OpinionD5 special

ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ : ਹਰਬੰਸ ਸਿੰਘ ਤਸੱਵਰ

ਉਜਾਗਰ ਸਿੰਘ

ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਹਰਬੰਸ ਸਿੰਘ ਤਸੱਵਰ ਉਰਦੂ ਅਤੇ ਪੰਜਾਬੀ ਦੇ ਜਾਣੇ ਪਛਾਣੇ ਵਿਅੰਗਕਾਰ ਹਨ। ਉਹ ਰੰਗੀਨ ਤਬੀਅਤ ਦੇ ਮਲਕ ਹਨ, ਇਸ ਲਈ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਨੂੰ ਵਿਅੰਗ ਦੇ ਸਹਾਰੇ ਰੰਗੀਨ ਬਣਾਇਆ ਹੈ। ਉਹ ਹਰ ਗੱਲ ਹੀ ਵਿਅੰਗਮਈ ਢੰਗ ਨਾਲ ਕਰਦੇ ਹਨ। ਕਈ ਵਾਰ ਸਰੋਤੇ ਉਨ੍ਹਾਂ ਦੇ ਵਿਅੰਗ ਦੀ ਸੰਜ਼ੀਦਗੀ ਤੱਕ ਪਹੁੰਚ ਹੀ ਨਹੀਂ ਸਕਦੇ। ਇਉਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਵਿਅੰਗ ਕਈ ਲੋਕ ਕਾਫੀ ਸਮੇਂ ਤੋਂ ਬਾਅਦ ਸਮਝਦੇ ਹਨ। ਉਹ ਹਰ ਮੁਸ਼ਕਲ ਸਮੇਂ ਆਪਣੇ ਵਿਅੰਗ ਨਾਲ ਹਾਲਾਤ ਨੂੰ ਸੁਖਾਵਾਂ ਬਣਾ ਲੈਂਦੇ ਹਨ। ਉਨ੍ਹਾਂ ਨੂੰ ਜਦੋਂ ਵੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ, ਉਸ ਉਸ ਨੂੰ ਵੀ ਸਹਿਜਤਾ ਅਤੇ ਫ਼ਰਾਕਦਿਲੀ ਨਾਲ ਲੈਂਦੇ ਹੋਏ ਵਿਅੰਗਮਈ ਚੋਟ ਮਾਰਕੇ ਸੁਲਝਾ ਲੈਂਦੇ ਹਨ। ਉਨ੍ਹਾਂ ਦੇ ਵਿਅਕਤਿਵ ਨੂੰ ਸਮਝਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਲੋਕ ਸੰਪਰਕ ਵਿਭਾਗ ਦਾ ਹਰ ਕੰਮ ਹੀ ਸੰਜੀਦਾ ਅਤੇ ਤੁਰੰਤ ਕਰਨ ਵਾਲਾ ਹੁੰਦਾ ਹੈ। ਆਮ ਤੌਰ ਤੇ ਲੋਕ ਸੰਪਰਕ ਦੇ ਅਧਿਕਾਰੀ ਅਤੇ ਕਰਮਚਾਰੀ ਲਗਪਗ ਹਮੇਸ਼ਾ ਹੀ ਦਿਮਾਗੀ ਦਬਾਓ ਅਧੀਨ ਰਹਿੰਦੇ ਹਨ।

ਕਈ ਵਾਰ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਪੈਂਦੇ ਹਨ, ਜਿਨ੍ਹਾਂ ਨੂੰ ਕਰਨਾ ਅਸੰਭਵ ਜਾਂ ਅਤ ਮੁਸ਼ਕਲ ਹੁੰਦਾ ਹੈ। ਉਨ੍ਹਾਂ ਨੂੰ ਭਾਵੇਂ ਸਾਰੀ ਦਿਹਾੜੀ ਕੋਈ ਕੰਮ ਨਾ ਹੋਵੇ ਪ੍ਰੰਤੂ ਜਦੋਂ ਪੰਜ ਵਜੇ ਦਫ਼ਤਰ ਬੰਦ ਹੋ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੰਮ ਕਰਨ ਲਈ ਆ ਜਾਂਦਾ ਹੈ। ਕੰਮ ਵੀ ਤੁਰਤ ਫੁਰਤ ਕਰਨਾ ਹੁੰਦਾ ਹੈ। ਇਸ ਦਾ ਕੋਈ ਓਵਰ ਟਾਈਮ ਅਤੇ ਬਦਲੇ ਵਿੱਚ ਛੁੱਟੀ ਵੀ ਨਹੀਂ ਮਿਲਦੀ। ਜਿਸ ਕਰਕੇ ਉਹ ਹਮੇਸ਼ਾ ਘੁਟਨ ਮਹਿਸੂਸ ਕਰਦੇ ਰਹਿੰਦੇ ਹਨ। ਭਾਵ ਉਨ੍ਹਾਂ ਦੀ ਨੌਕਰੀ ਸੁਖਾਵੀਂ ਨਹੀਂ ਹੁੰਦੀ। ਪ੍ਰੰਤੂ ਹਰਬੰਸ ਸਿੰਘ ਤਸੱਵਰ ਨੇ ਕਦੀ ਵੀ ਦਿਮਾਗ ‘ਤੇ ਨਾ ਬੋਝ ਪਾਇਆ ਹੈ ਅਤੇ ਨਾ ਹੀ ਔਖਿਆਈ ਮਹਿਸੂਸ ਕੀਤੀ ਹੈ। ਉਹ ਹਰ ਕੰਮ ਨੂੰ ਸਹਿਜਤਾ ਨਾਲ ਲੈਂਦੇ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਵੀ ਸਹਿਜਤਾ ਨਾਲ ਹੀ ਜੀਵਨ ਬਸਰ ਕਰ ਰਹੇ ਹਨ। ਕਦੀ ਵੀ ਉਨ੍ਹਾਂ ਕਾਹਲ ਵਿੱਚ ਕੋਈ ਕੰਮ ਨਹੀਂ ਕੀਤਾ। ਜਦੋਂ ਕਿ ਨੌਜਵਾਨ ਵਿਆਹ ਵੀ ਚੜ੍ਹਦੀ ਉਮਰ ਵਿੱਚ ਹੀ ਕਰਵਾਉਣ ਦੇ ਇੱਛਕ ਹੁੰਦੇ ਹਨ ਪ੍ਰੰਤੂ ਹਰਬੰਸ ਸਿੰਘ ਤਸੱਵਰ ਨੇ ਆਪਣੀ ਮਰਜੀ ਨਾਲ ਸਹਿਜਤਾ ਨਾਲ ਹੀ ਪਰਿਵਾਰਿਕ ਜੀਵਨ ਸ਼ੁਰੂ ਕੀਤਾ ਹੈ। ਉਨ੍ਹਾਂ ਵਿਆਹ ਵੀ ਬਹੁਤ ਸਾਦਗੀ ਨਾਲ ਕੀਤਾ ਹੈ।

ਉਹ ਪੰਜਾਬੀ ਅਤੇ ਅੰਗਰੇਜ਼ੀ ਦੇ ਗ਼ਜ਼ਲਗੋ ਅਤੇ ਆਲੋਚਕ ਵੀ ਹਨ। ਉਨ੍ਹਾਂ ਨੇ 4 ਪੁਸਤਕਾਂ ਵੀ ਪ੍ਰਕਾਸ਼ਤ ਕਰਵਾਈਆਂ ਹਨ, ਜਿਨ੍ਹਾਂ ਵਿਚ ‘ਸਰ ਪਰ ਮੇਰੇ ਛਾਉਂ ਨਾ ਧੁਪ’ ਜਿਸ ਵਿੱਚ ਉਰਦੂ ਗ਼ਜ਼ਲ-ਗ਼ਜ਼ਲੇਂ-ਦੀਵਾਨ ਉਰਦੂ ਵਿਚ ਲਿਖੀ ਸੀ ਅਤੇ ਬਾਅਦ ਵਿਚ ਗੁਰਮੁੱਖੀ ਲਿਪੀ ਵਿੱਚ ਪ੍ਰਕਾਸ਼ਤ ਕਰਵਾਈ ਹੈ। ਦੂਜੀ ਪੁਸਤਕ ਗ਼ਜ਼ਲ ਅਰੂਜ਼ ਡਿਜ਼ਿਟਲ ਹੈ, ਜਿਸ ਵਿਚ ਗ਼ਜ਼ਲ ਲਿਖਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਰਬੰਸ ਸਿੰਘ ਦਾ ਜਨਮ 15 ਅਪ੍ਰੈਲ 1938 ਨੂੰ ਅਣਵੰਡੇ ਭਾਰਤ ਵਿੱਚ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਕਰਮ ਸਿੰਘ ਪਾਪੀ ਅਤੇ ਮਾਤਾ ਪ੍ਰੇਮ ਕੌਰ ਦੇ ਘਰ ਹੋਇਆ ਸੀ। ਕਰਮ ਸਿੰਘ ਪਾਪੀ ਆਪਣੇ ਵੱਡੇ ਭਰਾ ਲਾਲਾ ਅਰਜਨ ਦਾਸ ਦੇ ਨਾਲ ਪੰਜਾ ਸਾਹਿਬ ਵਿਖੇ ਪਨਸਾਰੀ ਦੀ ਦੁਕਾਨ ਵੀ ਕਰਦੇ ਰਹੇ ਸਨ। ਉਹ ਅਰੋੜਾ ਵੰਸ਼ ਵਿੱਚੋਂ ਹਨ ਪ੍ਰੰਤੂ ਉਨ੍ਹਾਂ ਕਦੀ ਆਪਣੇ ਨਾਮ ਨਾਲ ਅਰੋੜਾ ਨਹੀਂ ਲਿਖਿਆ ਕਿਉਂਕਿ ਉਹ ਸਮਾਜਿਕ ਤਾਣੇ ਬਾਣੇ ਵਿੱਚ ਵਰਗੀਕਰਨ ਕਰਨ ਦੇ ਵਿਰੁੱਧ ਹਨ। ਸਿਕੰਦਰ ਦੇ ਹਿੰਦ ‘ਤੇ ਹਮਲੇ ਤੋਂ ਬਾਅਦ ਉਨ੍ਹਾਂ ਦੇ ਬਜ਼ੁਰਗ ਤਕਸਿਲਾ ਦੇ ਨਜ਼ਦੀਕ ਆ ਕੇ ਰਹਿਣ ਲੱਗ ਗਏ ਸਨ। ਉਹ ਯੂਨਾਨੀ ਹਿਕਮਤ ਦਾ ਕੰਮ ਕਰਦੇ ਸਨ।

16 18

ਉਨ੍ਹਾਂ ਦੇ ਪਿਤਾ ਕਰਮ ਸਿੰਘ ਪਾਪੀ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਅਤੇ ਅਨੋਖੀ ਕਿਸਮ ਦੇ ਇਨਸਾਨ ਸਨ। ਸੱਚੇ ਸੁੱਚੇ ਕੰਮ ਕਰਨ ਵਿੱਚ ਵਿਸ਼ਵਾਸ਼ ਰਖਦੇ ਸਨ। ਸਬਰ ਸੰਤੋਖ ਅਤੇ ਸਾਦਗੀ ਦੇ ਪ੍ਰਤੀਕ ਸਨ, ਜਿਸ ਕਰਕੇ ਹਰਬੰਸ ਸਿੰਘ ਤਸੱਵਰ ਵੀ ਆਪਣੀ ਵਿਰਾਸਤ ‘ਤੇ ਪਹਿਰਾ ਦਿੰਦੇ ਹੋਏ ਸੰਤੁਸ਼ਟੀ ਨਾਲ ਜੀਵਨ ਬਸਰ ਕਰ ਰਹੇ ਹਨ। ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ ਦੀ ਨੀਤੀ ਤੇ ਚਲਦੇ ਹਨ। ਕਰਮ ਸਿੰਘ ਪਾਪੀ ਕਵਿਤਾ ਲਿਖਦੇ ਅਤੇ ਚਿਤਰਕਾਰੀ ਕਰਦੇ ਸਨ, ਇਸ ਲਈ ਹਰਬੰਸ ਸਿੰਘ ਤਸੱਵਰ ਨੂੰ ਸਾਹਿਤਕ ਗੁੜ੍ਹਤੀ ਆਪਣੀ ਪਰਿਵਾਰਿਕ ਵਿਰਾਸਤ ਵਿੱਚੋਂ ਹੀ ਮਿਲੀ ਸੀ। ਹਰਬੰਸ ਸਿੰਘ ਦੇ ਪਿਤਾ ਸੂਫ਼ੀਆਨਾ ਵਿਚਾਰਧਾਰਾ ਵਿੱਚ ਗੜੂੰਦ ਸਨ, ਜਿਸ ਕਰਕੇ ਹਰਬੰਸ ਸਿੰਘ ਦੇ ਵਿਅਕਤਿਵ ਉਪਰ ਵੀ ਸੂਫ਼ੀਆਨਾ ਅਤੇ ਸੰਤੁਸ਼ਟੀ ਦੀ ਰੰਗਤ ਚੜ੍ਹੀ ਹੋਈ ਹੈ। ਉਨ੍ਹਾਂ ਦਾ ਫਕਰ ਕਿਸਮ ਦਾ ਸੁਭਾਅ ਵੀ ਵਿਰਾਸਤ ਦੀ ਦੇਣ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਮਾਤਾ ਪ੍ਰੇਮ ਕੌਰ ਸੁਰੀਲੀ ਆਵਾਜ਼ ਵਿੱਚ ਪਾਠ ਕਰਦੇ ਸਨ। ਹਰਬੰਸ ਸਿੰਘ ਦੇ ਨਾਨਾ ਮੇਹਰ ਸਿੰਘ ਅਤੇ ਨਾਨਕ ਸਿੰਘ ਨਾਵਲਿਸਟ ਇਕੱਠੇ ਕੀਰਤਨ ਕਰਿਆ ਕਰਦੇ ਸਨ, ਜਿਸ ਕਰਕੇ ਹਰਬੰਸ ਸਿੰਘ ਵੀ ਰੱਬ ਦੀ ਰਜਾ ਵਿੱਚ ਵਿਸ਼ਵਾਸ਼ ਰੱਖਣ ਵਾਲੇ ਇਨਸਾਨ ਹਨ। ਦੇਸ਼ ਦੀ ਵੰਡ ਸਮੇਂ ਉਹ ਮਹਿਜ 9 ਸਾਲ ਦੇ ਸਨ।

ਪਹਿਲਾਂ ਉਨ੍ਹਾਂ ਦਾ ਪਰਿਵਾਰ ਤਰਨਤਾਰਨ ਵਿੱਚ ਆ ਕੇ ਰਹਿਣ ਲੱਗ ਪਿਆ ਪ੍ਰੰਤੂ ਥੋੜ੍ਹੇ ਸਮੇਂ ਬਾਅਦ ਪਟਿਆਲਾ ਆ ਗਏ। ਪਟਿਆਲਾ ਦੇ ਸਾਹਿਤਕ, ਸਭਿਆਚਾਰਕ ਅਤੇ ਬਾਗਾਂ ਦੇ ਵਾਤਾਵਰਨ ਨੇ ਉਨ੍ਹਾਂ ਦੇ ਕੋਮਲ ਮਨ ‘ਤੇ ਗਹਿਰਾ ਪ੍ਰਭਾਵ ਪਾਇਆ, ਜਿਸ ਕਰਕੇ ਉਹ ਕੋਮਲ ਕਲਾਵਾਂ ਦੇ ਕਾਇਲ ਹੋ ਗਏ। ਪਟਿਆਲਾ ਸ਼ਹਿਰ ਦੀ ਇਮਾਰਤਸਾਜੀ ਵੀ ਉਨ੍ਹਾਂ ਦੇ ਸਾਹਿਤਕ ਮਨ ਨੂੰ ਮੋਂਹਦੀ ਸੀ। ਕਿਲਾ ਮੁਬਾਰਕ, ਮੋਤੀ ਬਾਗ ਅਤੇ ਸ਼ੀਸ਼ ਮਹਿਲ ਦੀਆਂ ਕਲਾ ਕਿ੍ਰਤਾਂ ਨੇ ਉਨ੍ਹਾਂ ਨੂੰ ਬੇਹਦ ਪ੍ਰਭਾਵਤ ਕੀਤਾ। ਜਿਸ ਕਰਕੇ ਉਨ੍ਹਾਂ ਨੂੰ ਕਲਾ ਨਾਲ ਅੰਤਾਂ ਦਾ ਮੋਹ ਹੋ ਗਿਆ। ਹਰਬੰਸ ਸਿੰਘ ਤਸੱਵਰ ਨੇ ਐਮ ਏ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਪਾਸ ਕੀਤੀਆਂ ਹੋਈਆਂ ਹਨ। ਉਨ੍ਹਾਂ ਆਪਣੀ ਪੀ ਐਚ ਡੀ ਨਾਵਲ ਨਿਗਾਰ ਕੁਰਅਤੁਲ ਐਨ ਹੈਦਰ ‘ਤੇ ਕੀਤੀ ਸੀ। ਹਰਬੰਸ ਸਿੰਘ ਤਸੱਵਰ ਮੌਜੀ ਸੁਭਾਅ ਦੇ ਇਨਸਾਨ ਹਨ। ਸਮਾਜ ਵਿੱਚ ਕੀ ਵਾਪਰ ਰਿਹਾ ਹੈ, ਉਸਦੀ ਪਰਵਾਹ ਨਹੀਂ ਸਗੋਂ ਆਪਣੇ ਖਿਆਲਾਂ ਵਿੱਚ ਹੀ ਮਸਤ ਰਹਿੰਦੇ ਹਨ। ਦੁਨੀਆਂਦਾਰੀ ਤੋਂ ਵੀ ਬੇਖ਼ਬਰ ਹਨ, ਹਰ ਵਕਤ ਸਾਹਿਤਕ ਰੰਗੀਨੀਆਂ ਦੇ ਸਪਨੇ ਲੈਂਦੇ ਰਹਿੰਦੇ ਹਨ। ਕਈ ਵਾਰ ਤਾਂ ਇਉਂ ਲਗਦਾ ਹੈ ਕਿ ਉਹ ਸੰਸਾਰਕ ਜ਼ਿੰਦਗੀ ਤੋਂ ਕੋਹਾਂ ਦੂਰ ਮਸਤ ਮਲੰਗ ਹਨ। ਉਨ੍ਹਾਂ ਦਾ ਵਿਆਹ ਬੀਬੀ ਚਰਨ ਪਾਲ ਕੌਰ ਨਾਲ ਹੋਇਆ, ਜੋ ਆਰੀਆ ਸਮਾਜ ਕਾਲਜ ਨਵਾਂ ਸ਼ਹਿਰ ਵਿੱਚ ਲੈਕਚਰਾਰ ਸਨ।

ਉਸ ਤੋਂ ਬਾਅਦ ਉਹ ਉਸੇ ਕਾਲਜ ਦੇ ਪਿ੍ਰੰਸੀਪਲ ਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਸਕੱਤਰ ਵੀ ਰਹੇ ਹਨ। ਇਸ ਸਮੇਂ ਵੀ ਉਹ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਨ। ਚਰਨ ਪਾਲ ਕੌਰ ਨੇ ਆਪਣੇ ਕਿੱਤੇ ਦੀ ਸ਼ਾਨ ਅਤੇ ਮਰਿਆਦਾ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਬਿਹਤਰੀਨ ਅਧਿਆਪਕ ਮੰਨੇ ਜਾਂਦੇ ਹਨ। ਅੰਗਰੇਜ਼ੀ ਭਾਸ਼ਾ ਦੇ ਮਾਹਿਰ ਗਿਣੇ ਜਾਂਦੇ ਹਨ। ਉਹ ਸਮਾਜ ਸੇਵਕ ਵੀ ਹਨ। ਹਰਬੰਸ ਸਿੰਘ ਤਸੱਵਰ ਪਟਿਆਲਾ ਤੋਂ ਚੰਡੀਗੜ੍ਹ ਆ ਗਏ। ਚੰਡੀਗੜ੍ਹ ਉਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਵੀ ਰਹੇ ਅਤੇ ਥੋੜ੍ਹੇ ਸਮੇਂ ਪੜ੍ਹਾਉਂਦੇ ਵੀ ਰਹੇ। ਫਿਰ ਉਹ ਲੋਕ ਸੰਪਰਕ ਵਿਭਾਗ ਵਿੱਚ ਅਨੁਵਾਦਕ ਉਰਦੂ ਭਰਤੀ ਹੋ ਗਏ। ਤਰੱਕੀਆਂ ਕਰਦੇ ਹੋਏ ਅਧਿਕਾਰੀ ਬਣ ਗਏ। ਉਹ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਉਰਦੂ ਦੇ ਰਸਾਲੇ ਪਾਸਵਾਨ ਦੇ ਸੰਪਾਦਕ ਵੀ ਰਹੇ। ਉਨ੍ਹਾਂ ਦਾ ਇਹ ਇਕ ਸ਼ੇਅਰ ਤਸੱਵਰ ਦੀ ਜ਼ਿੰਦਗੀ ਦੀ ਸੰਤੁਸ਼ਟੀ ਦਾ ਸਿਰਨਾਮਾ ਸਾਬਤ ਹੋ ਰਿਹਾ ਹੈ:

ਰਾਤ ਕੇ ਦਸ ਸੇ ਸੁਬਹ ਕੇ ਦਸ ਤਕ,

ਕੋਈ ਨਾ ਆਹਟ ਕੋਈ ਨਾ ਦਸਤਕ,

ਇਸ ਰਫਤਾਰ ਕੇ ਯੁਗ ਮੇਂ ਤਸੱਵਰ,

ਆਪਨੀ ਦੌੜ ਹੈ ਲੋਕਲ ਬਸ ਤਕ।

ਹਰਬੰਸ ਸਿੰਘ ਤਸੱਵਰ ਨਮਰਤਾ, ਸਾਦਗੀ, ਸ਼ਹਿਨਸ਼ੀਲਤਾ ਅਤੇ ਰੱਬੀ ਰਜਾ ਵਿੱਚ ਆਪਣੀ ਅਰਧੰਗਣੀ ਚਰਨ ਪਾਲ ਕੌਰ ਨਾਲ ਮੋਹਾਲੀ ਵਿਖੇ ਆਪਣਾ ਜੀਵਨ ਸਹਿਜਤਾ ਨਾਲ ਬਸਰ ਕਰ ਰਹੇ ਹਨ। ਅਜੋਕੇ ਘੁਟਨ ਦੇ ਵਾਤਾਵਰਨ ਵਿੱਚ ਉਨ੍ਹਾਂ ਦਾ ਜੀਵਨ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਦਾਇਕ ਹੋ ਸਕਦਾ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ

ujagarsingh48@yahoo.com

ਮੋਬਾਈਲ 94178 13072

13 5

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button