EDITORIAL

100 ਵਾਲੀ ਦਵਾਈ 10 ਰੁ: ਦੀ

ਮਹਿੰਗੀਆਂ ਦਵਾਈਆਂ ਦਾ ਕੌੜਾ ਸੱਚ

ਅਮਰਜੀਤ ਸਿੰਘ ਵੜੈਚ (9417801988)

ਜਿੰਨੀ ਲੁੱਟ ਡਾਕਟਰੀ ਪੇਸ਼ੇ ਵਿੱਚ ਕਈ ਲੋਕ ਕਰ ਰਹੇ ਹਨ ਓਨੀ ਹੋਰ ਕਿਸੇ ਵੀ ਕਿੱਤੇ ਵਿੱਚ ਨਹੀਂ ਹੁੰਦੀ। ਮੌਜੂਦਾ ਸਮੇਂ ਵਿੱਚ ਚੱਲ ਰਹੀ ਮਹਾਂਮਾਰੀ ਦੌਰਾਨ ਨਿੱਜੀ ਹਸਪਤਾਲਾਂ ਦੇ ਖਰਚੇ ਭਰ-ਭਰ ਕੇ ਬਹੁਤ ਸਾਰੇ ਲੋਕ ਬਰਬਾਦ ਹੋ ਗਏ ਪਰ ਮਰੀਜ਼ ਫਿਰ ਵੀ ਨਹੀਂ ਬਚੇ। ਨੌਇਡਾ ਦੇ ਇੱਕ ਨਿੱਜੀ ਹਸਪਤਾਲ ਨੇ ਇੱਕ ਮਹਾਂਮਾਰੀ ਦੇ ਮਰੀਜ਼ ਦੇ ਇਲਾਜ਼ ਦਾ 15 ਦਿਨਾਂ ਦਾ 14 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਅਸੀਂ ਸਮਾਜ ਵਿੱਚ ਅਕਸਰ ਲੋਕਾਂ ਤੋਂ ਸੁਣਦੇ ਹਾਂ। ਨਿੱਜੀ ਹਸਪਤਾਲਾਂ ਵਿੱਚ ਦਵਾਈਆਂ, ਆਪਰੇਸ਼ਨ, ਟੈਸਟ, ਡਾਕਟਰ ਦਾ ਵਿਜ਼ਿਟ, ਖਾਣਾ ਆਦਿ ਦੇ ਕਈ ਕਿਸਮ ਦੇ ਖਰਚੇ ਪਾ ਦਿੰਦੇ ਹਨ।

ਇਨ੍ਹਾਂ ਸਾਰੀਆਂ ਚੀਜ਼ਾਂ ਦੇ ਖਰਚੇ ਆਮ ਵਿਅਕਤੀ ਦੀ ਸਮਝ ਅਤੇ ਸਮਰੱਥਾ ਦੋਨਾਂ ਤੋਂ ਹੀ ਬਾਹਰੇ ਹੁੰਦੇ ਹਨ। ਸਿਰਫ ਨਿੱਜੀ ਹਸਪਤਾਲ ਹੀ ਨਹੀਂ ਲੁੱਟਦੇ, ਡਾਕਟਰੀ ਦੀ ਪੜ੍ਹਾਈ ਕਰਨੀ ਵੀ ਆਮ ਪਰਿਵਾਰ ਦੀ ਪਹੁੰਚ ਤੋਂ ਪਰੇ ਦੀ ਗੱਲ ਹੈ। ਦਵਾਈਆਂ ਅਤੇ ਮੈਡੀਕਲ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਵੀ ਰੱਜ ਕੇ ਕਮਾਈ ਕਰ ਰਹੀਆਂ ਹਨ। ਇਸਦੇ ਨਾਲ ਹੀ ਇਹ ਕੰਪਨੀਆਂ ਸਰਕਾਰੀ ਟੈਕਸ ਬਚਾਉਣ ਲਈ ਵੀ ਦੋ ਨੰਬਰ ਵਿੱਚ ਵਪਾਰ ਕਰਦੀਆਂ ਹਨ।

ਅੱਜ ਬਾਜ਼ਾਰ ਵਿੱਚ ਦੋ ਕਿਸਮ ਦੀਆਂ ਦਵਾਈਆਂ ਮਿਲਦੀਆਂ ਹਨ : ਕੰਪਨੀ ਭਾਵ ਬਰੈਂਡਿਡ ਅਤੇ ਜੈਨਰਿਕ ਭਾਵ ਸਾਲਟ/ਰਸਾਇਣ ਦੇ ਨਾਮ ਦੀ ਦਵਾਈ। ਇਨ੍ਹਾਂ ਦੋਵਾਂ ਹੀ ਕਿਸਮ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਹੈ। ਜੈਨਰਿਕ ਦਵਾਈਆਂ ਅਤੇ ਬਰੈਂਡਿਡ ਦਵਾਈਆਂ ਦੇ ਅਸਰ, ਸਾਈਡ ਈਫੈਕਟਸ, ਮਾਤਰਾ, ਖ਼ਤਮ ਹੋਣ ਦੀ ਤਾਰੀਖ ਆਦਿ ਵਿੱਚ ਕੋਈ ਵੀ ਫ਼ਰਕ ਨਹੀਂ ਹੁੰਦਾ ਭਾਵ ਦੋਵੇਂ ਇਕੋ ਹੀ ਤਰ੍ਹਾਂ ਦੀਆਂ ਹੁੰਦੀਆਂ ਹਨ। ਭਾਰਤ ਸਰਕਾਰ ਵੱਲੋਂ ਤਾਂ ਡਾਕਟਰਾਂ ਨੂੰ ਹਦਾਇਤਾਂ ਹਨ ਕਿ ਉਹ ਮਰੀਜ਼ ਦ‌ੀ ਪਰਚੀ ਉਪਰ ਜੈਨਰਿਕ ਦਵਾਈਆਂ ਸਾਫ਼-ਸਾਫ਼ ਜਾ ਫਿਰ ਅੰਗਰੇਜ਼ੀ ਦੇ ਵੱਡੇ ਅੱਖਰਾਂ ਵਿੱਚ ਹੀ ਲਿਖਣ।

ਭਾਰਤ ਸਰਕਾਰ ਨੇ ਲੋਕਾਂ ਤੱਕ ਜੈਨਰਿਕ ਦਵਾਈਆਂ ਪਹੁੰਚਾੳਣ ਲਈ 2008 ਵਿੱਚ ‘ਪ੍ਰਧਾਨ-ਮੰਤਰੀ ਭਾਰਤੀਆ ਜਨਔਸ਼ਧੀ ਪਰਿਯੌਜਨਾ’ ਪੂਰੇ ਭਾਰਤ ਵਿੱਚ ਸ਼ੁਰੂ ਕੀਤੀ ਸੀ ਜੋ ਤਕਰੀਬਨ ਹਰ ਵੱਡੇ ਸਰਕਾਰੀ ਹਸਪਤਾਲ ਵਿੱਚ ‘ਜਨਔਸ਼ਧੀ ਸਟੋਰ’ ਦੇ ਨਾਮ ਤੇ ਚੱਲ ਰਹੀ ਹੈ। ਇਹ  ਦੁਕਾਨਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਨਿੱਜੀ ਤੌਰ ‘ਤੇ ਵੀ ਕਈ ਲੋਕਾਂ ਨੇ ਸਰਕਾਰ ਤੋਂ ਲਾਇਸੈਂਸ ਲੈ ਕੇ ਸ਼ਹਿਰਾਂ ਵਿੱਚ ਵੀ ‘ਜਨਔਸ਼ਧੀ ਸਟੋਰ’ ਖੋਲ੍ਹੇ ਹਨ। ਹੁਣ ਤੱਕ ਕਈ ਕਿਸਮ ਦੀਆਂ 8600 ਤੋਂ ਵੱਧ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ।

ਭਾਰਤ ਸਰਕਾਰ ਦੀ ਇਸ ਪਹਿਲ ਨੇ ਗਰੀਬ ਲੋਕਾਂ ਦੇ ਦਵਾਈਆਂ ਦੇ ਬਿਲ ਅੱਧ ਤੋਂ ਵੀ ਘਟਾ ਦਿੱਤੇ ਹਨ। ਬਹੁਤ ਸਾਰੀਆਂ ਦਵਾਈਆਂ ਦੇ ਰੇਟਾਂ ਵਿੱਚ ਕਮਾਲ ਦਾ ਫਰਕ ਹੁੰਦਾ ਹੈ। ਬਲੱਡ ਪ੍ਰੈਸ਼ਰ ਦੀ ਇਕ ਦਵਾਈ ਦੀ ਕੰਪਨੀ  ਦੇ 10 ਗੋਲੀਆਂ ਦੇ ਪੱਤੇ ਦੀ ਕੀਮਤ ਹੈ 65 ਰੁ: ਹੈ ਪਰ ਜੈਨਰਿਕ ਪੱਤੇ ਦੀ ਕੀਮਤ ਹੈ ਸਿਰਫ਼ ਛੇ ਰੁ: 50 ਪੈਸੇ। ਇੰਜ ਹੀ ਦੂਸਰੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਵੀ ਵੱਡੇ ਫਰਕ ਹਨ। ਕੰਪਨੀ ਦੀਆਂ ਦਵਾਈਆਂ ਤੇ ਸਿਰਫ ਕੰਪਨੀ ਦਾ ਨਾਮ ਛਪਿਆ ਹੋਣ ਕਰਕੇ ਹੀ ਮਹਿੰਗੀਆਂ ਹੁੰਦੀਆਂ ਹਨ।

ਕੰਪਨੀ ਦੀਆਂ ਦਵਾਈਆਂ ‘ਤੇ ਵੀ ਕੈਮਿਸਟ ਛੋਟ ਦੇ ਦਿੰਦੇ ਹਨ ਜੇ ਖਰੀਦਣ ਵਾਲਾ ਮੰਗ ਕਰੇ ਤਾਂ ਕੁਝ ਕੁ ਦਵਾਈਆਂ ਨੂੰ ਛੱਡਕੇ ਬਾਕੀ ਆਮ ਵਰਤੋਂ ਵਿੱਚ ਆਉਣ ਵਾਲੀਆਂ ਗੋਲੀਆਂ, ਕੈਪਸੂਲ, ਟੀਕੇ, ਤਰਲ ਦਵਾਈਆਂ, ਟਿਊਬਾਂ ਆਦਿ ਮਿਲ ਜਾਂਦੀਆਂ ਹਨ। ਅੱਜ ਕੱਲ੍ਹ ਲੋਕਾਂ ਦਾ ਰੁਝਾਨ ਜੈਨਰਿਕ ਦਵਾਈਆਂ ਵੱਲ ਵਧ ਰਿਹਾ ਹੈ। ਇੰਜ ਲੋਕਾਂ ਦੀ ਲੁੱਟ ਵਿੱਚ ਕਮੀ ਆਉਣ ਲੱਗ ਪਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ‘ਜਨਔਸ਼ਧੀ ਸਟੋਰ’ ਵੱਡੀ ਪੱਧਰ ‘ਤੇ ਖੋਲ੍ਹੇ ਜਾਣ ਤਾਂ ਕੇ ਲੋਕਾਂ ਨੂੰ ਪ੍ਰਾਈਵੇਟ ਕੰਪਨੀਆਂ ਦ‌ੀ ਲੁੱਟ ਤੋਂ ਬਚਾਇਆ ਜਾ ਸਕੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button