ ਪਟਵਾਰੀ ਨੇ ਜੰਗਲਾਤ ਠੇਕੇਦਾਰ ਹਰਮਹਿੰਦਰ ਸਿੰਘ ਉਰਫ਼ ਹੈਮੀ ਨਾਲ ਉਨ੍ਹਾਂ ਦੇ ਨਿੱਜੀ ਦਫ਼ਤਰ ਵਿਖੇ ਮੁਲਾਕਾਤ ਕੀਤੀ, ਜਿੱਥੇ ਰਣਜੋਧ ਸਿੰਘ ਨੇ ਖੁਲਾਸਾ ਕੀਤਾ ਕਿ ਉਪਰੋਕਤ ਸ਼ਿਕਾਇਤ ਉਨ੍ਹਾਂ ਵੱਲੋਂ ਗੁਰਮਨਪ੍ਰੀਤ ਸਿੰਘ ਡੀ.ਐਫ.ਓ. ਵਿਸ਼ਾਲ ਚੌਹਾਨ, ਕੰਜ਼ਰਵੇਟਰ ਆਫ਼ ਫਾਰੈਸਟ (ਵਣਪਾਲ) ਦੇ ਕਹਿਣ ‘ਤੇ ਕਰਵਾਈ ਗਈ ਸੀ।
ਉਹਨਾਂ ਅੱਗੇ ਖੁਲਾਸਾ ਕੀਤਾ ਕਿ ਜੰਗਲਾਤ ਠੇਕੇਦਾਰ ਹਰਮਹਿੰਦਰ ਸਿੰਘ ਉਰਫ ਹੈਮੀ ਨੇ ਦਵਿੰਦਰ ਸਿੰਘ ਸੰਧੂ ਨਾਲ ਟੈਲੀਫੋਨ ‘ਤੇ ਸੰਪਰਕ ਕੀਤਾ ਅਤੇ ਉਸਨੂੰ 30.04.2022 ਨੂੰ ਗੁਰਮਨਪ੍ਰੀਤ ਸਿੰਘ ਡੀਐਫਓ ਨੂੰ ਮਿਲਣ ਲਈ 2,00,000 ਰੁਪਏ ਦੇ ਇੱਕ ਪੈਕੇਟ ਸਮੇਤ ਸੈਕਟਰ 74, ਮੋਹਾਲੀ ਸਥਿਤ ਆਪਣੇ ਨਿੱਜੀ ਦਫਤਰ ਵਿਖੇ ਪਹੁੰਚਣ ਲਈ ਕਿਹਾ।
ਇਸ ਪਿੱਛੋਂ ਦਵਿੰਦਰ ਸਿੰਘ ਸੰਧੂ, ਹਰਮਹਿੰਦਰ ਸਿੰਘ ਉਰਫ ਹੈਮੀ ਦੇ ਦਫਤਰ ਗਿਆ ਅਤੇ ਉਸਨੇ ਵੀਡੀਓ ਰਿਕਾਰਡਿੰਗ ਦੀ ਆਪਣੀ ਡਿਵਾਈਸ ਨੂੰ ਚਾਲੂ ਕੀਤਾ। ਉਹਨਾਂ ਅੱਗੇ ਦੱਸਿਆ ਕਿ ਹਰਮਹਿੰਦਰ ਸਿੰਘ ਉਰਫ ਹੈਮੀ ਨੇ ਦਵਿੰਦਰ ਸਿੰਘ ਸੰਧੂ ਨੂੰ ਕਿਹਾ ਕਿ ਜੇਕਰ ਤੁਸੀਂ ਫਾਰਮ ਹਾਊਸ ਤੋਂ 1,00,00000/- (ਇੱਕ ਕਰੋੜ) ਰੁਪਏ ਕਮਾਏ ਹਨ ਤਾਂ ਉਸ ਵਿੱਚੋਂ ਉਹ 90,00,000/- (ਨੱਬੇ ਲੱਖ) ਰੁਪਏ ਡੀਐਫਓ ਨੂੰ ਦੇਵੋ।
ਹੋਰ ਵੇਰਵੇ ਸਾਂਝੇ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਹਰਮਹਿੰਦਰ ਸਿੰਘ ਉਰਫ ਹੈਮੀ ਦੇ ਕਹਿਣ ‘ਤੇ ਦਵਿੰਦਰ ਸਿੰਘ ਸੰਧੂ ਨੇ 2,00,000/- ਰੁਪਏ ਵਾਲਾ ਪੈਕੇਟ ਗੁਰਮਨਪ੍ਰੀਤ ਸਿੰਘ, ਡੀ.ਐਫ.ਓ. ਨੂੰ ਸੌਂਪਿਆ ਜੋ ਉਸ ਨੇ ਆਪਣੇ ਕੋਲ ਰੱਖ ਲਿਆ ਸੀ। ਉਪਰੋਕਤ ਗੱਲਬਾਤ/ਕਾਰਵਾਈ ਦਵਿੰਦਰ ਸਿੰਘ ਸੰਧੂ ਦੁਆਰਾ ਰਿਕਾਰਡ ਕੀਤੀ ਗਈ ਸੀ ਅਤੇ ਆਪਣੇ ਡਿਵਾਈਸ ਵਿੱਚ ਸੁਰੱਖਿਅਤ ਕੀਤੀ ਗਈ ਸੀ।
ਬਾਅਦ ਵਿਚ ਜਦੋਂ ਸ਼ਿਕਾਇਤਕਰਤਾ ਨੇ ਉਨ੍ਹਾਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਿਕਾਇਤਕਰਤਾ ਦੇ ਪਿਤਾ ਅਤੇ ਉਸ ਦੀ ਕੰਪਨੀ ਦੇ ਕਰਮਚਾਰੀ ਖਿਲਾਫ ਥਾਣਾ ਨਵਾਂਗਾਓਂ ਵਿਖੇ ਐਫਆਈਆਰ ਨੰਬਰ 39 ਮਿਤੀ 09.05.2022 ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ, 1900 ਦੀ ਧਾਰਾ 4, 5 ਤਹਿਤ ਦਰਜ ਕਰਵਾ ਦਿੱਤਾ ਗਿਆ।
ਉਪਰੋਕਤ ਦੋਸ਼ਾਂ ਦੇ ਆਧਾਰ ‘ਤੇ, ਵਿਜੀਲੈਂਸ ਬਿਊਰੋ ਵੱਲੋਂ ਗੁਰਮਨਪ੍ਰੀਤ ਸਿੰਘ, ਡੀ.ਐਫ.ਓ. ਅਤੇ ਹਰਮਹਿੰਦਰ ਸਿੰਘ ਉਰਫ ਹੈਮੀ, ਠੇਕੇਦਾਰ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਅਧੀਨ ਐੱਫ.ਆਈ.ਆਰ. ਨੰ.6 ਮਿਤੀ 02.06.2022 ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਦੌਰਾਨ ਰਣਜੋਧ ਸਿੰਘ, ਵਣ ਰੇਂਜ ਅਫਸਰ, ਅਮਨ ਪਟਵਾਰੀ ਅਤੇ ਵਿਸ਼ਾਲ ਚੌਹਾਨ, ਕੰਜ਼ਰਵੇਟਰ ਆਫ਼ ਫਾਰੈਸਟ (ਵਨਪਾਲ) ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.