InternationalTop News

ਸੱਤਾਧਾਰੀ ਲੇਬਰ ਪਾਰਟੀ ਵੱਲੋਂ ਆਮ ਚੋਣਾਂ ਲਈ ਪਹਿਲੀ ਵਾਰ ਸਿੱਖ ਉਮੀਦਵਾਰ ਸ. ਖੜਗ ਸਿੰਘ ਦਾ ਐਲਾਨ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਪਿਛਲੇ 6 ਸਾਲਾਂ ਤੋਂ ਨਿਊਜ਼ੀਲੈਂਡ ਦੀ ਵਾਗਡੋਰ ਸੰਭਾਲ ਰਹੀ ਲੇਬਰ ਪਾਰਟੀ ਨੇ ਇਸੇ ਸਾਲ ਅਕਤੂਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਆਪਣੇ ਉਮੀਦਵਾਰ ਚੁਣਨੇ ਸ਼ੁਰੂ ਕਰ ਦਿੱਤੇ ਹੋਏ ਹਨ। ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਇਕ ਦਸਤਾਰਧਾਰੀ ਸਿੱਖ ਸ. ਖੜਗ ਸਿੰਘ ਨੂੰ ਇਕ ਬਹੁਤ ਹੀ ਅਹਿਮ ਚੋਣ ਹਲਕੇ ‘ਬੌਟਨੀ’ ਤੋਂ ਆਪਣਾ ਸੰਸਦੀ ਉਮੀਦਵਾਰ ਐਲਾਨਿਆ ਹੈ। ਇਥੇ ਲੇਬਰ ਪਾਰਟੀ ਦਾ ਆਪਣੀ ਵਿਰੋਧੀ ਪਾਰਟੀ ਦੇ ਨਾਲ ਸਖਤ ਮੁਕਾਬਲਾ ਹੋਣ ਦਾ ਆਸਾਰ ਹੈ। ਲੇਬਰ ਪਾਰਟੀ ਵੱਲੋਂ ਅੱਜ ਬਕਾਇਦਾ ਇਸਦੀ ਸੂਚਨਾ ਪ੍ਰੈਸ ਨੋਟ ਰਾਹੀਂ ਜਾਰੀ ਕੀਤੀ ਗਈ। ਸ. ਖੜਗ ਸਿੰਘ ਪਹਿਲਾਂ ਇਸੇ ਹਲਕੇ ਤੋਂ ਅਤੇ ਨਾਲ ਲਗਦੇ ਇਲਾਕੇ ਮੈਨੁਰੇਵਾ ਤੋਂ ਲੋਕਲ ਬੋਰਡ ਦੀਆਂ ਕੌਂਸਿਲ ਚੋਣਾਂ ਦੇ ਵਿਚ ਵੀ ਕਿਸਮਤ ਅਜ਼ਮਾਈ ਕਰ ਚੁੱਕੇ ਹਨ।
ਜੀਵਨ ਵੇਰਵਾ ਸ. ਖੜਗ ਸਿੰਘ: ਜ਼ਿੰਦਗੀ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਇਕ ਬਿਹਤਰ ਜੀਵਨ ਜੀਉਣ ਦੀ ਤਮੰਨਾ ਰੱਖਦਿਆਂ ਉਹ ਇੰਡੀਆ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਉਪਰੰਤ 1987 ’ਚ ਨਿਊਜ਼ੀਲੈਂਡ ਆਏ।  ਉਨ੍ਹਾਂ ਕਈ ਸਾਲ ਔਕਲੈਂਡ ਵਿਖੇ ਕਰੜੀ ਮਿਹਨਤ ਅਤੇ ਨੌਕਰੀ ਕਰਨ ਉਪਰੰਤ ਆਪਣਾ ਜੀਵਨ ਨਿਰਬਾਹ ਵਧੀਆ ਸ਼ੁਰੂ ਕਰ ਲਿਆ ਅਤੇ ਫਿਰ ਉਨ੍ਹੰਾਂ 1995 ਵਿੱਚ ਇੱਕ ਕਾਰੋਬਾਰੀ ਦੇ ਰੂਪ ਵਿੱਚ ਆਪਣੀ ਪਹਿਲੀ ਸੁਪਰਮਾਰਕੀਟ ਖਰੀਦ ਲਈ।  ਇਸ ਕਾਰੋਬਾਰ ਨੂੰ ਹੁਣ 27 ਸਾਲ ਹੋ ਗਏ ਹਨ ਅਤੇ ਉਹ ਮੈਨੁਕਾਊ ਹਾਈਟਸ ਵਿੱਖੇ ‘ਐਵਰਗਲੇਡ 4-ਸੁਕੇਅਰ’ ਦੇ ਮਾਲਕ ਹਨ। ਸਮਾਜਿਕ ਕੰਮਾਂ ਵਿਚ ਉਨ੍ਹਾਂ ਦੀ ਜਿੱਥੇ ਭਾਗੀਦਾਰੀ ਰਹਿਦੀ ਹੈ ਉਥੇ ਉਹ ‘ਜਸਟਿਸ ਆਫ਼ ਪੀਸ’ ਵੀ ਹਨ। ਪਾਪਾਟੋਏਟੋਏ ਰੋਟਰੀ ਕਲੱਬ ਦੇ ਉਹ ਸਰਗਰਮ ਮੈਂਬਰ, ਲਾਈਫ ਵਿਜ਼ਨ ਸੋਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਇੰਡੀਅਨ ਨਿਊਜ਼ੀਲੈਂਡ ਬਿਜ਼ਨਸ ਕੌਂਸਲ ਦੇ ਮੈਂਬਰ ਰਹੇ ਹਨ।
ਲੇਬਰ ਪਾਰਟੀ ਦਾ ਧੰਨਵਾਦ: ਸ. ਖੜਗ ਸਿੰਘ ਨੇ ਲੇਬਰ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਦਸਤਾਰਧਾਰੀ ਨੂੰ ਟਿਕਟ ਦੇ ਕੇ ਸੱਤਾਧਾਰ ਲੇਬਰ ਪਾਰਟੀ ਨੇ ਸਮੁੱਚੇ ਭਾਰਤੀਆਂ ਖਾਸ ਕਰ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਬੋਟਨੀ ਹਲਕੇ ਦੇ ਵੋਟਰਾਂ ਲਈ ਲੇਬਰ ਦਾ ਉਮੀਦਵਾਰ ਨਿਯੁਕਤ ਹੁਣ ’ਤੇ ਮੈਂ ਮਾਣ ਮਹਿਸੂਸ ਕਰਦਾ ਹਾਂ। ਮੈਂ ਬੌਟਨੀ ਇਲਾਕੇ ਨੂੰ ਖੇਤਾਂ ਦੀ ਜ਼ਮੀਨ ਦੇ ਰੂਪ ਵਿਚ ਵੇਖਣ ਤੋਂ ਲੈ ਕੇ ਇਕ ਮਹੱਤਵਪੂਰਨ ਉਪਨਗਰ ਬਣਦਿਆਂ ਤੇ ਵਿਕਸਿਤ ਹੁੰਦੇ ਦੇਖਿਆ ਹੈ। ਬੋਟਨੀ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਇੱਕ ਸਨਮਾਨ ਹੈ। ਮੈਂ ਇਹ ਯਕੀਨੀ ਬਣਾਉਣਾ ਚਾਹਾਂਗਾ ਕਿ ਭਾਈਚਾਰੇ ਦਾ ਹਰੇਕ ਮੈਂਬਰ ਖੁਸ਼ਹਾਲ ਹੋਵੇ।
ਵਿਸ਼ਵ ਵਿਆਪੀ ਮਹਾਂਮਾਰੀ ਨਾਲ ਜੂਝਦਿਆਂ, ਲੇਬਰ ਸਰਕਾਰ ਵੱਲੋਂ ਲੋਕਾਂ ਦੀ ਸਹਾਇਤਾ ਕਰਕੇ ਆਰਥਿਕਤਾ ਨੂੰ ਸੁਰੱਖਿਅਤ ਰੱਖਣਾ, ਸਕਾਰਾਤਮਕ ਇਮੀਗ੍ਰੇਸ਼ਨ ਪ੍ਰਣਾਲੀ ਬਨਾਉਣਾ, ਰਿਹਾਇਸ਼ੀ ਸੰਕਟ ਨਾਲ ਨਜਿੱਠਣਾ, ਇੱਕ ਠੋਸ ਸਿੱਖਿਆ ਪ੍ਰਣਾਲੀ ਨੂੰ ਯਕੀਨੀ ਬਣਾਉਣਾ, ਬੱਚਿਆਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਅਤੇ ਵਿਸ਼ਵ ਪੱਧਰੀ ਸਿਹਤ ਪ੍ਰਣਾਲੀ ਵੱਲ ਕੰਮ ਕਰਨ ’ਤੇ ਕੇਂਦ੍ਰਿਤ ਰਹਿਣਾ ਚੰਗੀ ਸਰਕਾਰ ਦੀ ਪ੍ਰਾਪਤੀ ਵਜੋਂ ਵੇਖਿਆ ਜਾ ਸਕਦਾ ਹੈ। ਮੈਂ ਇਨ੍ਹਾਂ ਸਾਰੇ ਕੰਮਾਂ ਨੂੰ ਜਾਰੀ ਰੱਖਣ ਦਾ ਭਰੋਸਾ ਦਿੰਦਾ ਹਾਂ। ਮੈਨੂੰ ਸਰਕਾਰ ਵਿੱਚ ਬੋਟਨੀ ਦੀ ਨੁਮਾਇੰਦਗੀ ਕਰਨ ਵਿੱਚ ਮਾਣ ਹੋਵੇਗਾ ਅਤੇ ਸਾਡੇ ਭਾਈਚਾਰੇ ਲਈ ਇੱਕ ਮਜ਼ਬੂਤ ਆਵਾਜ਼ ਬਣਾਂਗਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button