Opinion

‘ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼

ਉਜਾਗਰ ਸਿੰਘ

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਿੱਖ ਧਰਮ ਸ਼ਹਾਦਤਾਂ ਦੀ ਇੱਕ ਲੰਬੀ ਦਾਸਤਾਨ ਹੈ। ਸਿੱਖੀ ਅਨੁਸਾਰ ਸ਼ਹੀਦ ਉਹ ਹੈ, ਜੋ ਜ਼ੁਲਮ ਦੇ ਵਿਰੁੱਧ ਉਠ ਕੇ ਉਸ ਨੂੰ ਰੋਕਣ ਲਈ ਮਾਨਵਤਾ ਦੇ ਹੱਕ ਵਿੱਚ ਖੜ੍ਹੇ ਹੋਵੇ ਅਤੇ ਆਪਣੇ ਧਰਮ ਵਿੱਚ ਮੁਕੰਮਲ ਸਿਦਕ ਰੱਖਦਿਆਂ ਆਪਣੀ ਕੁਰਬਾਨੀ ਦੇ ਦੇਵੇ। ਸਿੱਖ ਇਤਿਹਾਸ ਸ਼ਹਾਦਤਾਂ ਦਾ ਇਤਿਹਾਸ ਹੈ। 1711 ਤੋਂ 2007 ਤੱਕ ਇਨ੍ਹਾਂ ਕੁਰਬਾਨੀਆਂ ਬਾਰੇ ਲਿਖੀਆਂ ਗਈਆਂ ਕਵਿਤਾਵਾਂ ਅਤੇ ਧਾਰਮਿਕ ਗੀਤਾਂ ਨੂੰ ਚੇਤਨ ਸਿੰਘ ਨੇ ‘ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ’ ਪੁਸਤਕ ਵਿੱਚ ਸੰਕਲਨ ਕਰ ਕੇ ਸੰਪਾਦਿਤ ਕੀਤਾ ਹੈ। ਇਹ ਪੁਸਤਕ ‘ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ’ ਕਾਵਿਕ ਪ੍ਰਸੰਗਾਂ ਦਾ ਸੰਗ੍ਰਹਿ ਹੈ।

ਇਸ ਪ੍ਰਸੰਗ ਤੋਂ ਇਲਾਵਾ ਹੋਰ ਅਨੇਕਾਂ ਲੇਖਕਾਂ ਨੇ ਸਾਹਿਜ਼ਾਦਿਆਂ ਦੀ ਸ਼ਹੀਦੀ ਬਾਰੇ ਲਿਖਿਆ ਹੋਵੇ ਪ੍ਰੰਤੂ ਅਜੇ ਤੱਕ ਕਿਸੇ ਨੇ ਇਸ ਤਰ੍ਹਾਂ ਇਕ ਪੁਸਤਕ ਦਾ ਰੂਪ ਨਹੀਂ ਦਿੱਤਾ। ‘ਪੰਜਾਬੀ ਸੱਥ ਲਾਂਬੜਾਂ’ (ਜਲੰਧਰ) ਪੰਜਾਬ ਅਤੇ ‘ਯੂਰਪੀ ਪੰਜਾਬੀ ਸੱਥ ਵਾਲਸਾਲ ਯੂ.ਕੇ’.ਨੇ ਉਦਮ ਕਰਕੇ ਚੇਤਨ ਸਿੰਘ ਦੀ ਸੰਪਾਦਿਤ ਪੁਸਤਕ ਪ੍ਰਕਾਸ਼ਤ ਕਰਵਾਕੇ ਸਿੱਖ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਹੈ। ਸੰਪਾਦਕ ਨੇ ਇਸ  ਪੁਸਤਕ ਨੂੰ ਤਿੰਨ ਭਾਗਾਂ (ੳ), (ਅ) ਅਤੇ (ੲ) ਵਿੱਚ ਵੰਡਿਆ ਹੈ। (ੳ) ਭਾਗ ਵਿੱਚ ਪੁਸਤਕ ਰੂਪ ਵਾਲੇ ਪ੍ਰਸੰਗਾਂ ਤੋਂ ਇਲਾਵਾ ਗੁਰ-ਇਤਿਹਾਸ ਵਰਣਨ ਕਰਦੇ ਮਹਾਨ ਗ੍ਰੰਥਾਂ ਅਤੇ ਹੋਰ ਵੱਖ-ਵੱਖ ਕਿ੍ਰਤਾਂ ਵਿੱਚੋਂ ਸਾਹਿਬਜ਼ਾਦਿਆਂ ਦੇ ਪ੍ਰਸੰਗ (47) ਸੰਪੂਰਨ ਰੂਪ ਵਿੱਚ ਸ਼ਾਮਲ ਕੀਤੇ ਗਏ ਹਨ। (ਅ) ਭਾਗ ਵਿੱਚ ਪੁਸਤਕ ਦਾ ਆਕਾਰ ਵੱਧ ਜਾਣ ਤੋਂ ਬਚਣ ਲਈ ਆਧੁਨਿਕ ਪ੍ਰਸੰਗਾਂ (7) ਦੇ ਕੁਝ ਅੰਸ਼ ਹੀ ਦਿੱਤੇ ਗਏ ਹਨ। ਪਾਠਕਾਂ ਨੂੰ ਮੂਲ ਪ੍ਰਸੰਗ ਪੜ੍ਹਨ ਦਾ ਸੁਝਾਅ ਵੀ ਦਿੱਤਾ ਗਿਆ ਹੈ। (ੲ) ਭਾਗ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਤ ਕੁਝ ਗੀਤ ਤੇ ਕਵਿਤਾਵਾਂ (36) ਸ਼ਾਮਲ ਕੀਤੇ ਗਏ ਹਨ।

ਸਿੱਖ ਧਰਮ ਦੇ ਮਹਾਨ ਸ਼ਹੀਦਾਂ ਸੰਬੰਧੀ ਉਪਲਭਧ ਲਿਖਤਾਂ ਸਾਂਭਣ ਦਾ ਇਹ ਵਿਲੱਖਣ ਕਾਰਜ ਹੈ। ਸਿੱਖ ਧਰਮ ਵਿੱਚ ਸ਼ਹੀਦੀਆਂ ਭਾਵੇਂ  ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਹੀ ਹੋਣੀਆਂ ਸ਼ੁਰੂ ਹੋ ਗਈਆਂ ਸਨ ਪਰੰਤੂ ਇਹ ਪੁਸਤਕ ਸਾਹਿਬਜ਼ਾਦਿਆਂ ਬਾਰੇ ਹੀ ਹੈ। ਇਸ ਲਈ ਇਸ ਵਿੱਚ ਸਾਹਿਬਜ਼ਾਦਿਆਂ ਦੇ ਪ੍ਰਸੰਗ ਵਿੱਚ ਲਿਖੇ ਗਏ ਕੁਝ ਸਾਹਿਤ ਨੂੰ ਹੀ ਸ਼ਾਮਲ ਕੀਤਾ ਗਿਆ ਹੈ। 22 ਦਸੰਬਰ 1704 ਨੂੰ ਮੁਗ਼ਲ ਫ਼ੌਜ ਨੇ ਚਮਕੌਰ ਦੀ ਗੜ੍ਹੀ ਉਤੇ ਹਮਲਾ ਅਣਗਿਣਤ ਫ਼ੌਜੀਆਂ ਨਾਲ ਕਰ ਦਿੱਤਾ ਸੀ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਉਮਰ 17 ਸਾਲ ਅਤੇ ਬਾਬਾ ਜੁਝਰ ਸਿੰਘ ਉਮਰ 14 ਸਮੇਤ 40 ਸਿੰਘ ਗੜ੍ਹੀ ਵਿੱਚ ਮੌਜੂਦ ਸਨ। ਸੰਸਾਰ ਦੇ ਇਤਿਹਾਸ ਵਿੱਚ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਇੱਕ ਪਿਤਾ ਨੇ ਆਪਣੇ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਆਪ ਲੱਖਾਂ ਦੀ ਤਾਦਾਦ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਲੜਾਈ ਦੇ ਮੈਦਾਨ ਵਿੱਚ ਭੇਜਿਆ ਹੋਵੇ।

ਚਮਕੌਰ ਸਾਹਿਬ ਦੀ ਲੜਾਈ ਵਿੱਚ ਦੋਵੇਂ ਸਾਹਿਬਜ਼ਾਦੇ ਸ਼ਹੀਦੀ ਦਾ ਜਾਮ ਪੀ ਗਏ। ਉਨ੍ਹਾਂ ਦੇ ਨਾਲ ਲਗਪਗ 30 ਹੋਰ ਸਿੰਘ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਮਾਤਾ ਗੁਜਰੀ ਅਤੇ ਦੋਵੇਂ ਛੋਟੇ ਸਾਹਿਜ਼ਾਦੇ ਸਰਹੰਦ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ। ਇਹ ਪੁਸਤਕ 2018 ਵਿੱਚ ਪ੍ਰਕਾਸ਼ਤ ਹੋਈ ਹੈ। 2018 ਤੱਕ  ਲੰਬੀ ਖੋਜ ਤੋਂ ਬਾਅਦ ਜੋ ਕਵਿਤਾਵਾਂ ਅਤੇ ਧਾਰਮਿਕ ਗੀਤ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਚੇਤਨ ਸਿੰਘ ਨੂੰ ਮਿਲ ਸਕੇ, ਉਹ ਪ੍ਰਕਾਸ਼ਤ ਕੀਤੇ ਗਏ ਹਨ।

(ੳ)  ਭਾਗ ਵਿੱਚ ਦੋਹਰੇ, ਸਵੈਯਾ, ਚੌਪਈ, ਛੰਦ, ਕਬਿੱਤੁ, ਸੋਰਠਾ, ਪਹਰਾ, ਗੀਆ ਮਾਲਤੀ ਅਤੇ ਬੈਂਤ ਜੋ ਸਾਹਿਬਜ਼ਾਦਿਆਂ ਬਾਰੇ ਲਿਖੇ ਗਏ ਸਨ, ਦਿੱਤੇ ਗਏ ਹਨ। ਨੱਥਾ ਸਿੰਘ ਚੌਗਾਵਾਂ ਦੀ ਰਚਨਾ ਤਰਜ਼ ਤੀਲੂ, ਗੋਬਿੰਦ ਦਾਸ ਬਿਲਗਾ-‘ਛੋਟੀਆਂ ਜਿੰਦਾਂ ਤੇ ਵੱਡੇ ਸਾਕੇ, ਹਕੀਮ ਮਿਰਜ਼ਾ ਯੋਗੀ ਅੱਲਾ ਯਾਰ ਖ਼ਾਂ-ਗੰਜ-ਇ-ਸ਼ਹੀਦਾਂ ਅਤੇ ਸ਼ਹੀਦਾਨ-ਇ-ਵਫ਼ਾ, ਨਾ-ਮਾਲੂਮ ਸ਼ਾਇਰ ਦਾ ਸ਼ਹੀਦਨਾਮਾ, ਮਿਰਜ਼ਾ ਮੁਹੰਮਦ ਅਬਦੁਲ ਗਨੀ-ਜ਼ੌਹਰ-ਇ-ਤੇਗ਼, ਵਾਰ ਧਰਮ ਸ਼ਹੀਦਾਂ-ਭਾਈ ਕਰਤਾਰ ਸਿੰਘ ਕਲਾਸਵਾਲੀਆ, ਸ਼ਹੀਦ ਲਿਬਾਸ-ਭਾਈ ਠਾਕਰ ਸਿੰਘ ਗਿਆਨੀ, ਸਾਕਾ ਸਰਹੰਦ-ਬੰਤਾ ਸਿੰਘ, ਚਮਕਦੀ ਤੇਗ਼- ਚੰਨਣ ਸਿੰਘ ਬੰਦਾ, ਬੀਬੀ ਸਰਨ ਕੌਰ-ਭਾਈ ਕਰਤਾਰ ਸਿੰਘ, ਚਾਰੇ ਸਾਹਿਬਜ਼ਾਦੇ- ਸੋਹਣ ਸਿੰਘ ਘੁਕੇਵਾਲੀਆ, ਸਾਕਾ ਸਰਹਿੰਦ ਅਤੇ ਜੰਗ ਚਮਕੌਰ ਸਾਹਿਬ – ਸੋਹਣ ਸਿੰਘ ਸੀਤਲ, ਸਿਦਕ ਨਜ਼ਾਰਾ- ਸੰਤ ਨਿਧਾਨ ਸਿੰਘ ਆਲਮ, ਚਾਰੇ ਲਾਲ- ਦੁਰਗਾ ਦਾਸ ਬੇਦਿਲ, ਜੰਗ ਚਮਕੌਰ ਸਾਹਿਬ- ਸੰਤੋਖ ਸਿੰਘ ਤਬਰ, ਸਾਕਾ ਸਰਹਿੰਦ ਅਤੇ ਸ਼ਹੀਦੀ ਜੋਤਾਂ-ਬਰਕਤ ਸਿੰਘ ਅਨੰਦ, ਦਸ਼ਮੇਸ਼ ਉਪਕਾਰ-ਹਰੀ ਸਿੰਘ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ- ਧਨੀ ਰਾਮ ਚਾਤਿ੍ਰਕ, ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ-ਬਾਬੂ ਰਜਬ ਅਲੀ, ਸਾਹਿਬਜ਼ਾਦਾ ਜੁਝਾਰ ਸਿੰਘ ਦਾ ਬਾਰਾਂਮਾਹ ਅਤੇ ਸ਼ਹੀਦੀ ਛੋਟੇ ਸਾਹਿਬਜ਼ਾਦੇ-ਬੂਟਾ ਸਿੰਘ, ਜੰਗ ਚਮਕੌਰ ਅਤੇ ਸਾਕਾ ਸਰਹੰਦ – ਭਾਈ ਅਵਤਾਰ ਸਿੰਘ ਬੇਦੀ, ਮਾਤਾ ਗੁਜਰੀ-ਦੇਵਾ ਸਿੰਘ ਗੁਜਰਾਂਵਾਲਾ, ਸਿੱਖ ਪੰਥ ਦੇ ਚਮਕਦੇ ਹੀਰੇ- ਕੇਸਰ ਸਿੰਘ ਵੜੈਚ, ਸ਼ਹੀਦੀ ਵੱਡੇ ਸਾਹਿਬਜ਼ਾਦੇ- ਗੁਰਦੇਵ ਸਿੰਘ ਸ਼ਾਂਤ,  ਜਿੰਦਾਂ ਇਹ ਨਿਰਦੋਸ਼ੀਆਂ-ਸੁਰਜੀਤ ਸਿੰਘ ਮਰਜਾਰਾ, ਚਮਕੌਰ ਦਾ ਯੁੱਧ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ-ਹਰਿੰਦਰ ਸਿੰਘ ਮਹਿਬੂਬ, ਗਾਥਾ ਗੜ੍ਹੀ ਚਮਕੌਰ ਦੀ-ਮਨਮੋਹਨ ਸਿੰਘ ਦਾਊਂ, ਚਮਕੌਰ ਦੀ ਜੰਗ ਅਤੇ ਸਾਕਾ ਸਰਹੰਦ-ਗਿਆਨੀ ਸੰਤ ਸਿੰਘ ਪਾਰਸ, ਸਾਕਾ ਸਰਹੰਦ- ਗੁਲਜ਼ਾਰ ਸਿੰਘ ਸ਼ੌਂਕੀ, ਜੰਗ ਸ੍ਰੀ ਚਮਕੌਰ ਸਾਹਿਬ- ਦਇਆ ਸਿੰਘ ਦਿਲਬਰ, ਸੱਚ ਖੜ੍ਹਾ ਨੀਂਹਾਂ ਵਿੱਚ ਉਚਾ-ਮਹਿੰਦਰ ਸਿੰਘ ਮਾਨੂੰਪੁਰੀ, ਨਿੱਕੀਆਂ ਜਿੰਦਾਂ ਵੱਡਾ ਸਾਕਾ-ਨੇਕ ਤੁੰਗਾਂਹੇੜੀ ਵਾਲਾ, ਬਲੀਦਾਨ ਅਤੇ ਬੱਚੋਂ ਕੀ ਹੱਤਿਆ-ਮੈਥਿਲੀ ਸ਼ਰਣ ਗੁਪਤ।

(ਅ) ਭਾਗ ਵਿੱਚ ਆਧੁਨਿਕ ਪ੍ਰਸੰਗ ਵਿੱਚੋਂ ਚੋਣਵੇਂ ਅੰਸ਼ ਵਿੱਚੋਂ, ਨਿੱਕੀਆਂ ਜਿੰਦਾਂ ਵੱਡਾ ਸਾਕਾ-ਗੁਰਬਖ਼ਸ਼ ਸਿੰਘ ਕੇਸਰੀ, ਪ੍ਰਸੰਗ ਸਾਹਿਬਜ਼ਾਦੇ-ਨਿਹਾਲ ਸਿੰਘ ਕਵੀਸ਼ਰ, ਸਾਕਾ ਚਮਕੌਰ-ਜੋਗਾ ਸਿੰਘ ਜੋਗੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ-ਬਲਦੇਵ ਸਿੰਘ ਬੈਂਕਾਂ, ਲਾਲਾਂ ਦੀਆਂ ਜੋੜੀਆਂ-ਕਰਤਾਰ ਸਿੰਘ ਢਿਲੋਂ, ਚਾਰ ਮੂਏ ਤੋ ਕਿਆ ਭਇਆ-ਮੇਵਾ ਸਿੰਘ ਆਈ.ਏ.ਐਸ.(ਮੋਹਾਲੀ) ਅਤੇ ਸਾਕਾ ਚਮਕੌਰ ਤੇ ਸਰਹਿੰਦ-ਸੰਤ ਪੂਰਨ ਸਿੰਘ ਦੀਵਾਨਾ।

(ੲ) ਭਾਗ ਵਿੱਚ ਧਾਰਮਿਕ ਗੀਤ ਅਤੇ ਕਵਿਤਾਵਾਂ ਜਿਨ੍ਹਾਂ ਵਿੱਚ, ਜੋੜ ਮੇਲਾ ਚਮਕੌਰ ਸਾਹਿਬ-ਅਮਰ ਸਿੰਘ ਵਕੀਲ, ਬੱਚੇ ਬੇਗੁਨਾਹਾਂ ਨੂੰ ਨਾ ਮਾਰ ਸੂਬਿਆ ਅਤੇ ਨੀਂਹਾਂ ਚੋਂ ਅਵਾਜ਼ਾਂ ਆੳਂੁਦੀਆਂ-ਹਰੀ ਸਿੰਘ, ਚਰਨ ਸਿੰਘ ਸਫਰੀ ਦੇ ਦੋ ਬੜੀਆਂ ਕੀਮਤੀ ਜਿੰਦਾਂ, ਚਮਕੌਰ ਦੀ ਗੜ੍ਹੀ, ਸ਼ਹੀਦੀ ਛੋਟੇ ਸਾਹਿਬਜ਼ਾਦੇ, ਮੇਰੀ ਕਵਿਤਾ ਦਾ ਨਾਂ:ਪੰਜ ਪਿਆਰੇ ਅਤੇ ਚੰਨ ਮਾਤਾ ਗੁਜਰੀ ਦਾ, ਸ਼ਰਧਾਂਜਲੀ ਅਤੇ ਸੂਰਜ ਨਿਮੋਝੂਣਾ ਹੋਇਆ-ਸਾਧੂ ਸਿੰਘ ਪਨਾਮ, ਮੈ ਹਾਂ ਦੀਵਾਰ ਸਰਹਿੰਦ ਦੀ-ਪਰਮਜੀਤ ਕੌਰ ਸਰਹਿੰਦ, ਚਮਕੌਰ ਦੀ ਗੜ੍ਹੀ-ਗੁਰਦੇਵ ਸਿੰਘ ਮਾਨ, ਮਸਨਵੀ:ਵਾਕਿਆ ਸ਼ਹਾਦਤ ਛੋਟੇ ਸਾਹਿਬਜ਼ਾਦੇ-ਡਾ.ਰੁਬੀਨਾ ਸ਼ਬਨਮ, ਮਾਤਾ ਗੁਜਰੀ ਨੇ ਪੋਤਿਆਂ ਨੂੰ ਕਚਹਿਰੀ ਤੋਰਨਾ-ਪਾਲ ਸਿੰਘ ਪੰਛੀ, ਸੂਬੇ ਦਾ ਸਾਹਿਬਜ਼ਾਦਿਆਂ ਨੂੰ ਕਹਿਣਾ-ਕਰਨੈਲ ਸਿੰਘ ਪਾਂਧੀ ਹੰਝੂ, ਵੇ ਗੰਗੂ ਤੇਰਾ ਕੱਖ ਨਾ ਰਹੇ-ਜਰਨੈਲ ਸਿੰਘ ਸਭਰਾਵਾਂ, ਪੰਥ ਖਾਲਸਾ ਅਤੇ ਸਰਹੰਦ ਦੀ ਦੀਵਾਰ-ਆਰ.ਐਲ.ਸਭਰਵਾਲ, ਦੱਸੀਂ ਕਲਗੀਆਂ ਵਾਲਿਆ ਵੇ-ਕੇਵਲ ਸਿੰਘ ਫ਼ੌਜੀ, ਜੇ ਚੱਲੇ ਹੋ ਸਰਹਿੰਦ ਨੂੰ ਮੇਰੇ ਪਿਆਰਿਓ, ਨਾ ਉਡੀਕੀਂ ਦਾਦੀਏ ਅਤੇ ਸਰਸਾ ਨਦੀ ‘ਤੇ ਵਿਛੋੜਾ ਪੈ ਗਿਆ-ਭਾਈ ਮਨਿੰਦਰ ਸਿੰਘ (ਸ੍ਰੀਨਗਰ ਵਾਲੇ), ਸੂਬਾ ਕਹਿਣ ਲੱਗਾ ਸਾਹਿਬਜ਼ਾਦਿਆਂ ਨੂੰ-ਸਾਬਰ ਹੁਸੈਨ (ਮਾਲੇਰਕੋਟਲਾ), ਅੱਧੀ ਰਾਤੀਂ ਮਾਂ ਗੁਜਰੀ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਅਤੇ ਚੁੰਮ-ਚੁੰਮ ਰੱਖੋ ਨੀ ਕਲਗੀ ਜੁਝਾਰ ਦੀ-ਨੰਦ ਲਾਲ ਨੂਰਪੁਰੀ, ਪੂਜਾ ਸ਼ਹੀਦਾਂ ਦੀ-ਸੰਤ ਪੂਰਨ ਸਿੰਘ ਦੀਵਾਨਾ, ਜਿਹੜੀ ਹੋਈ ਤਿੰਨਾ ਨਾਲ-ਬਲਦੇਵ ਸਿੰਘ ਬੱਲ (ਮੋਰਿੰਡਾ), ਦਾਦੀ ਆਖਦੀ ਏ ਗੁਜਰੀ-ਬਲਦੇਵ ਸਿੰਘ ਬੱਦਨ, ਚਮਕੌਰ ਦੀ ਗੜ੍ਹੀ, ਪੰਥ ਦਾ ਹੁਕਮ ਅਤੇ ਮਾਤਾ ਗੁਜਰੀ ਜੀ ਨਾਲ ਹੋਈ ਜਿੱਦਾਂ-ਹਰੀ ਸਿੰਘ ਜਾਚਕ, ਇੱਟ ਦੀ ਪੁਕਾਰ-ਮੁਖਵਿੰਦਰ ਸਿੰਘ ਸੰਧੂ, ਸ਼ਹਾਦਤ ਤੇ ਜਜ਼ਬਾ-ਸੁਰਿੰਦਰ ਸਿੰਘ ਸੁੱਨੜ ਅਤੇ ਠੰਡੇ ਬੁਰਜ ਵਿੱਚ ਬੈਠੀ ਮਾਤਾ ਸ਼ਗਨ ਕਰੇ ਤੇ ਤੁਸੀਂ ਸੁਣੋ ਖਾਂ ਦੀਨ ਦਿਆਲੋ ਜੀ-ਨਾ-ਮਾਲੂਮ ਦੇ ਧਾਰਮਿਕ ਗੀਤ ਅਤੇ ਕਵਿਤਾਵਾਂ ਹਨ।

ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਬਾਰੇ ਉਸ ਸਮੇਂ ਅਤੇ ਅੱਜ ਤੱਕ ਸਿੱਖ ਵਿਦਵਾਨ ਅਤੇ ਸਾਹਿਤਕਾਰ ਆਪਣੀਆਂ ਸ਼ਰਧਾਂਜਲੀਆਂ ਦੇ ਰੂਪ ਵਿੱਚ ਲੇਖ, ਕਵਿਤਾਵਾਂ ਅਤੇ ਧਾਰਮਿਕ ਗੀਤ ਲਿਖਦੇ ਆ ਰਹੇ ਹਨ। ਇਸ ਪੁਸਤਕ ਦਾ ਵਿਸ਼ਾ ਸਾਹਿਜ਼ਾਦਿਆਂ ਬਾਰੇ ਲਿਖੀਆਂ ਕਵਿਤਾਵਾਂ ਅਤੇ ਗੀਤਾਂ ਤੱਕ ਹੀ ਸੀਮਤ ਹੈ। ਇਸ ਲਈ ਚੇਤਨ ਸਿੰਘ ਨੇ ਬੜੀ ਮਿਹਨਤ ਕਰਕੇ 2007 ਤੱਕ ਪ੍ਰਾਪਤ ਇਹ ਪ੍ਰਸੰਗ ਇਕੱਠੇ ਕੀਤੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਅਤੇ ਗੀਤ ਹੋਣਗੇ ਜਿਹੜੇ ਇਸ ਪੁਸਤਕ ਵਿੱਚ ਸ਼ਾਮਲ ਨਹੀਂ ਹੋ ਸਕੇ। ਇਹ ਰੰਗਦਾਰ ਸਚਿਤਰ, ਵੱਡ ਆਕਾਰੀ, 880 ਪੰਨਿਆਂ, 1995 ਦੀ ਭੇਟਾ ਵਾਲੀ ਪੁਸਤਕ‘ਪੰਜਾਬੀ ਯੂਰਪੀ ਸੱਥ ਵਾਲਸਾਲ ਯੂ.ਕੇ.’ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ    

ਮੋਬਾਈਲ-94178 13072  

ujagarsingh48yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button