ਸਾਰੇ ਪੰਜਾਬ ‘ਚੋਂ ਪੰਜਵੀ ਜਮਾਤ ‘ਚ ਅੱਵਲ ਆਉਣ ਵਾਲੀ ਧੀ ਦੀ ਹਰਸਿਮਰਤ ਬਾਦਲ ਨੇ ਕੀਤੀ ਹੌਸਲਾ ਅਫ਼ਜ਼ਾਈ
ਹਰਸਿਮਰਤ ਬਾਦਲ ਨੇ ਭੇਟ ਕੀਤੀਆਂ ਸ਼ੁਭਕਾਮਨਾਵਾਂ, ਅੱਗੇ ਪੜ੍ਹਾਈ ਲਈ ਹਰ ਸੰਭਵ ਮਦਦ ਦਾ ਕੀਤਾ ਵਾਅਦਾ
ਬਠਿੰਡਾ/ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ‘ਚ ਐਲਾਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਸਾਰੇ ਪੰਜਾਬ ‘ਚੋਂ ਅੱਵਲ ਆਉਣ ਵਾਲੀ ਮਾਨਸਾ ਦੇ ਪਿੰਡ ਧਰਮਪੁਰਾ ਦੀ ਬੱਚੀ ਸੁਖਮਨ ਕੌਰ ਦੀ ਹੌਸਲਾ ਅਫ਼ਜ਼ਾਈ ਲਈ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਉਚੇਚੇ ਤੌਰ ‘ਤੇ ਉਸਨੂੰ ਮਿਲ ਕੇ ਮੁਬਾਰਕਬਾਦ ਦਿੱਤੀ। ਸੁਖਮਨ ਨੂੰ ਸ਼ੁਭਕਾਮਨਾਵਾਂ ਭੇਟ ਕਰਦੇ ਹੋਏ ਉਨ੍ਹਾਂ ਉਸ ਨੂੰ ਪਿਆਰ ਤੇ ਤੋਹਫ਼ੇ ਵਜੋਂ ਸ਼ਗਨ ਵੀ ਦਿੱਤਾ।
500 ਵਿੱਚੋਂ 500 ਅੰਕ ਹਾਸਲ ਕਰਨ ਵਾਲੀ ਸੁਖਮਨ ਕੌਰ ਦੇ ਪਿਤਾ ਸ. ਰਣਜੀਤ ਸਿੰਘ ਤੇ ਮਾਤਾ ਚਰਨਜੀਤ ਕੌਰ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ ਸੁਖਮਨ ਦੇ ਪਿਤਾ ਮਿਹਨਤ ਮਜ਼ਦੂਰੀ ਕਰਨ ਵਾਲੇ ਇਨਸਾਨ ਹਨ, ਪਰ ਆਪਣੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਨੂੰ ਉਨ੍ਹਾਂ ਆਪਣੀ ਧੀ ਦੀ ਪੜ੍ਹਾਈ ਦੇ ਅੜਿੱਕੇ ਨਹੀਂ ਆਉਣ ਦਿੱਤਾ। ਬੀਬਾ ਬਾਦਲ ਨੇ ਕਿਹਾ ਕਿ ਇਸ ਬੱਚੀ ਦੇ ਮਾਪੇ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਧੀ-ਪੁੱਤ ਦਾ ਵਿਤਕਰਾ ਤਿਆਗਦੇ ਹੋਏ ਆਪਣੀ ਧੀ ਨੂੰ ਬਰਾਬਰ ਮੌਕਾ ਦੇ ਕੇ ਅੱਗੇ ਵਧਣ ਲਈ ਪ੍ਰੇਰਿਆ।
ਬੀਬਾ ਬਾਦਲ ਨੇ ਅੱਗੇ ਕਿਹਾ ਕਿ ਬਦਲਦੇ ਜ਼ਮਾਨੇ ਦੇ ਨਾਲ ਸਭ ਨੂੰ ਆਪਣੀ ਸੋਚ ਵੀ ਬਦਲਣੀ ਚਾਹੀਦੀ ਹੈ, ਅਤੇ ਧੀਆਂ ਨੂੰ ਬਰਾਬਰ ਸਤਿਕਾਰ ਤੇ ਭਰੋਸਾ ਦੇਣਾ ਚਾਹੀਦਾ ਹੈ। ਸੁਖਮਨ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜਿਹੀਆਂ ਹੋਣਹਾਰ ਧੀਆਂ ਨੰਨ੍ਹੀ ਛਾਂ ਮੁਹਿੰਮ ਨੂੰ ਮਜ਼ਬੂਤ ਬਣਾ ਰਹੀਆਂ ਹਨ, ਅਤੇ ਇਨ੍ਹਾਂ ਦੀ ਕਾਮਯਾਬੀ ਮੈਨੂੰ ਆਪਣੇ ਨਿਮਾਣੇ ਯਤਨਾਂ ਦੀ ਕਾਮਯਾਬੀ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਜਿਹੇ ਹਜ਼ਾਰਾਂ ਪਰਿਵਾਰ ਹਨ ਜਿਨ੍ਹਾਂ ਨੇ ਧੀ-ਪੁੱਤ ਦਾ ਫ਼ਰਕ ਮਿਟਾਇਆ, ਅਤੇ ਪੜ੍ਹਾਈ ਤੇ ਖੇਡਾਂ ਸਮੇਤ ਵੱਖੋ-ਵੱਖ ਖੇਤਰਾਂ ‘ਚ ਪੰਜਾਬ ਦੀਆਂ ਧੀਆਂ ਦੀਆਂ ਕਾਮਯਾਬੀਆਂ ਦੇ ਨਤੀਜੇ ਲਗਾਤਾਰ ਦੁਨੀਆ ਦੇਖ ਰਹੀ ਹੈ।
ਸ਼ਗਨ ਦਿੰਦੇ ਹੋਏ ਸੁਖਮਨ ਨਾਲ ਹੋਈ ਗੱਲਬਾਤ ਬਾਰੇ ਖੁਸ਼ੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਹੋਣਹਾਰ ਬੱਚੀ ਨੂੰ ਬਾਦਲ ਪਿੰਡ ਦੇ ਅਤਿ-ਆਧੁਨਿਕ ਸਕੂਲ ਵਿੱਚ ਦਾਖਲੇ ਲਈ ਉਹ ਹਰ ਸੰਭਵ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਸੁਖਮਨ ਵੱਡੀ ਹੋ ਕੇ ਅਫ਼ਸਰ ਬਣਨਾ ਚਾਹੁੰਦੀ ਹੈ ਅਤੇ ਜੇਕਰ ਉਸ ਨੇ ਇਸੇ ਤਰ੍ਹਾਂ ਮਿਹਨਤ ਤੇ ਲਗਨ ਨਾਲ ਪੜ੍ਹਾਈ ਜਾਰੀ ਰੱਖੀ ਤਾਂ ਉਸ ਦਾ ਇਹ ਸੁਪਨਾ ਪੂਰਾ ਕਰਵਾਉਣ ਲਈ ਉਸ ਨੂੰ ਹਰ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਮਾਣ ਸਤਿਕਾਰ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਭ ਦਾ ਧੰਨਵਾਦ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.