ਕੁਲਵੰਤ ਕੌਰ ਸੰਧੂ ਦੀ ਪੁਸਤਕ ਕਿਤੇ ਮਿਲ ਨੀ ਮਾਏ ਪੰਜਾਬੀ ਵਿਰਾਸਤੀ ਗੀਤਾਂ ਦੀ ਪ੍ਰਤੀਕ
ਉਜਾਗਰ ਸਿੰਘ
ਪੰਜਾਬ ਦੀ ਵਿਰਾਸਤ ਬਹੁਤ ਅਮੀਰ ਹੈ। ਇਸਦੀ ਸਮਾਜਿਕ, ਸਾਹਿਤਕ, ਸੰਗੀਤਕ ਅਤੇ ਸਭਿਆਚਾਰਕ ਵਿਰਾਸਤ ਨਾਲ ਹੀ ਪੰਜਾਬੀਆਂ ਦੇ ਦਿਲ ਧੜਕਦੇ ਹਨ। ਹਰ ਪੰਜਾਬੀ ਉਠਦਾ ਬਹਿੰਦਾ, ਖਾਂਦਾ-ਪੀਂਦਾ, ਖੇਤਾਂ ਵਿੱਚ ਹਲ ਵਾਹੁੰਦਾ, ਮਜ਼ਦੂਰੀ ਕਰਦਾ, ਲਹਿ ਲਹਿਰਾਉਂਦੀਆਂ ਫਸਲਾਂ ਦਾ ਆਨੰਦ ਮਾਣਦਾ ਹੈ ਤਾਂ ਹੀ ਉਸਦੇ ਦਿਲ ਵਿੱਚ ਸੰਗੀਤ ਦੀਆਂ ਤਰੰਗਾਂ ਉਠਦੀਆਂ ਰਹਿੰਦੀਆਂ ਹਨ। ਇਹ ਪੰਜਾਬ ਦੀ ਵਿਰਾਸਤ ਨਾਲ ਜੁੜੇ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਪ੍ਰੋ ਪੂਰਨ ਸਿੰਘ ਅਨੁਸਾਰ ਪੰਜਾਬ ਜਿਓਂਦਾ ਗੁਰਾਂ ਦੇ ਨਾਮ ‘ਤੇ। ਪੰਜਾਬੀਆਂ ਦੇ ਰਗ ਰਗ ਵਿੱਚ ਸੰਗੀਤ ਉਸਲਵੱਟੇ ਲੈ ਰਿਹਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਵਿਰਾਸਤ ਵਿੱਚ ਗੁਰੂਆਂ, ਪੀਰਾਂ, ਮੁਰਸ਼ਦਾਂ, ਕਿਸਾਕਾਰਾਂ, ਰਾਗੀਆਂ, ਢਾਡੀਆਂ ਦੇ ਸੰਗੀਤ ਦੀ ਮਹਿਕ ਦੀਆਂ ਸੁਗੰਧੀਆਂ ਆ ਰਹੀਆਂ ਹੁੰਦੀਆਂ ਹਨ।
ਸੁਹਾਣੀਆਂ ਘਰ ਦੇ ਕੰਮ ਕਰਦੀਆਂ, ਬੱਚਿਆਂ ਦੀ ਪਰਵਰਿਸ਼ ਕਰਦੀਆਂ, ਬਹੁਕਰਾਂ ਲਗਾਉਂਦੀਆਂ, ਦੁੱਧ ਰਿੜਕਦੀਆਂ, ਚਰਖੇ ਕਤਦੀਆਂ, ਪੀਂਘਾਂ ਝੂਟਦੀਆਂ, ਵੀਰਾਂ ਦੀਆਂ ਘੋੜੀਆਂ ਗਾਉਂਦੀਆਂ ਅਤੇ ਕਿਕਲੀ ਪਾਉਂਦੀਆਂ ਗੀਤ ਬੁੜਬੜਾਉਂਦੀਆਂ ਰਹਿੰਦੀਆਂ ਸਨ। ਉਹ ਲੋਕ ਗੀਤ ਸੰਗੀਤ ਪੀੜ੍ਹੀ ਦਰ ਪੀੜ੍ਹੀ ਅਗਲੀਆਂ ਨਸਲਾਂ ਤੱਕ ਪਹੁੰਚਦੇ ਰਹੇ ਹਨ। ਭਾਵ ਲੋਕ ਗੀਤ ਸੰਗੀਤ ਪੰਜਾਬੀਆਂ ਦੇ ਬੁਲਾਂ ਤੇ ਜਿਉਂਦਾ ਰਿਹਾ ਅਤੇ ਜਿਉਂ ਰਿਹਾ ਹੈ। ਆਧੁਨਿਕ ਸਮੇਂ ਦੀ ਤਰੱਕੀ ਨਾਲ ਜਦੋਂ ਛਾਪੇਖਾਨੇ ਆ ਗਏ ਤਾਂ ਪੁਰਾਤਨ ਲੋਕ ਗੀਤ, ਬੋਲੀਆਂ, ਘੋੜੀਆਂ ਅਤੇ ਟੱਪੇ ਪੁਸਤਕਾਂ ਦਾ ਸ਼ਿੰਗਾਰ ਬਣ ਗਏ ਹਨ। ਉਸੇ ਕੜੀ ਵਿੱਚ ਕੁਲਵੰਤ ਕੌਰ ਸੰਧੂ ਨੇ ਆਪਣੀ ਵਿਰਾਸਤ ਵਿੱਚੋਂ ਆਪਣੀ ਮਾਂ, ਨਾਨੀਆਂ, ਦਾਦੀਆਂ, ਮਾਸੀਆਂ-ਮਾਮੀਆਂ, ਚਾਚੀਆਂ-ਤਾਈਆਂ, ਨਣਦਾਂ-ਭਰਜਾਈਆਂ ਤੋਂ ਸੁਣੇ ਸੁਣਾਏ ਪਰਿਵਾਰਿਕ ਸਭਿਅਚਾਰਕ ਲੋਕ ਗੀਤ ਜਿਹੜੇ ਪਰਿਵਾਰਾਂ ਵਿੱਚ ਬੈਠਕੇ ਗਾਏ ਜਾਂਦੇ ਸਨ, ਉਨ੍ਹਾਂ ਨੂੰ ਇਕੱਤਰ ਕਰਕੇ ਆਪਣੀ ਮਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ‘ਕਿਤੇ ਮਿਲ ਨੀ ਮਾਏ’ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਤ ਕਰਵਾਕੇ ਸਾਂਭ ਲਿਆ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਵਿਰਾਸਤੀ ਸਭਿਅਚਾਰਕ ਲੋਕ ਗੀਤਾਂ ਦਾ ਆਨੰਦ ਮਾਣ ਸਕੇ।
ਉਨ੍ਹਾਂ ਦੇ ਇਸ ਉਦਮ ਨਾਲ ਅਲੋਪ ਹੋ ਰਹੀ ਇਨ੍ਹਾਂ ਸਮਾਗਮਾ ਦੀ ਸ਼ਬਦਾਵਲੀ ਵੀ ਸਾਂਭੀ ਜਾਵੇਗੀ। ਵੈਸੇ ਇਹ ਕੰਮ ਯੂਨੀਵਰਸਿਟੀਆਂ ਦੇ ਭਾਸ਼ਵਾਂ ਵਿਗਿਆਨ ਵਿਭਾਗਾਂ ਦਾ ਹੈ। ਇਸ ਲਈ ਕੁਲਵੰਤ ਕੌਰ ਸੰਧੂ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਹ ਆਪਣੀ ਵਿਰਾਸਤ ਨਾਲ ਕਿਤਨੇ ਗੜੁਚ ਹਨ। ਇਨ੍ਹਾਂ ਲੋਕ ਗੀਤਾਂ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਸਾਰੇ ਕਿਸੇ ਨਾ ਕਿਸੇ ਵਿਆਹ, ਤਿਓਹਾਰ, ਸਮਾਜਿਕ, ਸਭਿਆਚਾਰਕ ਸਮਾਗਮਾ ਵਿੱਚ ਗਾਏ ਜਾਂਦੇ ਸਨ। ਭੈਣਾਂ, ਮਾਵਾਂ-ਧੀਆਂ, ਨਣਦਾਂ-ਭਰਜਾਈਆਂ, ਪਤਨੀਆਂ, ਚਾਚੀਆਂ-ਤਾਈਆਂ, ਮਾਮੀਆਂ-ਮਾਸੀਆਂ ਅਤੇ ਭੂਆ ਆਪਣੇ ਸੰਬੰਧੀਆਂ ਦੀ ਉਸਤਤ ਵਿੱਚ ਗਾਉਂਦੀਆਂ ਸਨ, ਜਿਸ ਕਰਕੇ ਉਨ੍ਹਾਂ ਦੇ ਇਨ੍ਹਾਂ ਗੀਤਾਂ ਨਾਲ ਨਿੱਜੀ ਤੌਰ ‘ਤੇ ਜੁੜ ਜਾਂਦੇ ਹਨ। ਹੁਣ ਤੱਕ ਵੀ ਬਜ਼ੁਰਗ ਮਾਤਾਵਾਂ ਸਮਾਜਿਕ ਸਮਾਗਮਾ ਵਿੱਚ ਇਹ ਲੋਕ ਗੀਤ ਗਾਉਂਦੀਆਂ ਹਨ।
ਇਸ ਪੁਸਤਕ ਵਿੱਚ ਸ਼ਾਮਲ ਇਹ ਲੋਕ ਗੀਤ ਵਿਆਹ ਦੇ ਸਮਾਗਮ ਦੇ ਸ਼ਰੂ ਤੋਂ ਅਖੀਰ ਤੱਕ ਜਿਵੇਂ ਨਾਨਕਾ ਮੇ ਆਉਣਾ, ਦਾਦਕਿਆਂ ਅਤੇ ਦਾਦਕਿਆਂ ਦੀਆਂ ਸਿਠਣੀਆਂ, ਨਾਈ ਧੋਈ, ਸੇਹਰੇ ਲਈ ਮਾਲਣ ਦਾ ਬਾਬਲ ਦੇ ਬਾਗ ‘ਚੋਂ ਕਲੀਆਂ ਚੁਣਨਾ, ਗਾਨਾ ਬੰਨ੍ਹਣਾ, ਛੱਜ ਤੋੜਨਾ, ਸੇਹਰਾ ਬੰਨ੍ਹਣਾ, ਕੈਂਠਿਆਂ ਦੀ ਤਾਰੀ, ਘੋੜੀ ਚੜ੍ਹਨਾ, ਬਰਾਤ ਦਾ ਢੁਕਣਾ, ਬਰਾਤ ਬੰਨ੍ਹਣੀ, ਡੋਲੇ ਦੇ ਆਉਣ ‘ਤੇ ਅਤੇ ਸੁਹਾਗ ਦੇ ਗੀਤ ਆਦਿ ਹਨ। ਇਸ ਤੋਂ ਇਲਾਵਾ ਬੋਲੀਆਂ, ਗਹਿਣੇ ਘੜਾਉਣ, ਮਾਹੀਆ, ਦਿਓਰ ਭਾਬੀਆਂ, ਗਿੱਧੇ ਅਤੇ ਖੇਤਾਂ ਨਾਲ ਸੰਬਧਤ ਗੀਤ ਵੀ ਸ਼ਾਮਲ ਹਨ। ਇਹ ਪੁਸਤਕ ਇਕ ਕਿਸਮ ਨਾਲ ਪੰਜਾਬੀ ਲੋਕ ਗੀਤਾਂ ਦਾ ਖ਼ਜਾਬਨਾ ਬਣ ਗਹੀ ਹੈ। ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆਧੁਨਿਕਤਾ ਦੇ ਵਹਿਣ ਵਿੱਚ ਵਹਿ ਰਹੀਆਂ ਹਨ,ਉਨ੍ਹਾਂ ਲਈ ਅਚੰਭਾ ਹੋਵੇਗੀ। ਉਦਾਹਰਣ ਲਈ ਭੈਣਾ ਦੇ ਵੀਰ ਬਾਰੇ-
ਖੱਟੀਆਂ ਤੇ ਰੱਤੀਆਂ ਵੀਰ ਦੀਆਂ ਘੋੜੀਆਂ,
ਵੀਰ ਦੀ ਘੋੜੀ ਦਾ ਰੰਗ ਸੂਹਾ ਲਾਲ।
ਜੀ ਚੁਗ ਲਿਆਵੋ, ਗੁੰਦ ਲਿਆਵੋ ਚੰਬਾ ਤੇ ਗੁਲਾਬ।
ਜੀ ਗੁੰਦ ਲਿਆਵੋ, ਗੁੰਦ ਲਿਆਵੋ ਵੀਰੇ ਦਾ ਸੇਹਰਾ।
ਘੋੜੀ ਤੇ ਮੇਰੇ ਵੀਰ ਦੀ, ਹਰਿਆਂ ਬਾਗਾਂ ਨੂੰ ਜਾਵੇ,
ਇਸਦਾ ਕੌਣ ਸੋ ਰਸੀਆ, ਘੋੜੀ ਮੋੜ ਲਿਆਵੇ।
ਘੋੜੀ ਉਹ ਲੈਣੀ, ਜਿਹੜੀ ਨਹਿਰ ਟੱਪ ਜਾਵੇ,
ਮੇਰਿਆ ਸੋਹਣਿਆਂ ਵੀਰਾ ਦਾਣਾ ਨੌਂਗਾਂ ਦਾ ਖਾਵੇ।
ਇਨ੍ਹਾਂ ਲੋਕ ਗੀਤਾਂ ਦੀ ਕਮਾਲ ਇਹ ਹੁੰਦੀ ਹੈ ਕਿ ਇਨ੍ਹਾਂ ਵਿੱਚ ਵੱਡੀਆਂ ਗੱਲਾਂ ਮਿਹਣਿਆਂ ਦੇ ਰੂਪ ਵਿਚ ਕਹੀਆਂ ਜਾਂਦੀਆਂ ਹਨ ਪ੍ਰੰਤੂ ਅਸ਼ਲੀਲ ਨਹੀਂ ਹੁੰਦੀਆਂ। ਇਸਤਰੀਆਂ ਸਗੋਂ ਇਨ੍ਹਾਂ ਨੂੰ ਪਸੰਦ ਕਰਦੀਆਂ ਹਨ। ਨਾਨਕਾ ਮੇਲ ਆਉਣ ਸਮੇਂ ਨਾਨਕੀਆਂ ਅਤੇ ਦਾਦਕੀਆਂ ਦੇ ਲੋਕ ਗੀਤ। ਇਨ੍ਹਾਂ ਗੀਤਾਂ ਵਿੱਚ ਮਿੱਠੇ ਮਿੱਠੇ ਨਿਹੋਰੇ ਸਿਠਣੀਆਂ ਦੇ ਰੂਪ ਵਿੱਚ ਹੁੰਦੇ ਸਨ ਜਿਵੇਂ-
ਨਾਨਕੀਆਂ: ਖਾਧੇ ਸੀ ਲੱਡੂ, ਜੰਮੇ ਸੀ ਡੱਡੂ,
ਹੁਣ ਛੱਪੜਾਂ ਦੇ ਗਈਆਂ, ਵੇ ਕਰਮਪਾਲ ਤੇਰੀਆਂ ਦਾਦਕੀਆਂ,
ਹੁਣ ਛੱਪੜਾਂ ਤੇ ਗੜੈਂ ਗੜੈਂ ਕਰਦੀਆਂ ਤੇਰੀਆਂ ਦਾਦਕੀਆਂ।
ਦਾਦਕੀਆਂ: ਖਾਧੀ ਸੀ ਪਿਛ, ਜੰਮੇ ਸੀ ਰਿਛ, ਹੁਣ ਕਲੰਦਰਾਂ ਦੇ ਗਈਆਂ ਵੇ,
ਵੇ ਕਰਮਪਾਲ ਤੇਰੀਆਂ ਨਾਨਕੀਆਂ।
ਨਾਨਕੀਆਂ: ਖਾਧੇ ਸੀ ਪਕੌੜੇ, ਜੰਮੇ ਸੀ ਜੌੜੇ, ਹੁਣ ਜੌੜੇ ਖਿਡਾਉਂਦੀਆਂ ਵੇ।
ਵੇ ਕਰਮਪਾਲ ਤੇਰੀਆਂ ਦਾਦਕੀਆਂ।
ਦਾਦਕੀਆਂ: ਖਾਧੀਆਂ ਸੀ ਖਿੱਲਾਂ, ਜੰਮੀਆਂ ਸੀ ਇੱਲਾਂ, ਹੁਣ ਭਾਉਂਦੀਆਂ ਵੇ।
ਵੇ ਕਰਮਪਾਲ ਤੇਰੀਆਂ ਨਾਨਕੀਆਂ।
ਜਾਗੋ ਬਾਰੇ ਨਾਨਕੀਆਂ ਦਾਦਕੀਆਂ ਦੀ ਨੋਕ ਝੋਕ-
ਨਾਨਕੀਆਂ:ਲੰਬੜਾ ਜੋਤ ਜਗਾ ਲੈ ਵੇ, ਹੁਣ ਜਾਗੋ ਆਈ ਆ।
Ñਲੋਰੀ ਦੇ ਕੇ ਪਾਈ ਆ, ਮਸਾਂ ਸਵਾਈ ਆ, ਜਾਗ ਪਊਗੀ, ਤੰਗ ਕਰੂਗੀ।
ਜੱਕਣੀ ਪਊਗੀ, ਅੜੀ ਕਰੂਗੀ, ਸ਼ਾਵਾ ਜੀ ਹੁਦ ਜਾਗੋ ਆਈ ਆ।
ਦਾਦਕੀਆਂ: ਛੋਲੇ ਛੋਲੇ ਛੋਲੇ, ਇਨ੍ਹਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ,
ਇਨ੍ਹਾਂ ਨਾਨਕੀਆਂ ਦੇ ।
ਵਿਆਹ ਸੰਪੂਰਨ ਹੋਣ ਤੇ ਨਾਨਕੇ ਮੇਲ ਦੀ ਤਿਆਰੀ-
ਨਾਨਕੀਆਂ: ਸਈਓ ਨੀ ਮੇਰਾ ਤਾਰਾ ਮੀਰਾ ਵੱਢੀਦਾ,
ਪਹਿਲਾਂ ਸਾਨੂੰ ਸੱਦੇ ਘੱਲੇ, ਹੁਣ ਕਿਉਂ ਸਾਨੂੰ ਕੱਢੀਦਾ।
ਦਾਦਕੀਆਂ:ਸਈਓ ਨੀ ਮੇਰਾ ਤਾਰਾ ਮੀਰਾ ਵੱਢੀਦਾ,
ਟੇਸ਼ਨ ਤੱਕ ਪੁਚਾ ਦੇਵਾਂਗੇ, ਦੇ ਕੇ ਭਾੜਾ ਗੱਡੀ ਦਾ।
ਖੇਤੀਬਾੜੀ ਨਾਲ ਸੰਬੰਧਤ ਬੋਲੀਆਂ ਤੇ ਟੱਪੇ ਇਸ ਪ੍ਰਕਾਰ ਹਨ-
ਕੀਹਨੇ ਬਣਾਏ ਤੇਰੇ ਹਲ ਤੇ ਪੰਜਾਲੀਆਂ,
ਕੀਹਨੇ ਬਣਾਏ ਤੇਰੇ ਤੀਰ ਮੁੰਡਿਆ,
ਤੇਰੀ ਨੱਚੇ ਗਿੱਧੇ ਦੇ ਵਿੱਚ ਹੀਰ ਮੁੰਡਿਆ।
ਕਣਕ ਤੇ ਛੋਲਿਆਂ ਦੇ ਖੇਤ, ਹੌਲੀ ਹੌਲੀ ਨਿਸਰ ਗਿਆ,
ਬਾਬਲ ਧਰਮੀ ਦਾ ਦੇਸ਼, ਹੌਲੀ ਹੌਲੀ ਵਿਸਰ ਗਿਆ।
ਗਿੱਧੇ ਅਤੇ ਵਿਓਰ ਭਾਬੀਆਂ ਸੰਬੰਧੀ ਬੋਲੀਆਂ ਤੇ ਟੱਪੇ-
ਪਾਵੇ-ਪਾਵੇ-ਪਾਵੇ ਗਿੱਧੇ ਵਿੱਚ ਨੱਚ ਭਾਬੀਏ, ਨੀ ਤੇਰਾ ਦਿਓਰ ਬੋਲੀਆਂ ਪਾਵੇ।
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ,
ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ।
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਉਏ,
ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆ ਈ ਉਏ।
ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ,
ਤੂੰ ਕਰੇਂਗਾ ਆਕੜ ਵੇ ਮੈਂ ਸਹਿੰਦੀ ਨਾ।
ਨੂੰਹ ਸੱਸ ਦੇ ਤਾਅਨੇ ਮਿਹਣੇ ਆਮ ਚਲਦੇ ਸਨ ਜਿਵੇਂ-
ਬੱਲੇ-ਬੱਲੇ ਨੀ ਬਹੁਤਿਆਂ ਭਰਾਵਾਂ ਵਾਲੀਏ,
ਤੈਨੂੰ ਤੀਆਂ ਨੂੰ ਲੈਣ ਨਾ ਆਏ।
ਬੱਲੇ-ਬੱਲੇ ਨੀ ਸੱਸੇ ਤੇਰੀ ਮੱਝ ਮਰ ਜੇ,
ਮੇਰੇ ਵੀਰ ਨੂੰ ਸੁਕੀ ਖੰਡ ਪਾਈ।
ਇਸ਼ਕ ਮੁਸ਼ਕ ਵਾਲੇ ਟੱਪੇ-
ਦੁੱਧ ਬਣ ਜਾਨੇਂ ਆਂ, ਮਲਾਈ ਬਣ ਜਾਨੀ ਆਂ,
ਜੇਬ ਵਿੱਚ ਪਾ ਲੈ ਵੇ ਰੁਮਾਲ ਬਣ ਜਾਨੀ ਆਂ।
ਇਕ ਤਾਰਾ ਵੱਜਦਾ ਵੇ ਰਾਂਝਣ, ਨੂਰ ਮਹਿਲ ਦੀ ਮੋਰੀ,
ਚਲ ਆਪਾਂ ਵੀ ਸੁਣੀਏ, ਵੇ ਰਾਂਝਣਾ ਸਾਨੂੰ ਕਾਹਦੀ ਚੋਰੀ।
ਅੰਬਰਸਰੀਆ ਮਾਹੀ ਵੇ, ਕੱਚੀਆਂ ਕਲੀਆਂ ਨਾ ਤੋੜ,
ਮਾਤਾ ਤੇਰੀ ਮਾਹੀ ਵੇ, ਬੋਲੇ ਮੰਦੜੇ ਬੋਲ।
ਕੈਂਠਾ ਘੜ੍ਹਾ ਲਾਲ ਵੇ, ਘੜ੍ਹਾਈ ਉਹਦੀ ਮੈਂ ਦੇਨੀ ਆਂ,
ਨੌਕਰ ਨਾ ਜਾਈਂ ਵੇ ਸਿੰਘਾ ਵਹਿਮਣ ਹੋ ਰਹਿਨੀ ਆਂ।
ਕਾਦ੍ਹੇ ਲਈ ਛੱਤੀਆਂ ਨੇ ਕੋਠੜੀਆਂ, ਵੇ ਕਾਦ੍ਹੇ ਲਈ ਰੱਖਿਆ ਸੀ ਵਿਹੜਾ,
ਤੇਰੇ ਵਸਣੇ ਲਈ ਛੱਤੀਆਂ ਕੋਠੜੀਆਂ, ਤੇਰੇ ਕੱਤਣੇ ਨੂੰ ਵਿਹੜਾ।
ਕੁਲਵੰਤ ਕੌਰ ਸੰਧੂ ਦੇ ਇਕੱਤਰ ਕੀਤੇ ਲੋਕ ਗੀਤ, ਬੋਲੀਆਂ ਅਤੇ ਟੱਪੇ ਉਨ੍ਹਾਂ ਦੀ ਸਪੁੱਤਰੀ ਪੰਜਾਬੀ ਸਾਹਿਤ ਦੀ ਮੁੱਦਈ ਅਰਵਿੰਦਰ ਕੌਰ ਸੰਧੂ ਨੇ ਪ੍ਰਕਾਸ਼ਤ ਕੀਤੀ ਹੈ। 247 ਪੰਨਿਆਂ, 425 ਰੁਪਏ ਕੀਮਤ ਵਾਲੀ ਇਸ ਪੁਸਤਕ ਨੂੰ ਤਸਵੀਰ ਪ੍ਰਕਾਸ਼ਨ ਕਾਲਾਂ ਵਾਲੀ ਜਿਲ੍ਹਾ ਸਿਰਸਾ (ਹਰਿਆਣਾ) ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.