18-02-2023 ਅੱਜ ਦੀਆਂ ਸਾਰੀਆਂ ਖ਼ਬਰਾਂ

ਪੰਜਾਬ ‘ਚ ਧੂਮ-ਧਾਮ ਨਾਲ ਮਨਾਇਆ ਗਿਆ ਸ਼ਿਵਰਾਤਰੀ ਦਾ ਤਿਓਹਾਰ
ਅੱਜ ਦੇਸ਼ ਭਰ ਵਿਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹੁੰਮ-ਹੂਮਾ ਕੇ ਸ਼ਰਧਾਲੂਆਂ ਵਲੋਂ ਮੰਦਿਰ ਵਿਖੇ ਨਤਮਸਤਕ ਹੋਇਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ‘ਚ ਸੰਗਤਾਂ ਦੀ ਭੀੜ ਵੀ ਵੇਖਣ ਨੂੰ ਮਿਲੀ ਹੈ। ਮੰਦਰ ਕਮੇਟੀ ਵਲੋਂ ਸੋਹਣੀ ਸਜਾਵਟ ਕਰਕੇ ਮੰਦਰ ਨੂੰ ਸਜਾਇਆ ਗਿਆ ਹੈ।
ਅਜਨਾਲਾ ਪੁਲਿਸ ਨੇ ਗ੍ਰਿਫ਼ਤਾਰੀ ਕੀਤੇ ਅੰਮ੍ਰਿਤਪਾਲ ਦੇ ਸਾਥੀ, ਭੜਕਿਆ ਅੰਮ੍ਰਿਤਪਾਲ
ਅਜਨਾਲਾ ਪੁਲਿਸ ਵਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਡੀਐਸਪੀ ਅਜਨਾਲਾ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਗਠਿਤ ਟੀਮਾਂ ਲਗਾਤਾਰ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਅੰਮ੍ਰਿਤਪਾਲ ਦੇ ਦੋ ਸਾਥੀ ਗ੍ਰਿਫ਼ਤਾਰ ਕਰ ਲਏ ਹਨ। ਉਧਰ, ਗ੍ਰਿਫਤਾਰੀ ਉਤੇ ਅੰਮ੍ਰਿਤਪਾਲ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਖਿਆ ਹੈ ਕਿ ਪੁਲਿਸ ਉਨ੍ਹਾਂ ਦੇ ਸਾਥਿਆਂ ਨੂੰ ਨਾਜਾਇਜ਼ ਚੁੱਕ ਰਹੀ ਹੈ।
ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਨਿਤਰਿਆ ਲੱਖਾ ਸਿਧਾਣਾ
ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ਼ ਕੀਤੀ ਕਾਰਵਾਈ ਨੂੰ ਲੈਕੇ ਮਸ਼ਹੂਰ ਸਮਾਜਸੇਵੀ ਲੱਖਾ ਸਿਧਾਣਾ ਵੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਨਿਤਰ ਆਏ ਹਨ। ਵੀਡੀਓ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਸਾਥੀਆਂ ਤੋਂ ਬਾਅਦ ਹੌਲੀ-ਹੌਲੀ ਅੰਮ੍ਰਿਤਪਾਲ ਨੂੰ ਵੀ ਘੇਰਾ ਪਾਇਆ ਜਾਵੇਗਾ। ਉਹਨਾਂ ਜੇਕਰ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਸਾਡੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਜਾਂ ਤਾਂ ਫੜ੍ਹੇ ਜਾਣਗੇ ਜਾਂ ਮਾਰੇ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣਿਆਂ ਨਾਲ ਖੜ੍ਹਨਾ ਚਾਹੀਦਾ ਹੈ।
ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਬਾਹਰ ਗਰਮਾਇਆ ਮਾਹੌਲ, ਪੁਲਿਸ ਦਾ ਅਧਿਆਪਕਾਂ ‘ਤੇ ਲਾਠੀਚਾਰਜ
ਖ਼ਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿਥੇ 4161 ਅਧਿਆਪਕ ਯੂਨੀਅਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਮੂਹਰੇ ਧਰਨਾ ਲਗਾਇਆ ਗਿਆ ਹੈ। ਸੀ.ਐਮ. ਦੀ ਕੋਠੀ ਦਾ ਘਿਰਾਓ ਕਰਦੇ ਸਮੇਂ ਮੁਲਾਜ਼ਮਾਂ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀ.ਐਮ. ਮਾਨ ਵਲੋਂ ਉਹਨਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾੳਣ ਲਈ ਜੁਆਇਨਿੰਗ ਲੈਟਰ ਦਿੱਤੇ ਗਏ ਸੀ ਪਰ ਹਾਲੇ ਤੱਕ ਉਹਨਾਂ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਮਾਹੌਲ ਉਸ ਵਖ਼ਤ ਤਣਾਅਪੂਰਨ ਹੁੰਦਾ ਵਿਖਾਈ ਦਿੱਤਾ ਜਦੋਂ ਸੀ.ਐਮ. ਮਾਨ ਦੀ ਕੋਠੀ ਦੇ ਘਿਰਾਓ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪ੍ਰਸ਼ਾਸਨ ਨਾਲ ਧੱਕਾਮੁੱਕੀ ਹੋ ਗਈ ਅਤੇ ਪੁਲਿਸ ਵਲੋਂ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਗਿਆ ਹੈ।
ਦਸਤਖ਼ਤ ਮੁਹਿੰਮ ਦਾ ਹਿੱਸਾ ਬਣੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਜਾ ਰਹੀ ਦਸਤਖ਼ਤ ਮੁਹਿੰਮ ਦੇ ਦੂਜੇ ਪੜਾਅ ਦੀ ਅਰੰਭਤਾ ਮੌਕੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਫ਼ਾਰਮ ‘ਤੇ ਦਸਤਖ਼ਤ ਕਰਕੇ ਕੇਂਦਰ ਅਤੇ ਸੂਬਿਆਂ ਦੀਆਂ ਸਰਕਰਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਪੁਰਜ਼ੋਰ ਅਪੀਲ ਕੀਤੀ।
ਅੰਮ੍ਰਿਤਸਰ ’ਚ ਪੰਜਾਬ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ
ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ। ਇਸ ਦੌਰਾਨ ਪੁਲਸ ਨੇ ਪਿੱਛਾ ਕਰ ਕੇ ਦੋਵਾਂ ਗੈਂਗਸਟਰਾਂ ਨੂੰ ਦਬੋਚ ਲਿਆ। ਤੰਗ ਗਲੀਆਂ ਵਿਚ ਉਨ੍ਹਾਂ ਦੀ ਕਾਰ ਸੜਕ ਦੇ ਕਿਨਾਰੇ ਖੜ੍ਹੇ ਵਾਹਨਾਂ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਦੋਵੇਂ ਗੈਂਗਸਟਾਰ ਕਾਰ ਨੂੰ ਛੱਡ ਕੇ ਉਥੋਂ ਫਰਾਰ ਹੋ ਗਏ ਪਰ ਪਿੱਛਾ ਕਰ ਰਹੀ ਪੁਲਸ ਨੇ ਕੁਝ ਹੀ ਦੂਰੀ ’ਤੇ ਜਾ ਕੇ ਉਨ੍ਹਾਂ ਨੂੰ ਦਬੋਚ ਲਿਆ।
“ਕਸੂਰ ‘ਆਪ’ ਦਾ ਨਹੀਂ ਬਲਕਿ ਲੋਕਾਂ ਦਾ ਹੈ”, ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ
ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਵਿਖੇ ਮੀਡੀਆ ਦੇ ਰੁਬਰੂ ਹੋਏ। ਇਸ ਮੌਕੇ ਉਹਨਾਂ ਕਿਹਾ ਕਿ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਾਉਣ ਲਈ ਮੁੱਖ ਮੰਤਰੀ ਨੂੰ ਚਿੱਠੀ ਭੇਜੀ ਗਈ ਹੈ। ਨਾਲ ਹੀ ਉਹਨਾਂ ਕਿਹਾ ਨੇ ‘ਆਪ’ ਸਰਕਾਰ ਵਲੋਂ ਖੋਲ੍ਹੇ ਆਮ ਆਦਮੀ ਕਲੀਨਿਕਾਂ ‘ਤੇ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਵਿਜੀਲੈਂਸ ਵਲੋਂ ਬੀਤੇ ਕੱਲ੍ਹ ਵਿਧਾਇਕ ਦੇ ਕਰੀਬੀ ਨੂੰ ਗ੍ਰਿਫ਼ਤਾਰ ਕੀਤੇ ਜਾਣ ‘ਤੇ ਉਨਾਂ ਕਿਹਾ ਕਿ ਇਸ ਵਿਚ ਕਸੂਰ ‘ਆਪ’ ਦਾ ਨਹੀਂ ਬਲਕਿ ਲੋਕਾਂ ਦਾ ਹੈ ਕਿਉਂਕਿ ਉਹਨਾਂ ਨੇ ਇਹ ਸਰਕਾਰ ਚੁਣੀ ਹੈ।
https://www.youtube.com/watch?v=5otQ-4ePXlc&t=2s
ਰਾਮ ਰਹੀਮ ਦੀ ਪੈਰੋਲ ਖਿਲਾਫ਼ ਪਾਈ ਪਟੀਸ਼ਨ ਦਾ ਹਰਿਆਣਾ ਸਰਕਾਰ ਨੇ ਦਿੱਤਾ ਜਵਾਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਿਲਾਫ਼ ਪਟੀਸ਼ਨ ਪਾਈ ਗਈ ਸੀ। ਜਿਸ ‘ਤੇ ਜਵਾਬ ਦਾਖ਼ਲ ਕਰਦੇ ਹੋਏ ਹਰਿਆਣਾ ਸਰਕਾਰ ਨੇ ਕਿਹਾ ਕਿ ਰਾਮ ਰਹੀਮ ਹਾਰਡ ਕੋਰ ਅਪਰਾਧੀ ਨਹੀਂ ਹੈ ਅਤੇ ਉਸ ਦਾ ਜੇਲ੍ਹ ‘ਚ ਆਚਰਨ ਚੰਗਾ ਸੀ। ਰਾਮ ਰਹੀਮ ਨੂੰ ਤੈਅ ਨਿਯਮਾਂ ਦੇ ਅਧੀਨ ਹੀ ਪੈਰੋਲ ਦਾ ਲਾਭ ਦਿੱਤਾ ਗਿਆ ਹੈ, ਜਿਵੇਂ ਕਿ ਹੋਰ ਕੈਦੀਆਂ ਨੂੰ ਦਿੱਤਾ ਜਾਂਦਾ ਹੈ। ਇਸ ਦੌਰਾਨ ਹਰਿਆਣਾ ਸਰਕਾਰ ਦੇ ਇਸ ਜਵਾਬ ਦੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਨਿਖੇਦੀ ਕੀਤੀ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤ ਮੁਹਿੰਮ ‘ਚ ਸੁਖਬੀਰ ਬਾਦਲ ਨੇ ਭਰਿਆ ਫਾਰਮ
ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤ ਮੁਹਿੰਮ ਵਿੱਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨੂੰ ਇਸ ਵਿਸਾਖੀ ਤੱਕ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।
ਮਾਈਨਿੰਗ ਨੂੰ ਲੈਕੇ ਸਿਆਸੀ ਘਮਾਸਾਣ, ਅਕਾਲੀ ਦਲ ਲੀਡਰ ਬਿਕਰਮ ਮਜੀਠੀਆ ਦਾ ‘ਆਪ’ ‘ਤੇ ਵਾਰ
ਮਾਈਨਿੰਗ ਨੂੰ ਲੈਕੇ ਸਿਆਸੀ ਘਮਾਸਾਣ ਮਚਿਆ ਹੋਇਆ ਹੈ। ਸੀਨੀਅਰ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨੇ ਸਾਦੇ ਹਨ। ਉਹਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਨਹੀਂ ਬਲਕਿ ਇਹ ਬੇਈਮਾਨ ਸਿੰਘ ਮਾਨ ਦੀ ਸਰਕਾਰ ਹੈ।
ਪਾਕਿਸਤਾਨ ਤੋਂ ਹੈਰੋਇਨ ਭੇਜਣ ਦੀ ਕੋਸ਼ਿਸ਼ ਨਾਕਾਮ, ਬੀ.ਐਸ.ਐਫ਼ ਜਵਾਨਾਂ ਦੀ ਵੱਡੀ ਕਾਮਯਾਬੀ
ਸਰਹੱਦੀ ਇਲਾਕਾ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿਸਤਾਨ ਸਰਹੱਦ ਸਵੇਰੇ ਕਰੀਬ 5:30 ਵਜੇ ਤਸਕਰਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ਼ ਜਵਾਨਾਂ ਨੇ ਤਸਕਰਾਂ ਦੀ ਹਲਚਲ ਦੇਖ ਕੇ ਚੇਤਾਵਨੀ ਦਿੱਤੀ। ਇਸ ਦੌਰਾਨ ਦੋਵਾਂ ਪਾਸਿਓਂ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਬਾਰੀ ਤੋਂ ਬਾਅਦ ਬੀ.ਐਸ.ਐਫ਼ ਜਵਾਨਾਂ ਨੇ ਸਰਚ ਅਭਿਆਨ ਚਲਾਇਆ। ਇਸ ਮੌਕੇ ਉਹਨਾਂ ਨੂੰ 20 ਕਿਲੋ ਹੈਰੋਇਨ ਸਮੇਤ ਕੁਝ ਹਥਿਆਰ ਬਰਾਮਦ ਹੋਏ ।
ਪੁਲਿਸ ਦੇ ਹੱਥੀ ਚੜ੍ਹਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਗੁਰਗਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਰੂਪਨਗਰ ਪੁਲਿਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.