21 ਜੂਨ ਨੂੰ 14960 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਿਜਲੀ ਦੀ ਮੰਗ ਨੂੰ ਪੀ.ਐਸ.ਪੀ.ਸੀ.ਐਲ ਨੇ ਕੀਤਾ ਪੂਰਾ: ਹਰਭਜਨ ਸਿੰਘ ਈ.ਟੀ.ਓ.
ਕਿਸੇ ਵੀ ਉਦਯੋਗਿਕ, ਗੈਰ-ਰਿਹਾਇਸ਼ੀ ਸਪਲਾਈ ਜਾਂ ਘਰੇਲੂ ਸ਼੍ਰੇਣੀ 'ਤੇ ਬਿਜਲੀ ਦਾ ਕੋਈ ਕੱਟ ਨਹੀਂ
ਪੀ.ਐਸ.ਪੀ.ਸੀ.ਐਲ ਇਸ ਝੋਨੇ ਦੇ ਸੀਜ਼ਨ ਦੌਰਾਨ 15500 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ
ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਵੱਲੋਂ 21 ਜੂਨ ਨੂੰ 14960 ਮੈਗਾਵਾਟ ਦੀ ਹੁਣ ਤੱਕ ਦੀ ਬਿਜਲੀ ਦੀ ਸਭ ਤੋਂ ਉੱਚੀ ਮੰਗ ਨੂੰ ਉੱਤਰੀ ਗਰਿੱਡ ਤੋਂ ਕੁੱਲ 8716 ਮੈਗਾਵਾਟ ਬਿਜਲੀ ਲੈਂਦਿਆਂ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਸੂਬੇ ਭਰ ਵਿੱਚ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਖੇਤੀਬਾੜੀ ਫੀਡਰਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਨਾਲ-ਨਾਲ ਕਿਸੇ ਵੀ ਉਦਯੋਗਿਕ, ਗੈਰ-ਰਿਹਾਇਸ਼ੀ ਸਪਲਾਈ (ਐਨ.ਆਰ.ਐਸ) ਜਾਂ ਘਰੇਲੂ ਵਰਗ ‘ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਦੀ ਤਰ੍ਹਾਂ ਸੂਬੇ ਭਰ ਵਿੱਚ ਝੋਨੇ ਦੀ ਬਿਜਾਈ ਪੜਾਅਵਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕੁਝ ਹਿੱਸਿਆਂ ਵਿੱਚ ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਹੋਈ ਜਦਕਿ ਬਾਕੀ ਦੇ ਹਿੱਸੇ 16, 19 ਅਤੇ 21 ਜੂਨ ਨੂੰ ਕਵਰ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਬਿਜਾਈ ਵਿਧੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੂਬੇ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਪੀ.ਐਸ.ਪੀ.ਸੀ.ਐਲ 14000 ਮੈਗਾਵਾਟ ਤੋਂ ਵੱਧ ਦੀ ਵੱਧ ਤੋਂ ਵੱਧ ਮੰਗ ਨੂੰ ਸਫਲਤਾਪੂਰਵਕ ਪੂਰਾ ਕਰ ਰਿਹਾ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਸੂਬੇ ਅੰਦਰ ਲਗਭਗ 6500 ਮੈਗਾਵਾਟ ਉਤਪਾਦਨ ਹੈ ਅਤੇ ਕੇਂਦਰ ਸੈਕਟਰ ਅਤੇ ਬੀ.ਬੀ.ਐਮ.ਬੀ ਪਲਾਂਟਾਂ ਵਿੱਚ ਰਾਜ ਦਾ 4800 ਮੈਗਾਵਾਟ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ ਪਹਿਲਾਂ ਹੀ 3000 ਮੈਗਾਵਾਟ ਲਈ ਬੈਂਕਿੰਗ ਵਿੱਚ ਥੋੜ੍ਹੇ ਸਮੇਂ ਦੇ ਪ੍ਰਬੰਧ ਕੀਤੇ ਹਨ ਅਤੇ 9000 ਮੈਗਾਵਾਟ ਦੀ ਕੁੱਲ ਉਪਲਬਧ ਟਰਾਂਸਮਿਸ਼ਨ ਸਮਰੱਥਾ ਦੀ ਵਰਤੋਂ ਨਾਲ ਪੀ.ਐਸ.ਪੀ.ਸੀ.ਐਲ ਇਸ ਝੋਨੇ ਦੇ ਸੀਜ਼ਨ ਦੌਰਾਨ 15500 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋ ਜਾਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੁਆਰਾ ਕੇਂਦਰੀ ਸੈਕਟਰ ਤੋਂ ਵਾਧੂ 1000 ਮੈਗਾਵਾਟ ਦੀ ਅਲਾਟਮੈਂਟ ਨਾ ਕੀਤੇ ਜਾਣ ਕਾਰਨ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਐਕਸਚੇਂਜ ਤੋਂ ਬਿਜਲੀ ਖਰੀਦੀ ਜਾ ਰਹੀ ਹੈ।
ਇੱਥੇ ਵਰਣਨਯੋਗ ਹੈ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿਛਲੇ ਹਫ਼ਤੇ ਇੱਥੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ, ਜਿਸ ਵਿੱਚ ਪ੍ਰਮੁੱਖ ਸਕੱਤਰ ਬਿਜਲੀ ਸ੍ਰੀ ਤੇਜਵੀਰ ਸਿੰਘ, ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸ੍ਰੀ ਬਲਦੇਵ ਸਿੰਘ ਸਰਾਂ, ਡਾਇਰੈਕਟਰ ਵੰਡ ਪੀ.ਐਸ.ਪੀ.ਸੀ.ਐਲ ਸ੍ਰੀ ਡੀ.ਪੀ.ਐਸ.ਗਰੇਵਾਲ, ਡਾਇਰੈਕਟਰ ਜਨਰੇਸ਼ਨ ਪੀ.ਐਸ.ਪੀ.ਸੀ.ਐਲ. ਸ੍ਰੀ ਪਰਮਜੀਤ ਸਿੰਘ, ਡਾਇਰੈਕਟਰ ਟੈਕਨੀਕਲ ਪੀ.ਐਸ.ਟੀ.ਸੀ.ਐਲ ਸ੍ਰੀ ਵਰਦੀਪ ਸਿੰਘ ਮੰਡੇਰ ਵੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.