Press ReleaseBreaking NewsD5 specialNewsPunjab
ਜਗਰਾਉਂ ਕਾਂਡ ਵਿਚ ਸ਼ਾਮਲ ਅਪਰਾਧੀਆਂ ਨੂੰ ਫੜਿਆ ਜਾਵੇਗਾ ਜਿਵੇਂ ਕਿ ਹੋਰ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਦੀ ਦੇਸ਼ ਅਤੇ ਵਿਸ਼ਵ ਭਰ ਵਿਚ ਪੈੜ ਨੱਪੀ: ਡੀ.ਜੀ.ਪੀ. ਪੰਜਾਬ
ਸ਼ਹੀਦ ਏ.ਐਸ.ਆਈਜ਼ ਦਾ ਉਨ੍ਹਾਂ ਦੇ ਜੱਦੀ ਪਿੰਡਾਂ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਡੀਜੀਪੀ ਦਿਨਕਰ ਗੁਪਤਾ ਵੱਲੋਂ ਪੰਜਾਬ ਪੁਲਿਸ ਦੀ ਤਰਫੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ
ਜਗਰਾਉਂ :ਦੋ ਸਹਾਇਕ ਸਬ-ਇੰਸਪੈਕਟਰਾਂ (ਏਐਸਆਈਜ਼), ਜਿਨ੍ਹਾਂ ਦੀ ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿੱਚ ਕਾਰ ਸਵਾਰ ਨਸ਼ਾ ਤਸਕਰ-ਅਪਰਾਧੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੀਆਂ ਮ੍ਰਿਤਕ ਦੇਹਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡਾਂ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਦਾਹ ਸਸਕਾਰ ਕੀਤਾ ਗਿਆ। ਸ਼ਨੀਵਾਰ ਸ਼ਾਮ ਨੂੰ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਲੁਧਿਆਣਾ ਦਿਹਾਤੀ ਪੁਲਿਸ ਦੀ ਕਰਾਈਮ ਇਨਵੈਸਟੀਗੇਸ਼ਨ ਯੂਨਿਟ (ਸੀਆਈਏ) ਵਿੰਗ ਵਿੱਚ ਤਾਇਨਾਤ ਦੋਵੇਂ ਏਐਸਆਈ ਸ਼ਰਾਬ ਦੀ ਤਸਕਰੀ ਸਬੰਧੀ ਮਿਲੀ ਸੂਹ ਵਿੱਚ ਕਾਰਵਾਈ ਕਰ ਰਹੇ ਸਨ। ਜਗਰਾਉਂ ਦੇ ਪਿੰਡ ਕੋਠੇ ਆਠ ਚੱਕ ਦੇ ਵਸਨੀਕ ਏਐਸਆਈ ਭਗਵਾਨ ਸਿੰਘ (50) ਦਾ ਉਹਨਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਭਗਵਾਨ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ 15 ਸਾਲ ਦਾ ਪੁੱਤਰ ਛੱਡ ਗਏ ਹਨ। ਏਐਸਆਈ ਦਲਵਿੰਦਰਜੀਤ ਸਿੰਘ (48) ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੰਗਵਾਂ, ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਕੀਤਾ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਪੁੱਤਰ ਛੱਡ ਗਏ ਹਨ।
ਦੋਵੇਂ ਏਐਸਆਈਜ਼ ਦੀਆਂ ਮ੍ਰਿਤਕ ਦੇਹਾਂ ਨੂੰ ਤਿਰੰਗੇ ਵਿੱਚ ਲਪੇਟੇ ਤਾਬੂਤ ਵਿੱਚ ਲਿਆਂਦਾ ਗਿਆ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਨੂੰ ਬੰਦੂਕਾਂ ਨਾਲ ਸਲਾਮੀ ਦਿੱਤੀ ਗਈ ਅਤੇ ਇਸ ਤੋਂ ਪਹਿਲਾਂ ਬਿਗੁਲ ਵਜਾਇਆ ਗਿਆ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਇਸ ਨੂੰ ਦੁਖਦਾਈ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਅਪਰਾਧੀਆਂ ਦਾ ਪਿੱਛਾ ਕਰ ਰਹੇ ਦੋ ਬਹਾਦਰ ਅਧਿਕਾਰੀਆਂ ਨੂੰ ਗਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਡਟ ਕੇ ਖੜੀ ਰਹੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਵਾਂ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਐਚਡੀਐਫਸੀ ਬੈਂਕ ਵੱਲੋਂ ਇਕ-ਇਕ ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਹੋਰ ਲਾਭ ਜਿਵੇਂ ਬਹਾਦਰ ਪੁਲਿਸ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਆਦਿ ਦਿੱਤੀ ਜਾਵੇਗੀ। ਡੀਜੀਪੀ ਨੇ ਸਾਰੇ ਸੀ.ਪੀਜ਼ ਅਤੇ ਐਸ.ਐਸ.ਪੀਜ਼ ਸਮੇਤ ਜ਼ਿਲ੍ਹਿਆਂ ਅਤੇ ਹੈਡਕੁਆਟਰਾਂ ਵਿਖੇ ਤਾਇਨਾਤ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ਼ਹੀਦ ਹੋਏ ਦੋਵਾਂ ਬਹਾਦਰ ਅਧਿਕਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਿਆ।
ਡੀਜੀਪੀ ਨੇ ਭਰੋਸਾ ਦਿਵਾਇਆ ਕਿ ਦੋਵਾਂ ਅਧਿਕਾਰੀਆਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ ਅਤੇ ਉਹਨਾਂ ਸਾਰੇ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਦੋਸ਼ੀਆਂ ਦੀ ਭਾਲ ਹੋਰ ਤੇਜ਼ ਕਰਨ ਅਤੇ ਇਸ ਕੇਸ ਵਿੱਚ ਸ਼ਾਮਲ ਦੋਸ਼ੀ ਵਿਅਕਤੀਆਂ ਨੂੰ ਜਲਦੀ ਤੋਂ ਜਲਦ ਕਾਬੂ ਕਰਨ।ਇਸ ਦੌਰਾਨ ਵਿਸ਼ੇਸ਼ ਡੀਜੀਪੀ ਸੰਜੀਵ ਕਾਲੜਾ, ਆਈਜੀ ਨੌਂ ਨਿਹਾਲ ਸਿੰਘ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਅਤੇ ਐਸਐਸਪੀ ਲੁਧਿਆਣਾ ਦਿਹਾਤੀ ਚਰਨਜੀਤ ਸਿੰਘ ਸੋਹਲ, ਏਐਸਆਈ ਭਗਵਾਨ ਸਿੰਘ ਦੇ ਸਸਕਾਰ ਵਿੱਚ ਸ਼ਾਮਲ ਹੋਏ ਅਤੇ ਜਗਰਾਉਂ ਵਿੱਚ ਡੀਜੀਪੀ ਅਤੇ ਸਮੁੱਚੀ ਪੰਜਾਬ ਪੁਲਿਸ ਫੋਰਸ ਦੀ ਤਰਫੋਂ ਰੀਥ ਰੱਖ ਕੇ ਸ਼ਰਧਾਜਲੀ ਭੇਟ ਕੀਤੀ। ਏਐਸਆਈ ਦਲਵਿੰਦਰਜੀਤ ਸਿੰਘ ਦਾ ਅੰਤਿਮ ਸੰਸਕਾਰ ਤਰਨ ਤਾਰਨ ਵਿਖੇ ਵਿਸ਼ੇਸ਼ ਡੀਜੀਪੀ ਆਈ.ਪੀ.ਐਸ. ਸਹੋਤਾ, ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਐਸ.ਐਸ.ਪੀ. ਧਰੁਮਨ ਐਚ ਨਿੰਬਲੇ ਦੀ ਹਾਜ਼ਰੀ ਵਿੱਚ ਕੀਤਾ ਗਿਆ ਅਤੇ ਸਾਰੇ ਸੀਨੀਅਰ ਅਧਿਕਾਰੀਆਂ ਵੱਲੋਂ ਰੀਥ ਰੱਖ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.