Breaking NewsD5 specialNewsPress ReleasePunjabTop News

ਲੋਕਾਂ ਦੇ ਸੇਵਕ ਵਜੋਂ ਆਪਣਾ ਫਰਜ਼ ਨਿਭਾਓ-ਮੁੱਖ ਮੰਤਰੀ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਹੁਕਮ

ਅਧਿਕਾਰੀਆਂ ਨੂੰ ਤਿਮਾਹੀ ਆਧਾਰ ਤੇ ਬੈਸਟ ਪਰਫਾਰਮੈਂਸ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵੱਟਸਐਪ ਨੰਬਰ ਦੀ ਸ਼ੁਰੂਆਤ ਕਰਨ ਦਾ ਐਲਾਨ, ਭ੍ਰਿਸ਼ਟਾਚਾਰ ਤੇ ਗਲਤ ਕੰਮਾਂ ਨਾਲ ਸਬੰਧਤ ਸ਼ਿਕਾਇਤ ਭੇਜ ਸਕਣਗੇ ਲੋਕ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਲਾਮਿਸਾਲ ਫਤਵੇ ਦਾ ਸਤਿਕਾਰ ਕਰਦੇ ਹੋਏ ਸੂਬੇ ਦੇ ਸਿਵਲ ਤੇ ਪਲੀਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਜਨਤਾ ਦੇ ਸੇਵਕ ਵਜੋਂ ਆਪਣਾ ਫਰਜ਼ ਸਹੀ ਭਾਵਨਾ ਨਾਲ ਨਿਭਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਬਾਅਦ ਦੁਪਹਿਰ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਜਿੰਨਾ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਜਮਹੂਰੀਅਤ ਵਿਚ ਇਹੀ ਲੋਕ ਅਸਲ ਸ਼ਾਸਕ ਹੁੰਦੇ ਹਨ ਅਤੇ ਸਿਆਸਤਦਾਨਾਂ ਨੂੰ ਸੱਤਾ ਵਿਚ ਰਹਿਣ ਜਾਂ ਬਾਹਰ ਦਾ ਰਸਤਾ ਦਿਖਾਉਣ ਦੀ ਤਾਕਤ ਵੀ ਇਹਨਾਂ ਲੋਕਾਂ ਦੇ ਹੱਥ ਵਿਚ ਹੁੰਦੀ ਹੈ। ਭਾਰਤੀ ਕ੍ਰਿਕਟ ਟੀਮ ਦੀ ਕਾਰਗੁਜ਼ਾਰੀ ਦੀ ਮਿਸਾਲ ਦਿੰਦੇ ਹੋਏ ਮਾਨ ਨੇ ਕਿਹਾ, “ਮੈਚ ਵਿਚ ਜਿੱਤ ਹੋਵੇ ਜਾਂ ਹਾਰ ਹੋਵੇ ਪਰ ਟੀਮ ਦਾ ਜਜ਼ਬਾ ਸਭ ਤੋਂ ਵੱਧ ਮਾਅਨੇ ਰੱਖਦਾ ਹੈ।” ਇਸੇ ਕਰਕੇ ਉਨ੍ਹਾਂ ਨੇ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਅਧਿਕਾਰੀਆਂ ਨੂੰ ਟੀਮ ਦੀ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਸਾਡਾ ਮੁੱਖ ਸਰੋਕਾਰ ਪੰਜਾਬ ਨੂੰ ਲੰਡਨ, ਕੈਲੇਫੋਰਨੀਆ ਜਾਂ ਪੈਰਿਸ ਬਣਾਉਣਾ ਨਹੀਂ ਸਗੋਂ ਅਸਲ ਪੰਜਾਬ ਬਣਾਉਣਾ ਹੈ।”

CM Bhagwant Mann ਨਾਇਕ ਫਿਲ਼ਮ ਵਾਂਗ ਪਹਿਲੇ ਦਿਨ ਆਏ ਐਕਸ਼ਨ ’ਚ, ਪੰਜਾਬੀਆਂ ਲਈ ਵੱਡਾ ਐਲਾਨ? | D5 Channel Punjabi

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਆਸੀ ਬਦਲਾਖੋਰੀ ਦੇ ਰਾਹ ਨਹੀਂ ਪਵੇਗੀ ਅਤੇ ਉਨ੍ਹਾਂ ਨੇ ਸਮੁੱਚੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਦੇ ਉਲਟ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਅਤੇ ਡਰ-ਭੈਅ ਤੋਂ ਸਮਰਪਿਤ ਭਾਵਨਾ, ਸੰਜੀਦਗੀ ਅਤੇ ਦਿਆਨਤਦਾਰੀ ਨਾਲ ਨਿਭਾਉਣ ਤਾਂ ਕਿ ਪੰਜਾਬੀਆਂ ਦੀਆਂ ਉਮੀਦਾਂ ਉਤੇ ਖਰਾ ਉਤਰਿਆ ਜਾ ਸਕੇ ਜਿਨ੍ਹਾਂ ਨੇ ਸ਼ਾਨਦਾਰ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮਾਨ ਨੇ ਅੱਗੇ ਕਿਹਾ, “ਮੈਂ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਕੋਲ ਲਾਲ ਡਾਇਰੀ ਨਹੀਂ ਰੱਖਦਾ ਸਗੋਂ ਮੇਰੇ ਕੋਲ ਤਾਂ ਹਰੀ ਡਾਇਰੀ ਹੁੰਦੀ ਹੈ ਜਿਸ ਕਰਕੇ ਕਿਸੇ ਤਰ੍ਹਾਂ ਦੀ ਬਦਲਾਖੋਰੀ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।” ਸਿਵਲ ਤੇ ਪੁਲੀਸ ਅਫਸਰਾਂ ਦੀ ਬੇਮਿਸਾਲ ਸਮਰਥਾ ਤੇ ਕਾਬਲੀਅਤ ਦੀ ਸ਼ਲਾਘਾ ਕਰਦੇ ਹੋਏ ਮਾਨ ਨੇ ਕਿਹਾ, “ਮੈਂ ਤੁਹਾਡੇ ਤੋਂ ਆਸ ਕਰਦਾਂ ਹਾਂ ਕਿ ਤੁਸੀਂ ਆਮ ਲੋਕਾਂ ਦਾ ਸਤਿਕਾਰ ਕਰੋ ਅਤੇ ਬਦਲੇ ਵਿਚ ਅਸੀਂ ਵੀ ਤਹਾਨੂੰ ਲੋਕ ਸੇਵਕ ਦੇ ਤੌਰ ’ਤੇ ਸਹੀ ਮਾਅਨਿਆਂ ਵਿਚ ਆਪਣੀ ਕਾਰਗੁਜ਼ਾਰੀ ਦਿਖਾਉਣ ਲਈ ਬਣਦਾ ਮਾਣ-ਸਤਿਕਾਰ ਦਿਆਂਗੇ।” ਬਿਨਾਂ ਕੋਈ ਸੰਕੋਚ ਵਰਤਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ,“ਮੇਰੀ ਸਰਕਾਰ ਵਿਚ ਭ੍ਰਿਸ਼ਟ ਅਫਸਰਾਂ ਲਈ ਕੋਈ ਥਾਂ ਨਹੀਂ ਹੈ ਅਤੇ ਜੇਕਰ ਅਜਿਹੀ ਕੋਈ ਸ਼ਿਕਾਇਤ ਮੇਰੇ ਧਿਆਨ ਵਿਚ ਆ ਗਈ ਤਾਂ ਇਹੋ ਜਿਹੇ ਅਫਸਰ ਮੈਥੋਂ ਹਮਦਰਦੀ ਦੀ ਝਾਕ ਨਾ ਰੱਖਣ।”

ਹਾਰੇ ਲੀਡਰਾਂ ਦੇ ਜਖ਼ਮਾਂ ’ਤੇ ਪਾਇਆ ਨਮਕ! ਕੱਢਿਆ ਨਵਾਂ ਗੀਤ, Moose Wala ਵੀ ਕੀਤਾ ਫੇਲ੍ਹ | D5 Channel Punjabi

ਭ੍ਰਿਸ਼ਟਾਚਾਰ ਮੁਕਤ ਸਰਕਾਰ ਨੂੰ ਯਕੀਨੀ ਬਣਾਉਣ ਲਈ ਮਾਨ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲੇ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਇਕ ਵਟਸਐਪ ਨੰਬਰ ਸ਼ੁਰੂ ਕਰੇਗੀ ਤਾਂ ਜੋ ਲੋਕਾਂ ਵੱਲੋਂ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਰਿਸ਼ਵਤ ਮੰਗਣ ਵਾਲੇ ਭ੍ਰਿਸ਼ਟ ਅਧਿਕਾਰੀਆਂ ਜਾਂ ਹੋਰ ਗਲਤ ਕੰਮਾਂ ਵਿੱਚ ਸ਼ਾਮਲ ਅਧਿਕਾਰੀਆਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾ ਸਕਣ ਅਤੇ ਅਜਿਹੇ ਗਲਤ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾ ਸਕੇ। ਮੁੱਖ ਮੰਤਰੀ ਨੇ ਜ਼ਮੀਨੀ ਪੱਧਰ ‘ਤੇ ਆਮ ਆਦਮੀ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੇ ਨਾਲ-ਨਾਲ ਸਾਰਿਆਂ ਨੂੰ ਮੁਫ਼ਤ ਤੇ ਨਿਰਪੱਖ ਨਿਆਂ ਯਕੀਨੀ ਬਣਾਉਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਤਿਮਾਹੀ ਆਧਾਰ ‘ਤੇ ‘ਬੈਸਟ ਪਰਫਾਰਮੈਂਸ ਐਵਾਰਡ’ (ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਐਵਾਰਡ) ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਤਾਂ ਜੋ ਉਹਨਾਂ ਦਾ ਮਨੋਬਲ ਵਧਾਇਆ ਜਾ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਉਪਰਾਲਾ ਯਕੀਕਨ ਤੌਰ ‘ਤੇ ਹੋਰਨਾਂ ਅਧਿਕਾਰੀਆਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਗੁਜ਼ਾਰੀ ਵਿਖਾਉਣ ਲਈ ਪ੍ਰੇਰਿਤ ਕਰੇਗਾ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਸਾਰੇ ਪੁਲਿਸ ਮੁਲਾਜ਼ਮਾਂ ਦੇ ਜਨਮ ਦਿਨ ‘ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਸੰਦੇਸ਼ ਭੇਜਣ ਦੇ ਵੀ ਨਿਰਦੇਸ਼ ਦਿੱਤੇ।

Bhagwant Maan ਨੇ ਲਿਆ ਫੈਸਲਾ, ਭ੍ਰਿਸ਼ਟ ਅਫ਼ਸਰਾਂ ’ਤੇ ਵੱਡੀ ਕਾਰਵਾਈ, ਹੁਣ ਟੰਗੇ ਜਾਣਗੇ ਪੁੱਠੇ | D5 Channel Punjabi

ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਉਦੇਸ਼ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਭਰਪੂਰ ਮੌਕੇ ਪੈਦਾ ਕਰਨਾ ਹੋਵੇਗਾ ਤਾਂ ਜੋ ਸਾਡੇ ਸੂਬੇ ‘ਚੋਂ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਜਾਣ ਦੇ ਮੰਦਭਾਗੇ ਰੁਝਾਨ ਨੂੰ ਰੋਕਿਆ ਜਾ ਸਕੇ। ਉਹਨਾਂ ਅੱਗੇ ਕਿਹਾ, “ਇਹਨਾਂ ਹਾਲਤਾਂ ਨੇ ਰੋਜ਼ੀ-ਰੋਟੀ ਕਮਾਉਣ ਵਾਸਤੇ ਬਿਹਤਰ ਸੰਭਾਵਨਾਵਾਂ ਦੀ ਤਲਾਸ਼ ਵਿੱਚ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਗਰੀਬ ਅਤੇ ਬੇਸਹਾਰਾ ਮਾਪਿਆਂ ਨੂੰ ਆਪਣੀਆਂ ਜਾਇਦਾਦਾਂ ਵੇਚਣ ਲਈ ਵੀ ਮਜਬੂਰ ਕਰ ਦਿੱਤਾ ਹੈ।” ਉਨ੍ਹਾਂ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਸਾਡੇ ਬੇਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦੀਆਂ ਅਥਾਹ ਸੰਭਾਵਨਾਵਾਂ ਪੈਦਾ ਕਰਨ ਲਈ ਛੇਤੀ ਹੀ ਇੱਕ ਵਿਆਪਕ ਕਾਰਜ ਯੋਜਨਾ ਲੈ ਕੇ ਆਵੇਗੀ। ਇਸ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਮੁੱਖ ਮੰਤਰੀ ਦਾ ਸੁਆਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ‘ਤੇ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਤਾਲਮੇਲ ਨਾਲ ਕੰਮ ਕਰਨਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਅਤੇ ਡੀਜੀਪੀ ਵੀਕੇ ਭਾਵੜਾ ਤੋਂ ਇਲਾਵਾ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button