Press ReleasePunjabTop News

ਸ਼੍ਰੋਮਣੀ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ

ਸਿੱਖ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਨੂੰ ਤੋੜਨ ਦੀਆਂ ਘੜ ਰਹੀਆਂ ਹਨ ਸ਼ਾਜ਼ਿਸਾਂ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸਿੱਖਾਂ ਨੂੰ ਕਿਸੇ ਤੋਂ ਦੇਸ਼ ਭਗਤੀ ਦਾ ਪ੍ਰਮਾਣ ਪੱਤਰ ਲੈਣ ਦੀ ਲੋੜ ਨਹੀਂ- ਸ. ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਬੀਤੀ ਰਾਤ ਦਿੱਲੀ ਸਥਿਤ ਹਰੀਨਗਰ ਦੇ ਡੀਡੀਏ ਗਰਾਊਂਡ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਸਮੇਤ ਪ੍ਰਮੁੱਖ ਸਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

ਗੁਰਮਤਿ ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ, ਭਾਈ ਸਿਮਰਪ੍ਰੀਤ ਸਿੰਘ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸਮੇਤ ਹੋਰ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ। ਇਸ ਮੌਕੇ ਪੰਥਕ ਸਖ਼ਸ਼ੀਅਤਾਂ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਦੀ ਗੱਲ ਕਰਦਿਆਂ ਸਿੱਖ ਕੌਮ ਦੇ ਮੌਜੂਦਾ ਹਾਲਾਤਾਂ ਅਤੇ ਸਰੋਕਾਰਾਂ ਬਾਰੇ ਵਿਚਾਰਾਂ ਕੀਤੀਆਂ। ਸਮਾਗਮ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਭਗਤੀ ਦੇ ਨਾਲ-ਨਾਲ ਸ਼ਕਤੀ ਨਾਲ ਵੀ ਜੋੜਿਆ ਹੈ, ਜਿਸ ’ਤੇ ਚੱਲਦਿਆਂ ਪੁਰਾਤਨ ਸਿੱਖ ਜਰਨੈਲਾਂ ਨੇ ਜਬਰ ਜੁਲਮ ਦਾ ਕਰੜਾ ਵਿਰੋਧ ਕੀਤਾ ਅਤੇ ਚੜ੍ਹ ਕੇ ਆਏ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਧਾੜਵੀਆਂ ਦੇ ਰਾਹ ਹਮੇਸ਼ਾ ਲਈ ਬੰਦ ਕੀਤੇ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵੀ ਅਜਿਹੇ ਸਿੱਖ ਯੋਧਿਆਂ ’ਚੋਂ ਇਕ ਸਨ, ਜਿਨ੍ਹਾਂ ਨੇ ਦੁਨੀਆਂ ਦੇ ਧਾਰਮਿਕ ਇਤਿਹਾਸ ਦਾ ਰੁਖ ਮੋੜਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਕਰਦਿਆਂ ਸੰਗਤ ਨੂੰ ਸਿੱਖ ਕੌਮ ਦੇ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਦੀ ਵਧਾਈ ਦਿੰਦਿਆਂ ਕਿਹਾ ਕਿ ਮੁਗਲ ਹਕੂਮਤ ਨਾਲ ਟੱਕਰ ਲੈਣ ਵਾਲੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਕੌਮ ਦੇ ਮਹਾਨਾਇਕ ਹਨ, ਜਿਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਕੌਮ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਆਪਣੇ ਸਾਥੀ ਜਰਨੈਲਾਂ ਨਾਲ ਜਾਲਮ ਮੁਗ਼ਲ ਹਕੂਮਤ ਦਾ ਦਿੱਲੀ ਤਖ਼ਤ ਪੁੱਟ ਕੇ ਲਿਜਾਣਾ ਕੋਈ ਆਮ ਗੱਲ ਨਹੀਂ ਹੈ। ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਨੂੰ ਤੋੜਨ ਦੀਆਂ ਸ਼ਾਜ਼ਿਸਾਂ ਘੜ੍ਹ ਰਹੀਆਂ ਹਨ, ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਸਰਕਾਰੀ ਦਖ਼ਲ ਨਾਲ ਪਹਿਲਾਂ ਪੰਜਾਬ ਤੋਂ ਬਾਹਰਲੇ ਤਖ਼ਤਾਂ ਦੀਆਂ ਕਮੇਟੀਆਂ ਦੀ ਜਗ੍ਹਾ ਬੋਰਡ ਬਣਾਏ, ਫਿਰ ਦਿੱਲੀ ਗੁਰਦੁਆਰਾ ਕਮੇਟੀ ’ਤੇ ਅਸਿੱਧਾ ਕਬਜ਼ਾ ਕੀਤਾ ਅਤੇ ਹੁਣ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾ ਕੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਗੁਰੂ ਘਰਾਂ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਕੀਤੀ ਗਈ ਰਾਜਨੀਤੀ ਦੀ ਵੀ ਕਰੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਖ਼ਾਲਸਾ ਸਾਜਣਾ ਦਿਵਸ ਮੌਕੇ ਸੰਗਤ ਦੀ ਭਾਵਨਾ ਹੁੰਦੀ ਹੈ ਕਿ ਉਹ ਤਖ਼ਤ ਸਾਹਿਬਾਨ ’ਤੇ ਨਤਮਸਤਕ ਹੋ ਕੇ ਅੰਮ੍ਰਿਤਪਾਨ ਕਰੇ, ਪਰ ਸਰਕਾਰ ਵੱਲੋਂ ਇਸ ਦਿਨ ਪੰਜਾਬ ਵਿੱਚ ਸਿਰਜੇ ਗਏ ਦਹਿਸ਼ਤ ਦੇ ਮਾਹੌਲ ਨੇ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਮਾਰੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ਼ਤਾਬਦੀ ਸਮਾਗਮ ਦੀ ਸਫ਼ਲਤਾ ਲਈ ਦਿੱਲੀ ਦੀ ਸੰਗਤ ਦਾ ਧੰਨਵਾਦ ਕਰਦਿਆਂ 5 ਮਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਣ ਵਾਲੇ ਮੁੱਖ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖੀ ਦਾ ਸਿਧਾਂਤ ਸਭ ਤੋਂ ਵੱਧ ਧਰਮ ਨਿਰਪੱਖਤਾ ਵਾਲਾ ਹੈ। ਸਿੱਖ ਕੌਮ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ। ਉਨ੍ਹਾਂ ਐਨਸੀਈਆਰਟੀ ਦੇ ਸਿਲੇਬਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਖਾਇਆ ਕਰਦਿਆਂ ਸਿੱਖਾਂ ਨੂੰ ਵੱਖਵਾਦੀ ਵਿਚਾਰਧਾਰਾ ਵਾਲਿਆਂ ਵਜੋਂ ਗਲਤ ਪ੍ਰਚਾਰਣ ਦੀ ਵੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਿਸੇ ਤੋਂ ਦੇਸ਼ ਭਗਤੀ ਦਾ ਪ੍ਰਮਾਣ ਪੱਤਰ ਲੈਣ ਦੀ ਲੋੜ ਨਹੀਂ, ਕਿਉਂਕਿ ਦੇਸ਼ ਦੀ ਅਜ਼ਾਦੀ ਅਤੇ ਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹਨ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ, ਇਸ ਲਈ ਅੱਜ ਪੰਥ ਵਿਰੋਧੀ ਤਾਕਤਾਂ ਦੀ ਪਛਾਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੀਆਂ ਸ਼ਤਾਬਦੀਆਂ ਅਜਿਹਾ ਮੌਕਾ ਹੁੰਦੀਆਂ ਹਨ ਜਦੋਂ ਨੌਜਵਾਨਾਂ ਅੰਦਰ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਜਾਨਣ ਦਾ ਚਾਅ ਹੁੰਦਾ ਹੈ।

ਸਮਾਗਮ ਦੌਰਾਨ ਸੀਨੀਅਰ ਅਕਾਲੀ ਆਗੂ ਸ. ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ, ਦਿੱਲੀ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਸੇਵਾ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਨਿਭਾਈ। ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨੂੰ ਦਰਸਾਉਂਦੀ ਚਿੱਤਰ ਪ੍ਰਦਰਸ਼ਨੀ ਦੇ ਨਾਲ-ਨਾਲ ਧਾਰਮਿਕ ਪੁਸਤਕਾਂ ਦੇ ਸਟਾਲ ਵੀ ਲਗਾਏ ਗਏ। ਸੰਗਤ ਲਈ ਲੰਗਰ ਦੇ ਪ੍ਰਬੰਧ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਕੀਤੇ ਗਏ ਸਨ।

ਸਮਾਗਮ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਤੇਜਾ ਸਿੰਘ ਨਿਰਮਲੇ ਸੰਪਰਦਾਇ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਗੁਰਮਿੰਦਰ ਸਿੰਘ ਮਠਾਰੂ, ਦਿੱਲੀ ਕਮੇਟੀ ਮੈਂਬਰ ਸ. ਸੁਖਵਿੰਦਰ ਸਿੰਘ ਬੱਬਰ, ਸ. ਕੁਲਦੀਪ ਸਿੰਘ ਭੋਗਲ, ਸ. ਸੁਖਦੇਵ ਸਿੰਘ ਰਿਆਤ, ਬੀਬੀ ਮਨਦੀਪ ਕੌਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਸ. ਸਿਮਰਜੀਤ ਸਿੰਘ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਸ. ਕੁਲਦੀਪ ਸਿੰਘ ਰੋਡੇ,  ਮੈਨੇਜਰ ਸ. ਸੁਖਰਾਜ ਸਿੰਘ, ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਸ. ਸੁਰਿੰਦਰਪਾਲ ਸਿੰਘ ਸਮਾਨਾ, ਸ. ਜਸਵੀਰ ਸਿੰਘ ਲੌਂਗੋਵਾਲ,  ਇੰਚਾਰਜ ਸ. ਮੇਜਰ ਸਿੰਘ, ਸ. ਮਨਜੀਤ ਸਿੰਘ, ਸ. ਕਰਤਾਰ ਸਿੰਘ, ਸਾਬਕਾ ਮੀਤ ਸਕੱਤਰ ਸ. ਰਾਮ ਸਿੰਘ ਭਿੰਡਰ ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button