ਅੱਠ ਕਰੋੜ ਮੌਤਾਂ, 32 ਕਰੋੜ ਜ਼ਖ਼ਮੀ ਬਨਾਮ ‘ਸੰਯੁਕਤ ਰਾਸ਼ਟਰ’
ਅਮਰਜੀਤ ਸਿੰਘ ਵੜੈਚ (9417801988)
ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ ਅੱਠ ਕਰੋੜ ਤੋਂ ਵੱਧ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਅਤੇ 32 ਕਰੋੜ ਤੋਂ ਵੀ ਵੱਧ ਲੋਕ ਜ਼ਖਮੀ ਹੋਏ। ਬਆਦ ਵਿੱਚ ਕਿੰਨੇ ਜ਼ਖ਼ਮੀ ਲੋਕ ਦਮ ਤੋੜ ਗਏ ਇਸ ਬਾਰੇ ਕੋਈ ਅੰਕੜਾ ਨਹੀਂ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਘਰਾਂ, ਬਾਜ਼ਾਰਾਂ, ਹਸਪਤਾਲਾਂ, ਸੜਕਾਂ, ਪੁਲਾਂ, ਵਿੱਦਿਅਕ ਅਦਾਰਿਆਂ, ਉਦਯੋਗਾਂ ਦੇ ਤਬਾਹ ਹੋਣ ਅਤੇ ਘਰੋਂ ਬੇਘਰ, ਅੰਗਹੀਣ ਅਤੇ ਆਰਥਿਕ ਤੌਰ ‘ਤੇ ਬਰਬਾਦ ਹੋਏ ਲੋਕਾਂ ਦਾ ਕੋਈ ਅੰਤ ਹੀ ਨਹੀਂ। ਪਹਿਲੀ ਵਿਸ਼ਵ ਜੰਗ 1914-18 ਅਤੇ ਦੂਜੀ 1939-45 ਤੱਕ ਲੜੀ ਗਈ।
ਦੋਵਾਂ ਵਿਸ਼ਵ ਜੰਗਾਂ ਦੀ ਬਰਬਾਦੀ ਤੋਂ ਮਗਰੋਂ ਵਿਸ਼ਵ ਦੇ ਸ਼ੈਤਾਨ ਲੀਡਰਾਂ ਨੂੰ ਇਹ ਸਮਝ ਆਈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਅਤੇ 50 ਦੇਸ਼ਾਂ ਨੇ ਰਲਕੇ ਇਕ ਵਿਸ਼ਵ ਪੱਧਰੀ ਸੰਸਥਾ ਬਣਾਉਣ ‘ਤੇ ਸਹਿਮਤੀ ਕੀਤੀ ਜੋ ਭਵਿੱਖ ਵਿੱਚ ਸੰਸਾਰ ਦੇ ਮੁਲਕਾਂ ਦਰਮਿਆਨ ਸ਼ਾਂਤੀ ਵਾਲਾ ਮਾਹੌਲ ਬਣਾਉਣ ਦਾ ਕੰਮ ਕਰੇ। ਇੰਜ ਸੈਨਫਰਾਂਸਿਸਕੋ ਵਿੱਚ 25 ਅਪ੍ਰੈਲ ਤੋਂ 26 ਜੂਨ 1945 ਤੱਕ ਵਿਸ਼ਵ ਜੰਗਾਂ ਵਾਲੇ ਮੁਲਕਾਂ ਦੀ ਇਕ ਮੀਟਿੰਗ ਹੋਈ ਜਿਸ ਵਿੱਚ ‘ਸੰਯੁਕਤ ਰਾਸ਼ਟਰ’ ਦਾ ਘੋਸ਼ਣਾ ਪੱਤਰ ਤਿਆਰ ਕੀਤਾ ਗਿਆ ਅਤੇ 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ( United Nations) ਦੀ ਸਥਾਪਨਾ ਕਰ ਦਿੱਤੀ ਗਈ ਜਿਸ ਦੇ ਅੱਜ ਪੂਰੀ ਦੁਨੀਆਂ ਦੇ ਭਾਰਤ ਸਮੇਤ 195 ਵਿੱਚੋਂ 193 ਦੇਸ਼ ਮੈਂਬਰ ਹਨ।
ਇਸ ਸੰਸਥਾ ਦੀਆਂ ਚਾਰ ਮੁੱਖ ਸੰਸਥਾਵਾਂ ਹਨ ; ਜਨਰਲ ਅਸੈਂਬਲੀ, ਸੁਰੱਖਿਆ ਕੌਂਸਲ, ਆਰਥਿਕ ਸਮਾਜਿਕ ਕੌਂਸਿਲ ਅਤੇ ਫੰਡ ਸੰਸਥਾਵਾਂ। ਸੰਯੁਕਤ ਰਾਸ਼ਟਰ ਦਾ ਮੁੱਖ ਕੰਮ ਹੈ ਚਿਰ ਸਥਾਈ ਵਿਕਾਸ, ਵਾਤਾਵਰਣ, ਰਿਫ਼ਿਊਜ਼ੀ ਲੋਕਾਂ ਦੀ ਬਹਾਲੀ, ਸੰਕਟ ਸਮੇਂ ਸਹਾਇਤਾ, ਅੱਤਵਾਦ ਦਾ ਮੁਕਾਬਲਾ, ਹਥਿਆਰਾਂ ‘ਤੇ ਕੰਟਰੋਲ, ਲੋਕਤੰਤਰ ਦੀ ਮਜ਼ਬੂਤੀ, ਮਨੁੱਖੀ ਅਧਿਕਾਰ, ਲਿੰਗ ਬਰਾਬਰੀ, ਔਰਤਾਂ ਅਤੇ ਬੱਚਿਆਂ ਦਾ ਵਿਕਾਸ, ਵਿਗਿਆਨ ਦਾ ਪਾਸਾਰ, ਸਮਾਜਿਕ ਵਿਕਾਸ, ਕੌਮਾਂਤਰੀ ਸਿਹਤ ਲਈ ਪ੍ਰੋਗਰਾਮ, ਬਾਰੂਦੀ ਸੁਰੰਗਾਂ ਨੂੰ ਖਤਮ ਕਰਨਾ, ਖੁਰਾਕ-ਸੁਰੱਖਿਆ ਅਤੇ ਸਾਖਰਤਾ ਦਾ ਪਾਸਾਰ, ਅੰਤਰਰਾਸ਼ਟਰੀ ਮਸਲਿਆਂ ਦਾ ਹੱਲ,ਆਉਂਦੀਆਂ ਨਸਲਾਂ ਲਈ ਸੁਰੱਖਿਅਤ ਸੰਸਾਰ ਬਣਾਉਣਾ ਆਦਿ।
ਇਸ ਦਾ ਮੁੱਖ ਹੈੱਡ ਕੁਆਰਟਰ ਨਿਊਯਾਰਕ ਵਿੱਚ ਹੈ। ਇਥੇ ਹਰ ਮੈਂਬਰ ਮੁਲਕ ਦਾ ਰਾਸ਼ਟਰੀ ਝੰਡਾ ਲਹਿਰਾਉਂਦਾ ਹੈ। ਸੰਯੁਕਤ ਰਾਸ਼ਟਰ ਦੇ ਕਈ ਮੁਲਕਾਂ ਵਿੱਚ ਖੇਤਰੀ ਮੁੱਖ ਦਫ਼ਤਰ ਹਨ। ਸੰਯੁਕਤ ਰਾਸ਼ਟਰ ਦਾ ਮੁੱਖੀ ਸੈਕਰੇਟਰੀ ਜਨਰਲ ਹੁੰਦਾ ਹੈ। ਨਾਰਵੇ ਦੇ ਟਰਾਏਗਵੇ ਲੀ (Trygve Lie) ਸੰਯੁਕਤ ਰਾਸ਼ਟਰ ਦੇ ਪਹਿਲੇ ਸੈਕਰੇਟਰੀ ਜਨਰਲ ਸਨ ਅਤੇ ਅੱਜ-ਕੱਲ੍ਹ ਪੁਰਤਗਾਲ ਦੇ ਐਨਟੋਨੀੳਂ ਗੁਟਰਸ( Antonio Guterres) ਇਸ ਦੇ ਸੈਕਰੇਟਰੀ ਜਨਰਲ ਹਨ। ਇਕ ਸੈਕਰੇਟਰੀ ਜਨਰਲ ਦੀ ਇਕ ਵਾਰੀ ਪੰਜ ਸਾਲ ਦੀ ਹੁੰਦੀ ਹੈ ਅਤੇ ਉਸ ਨੂੰ ਦੁਬਾਰਾ ਵੀ ਜਨਰਲ ਅਸੈਂਬਲੀ ਚੁਣ ਸਕਦੀ ਹੈ।
ਸੰਯੁਕਤ ਰਾਸ਼ਟਰ ਦੀਆਂ ਮਹੱਤਵਪੂਰਨ ਸੰਸਥਾਵਾਂ ਵਿੱਚ UNISEF, UNESCO, WHO, FAO, ICJ, ILO, ITO, IMF.UNDP, UNEP, UN-HABITAT ਆਦਿ ਹਨ ਜੋ ਵਿਸ਼ਵ ਦੇ ਮੁਲਕਾਂ ਦੀ ਲੋੜ ਅਨੁਸਾਰ ਮਦਦ ਕਰਦੀਆਂ ਹਨ। ਪੋਲੀਓ ਅਤੇ ਵੱਡੀ ਮਾਤਰਾ ਦਾ ਖਾਤਮਾ ਸੰਯੁਕਤ ਰਾਸ਼ਟਰ ਦੇ ਪ੍ਰੋਗਰਾਮਾਂ ਦਾ ਹੀ ਹਿੱਸਾ ਸੀ। ਗਰੀਬ ਮੁਲਕਾਂ ਵਿੱਚ ਲੋਕਾਂ ਤੱਕ ਖੁਰਾਕ ਪਹੁੰਚਾਉਣੀ ਵੀ ਸੰਯੁਕਤ ਰਾਸ਼ਟਰ ਦਾ ਹੀ ਪ੍ਰੋਗਰਾਮ ਹੈ। ਹਾਲ ਹੀ ਵਿੱਚ ਕੋਰੋਨਾ ਮਹਾਂਮਾਰੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਨਿਗਰਾਨੀ ਕਰਨ ਵਿੱਚ ਸੰਯੁਕਤ ਰਾਸ਼ਟਰ ਦਾ ਬਹੁਤ ਹੀ ਵੱਡਾ ਯੋਗਦਾਨ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.