YOUTH GLOBAL

ਪੰਜਾਬੀ ਗੱਭਰੂ : ਆਜ਼ਾਦੀ ਤੋਂ ਆਰਥਿਕਤਾ ਤੱਕ

ਅਮਰਜੀਤ ਸਿੰਘ ਵੜੈਚ

ਦੇਸ ਦੀ ਆਜ਼ਾਦੀ ਵਿੱਚ ਪੰਜਾਬ ਦੇ ਗੱਭਰੂਆਂ ਦੇ ਨਾਂ ਸੁਨਿਹਰੀ ਅੱਖਰਾਂ ‘ਚ ਲਿਖੇ ਮਿਲਦੇ ਹਨ। ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਥਾਪਰ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਬਾਬਾ ਸੋਹਣ ਸਿੰਘ ਭਕਨਾ ਅਤੇ ਹੋਰ ਵੀ। ਆਜ਼ਾਦੀ ਮਗਰੋਂ ਦੇਸ਼ ਦੀ ਤਰੱਕੀ ਵਿੱਚ ਵ‌ੀ ਹੁਣ ਤੱਕ ਭਰਵਾਂ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਲੋਕ ਹਿੰਮਤ ਅਤੇ ਪਿਆਰ ਵਾਲੇ ਹਨ। ਇਕ ਦੂਸਰੇ ‘ਤੇ ਜਲਦ‌ੀ ਭਰੋਸਾ ਕਰਨ ਵਾਲੇ ਹਨ। ਖੇਤੀ, ਵਪਾਰ, ਉਦਯੋਗ, ਸਿੱਖਿਆ ਆਦਿ ਦੇ ਖੇਤਰ ਵਿੱਚ ਇਨ੍ਹਾਂ ਨੇ ਮਹੱਤਵ ਪੂਰਨ ਯੋਗਦਾਨ ਪਾਇਆ ਹੈ। ਅੱਜ ਕੱਲ੍ਹ ਪੰਜਾਬੀ ਨੌਜਵਾਨ ਦਾ ਰੁਝਾਨ ਬਾਹਰ ਵੱਲ ਜ਼ਿਆਦਾ ਹੋ ਗਿਆ ਹੈ ਪਰ ਅੱਜ ਵੀ ਪੰਜਾਬ ਵਿੱਚ ਕਈ ਅਜਿਹੇ ਉਦਮੀਆ ਦੇ ਨਾਂ ਲਏ ਜਾ ਸਕਦੇ ਹਨ ਜਿਨ੍ਹਾਂ ਨੇ ਪੰਜਾਬ ‘ਚ ਰਹਿ ਕੇ ਹੀ ਕਰੋੜਾਂ ਦਾ ਬਿਜਨਸ ਕੀਤਾ ਹੈ ਅਤੇ ਕਰ ਰਹੇ ਹਨ।

ਬੌਨ ਬਰੈਡ (BONN) ਲੁਧਿਆਣਾ ਦੇ ਨੌਜਵਾਨ ਮਨਜੀਤ ਸਿੰਘ ਨੇ 1985 ‘ਚ ਸ਼ੁਰੂ ਕੀਤ‌ੀ ਸੀ ਅਤੇ ਅੱਜ ਬੌਨ ਬਰੈਡ ਭਾਰਤ ਦੀ ਕੁਲ ਬਰੈਡ ਉਦਯੋਗ ਦੀ 30 ਤੋਂ 40 ਫ਼ੀਸਦੀ ਬਰੈਡ ਤਿਆਰ ਕਰ ਰਹੀ ਹੈ। OLA ਨਾਂ ਦੀ ਐਪ ਵੀ ਲੁਧਿਅਣਾ ਦੇ ਭਵੀਸ਼ ਅਗਰਵਾਲ ਨੇ ਸ਼ੁਰੁ ਕੀਤੀ ਸੀ ਅਤੇ ਅੱਜ ਇਹ ਪੂਰੀ ਦੁਨੀਆਂ ‘ਚ ਸੇਵਾ ਦੇ ਰਹੀ। ਓਲਾ ਦੀ ਸਫ਼ਲਤਾ ਦੀ ਇਕ ਕਹਾਣੀ ਬੜੀ ਰੌਚਿਕ ਹੈ ਕਿ ਓਲਾ ਦੇ ਪਰਿਵਾਰ ਦੇ ਇਕ ਡਰਾਇਵਰ ਨੇ ਨੌਕਰੀ ਛੱਡ ਕੇ ਆਪਣੀ ਕਾਰ ਓਲਾ ਐਪ ‘ਤੇ ਰਜਿਸਟਰ ਕਰ ਲਈ। ਮੋਹਾਲੀ ਦੀ ਰਿਸ਼ੂ ਗਾਂਧੀ ਜੋ ਇਨਫੋਸਿਸ ਵਿੱਚ ਨੌਕਰੀ ਕਰਦੀ ਸੀ ਨੇ ਇਕ ਦਿਨ ਨੌਕਰੀ ਛੱਡ ਕੇ ਨਿੱਕੇ ਬੱਚਿਆਂ ਲਈ ਸੂਤ ਦੇ ਹਲਕੇ ਕੱਪੜੇ/ਪੋਤੜੇ ਬਣਾਉਣੇ ਸ਼ੁਰੂ ਕਰ ਦਿੱਤੇ ਜੋ ਬੱਚਿਆਂ ਦੀ ਨਰਮ ਤੇ ਮੁਲਾਇਮ ਚਮੜੀ ‘ਤੇ ਬਿਲਕੁਲ ਵੀ ਖਰੋਚਾਂ/ਚੀਘਾਂ ਨਹੀਂ ਸੀ ਪਾਉਂਦੇ।

ਇਹ ਵਿਚਾਰ ਰਿਸ਼ੂ ਨੂੰ ਤਾਂ ਆਇਆ ਜਦੋਂ ਉਸ ਨੇ ਪੜ੍ਹਿਆ ਕੇ ਬਾਜ਼ਾਰ ‘ਚ ਮਿਲਦੇ ਕੱਪੜੇ ਬੱਚਿਆਂ ਦੇ ਸਰੀਰ ‘ਤੇ ਰਗੜਾਂ/ਝਰੀਟਾਂ ਵਰਗੇ ਨਿਸ਼ਾਨ ਪਾ ਦਿੰਦੇ ਹਨ। ਜੋਸ਼ ਟਰੈਕਟਰ ਵਾਲੇ ਲੁਧਿਆਣੇ ਵਿੱਚ ਟਰੈਕਟਰਾਂ ਦੇ ਪੁਰਜੇ  ਬਣਾਉਂਦੇ ਸਨ ਅਤੇ ਅੱਜ ਜੋਸ਼ ਟਰੈਕਟਰ ਭਾਰਤ ਵਿੱਚ ਇਕ ਚੰਗਾ ਨਾਮ ਹੈ। ਐੱਮਡੀਐੱਚ ਮਸਾਲੇ ਵਾਲਿਆਂ ਦੀ ਵੰਡ ਮਗਰੋਂ ਆਕੇ ਪਹਿਲਾਂ ਦਿੱਲੀ ਵਿੱਚ ਟਾਂਗਾ ਚਲਾਇਆ ਅਤੇ ਫ਼ਿਰ ਆਪਣੇ ਲਾਹੌਰ ਵਿੱਚ ਪਿਤਰੀ  ਮਸਾਲਿਆਂ ਦੇ ਕੰਮ ਨੂੰ ਹਲਕੇ ਪੱਧਰ ਤੋਂ ਸ਼ੁਰੂ ਕੀਤਾ।ਸੋ ਅੱਜ ਇਨ੍ਹਾਂ ਦੀਆਂ ਭਾਰਤ ਤੋਂ ਬਾਹਰ ਵੀ ਫੈਕਟਰੀਆਂ ਹਨ।

ਸ਼੍ਰੀ ਕਰਿਸ਼ਨਾ ਪਿਕਲਜ਼ ਵੀ ਇਕ ਯੂਪੀ ਦੀ ਕਰਿਸ਼ਨਾ ਯਾਦਵ ਦੀ ਕਹਾਣੀ ਹੈ ਜਿਸ ਕੋਲ ਇਕ ਦਿਨ ਬੱਚੇ ਦੀ ਫ਼ੀਸ ਭਰਨ ਲਈ ਪੈਸੇ ਨਹੀਂ ਪਰ ਅੱਜ ਉਹ ਖ਼ੁਦ 1000 ਲੋਕਾਂ ਨੂੰ ਨੌਕਰੀ ਦੇ ਰਹੀ ਹੈ ਅਤੇ ਉਸ ਦੀਆਂ ਚਾਰ ਕੰਪਨੀਆਂ ਹਨ ਜਿਨ੍ਹਾਂ ਦਾ ਸਲਾਨਾ ਚਾਰ ਕਰੋੜ ਰੁਪਏ ਦਾ ਵਪਾਰ ਹੈ। ਇਕ ਦਿਨ ਉਹ ਵੀ ਸੀ ਜਦੋਂ ਕਰਿਸ਼ਨਾ ਨੂੰ ਆਪਣੇ ਪਤੀ ਨਾਲ ਬੁਲੰਦ ਸ਼ਹਿਰ ਵਿੱਚੋ ਕਰਜ਼ੇ ਕਾਰਨ ਆਪਣਾ ਘਰ ਵੇਚਣਾ ਪਿਆ ਸੀ। ਕੰਮ ਬਹੁਤ ਹਨ ਪਰ ਸਿਰਫ਼ ਲੋੜ ਹੈ ਇਰਾਦੇ, ਮਿਹਨਤ, ਹਿੰਮਤ, ਸਬਰ ਅਤੇ ਸਹਿਯੋਗ ਦੀ। ਇਕੱਠੇ ਹੋਕੇ ਹੀ ਨੌਜਵਾਨ ਕਿਸੇ ਕੰਮ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button