ਬਹਿਬਲ ਗੋਲ਼ੀਕਾਂਡ ਮਾਮਲਾ: SIT ਨੇ ਸੌਂਪੀ ਜਾਂਚ ਰਿਪੋਰਟ
ਬੇਅਦਬੀ ਮਾਮਲੇ ਨਾਲ ਸਬੰਧਿਤ ਬਹਿਬਲ ਗੋਲ਼ੀਕਾਂਡ ਦੀ ਜਾਂਚ ਕਰ ਰਹੀ SIT ਨੇ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਇਸ ਕੇਸ ਦੀ ਸੀਲਬੰਦ ਸਟੇਟਸ ਰਿਪੋਰਟ ਜ਼ਿਲ੍ਹਾ ਅਦਾਲਤ ਨੂੰ ਸੌਂਪ ਦਿੱਤੀ ਹੈ। ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ SIT ਨੇ ਵੀ ਆਪਣੀ ਸਟੇਟਸ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਸੀ ਅਤੇ ਹੁਣ ਇਨ੍ਹਾਂ ਰਿਪੋਰਟਾਂ ’ਤੇ ਆਉਣ ਵਾਲੀ 29 ਅਪ੍ਰੈਲ ਨੂੰ ਸੁਣਵਾਈ ਕੀਤੀ ਜਾਵੇਗੀ। ਉਥੇ ਹੀ ਇਸ ਨੂੰ ਲੈਕੇ ਜਦੋਂ ਬੇਅਦਬੀ ਇਨਸਾਫ਼ ਮੋਰਚੇ ਦੇ ਮੁਖੀ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਵਾਲ ਕੀਤਾ ਕਿ ਸਰਕਾਰ ਇਸ ਮਾਮਲੇ ਨੂੰ ਕਿਉਂ ਲਮਕਾ ਰਹੀ ਹੈ। ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਜਦੋਂ ਤੱਕ ਕੋਈ ਕਾਰਵਾਈ ਸਹੀ ਢੰਗ ਨਾਲ ਨਹੀਂ ਹੁੰਦੀ ਅਤੇ ਸਿੱਖ ਸੰਗਤ ਨੂੰ ਕੋਈ ਪੂਰਨ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਹਾਈਵੇ ਦੋਹਾਂ ਪਾਸਿਆਂ ਤੋਂ ਜਾਮ ਹੀ ਰਹੇਗਾ।
3 ਦਿਨਾਂ ਰਿਮਾਂਡ ’ਤੇ ਗਏ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਵਾਰ ਫਿਰ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿੰਨਾ ਨੂੰ ਅੱਜ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਹਨਾਂ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਾਲਾਂਕਿ, ਪੁਲਿਸ ਵਲੋਂ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।
ਦੂਜੇ ਦਿਨ CM ਮਾਨ ਦੀ ਰਿਹਾਇਸ਼ ਵੱਲ ਰਵਾਨਾ ਸਿੱਖ ਜਥੇਬੰਦੀਆਂ, ਪੁਲਿਸ ਦਾ ਲੱਗਿਆ ਸਖ਼ਤ ਪਹਿਰਾ
ਮੋਹਾਲੀ-ਚੰਡੀਗੜ੍ਹ ਸਰਹੱਦ ਉਪਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਲਗਭਗ ਇਕ ਮਹੀਨੇ ਤੋਂ ਕੌਮੀ ਇਨਸਾਫ਼ ਮੋਰਚਾ ਦੇ ਆਗੂ ਅਤੇ ਸੰਗਤ ਵੱਲੋਂ ਧਰਨਾ ਲਗਾਇਆ ਗਿਆ ਹੈ। ਸਰਕਾਰਾਂ ਦੇ ਅਣਦੇਖੀ ਕਾਰਨ ਸਿੱਖ ਜਥੇਬੰਦੀਆਂ ਅੱਜ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਨੂੰ ਰਵਾਨਾ ਹੋਈਆਂ ਪਰ ਪੁਲਿਸ ਨੇ ਚੰਡੀਗੜ੍ਹ ਸਰਹੱਦ ਉਤੇ ਹੀ ਸਿੱਖ ਜਥੇ ਨੂੰ ਰੋਕ ਲਿਆ ਹੈ। ਇਸ ਮਗਰੋਂ ਉਨ੍ਹਾਂ ਨੇ ਉਥੇ ਬੈਠ ਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪੰਜ ਮੈਂਬਰਾਂ ਤੋਂ ਵੱਧ ਲੋਕ ਅੱਗੇ ਨਹੀਂ ਜਾ ਸਕਦੇ। ਇਸ ਲਈ ਪ੍ਰਦਰਸ਼ਨਕਾਰੀਆਂ ਨੇ ਫ਼ੈਸਲਾ ਕੀਤਾ ਕਿ ਪਹਿਲਾਂ ਪੰਜ ਮੈਂਬਰੀ ਜੱਥਾ ਅੱਗੇ ਜਾਵੇਗਾ ਤੇ ਸੀਐਮ ਦੀ ਰਿਹਾਇਸ਼ ਅੱਗੇ ਜਾਪ ਕਰੇਗਾ। ਇਸ ਤੋਂ ਬਾਅਦ ਉਸ ਜੱਥੇ ਦੇ ਵਾਪਸ ਆਉਣ ਉਤੇ ਅਗਲਾ ਜੱਥਾ ਸੀਐਮ ਦੀ ਰਿਹਾਇਸ਼ ਵੱਲ ਰਵਾਨਾ ਹੋਵੇਗਾ।
ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਬਾਹਰ ਤਾਬੜ-ਤੋੜ ਫਾਇਰਿੰਗ, ਮਾਹੌਲ ਤਣਾਅਪੂਰਨ
ਖ਼ਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿਥੇ ਜ਼ਿਲ੍ਹਾ ਅਦਾਲਤ ਦੇ ਬਾਹਰ ਗੋਲੀਆਂ ਚੱਲਣ ਦੇ ਨਾਲ 2 ਵਿਅਕਤੀ ਜ਼ਖਮੀ ਹੋ ਗਏ, ਜਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਸੂਤਰਾਂ ਦੀ ਮੰਨੀਏ ਤਾਂ, ਘਟਨਾ ਵਾਲੀ ਥਾਂ ਤੋਂ ਗੋਲੀਆ ਦੇ ਦੋ ਖੋਲ੍ਹ ਬਰਾਮਦ ਕਰ ਲਏ ਗਏ ਹਨ। । ਪੁਲਿਸ ਅਧਿਕਾਰੀ ਮੁਤਾਬਿਕ, 2020 ਦਾ ਇੱਕ ਮਾਮਲਾ ਹੈ, ਜਿਸ ਮਾਮਲੇ ਵਿਚ ਇਕ ਨੌਜਵਾਨ ਕੋਰਟ ਵਿਚ ਪੇਸ਼ੀ ਭਗਤਾਉਣ ਆਇਆ ਸੀ ਜਿਸ ‘ਤੇ ਗੋਲੀਆਂ ਚੱਲੀਆਂ ਹਨ। ਫਿਲਹਾਲ, ਪੁਲਿਸ ਵਲੋਂ 2 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਪਾਕਿਸਤਾਨ ’ਚ ਦੋ ਸਿੱਖ ਵਿਅਕਤੀਆਂ ਦੇ ਕੇਸਾਂ ਦੀ ਹੋਈ ਬੇਅਦਬੀ, SGPC ਨੇ ਕੀਤੀ ਨਿਖੇਦੀ
ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿਚ ਦੋ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਹਰ ਪਾਸੇ ਸਖ਼ਤ ਨਿੰਦਾ ਹੋ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਜਿਥੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਉਥੇ ਹੀ ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਕਿਸਤਾਨ ਦੀ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਵੇ।
ਅੰਮ੍ਰਿਤਸਰ ਪੁੱਜੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ‘ਆਪ’ ਸਰਕਾਰ ’ਤੇ ਵਾਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੁੱਜੇ। ਇਸ ਦਰਮਿਆਨ ਉਹਨਾਂ ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਵੱਧ ਰਹੇ ਰੁਝਾਨ ਨੂੰ ਲੈਕੇ ‘ਆਪ’ ਸਰਕਾਰ ਨੂੰ ਆੜੇ ਹੱਥੀ ਲਿਆ ਗਿਆ। ਨਾਲ ਹੀ ਵਿਧਾਨ ਸਭਾ ‘ਚ ਜਾਇਦਾਦ ਦਾ ਵੇਰਵਾ ਨਾ ਦੇਣ ਵਾਲੇ 18 ਵਿਧਾਇਕਾਂ ਵਿਚ ਉਹਨਾਂ ਦੀ ਪਤਨੀ ਦੇ ਨਾਂ ਸ਼ਾਮਲ ਹੋਣ ਨੂੰ ਲੈਕੇ ਉਹਨਾਂ ਕਿਹਾ ਹੈ ਕਿ ਇਹ ਸਭ ‘ਆਪ’ ਦਾ ਡਰਾਮਾ ਹੈ।
ਨਾਜਾਇਜ਼ ਮਾਈਨਿੰਗ ਨੂੰ ਲੈਕੇ ਘਿਰੀ ਮਾਨ ਸਰਕਾਰ, ਕਾਂਗਰਸੀ ਆਗੂ ਨੇ ਵੀਡੀਓ ਸ਼ੇਅਰ ਕਰ ਖੋਲ੍ਹੀ ਪੋਲ
ਪੰਜਾਬ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈਕੇ ਪੰਜਾਬ ਦੀ ਮਾਨ ਸਰਕਾਰ ਵਲੋਂ ਅਨੇਕਾਂ ਦਾਅਵੇ ਕੀਤੇ ਜਾਂਦੇ ਹਨ ਕਿ ਰੇਤਾ-ਬਜਰੀ ਦੀਆਂ ਖੱਡਾਂ ਦੇ ਸੰਚਾਲਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਅਤੇ ਨਿਗਰਾਨੀ ਰੱਖਣ ਲਈ 24 ਘੰਟੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਜਨਤਕ ਥਾਵਾਂ ‘ਤੇ ਪੁਲਿਸ ਦੀ ਗਸ਼ਤ ਨੂੰ ਯਕੀਨੀ ਬਣਾਇਆ ਜਾਵੇਗਾ। ਪਰ ਹੁਣ ਇਹ ਦਾਅਵੇ ਉਦੋਂ ਖੋਕਲੇ ਸਾਬਤ ਹੋਏ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੇ ਪਿੰਡ ਜਗਦੇਵ ਖੁਰਦ ਵਿਖੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਅੱਧੀ ਰਾਤ ਨੂੰ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਜਿਸ ਤੋਂ ਬਾਅਦ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ‘ਆਪ’ ਸਰਕਾਰ ਨੂੰ ਘੇਰਿਆ।
ਹਰਸਿਮਰਤ ਬਾਦਲ ਦਾ ਆਪ-ਭਾਜਪਾ ‘ਤੇ ਨਿਸ਼ਾਨਾ, ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਗੁਰੂ ਸਾਹਿਬ ਨਾਲ ਧਰੋਹ ਕਮਾਇਆ
ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬੀਤੀ ਰਾਤ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਮੀਟਿੰਗ ਕਰਨ ਤੋਂ ਬਾਅਦ ਮੀਡੀਆ ਦੇ ਰੁਬਰੂ ਹੁੰਦੇ ਬੀਬਾ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਆਪ-ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿ ਕਿਹਾ ਕਿ ਭਾਜਪਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਨੂੰ ਲੈਕੇ ਸਿੱਖ ਕੌਮ ਨਾਲ ਕੀਤੇ ਵਾਅਦੇ ਤੋਂ ਭੱਜ ਕੇ ਗੁਰੂ ਸਾਹਿਬ ਨਾਲ ਧਰੋਹ ਕਮਾਇਆ ਹੈ। ਨਾਲ ਹੀ ਉਹਨਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਰੇ ਕਿਹਾ ਕਿ ਮੀਟਿੰਗ ‘ਤੇ ਮੀਟਿੰਗ ਰੱਦੇ ਕਰਕੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ।
ਵਿਰਾਸਤੀ ਮਾਰਗ ਦਾ ਬੂਰਾ ਹਾਲ ਵੇਖ ਨਿਰਾਸ਼ ਹੋਏ ਸੁਖਬੀਰ ਬਾਦਲ, ਖ਼ੁਦ ਚੁੱਕਿਆ ਕੂੜਾ-ਕਰਕਟ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਦਾ ਬੂਰਾ ਹਾਲ ਵੇਖਦੇ ਹੋਏ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਖ਼ੁਦ ਕੂੜਾ-ਕਰਕਟ ਚੁੱਕਿਆ। ਨਾਲ ਹੀ ਇਸ ਗੰਦਗੀ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਤੇ ‘ਆਪ’ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਸੱਤਾ ‘ਚ ਆਈਆਂ ਦੋਹਾਂ ਸਰਕਾਰਾਂ ਵੱਲੋਂ ਵਿਰਾਸਤੀ ਮਾਰਗ ਦੀ ਸਾਫ਼-ਸਫਾਈ ਵੱਲ ਧਿਆਨ ਨਹੀਂ ਦਿੱਤਾ ਗਿਆ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਜ਼ਰੂਰ ਵਿਰਾਸਤੀ ਮਾਰਗ ਪਹੁੰਚਣ ਤਾਂ ਜੋ ਕਿ ਉਨ੍ਹਾਂ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਸਕੇ।
ਬਹਿਬਲ ਇਨਸਾਫ਼ ਮੋਰਚੇ ਦਾ ਧਰਨਾ: ਹਾਈਵੇ ਤੋਂ ਜਾਣ ਵਾਲੀਆਂ ਫੌਜ ਦੀਆਂ ਗੱਡੀਆਂ ਰੋਕ, ਸਿੱਖਾਂ ਨੇ ਸੁਣਾਇਆ ਦਰਦ
ਬਹਿਬਲ ਇਨਸਾਫ਼ ਮੋਰਚੇ ਵਲੋਂ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ-54 ਵਿਖੇ ਲਗਾਇਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਹੈ। ਇਸ ਦਰਮਿਆਨ ਨੈਸ਼ਨਲ ਹਾਈਵੇ-54 ਤੋਂ ਜਾਣ ਵਾਲੀਆਂ ਫੌਜ ਦੀਆਂ ਗੱਡੀਆਂ ਨੂੰ ਸਿੱਖ ਆਗੂਆਂ ਵਲੋਂ ਰੋਕਿਆ ਗਿਆ ਅਤੇ ਫੌਜ ਦੇ ਅਫ਼ਸਰਾਂ ਨੂੰ ਸਿੱਖ ਸੰਗਤ ਨੇ ਆਪਣਾ ਦਰਦ ਬਿਆਨ ਕੀਤਾ। ਨਾਲ ਹੀ ਗੱਲਬਾਤ ਤੋਂ ਬਾਅਦ ਸਿੱਖ ਆਗੂਆਂ ਨੇ ਫੌਜ ਦੀਆਂ ਗੱਡੀਆਂ ਨੂੰ ਲੰਘਾਉਣ ਲਈ ਹਾਈਵੇ ਦਾ ਰਸਤਾ ਵੀ ਖੋਲ੍ਹ ਦਿੱਤਾ।
ਭਾਜਪਾ ਆਗੂ ਹਰਜੀਤ ਗਰੇਵਾਲ ਦਾ ਹਰਸਿਮਰਤ ਬਾਦਲ ਤੇ ਕੇਜਰੀਵਾਲ ‘ਤੇ ਵੱਡਾ ਬਿਆਨ
ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਪਟਿਆਲਾ ਪਹੁੰਚੇ। ਇਸ ਦੌਰਾਨ ਪਟਿਆਲਾ ਸਥਿਤ ਭਾਜਪਾ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਕਰਦੇ ਬੀਜੇਪੀ ਆਗੂ ਗਰੇਵਾਲ ਨੇ ਹਰਸਿਮਰਤ ਕੌਰ ਬਾਦਲ ਤੇ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੀਬਾ ਬਾਦਲ ਜਦੋਂ ਐਨ.ਡੀ.ਏ. ਦਾ ਹਿੱਸਾ ਸੀ ਤਾਂ ਉਹਨਾਂ ਨੇ ਕਦੇ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਨਹੀਂ ਕੀਤੀ ਸੀ। ਨਾਲ ਹੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੋਲ ਜਗਤਾਰ ਹਵਾਰਾ ਦੀ ਫਾਈਲ ਪਈ ਹੈ, ਉਹ ਅੱਜ ਬਾਹਰ ਕੱਢੇ ਫਾਈਲ, ਅਸੀਂ ਛੱਡ ਦਿਆਂਗੇ। ਇਸ ਤੋਂ ਇਲਾਵਾ ਉਹਨਾਂ ਨੇ ਹਿਮਾਚਲ ਵਲੋਂ ਚੰਡੀਗੜ੍ਹ ‘ਤੇ ਆਪਣਾ ਦਾਅਵਾ ਠੋਕਣ ‘ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਚੰਡੀਗੜ੍ਹ ਸਿਰਫ਼ ਪੰਜਾਬ ਦਾ ਹੈ।
ਸਸਤੀ ਰੇਤ ਮੁਹਈਆ ਕਰਵਾਉਣ ਦੇ ਫੈਸਲੇ ਵਿਰੁੱਧ ਅੜੇ ਟਿਪਰ ਸੰਚਾਲਕ, ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਰੇਤ ਮੁਹਈਆ ਕਰਵਾਉਣ ਸਬੰਧੀ ਇਕ ਫੈਸਲਾ ਲਿਆ ਗਿਆ ਸੀ। ਜੋ ਕਿ ਟਿਪਰ ਸੰਚਾਲਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਜਿਨ੍ਹਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਥਾਨਕ ਪੰਜਾਬ ਟ੍ਰੇਡ ਸੈਂਟਰ ਵਿਖੇ ਸੰਚਾਲਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.