ਪੰਜਾਬ ਦੁਨੀਆਂ ਜਿੱਤ ਸਕਦਾ ਹੈ
ਅਮਰਜੀਤ ਸਿੰਘ ਵੜੈਚ
ਅੰਗਰੇਜ਼ਾਂ ਨੇ ਜਦੋਂ ਪੰਜਾਬ ਵਿੱਚ ਪੈਰ ਪਾਏ ਤਾਂ ਉਨ੍ਹਾਂ ਆਉਂਦਿਆਂ ਹੀ ਪੰਜਾਬੀਆਂ ਵਿਚਲੀ ਖੇਤੀ ਕਰਨ ਦੀ ਕਲਾ ਨੂੰ ਪਹਿਚਾਣ ਲਿਆ ਸੀ। ਇਸੇ ਕਰਕੇ ਉਨ੍ਹਾਂ ਨੇ ਪੰਜਾਬੀਆਂ ਨੂੰ ਪੱਛਮੀ ਪੰਜਾਬ ਵਿੱਚ ਖੇਤੀ ਕਰਨ ਲਈ ਘੋੜਾ ਫੇਰ ਕਿ ਜ਼ਮੀਨ ਮੱਲਣ ਦੇ ਅਖ਼ਤਿਆਰ ਦੇ ਦਿੱਤੇ ਸਨ। ਇਹ ਉਹ ਇਲਾਕਾ ਹੈ ਜਿਸ ਨੂੰ ਬਾਰ ਕਹਿੰਦੇ ਹਨ। ਪੰਜਾਬੀਆਂ ਨੇ ਜੰਗਲਾਂ ਦੇ ਜੰਗਲ ਪੱਟ ਕੇ ਹਰੀਆਂ ਭਰੀਆਂ ਫ਼ਸਲਾਂ ਲਹਿਰਾ ਕਿ ਉਸ ਖਿਤੇ ਨੂੰ ਸਵਰਗ ਬਣਾ ਦਿੱਤਾ। ਪੰਜਾਬੀਆਂ ਦੀ ਖੇਤੀ ਪ੍ਰਤੀ ਵਿਰਾਸਤੀ ਸੂਝ ਹੀ ਇਨ੍ਹਾਂ ਦੀ ਅਪਾਰ ਸ਼ਕਤੀ ਹੈ। ਦੇਸ਼ ਆਜ਼ਾਦੀ ਮਗਰੋਂ ਖੁਰਾਕ ਦੇ ਸੰਕਟ ਨਾਲ ਜੂਝ ਰਿਹਾ ਸੀ ਪਰ ਹਰੀਕ੍ਰਾਂਤੀ ਨੇ ਅੱਸ਼-ਅੱਸ਼ ਕਰਵਾ ਦਿੱਤੀ ਅਤੇ ਪੰਜਾਬ ਨੇ ਦੇਸ਼ ਨੂੰ ਖੁਰਾਕ ਵਿੱਚ ਆਤਮ ਨਿਰਭਰ ਕਰ ਦਿੱਤਾ। ਪਹਿਲਾਂ ਦੇਸ਼ ਨੂੰ ਅਮਰੀਕਾ ਤੋਂ ਹੱਥ ਅੱਡਕੇ ਕਣਕ ਮੰਗਣੀ ਪੈਂਦੀ ਸੀ ਅਤੇ ਅਮਰੀਕਾ ਸ਼ਰਤਾਂ ਨਾਲ ਕਣਕ ਦਿੰਦਾ ਸੀ।
ਹੁਣ ਸਵਾਲ ਇਹ ਉਠਦਾ ਹੈ ਕਿ ਹੁਣ ਪੰਜਾਬ ਪਿਛੇ ਕਿਉਂ ਜਾ ਪਿਆ ਹੈ? ਇਸ ਦਾ ਜਵਾਬ ਬੜੇ ਦੁੱਖ ਨਾਲ ਦੇਣਾ ਪੈ ਰਿਹਾ ਹੈ ਕਿ ਪੰਜਾਬ ਨੂੰ ਕਿਸੇ ਵੀ ਪਾਰਟੀ ਨੇ ਨਾ ਤਾਂ ਕੋਈ ਭਵਿਖ-ਮੁੱਖੀ ਨੀਤੀ ਦਿੱਤੀ ਹੈ ਅਤੇ ਨਾ ਹੀ ਕੋਈ ਲੀਡਰ। ਹਰ ਪਾਰਟੀ ਨੇ ਪੰਜ ਸਾਲਾਂ ਲਈ ਰਾਜ ਕਰਨ ਲਈ ਸੱਤਾ ਹਥਿਆਉਣ ਖਾਤਰ ਲਾਰੇ ਲਾਕੇ ਰਾਜ ਕੀਤਾ ਹੈ। ਇਸ ਦੀਆਂ ਕਈ ਮਿਸਾਲਾਂ ਹਨ : ਧਰਤੀ ਹੇਠਲੇ ਪਾਣੀ ਦੀ ਅੱਜ ਵੀ ਕੋਈ ਨੀਤੀ ਨਹੀਂ, ਦਰਿਆਵਾਂ ਅਤੇ ਘੱਗਰ ਦਾ ਪਾਣੀ ਸੰਭਾਲਣ ਵਾਸਤੇ ਕੋਈ ਭਵਿਖ ਦਾ ਪ੍ਰੋਗਰਾਮ ਨਹੀਂ। ਫ਼ਸਲੀ ਵਭਿੰਨਤਾ ਅਤੇ ਵਪਾਰੀਕਰਨ ਦਾ ਕੋਈ ਪਲਾਨ ਨਹੀਂ। ਇਸੇ ਕਰਕੇ ਪੰਜਾਬ ਦੀ ਖੇਤੀ ਨੇ ਬਹੁਤ ਸਾਰੇ ਮੌਕੇ ਗਵਾ ਲਏ ਜਿਸ ਕਰਕੇ ਅੱਜ ਦਾ ਜਵਾਨ ਨਿਰਾਸ਼ ਹੈ ਤੇ ਖੇਤੀ ਵਿੱਚ ਦਿਲਚਸਪੀ ਨਹੀਂ ਲੈ ਰਿਹਾ ਅਤੇ ਜ਼ਮੀਨਾਂ ਵੇਚਕੇ ਜਾਂ ਫਿਰ ਕਰਜ਼ੇ ਚੁੱਕ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ।
ਖੇਤੀ ਵਿੱਚ ਬਹੁਤ ਸੰਭਾਵਨਾਵਾਂ ਹਨ ਪਰ ਗੱਲ ਇਹ ਹੈ ਕਿ ਇਸ ਵਿੱਚ ਨੌਜਵਾਨਾਂ ਨੂੰ ਪਹਿਲ ਕਰਨੀ ਪੈਣੀ ਹੈ। ਸਬਜ਼ੀਆਂ, ਦਾਲਾਂ, ਫ਼ਲ਼ਾਂ, ਦੁੱਧ, ਪਨੀਰ, ਦਹੀਂ, ਖੋਆ, ਮੈਦਾ, ਆਟਾ, ਦਾਲ, ਦਲ਼ੀਆ, ਗੁੜ-ਸ਼ੱਕਰ ਅਤੇ ਮਸਾਲੇ ਅਜਿਹੇ ਕੰਮ ਹਨ ਜਿਨ੍ਹਾਂ ਵਿੱਚ ਨੌਜਵਾਨ ਕਿਸਾਨ ਆਧੁਨਿਕ ਢੰਗ ਨਾਲ ਇਨ੍ਹਾਂ ਖੇਤਰਾਂ ‘ਚ ਵਪਾਰ ਕਰ ਸਕਦੇ ਹਨ ਕਿਉਂਕਿ ਬਾਜ਼ਾਰ ਵਿੱਚ ਵਧੀਆ ਅਤੇ ਭਰੋਸੇਯੋਗ ਸਮਾਨ ਦੇ ਕੇ ਵੱਡੀਆਂ ਕੰਪਨੀਆਂ ਨੂੰ ਵੀ ਮੁਕਾਬਲਾ ਦਿੱਤਾ ਜਾ ਸਕਦਾ ਹੈ। ਸਾਡਾ ਇਹ ਸੁਝਾ ਦੇਣ ਦਾ ਕਾਰਨ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਲਈ ਲੋਕ ਸਥਾਨਿਕ ਸਪਲਾਈ ‘ਤੇ ਵਿਸ਼ਵਾਸ ਜ਼ਿਆਦਾ ਕਰਦੇ ਹਨ।
ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਨਹੀਂ ਭੇਜ ਸਕਦੇ ਉਨ੍ਹਾਂ ਨੂੰ ਉਦਾਸ ਹੋਣ ਦੀ ਲੋੜ ਨਹੀਂ ਕਿਉਂਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਹੋਣ ਤੇ ਹਿੰਮਤ ਕਰਕੇ ਅੱਗੇ ਆਉਣ ਇਸ ਲਈ ਸਰਕਾਰੀ ਬੈਂਕ ਵੀ ਕਰਜ਼ੇ ਦਿੰਦੇ ਹਨ। ਜਿਸ ਨਾਲ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਵੱਡੀਆਂ ਕੰਪਨੀਆਂ ਵੀ ਬੈਂਕਾਂ ਤੋਂ ਕਰਜ਼ ਲੈ ਕੇ ਕੰਮ ਕਰਦੀਆਂ ਹਨ। ਮਿਹਨਤ, ਲਗਨ ਤੇ ਸਬਰ ਨਾਲ ਕੰਮ ਕਰਕੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਗਾਂ ਦਾ ਗੋਹਾ, ਮਿੱਟੀ ਅਤੇ ਲੱਕੜਾਂ ਦਾ ਵਪਾਰ ਇੰਟਰਨੈੱਟ ‘ਤੇ ਹੋਣ ਲੱਗ ਪਿਆ ਹੈ। ਅੱਜ ਪੰਜਾਬ ਵਿੱਚ ਇਕ ਕੱਪੜਾ ਵਪਾਰੀ ਨੇ, ਜਿਸ ਨੇ ਕਦੇ ਪੈਲੀ ਦੀ ਵੱਟ ‘ਤੇ ਪੈਰ ਵੀ ਨਹੀਂ ਰੱਖ ਕੇ ਵੇਖਿਆ ਹੋਣਾ, ਹਰੇ ਚਾਰੇ ਦਾ ਆਚਾਰ ਬਣਾ ਕੇ ਗੁਜਰਾਤ ਦੇ ਡੇਅਰੀ ਮਾਲਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਹ ਕੰਮ ਉਨ੍ਹਾਂ ਨੇ ਲੌਕਡਾਊਨ ਦੌਰਾਨ ਯੂਟਿਊਬ ਤੋਂ ਸਿੱਖਿਆ ਸੀ।
ਕੁਝ ਨੌਜਵਾਨਾਂ ਨੇ ਦਿੱਲੀ ਵਿੱਚ ਰਲਕੇ ਚਾਹ ਦਾ ਕੰਮ ਸ਼ੁਰੂ ਕੀਤਾ ਤਾਂ ਅੱਜ ਉਹ ਨੌਜਵਾਨ ਦਿੱਲੀ ਵਿੱਚ ਉਨ੍ਹਾਂ ਦੇ ਨਾਮ ਵਾਲੀ ਚਾਹ ਦੀ ਦੁਕਾਨ ਖੋਲ੍ਹਣ ਵਾਲੇ ਤੋਂ ਹੁਣ ਪੈਸੇ ਲੈਕੇ ਫਰੈਂਚਾਈਜ਼ ਦਿੰਦੇ ਹਨ। ਬੀ ਟੈਕ ਚਾਏ, ਐੱਮ ਬੀਏ ਚਾਏ, ਬੂਸਟਰ ਚਾਏ, ਦਾ ਚਾਏਵਾਲਾ, ਦਾ ਐਲਕਮਿਸਟ ਚਾਏ ਆਦਿ(The Chai Wallah, Booster Chaya, The Alchemist, BTech Chai) ਕੁਝ ਨਾਮ ਹਨ। ਜਿਨ੍ਹਾਂ ਨੇ ਪਹਿਲ ਕਰਕੇ ਆਪਣਾ ਨਾਮ ਕਰਕੇ ਵਿਖਾਇਆ ਹੈ ਅਤੇ ਹੁਣ ਆਪ ਤਾਂ ਕਮਾਈ ਕਰ ਹੀ ਰਹੇ ਹਨ ਨਾਲ ਦੀ ਨਾਲ ਦੂਜੇ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰਦੇ ਹਨ ਅਤੇ ਰੁਜ਼ਗਾਰ ਵੀ ਦੇ ਰਹੇ ਹਨ।
(9417801988)
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.