Press ReleaseBreaking NewsD5 specialNewsPunjab
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਰ ਸੌ ਸਾਲਾ ਪ੍ਰਕਾਸ਼ ਸ਼ਤਾਬਦੀ ਦਾ ਮੁੱਖ ਸਮਾਗਮ ਸ੍ਰੀ ਅੰਮ੍ਰਿਤਸਰ ਵਿਖੇ 1 ਮਈ ਹੋਵੇਗਾ-ਬੀਬੀ ਜਗੀਰ ਕੌਰ
ਕਿਹਾ, ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾਣ ਵਾਲੇ ਸਮਾਗਮ ਹੋਣਗੇ ਯਾਦਗਾਰੀ
ਅੰਮ੍ਰਿਤਸਰ:ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸਮਾਗਮ 1 ਮਈ 2021 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਹੈ ਅਤੇ ਸ਼ਤਾਬਦੀ ਦਾ ਮੁੱਖ ਸਮਾਗਮ ਵੀ ਅੰਮ੍ਰਿਤਸਰ ਵਿਖੇ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਅਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਵੀ ਸਮਾਗਮ ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਸੰਗਤ ਨੂੰ ਗੁਰਬਾਣੀ ਉਚਾਰਨ ਦੀ ਜਾਣਕਾਰੀ ਦੇਣ ਲਈ ਪਾਠ ਬੋਧ ਸਮਾਗਮ ਵਿਸ਼ੇਸ਼ ਤੌਰ ’ਤੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਸਤਰੀ ਗੁਰਮਤਿ ਸਮਾਗਮ, ਸੈਮੀਨਾਰ, ਨਗਰ ਕੀਰਤਨ, ਸਕੂਲਾਂ ਕਾਲਜਾਂ ਅੰਦਰ ਗੁਰਮਤਿ ਮੁਕਾਬਲੇ, ਰੌਸ਼ਨੀ ਤੇ ਅਵਾਜ਼ ਅਧਾਰਿਤ ਪ੍ਰੋਗਰਾਮ ਆਦਿ ਵਿਸ਼ੇਸ਼ ਹੋਣਗੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ 14 ਫ਼ਰਵਰੀ ਤੋਂ ਚੱਲ ਰਹੇ ਪਾਠ ਬੋਧ ਸਮਾਗਮ ਦੀ ਸੰਪੂਰਨਤਾ 16 ਮਾਰਚ ਨੂੰ ਹੋਵੇਗੀ ਅਤੇ 17 ਮਾਰਚ ਨੂੰ ਮਾਤਾ ਨਾਨਕੀ ਜੀ ਇਸਤਰੀ ਗੁਰਮਤਿ ਸੰਮੇਲਨ ਕੀਤਾ ਜਾਵੇਗਾ। ਇਥੇ 18 ਮਾਰਚ ਨੂੰ ਵਿਸ਼ੇਸ਼ ਸਮਾਗਮ ਦੌਰਾਨ ਪੰਥ ਦੀ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 26 ਫ਼ਰਵਰੀ ਨੂੰ ਪਾਠ ਬੋਧ ਸਮਾਗਮ ਆਰੰਭ ਹੋਵੇਗਾ, ਜਿਸ ਦੀ ਸੰਪੂਰਨਤਾ 27 ਮਾਰਚ ਨੂੰ ਕੀਤੀ ਜਾਵੇਗੀ। 28 ਮਾਰਚ ਨੂੰ ਮਾਤਾ ਗੁਜਰੀ ਜੀ ਇਸਤਰੀ ਗੁਰਮਤਿ ਸਮਾਗਮ ਸਜਾਇਆ ਜਾਵੇਗਾ ਅਤੇ 29 ਮਾਰਚ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਭਾਈ ਜੈਤਾ ਜੀ ਨੂੰ ਸਮਰਪਿਤ ਹੋਵੇਗਾ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 10 ਮਾਰਚ ਨੂੰ ਪਾਠ ਬੋਧ ਸਮਾਗਮ ਸ਼ੁਰੂ ਹੋਵੇਗਾ ਅਤੇ ਸੰਪੂਰਨਤਾ 11 ਅਪ੍ਰੈਲ ਨੂੰ ਕੀਤੀ ਜਾਵੇਗੀ। ਇਥੇ 12 ਅਪ੍ਰੈਲ ਨੂੰ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਇਸਤਰੀ ਗੁਰਮਤਿ ਸਮਾਗਮ ਅਤੇ 13 ਅਪ੍ਰੈਲ ਨੂੰ ਮੁੱਖ ਸਮਾਗਮ ਖਾਲਸਾ ਸਿਰਜਣਾ ਦਿਵਸ ਮੌਕੇ ਕਰਵਾਏ ਜਾਣਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਕ ਸਹਿਜ ਪਾਠ ਸਮਾਗਮ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ 26 ਮਾਰਚ ਤੋਂ 29 ਅਪ੍ਰੈਲ ਤੱਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ। 30 ਮਾਰਚ ਨੂੰ ਬੀਬੀ ਵੀਰੋ ਜੀ ਇਸਤਰੀ ਗੁਰਮਤਿ ਸਮਾਗਮ ਅਤੇ 1 ਮਈ ਨੂੰ ਸ਼ਤਾਬਦੀ ਦਾ ਮੁੱਖ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਬੰਧੀ ਕਰਵਾਇਆ ਜਾਣ ਵਾਲਾ ਮੁੱਖ ਸਮਾਗਮ ਸ੍ਰੀ ਅੰਮ੍ਰਿਤਸਰ ਵਿਖੇ ਕਿਸੇ ਖੁੱਲ੍ਹੇ ਸਥਾਨ ’ਤੇ ਵਿਸ਼ਾਲ ਪੰਡਾਲ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਦੇਸ਼ ਵਿਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਭੇਟ ਕਰਨਗੀਆਂ।
ਬੀਬੀ ਜਗੀਰ ਕੌਰ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਸੰਗਤਾਂ ਵੱਲੋਂ ਆਰੰਭ ਕੀਤੇ ਗਏ ਹਜ਼ਾਰਾਂ ਸਹਿਜ ਪਾਠ ਦੇ ਭੋਗ ਪਾਠ ਬੋਧ ਸਮਾਗਮਾਂ ਦੀ ਸੰਪੂਰਨਤਾ ਸਮੇਂ ਹਰ ਸਥਾਨ ਪਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਸੈਮੀਨਾਰ ਆਰੰਭ ਦਿੱਤੇ ਗਏ ਹਨ ਜਿਸ ਤਹਿਤ ਅਗਲੇ ਦਿਨਾਂ ਅੰਦਰ ਸ੍ਰੀ ਅੰਮ੍ਰਿਤਸਰ, ਜਲੰਧਰ, ਗੜ੍ਹਸ਼ੰਕਰ, ਪਟਿਆਲਾ, ਸ੍ਰੀ ਫ਼ਤਹਿਗੜ੍ਹ ਸਾਹਿਬ, ਤਲਵੰਡੀ ਸਾਬੋ, ਲੁਧਿਆਣਾ, ਸ੍ਰੀ ਅਨੰਦਪੁਰ ਸਾਹਿਬ, ਅੰਬਾਲਾ ਆਦਿ ਥਾਵਾਂ ’ਤੇ ਸੈਮੀਨਾਰ ਹੋਣਗੇ। ਗੁਰਮਤਿ ਸਮਾਗਮਾਂ ਬਾਰੇ ਉਨ੍ਹਾਂ ਦੱਸਿਆ ਕਿ ਇਹ ਪੰਜਾਬ ਤੋਂ ਇਲਾਵਾ ਕਾਨ੍ਹਪੁਰ, ਬੰਗਲਾ ਦੇਸ਼, ਨਾਨਕਮਤਾ, ਦਿੱਲੀ, ਧਮਧਾਨ ਸਾਹਿਬ ਹਰਿਆਣਾ, ਪਟਨਾ ਸਾਹਿਬ ਸਮੇਤ ਹੋਰਨਾਂ ਥਾਵਾਂ ’ਤੇ ਹੋਣਗੇ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦੀ ਚਾਰ ਸੌ ਸਾਲਾ ਪ੍ਰਕਾਸ਼ ਸ਼ਤਾਬਦੀ ਪੰਥਕ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਅਤੇ ਇਸ ਸਬੰਧੀ ਕੀਤੇ ਜਾਣ ਵਾਲੇ ਸਾਰੇ ਸਮਾਗਮ ਯਾਦਗਾਰੀ ਹੋਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.