OpinionD5 special

ਪੰਜਾਬ ਦਾ ਰਾਜਸੀ ਮਾਹੌਲ – ਪਾਰਟੀਆਂ ਬਦਲਣ ਵਾਲੇ ਆਗੂਆਂ ਦੇ ਡੱਡੂ ਛੜੱਪੇ !

ਗੁਰਮੀਤ ਸਿੰਗਲ

ਪੰਜਾਬ ਵਿਚ ਚੋਣ ਬੁਖਾਰ ਆਪਣੇ ਜੋਬਨ ਵਲ ਵਧਦਾ ਜਾ ਰਿਹਾ ਹੈ. ਪਾਰਟੀਆਂ ਬਦਲਣ ਦੇ ਡੱਡੂ ਛੜੱਪੇ ਜਾਰੀ ਹਨ। ਇਹਨਾਂ ਚੋਣਾਂ ਦੌਰਾਨ ਪੰਜਾਬ ਵਿਚ ਰਿਵਾਇਤੀ ਪਾਰਟੀਆਂ ਤੋਂ ਇਲਾਵਾ ਦੋ ਹੋਰ ਸਿਆਸੀ ਪਾਰਟੀਆਂ ਬਣ ਗਈਆਂ ਹਨ। ਇਕ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਹੀ ਉਮਰ ਦੇ ਅਕਾਲੀ ਦਲ ਤੋਂ ਬਾਗੀ ਬਜ਼ੁਰਗਾਂ ਸਮੇਤ ਭਾਜਪਾ ਨਾਲ ਗਠਜੋੜ ਕੀਤਾ ਹੈ। ਖੇਤੀ ਕਾਨੂੰਨਾਂ ਕਾਰਨ ਪੰਜਾਬ ਵਿਚ ਭਾਜਪਾ ਦੀ ਬਹੁਤ ਕਿਰਕਿਰੀ ਹੋ ਗਈ ਹੈ ਕੈਪਟਨ ਵਲੋਂ ਬਣਾਈ ਇਸ ਪਾਰਟੀ ਨੂੰ ਕਿਸੇ ਵੀ ਤਰਾਂ ਦੀ ਸਫਲਤਾ ਪ੍ਰਾਪਤ ਹੁੰਦੀ ਦਿਖਾਈ ਨਹੀਂ ਦਿੰਦੀ। ਇਕ ਨਜ਼ਰ ਦੇਖਿਆ ਜਾਵੇ ਤਾਂ ਕੈਪਟਨ ਵਲੋਂ ਕੇਵਲ ਕਾਂਗਰਸ ਪਾਰਟੀ ਦੀ ਟਿੰਡ ਵਿਚ ਕਾਨਾ ਪਾਉਣਾ ਲਗਦਾ ਹੈ। ਜਿਸ ਤੋਂ ਖੱਟੀ ਸੋਹਬਤ ਉਸ ਨਾਲ ਕੀਤਾ ਧੋਖਾ। ਖੇਰ, ਸਿਆਸਤ ਵਿੱਚ ਸਭ ਕੁਝ ਜਾਇਜ਼ ਠਹਰਾਇਆ ਜਾਂਦਾ ਹੈ। ਕੋਈ ਕਿਸੇ ਦੇ ਭਾਈ ਕਿਸੇ ਦਾ ਜਵਾਈ ਨਹੀਂ।

ਕਿਸਾਨ ਮੋਰਚਾ ਜਿੱਤਣ ਤੋਂ ਬਾਅਦ ਸੱਤਾ ਦੀ ਭੁੱਖ ਦੇ ਲਾਲਚ ਵਿਚ ਆਈਆਂ ਕਿਸਾਨ ਜਥੇਬੰਦੀਆਂ ਡੱਡੂਆਂ ਦੀ ਪੰਸੇਰੀ ਵਾਂਗ ਖਿਲਰ ਗਈਆਂ ਹਨ। ਕੁਲ 32 ਕਿਸਾਨ ਜਥੇਬੰਦੀਆਂ ਵਿਚੋਂ ਕੁਝ ਕੁ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਵੀ ਧਿਆਨ ਦੇਣ ਯੋਗ ਹੋਵੇਗਾ ਕਿ ਤਕਰੀਬਨ ਹੀ ਕਿਸਾਨ ਰਿਵਾਇਤੀ ਪਾਰਟੀਆਂ ਨਾਲ ਵੀ ਜੁੜੇ ਹੋਏ ਹਨ। ਜਿਸ ਦਾ ਸਬੂਤ ਹਰ ਪਾਰਟੀ ਵਲੋਂ ਹਾਲ ਹੀ ਵਿਚ ਕੀਤੇ ਗਏ ਸ਼ਕਤੀ ਪ੍ਰਦਰਸ਼ਨਾਂ ਵਿਚ ਜੁੜ੍ਹੀ ਹੋਈ ਭੀੜ ਹੈ। ਆਖਰ ਇਸ ਭੀੜ ਵਿਚ ਕਿਹੜੇ ਵਰਗ ਦੇ ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਵੀ ਵਿਧਾਨ ਸਭਾ ਦੀਆਂ 117 ਸੀਟਾਂ ਤੇਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਆਪ ਧਾਪੀ ਦੇ ਮੌਸਮ ਵਿਚ ਹਰ ਕੋਈ ਆਪਣੀ ਆਪਣੀ ਡਫਲੀ ਵਜਾ ਰਿਹਾ ਹੈ। ਅਜੇਹੀ ਸਥਿਤੀ ਅਨੁਸਾਰ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਕਿਸਾਨਾਂ ਵਲੋਂ ਬਣਾਈ ਸਿਆਸੀ ਪਾਰਟੀ ਨੂੰ ਕਿੰਨੀ ਕੁ ਸਫਲਤਾ ਮਿਲਣ ਦੀ ਸੰਭਾਵਨਾ ਹੈ। ਚੋਣਾਂ ਵਿਚ ਉਨ੍ਹਾਂ ਦਾ ਜੋ ਮਰਜ਼ੀ ਹਾਲ ਹੋਵੇ ਪਰ ਮੁੜ ਮੋਰਚਾ ਲਾਉਣ ਜੋਗੇ ਨਹੀਂ ਰਹਿਣਗੇ। ਇਸ ਸਮੇ ਪੰਜਾਬ ਕਾਂਗਰਸ ਵਿਚ ਅੰਤਾਂ ਦਾ ਕਲਾਹ ਕਲੇਸ਼ ਹੈ .ਇਕ ਲੀਡਰ ਦੂਜੇ ਨੂੰ ਨੀਵਾਂ ਵਿਖਾਉਣ ਤੇ ਉੱਤਰੂ ਹੈ। ਅਜਜੇ ਦੋ ਲੀਡਰ ਗਲਵਕੜੀ ਪਾ ਕੇ ਸਟੇਜਸਾਂਝੀ ਕਰਦੇ ਦਿਖਾਈ ਦਿੰਦੇ ਹਨ। ਉਹ ਹੀ ਦੂਜੇ ਦਿਨ ਅਖਬਾਰਾਂ ਵਿਚ ਇਕ ਦੂਜੇ ਵਿਰੁੱਧ ਬਿਆਨ ਦਾਗ ਦਿੰਦੇ ਹਨ .ਇਸ ਸਮੇ ਕਾਂਗਰਸ ਵਿਚ ਅਨੁਸ਼ਾਸ਼ਨ ਨਾ ਦੀ ਕੋਈ ਚੀਜ ਨਹੀਂ ਹੈ। ਹਰ ਇਕ ਦੀ ਅੱਖ ਮੁਖ ਮੰਤਰੀ ਦੀ ਕੁਰਸੀ ਤੇ ਹੈ।

ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ .ਇਸ ਪਾਰਟੀ ਨੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਪਹਿਲੀ ਵਾਰ ਲੜ੍ਹੀਆਂ ਹਨ। ਇਸ ਪਾਰਟੀ ਨੇ ਕੁਲ 35 ਸੀਟਾਂ ਵਿਚੋਂ 14 ਸੀਟਾਂ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਨੇ ਭਾਜਪਾ ਦੇ ਵਡੇ ਦਿੱਗਜਾਂ ਨੂੰ ਮਾਤ ਦਿਤੀ ਹੈ। ਇਸ ਸਮੇ ਇਸ ਪਾਰਟੀ ਵਿਚ ਪੂਰਾ ਅਨੁਸ਼ਾਸ਼ਨ ਹੈ। ਇੱਕਾ ਦੁੱਕਾ ਨੂੰ ਛੱਡ ਕੇ ਕਿਸੇ ਵੀ ਹਲਕੇ ਵਿਚ ਵਿਰੋਧ ਪੈਦਾ ਨਹੀਂ ਹੋਇਆ। ਆਮ ਆਦਮੀ ਪਾਰਟੀ ਨੇ ਭਾਵੇਂ ਅਜੇ ਤਕ ਮੁਖ ਮੰਤਰੀ ਦਾ ਚਿਹਰਾ ਅੰਨਾਉਂਸ ਨਹੀਂ ਕੀਤਾ। ਫਿਰ ਵੀ ਇਸ ਪਾਰਟੀ ਦੀ ਸਥਿਤੀ ਦੂਜੀਆਂ ਪਾਰਟੀਆਂ ਨਾਲੋਂ ਬਿਹਤਰ ਨਜ਼ਰ ਆ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਪੰਜਾਬ ਦੀ ਰਾਜਨੀਤਕ ਸਥੀਤੀ ਵੀ ਬਦਲ ਦਿੱਤੀ ਹੈ। ਜਿਸ ਦਾ ਪੰਜਾਬ ਦੀਆਂ ਵਿਧਾਨ ਸਭ ਚੋਣਾਂ ਤੇ ਗਹਿਰਾ ਅਸਰ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button