YOUTH GLOBAL

ਪੰਜਾਬ ‘ਚੋਂ ਗੱਭਰੂ ਗਾਇਬ ਹੋ ਜਾਵੇਗਾ

ਅਮਰਜੀਤ ਸਿੰਘ ਵੜੈਚ

ਪੰਜਾਬ ਵਿੱਚੋਂ ਹਰ ਰੋਜ਼ ਤਕਰੀਬਨ 370 ਪੰਜਾਬੀ ਨਵੀਂ ਜ਼ਿੰਦਗੀ ਦ‌ੀ ਤਲਾਸ਼ ਵਿੱਚ ਪੰਜਾਬ ਨੂੰ ਅਲਵਿਦਾ ਕਹਿ ਕੇ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ ਆਦਿ ਮੁਲਕਾਂ ਲਈ ਉਡਾਰੀ ਮਾਰ ਰਹੇ ਹਨ। ਇਸ ਹਿਸਾਬ ਨਾਲ ਇਕ ਲੱਖ 50 ਹਜ਼ਾਰ ਤੋਂ ਵੱਧ ਪੰਜਾਬੀ ਹਰ ਵਰ੍ਹੇ ਪੰਜਾਬ ਨੂੰ ਅਲਵਿਦਾ ਕਹਿ ਜਾਂਦੇ ਹਨ। ਇਨ੍ਹਾਂ ਵਿੱਚੋਂ ਇਕ ਪ੍ਰਤੀਸ਼ਤ ਤੋਂ ਵੀ ਘੱਟ ਹੋਣਗੇ ਜੋ ਵਾਪਸ ਮੁੜਨਾ ਚਾਹੁਣਗੇ।

ਫਰਵਰੀ 2022 ਵਿੱਚ ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਦੱਸਿਆ ਸੀ ਕਿ ਪੰਜਾਬ ਵਿੱਚੋਂ 2016 ਤੋਂ 2021 ਤੱਕ 9 ਲੱਖ 84 ਹਜ਼ਾਰ ਪੰਜਾਬੀ ਵਿਦੇਸ਼ਾਂ ਵਿੱਚ ਚਲੇ ਗਏ ਸੀ। ਇਨ੍ਹਾਂ ਵਿੱਚੋਂ 3.84 ਲੱਖ ਵਿਦਿਆਰਥੀ ਅਤੇ ਛੇ ਲੱਖ ਕੰਮਕਾਰ ਕਰਨ ਵਾਲੇ ਸਨ। ਭਾਵ ਹਰ 33 ਪੰਜਾਬੀਆਂ ਪਿਛੇ ਇਕ ਪੰਜਾਬੀ ਬਾਹਰ ਜਾ ਚੁੱਕਾ ਹੈ। ਭਾਰਤ ਵਿੱਚ ਕੇਰਲਾ ਚੋਂ ਸੱਭ ਤੋਂ ਵੱਧ ਲੋਕ ਬਾਹਰ ਜਾ ਰਹੇ ਹਨ। ਪੰਜਾਬ ਦੂਜੇ, ਆਂਧਰਾ ਤੀਜੇ, ਤਾਮਿਲਨਾਡੂ ਚੌਥੇ ਅਤੇ ਦਿੱਲੀ ਪੰਜਵੇਂ ਨੰਬਰ ‘ਤੇ ਹੈ। ਹੈਰਾਨ‌ੀ ਤਾਂ ਇਸ ਤੱਥ ਤੋਂ ਹੈ ਕਿ ਹਰ‌ਿਆਣਾ ਦਾ ਸਥਾਨ 11ਵਾਂ ਹੈ।

ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਦੇ ਲੋਕ ਇਸ ਸਵਰਗ ਜਿਹੀ ਧਰਤੀ ਤੋਂ ਬੇਮੁੱਖ ਹੋ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ‌੍ਰਿਤਸਰ ਦੀ ਖੋਜਾਰਥਣ ਕੇਤਕੀ ਬਾਹਰਾ ਨੇ 2020 ‘ਚ ਆਪਣੇ ਖੋਜ ਨਿਬੰਧ ਵਿੱਚ ਦੱਸਿਆ ਸੀ ਕਿ ਬੇਰੁਜ਼ਗਾਰੀ, ਯੋਗਤਾ ਤੋਂ ਘੱਟ ਰੁਜ਼ਗਾਰ, ਅਫ਼ਸਰਸ਼ਾਹੀ, ਰਿਸ਼ਵਤਖੋਰੀ, ਰਾਖਵਾਂਕਰਨ, ਆਬਾਦੀ ਦਾ ਵਾਧਾ, ਸਰਕਾਰੀ ਸਕੀਮਾਂ ਦੀ ਜਾਣਕਾਰੀ ਨਾ ਹੋਣਾ, ਗੁਲਾਬੀ ਸੁਪਨੇ, ਮੁਕਾਬਲਾ, ਸਾਥੀਆਂ ਦਾ ਪ੍ਰਭਾਵ ਆਦਿ ਕਾਰਨ ਹਨ ਜਿਨ੍ਹਾਂ ਕਰਕੇ ਪੰਜਾਬ ਦੀ ਜਵਾਨੀ ਨਿਰਾਸ਼ ਹੋ ਕੇ ਆਪਣੀ ਮਾਤਭੂਮੀ ਛੱਡਣ ਲਈ ਮਜ਼ਬੂਰ ਹੋ ਰਹੀ ਹੈ। ਪੰਜਾਬ ‘ਚੋਂ ਹਰ ਵਰ੍ਹੇ ਤਕਰੀਬਨ 27 ਹਜ਼ਾਰ ਕਰੋੜ ਰੁਪੱਈਆ ਵਿਦੇਸ਼ਾਂ ਵਿੱਚ ਕਾਲਜਾਂ ਦੀਆਂ ਫ਼ੀਸਾਂ ਦੇ ਰੂਪ ਵਿੱਚ ਨਿਕਲ ਜਾਂਦਾ ਹੈ।

ਆਪਣਾ ‘ਰੰਗਲਾ ਪੰਜਾਬ’ ਜੋ ਕਦੇ ਭਾਰਤ ਵਿੱਚ ਖੇਤੀ ਅਤੇ ਵਪਾਰ ਵਿੱਚ ਮਿਲਾਕੇ ਇਕ ਨੰਬਰ ‘ਤੇ ਹੁੰਦਾ ਸੀ ਅੱਜ 20ਵੇਂ ਨੰਬਰ ‘ਤੇ ਖਿਸਕ ਗਿਆ ਹੈ। ਬਿਹਾਰ ਵੀ ਸਾਡੇ ਤੋਂ ਉਪਰ 15ਵੇਂ ਸਥਾਨ ਤੇ ਹੈ ਅਤੇ ਹਰਿਆਣਾ ਤੀਜੇ ਨੰਬਰ ‘ਤੇ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ, ਜੋ ਰਲ-ਮਿਲ ਕੇ ਪੰਜਾਬ ‘ਤੇ ਤਕਰੀਬਨ 25-25 ਸਾਲ ਰਾਜ ਕਰ ਚੁੱਕੀਆਂ ਹਨ, ਜਦੋਂ ਪ੍ਰਾਪਤੀਆਂ ਦੀ ਗੱਲ ਕਰਦੀਆਂ ਹਨ ਤਾਂ ਪਹਾੜ ਖੜ੍ਹੇ ਕਰ ਦਿੰਦੀਆਂ ਹਨ ਪਰ ਉਪਰੋਕਤ ਕੌੜਾ ਸੱਚ ਹਕੀਕਤ ਬਿਆਨ ਕਰਦਾ ਹੈ। ਵਰਤਮਾਨ ਪੰਜਾਬ ਸਰਕਾਰ ਇਸ ਦਾਅਵੇ ਨਾਲ ਆਈ ਹੈ ਕਿ ਉਹ ਪੰਜਾਬ ਦੇ ਗੱਭਰੂ ਨੂੰ ਮਜ਼ਬੂਰੀ ਵੱਸ ਪਰਵਾਸ ਨਹੀਂ ਕਰਨ ਦੇਵੇਗੀ ਅਤੇ ਪੰਜਾਬ ‘ਚ ਹੀ ਕੰਮ ਕਰਨ ਦੇ ਮੌਕੇ ਸਿਰਜੇਗੀ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਸਰਕਾਰ ਦੇ ਇਸ ਵਾਅਦੇ ਨੂੰ ਕਦੋਂ ਬੂਰ ਪਵੇਗਾ। ਰੱਬ ਖੇਰ ਕਰੇ !

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button