Press ReleasePunjabTop News
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਹੋਈ ਇਕੱਤਰਤਾ
ਸਿੱਖ ਜਰਨੈਲ ਦੀ ਜਨਮ ਸ਼ਤਾਬਦੀ ਦੇ ਸਮਾਗਮਾਂ ਮੌਕੇ ਸੰਗਤਾਂ ਵੱਧ ਤੋਂ ਵੱਧ ਕਰਨ ਸ਼ਮੂਲੀਅਤ- ਭਾਈ ਰਾਮ ਸਿੰਘ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤਾ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿਚ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਲਈ ਲਗਾਤਾਰ ਇਕੱਤਰਤਾਵਾਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਅੱਜ ਸ੍ਰੀ ਅੰਮ੍ਰਿਤਸਰ ਨਾਲ ਸਬੰਧਤ ਪ੍ਰਮੁੱਖ਼ ਸ਼ਖ਼ਸੀਅਤਾਂ ਨਾਲ ਵਿਸ਼ੇਸ਼ ਬੈਠਕ ਕਰਕੇ ਸ਼ਤਾਬਦੀ ਸਮਾਗਮਾਂ ਸਮੇਂ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਆਉਣ ਦੀ ਅਪੀਲ ਕੀਤੀ। ਭਾਈ ਰਾਮ ਸਿੰਘ ਨੇ ਕਿਹਾ ਕਿ 18ਵੀਂ ਸਦੀ ਅੰਦਰ ਸਿੱਖ ਜਰਨੈਲਾਂ ਵੱਲੋਂ ਕੀਤੀ ਗਈ ਦਿੱਲੀ ਫ਼ਤਹਿ ਸਿੱਖ ਇਤਿਹਾਸ ਦਾ ਗੌਰਵਸ਼ਾਲੀ ਪੰਨਾ ਹੈ, ਜੋ ਸਿੱਖ ਕੌਮ ਲਈ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਸਾਥੀ ਸਿੱਖ ਜਰਨੈਲਾਂ ਨਾਲ ਮੁਗਲ ਬਾਦਸ਼ਾਹ ਦਾ ਦਿੱਲੀ ਤਖ਼ਤ ਪੁੱਟ ਕੇ ਸ੍ਰੀ ਅੰਮ੍ਰਿਤਸਰ ਲਿਆਂਦਾ ਸੀ। ਅਜਿਹੇ ਜਰਨੈਲਾਂ ਦੇ ਦਿਹਾੜੇ ਮਨਾਉਣਾ ਸਾਡੇ ਲਈ ਫਖਰ ਵਾਲੀ ਗੱਲ ਹੈ।
ਭਾਈ ਰਾਮ ਸਿੰਘ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਤੀਜੀ ਜਨਮ ਸ਼ਤਾਬਦੀ ਸਬੰਧੀ 16 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਖ਼ਾਲਸਾ ਫ਼ਤਹ ਮਾਰਚ ਆਰੰਭ ਹੋਇਆ ਸੀ, ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 4 ਮਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇਗਾ। ਇਸੇ ਤਰ੍ਹਾਂ 5 ਮਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁੱਖ ਸਮਾਗਮ ਹੋਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਤਾਬਦੀ ਸਮਾਗਮਾਂ ਸਮੇਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ।
ਇਕੱਤਰਤਾ ’ਚ ਭਾਈ ਰਾਮ ਸਿੰਘ ਤੋਂ ਇਲਾਵਾ ਸ. ਨਰਿੰਦਰ ਸਿੰਘ ਐਮਆਰ, ਸ. ਹਰਮੀਤ ਸਿੰਘ ਮਠਾਰੂ, ਬੀਬੀ ਚਰਨਜੀਤ ਕੌਰ ਵੇਰਕਾ, ਸ. ਸੁਖਪਾਲ ਸਿੰਘ, ਸ. ਮਧੂਪਾਲ ਸਿੰਘ, ਸ. ਨਵਜੀਤ ਸਿੰਘ, ਸ. ਪ੍ਰੇਮ ਸਿੰਘ ਜੌੜਾ, ਸ. ਤੇਜਿੰਦਰ ਸਿੰਘ ਭਮਰਾ, ਸ. ਦਵਿੰਦਰ ਸਿੰਘ ਠੇਕੇਦਾਰ, ਸ. ਦਿਆ ਸਿੰਘ ਠੇਕੇਦਾਰ, ਸ. ਲਖਵਿੰਦਰ ਸਿੰਘ, ਸ. ਹਰਦੇਵ ਸਿੰਘ, ਸ. ਰਣਜੀਤ ਸਿੰਘ, ਸ. ਸੁਖਵਿੰਦਰ ਸਿੰਘ, ਸ. ਬਲਜੀਤ ਸਿੰਘ, ਮਾਸਟਰ ਜਸਵੰਤ ਸਿੰਘ, ਡਾ. ਸਰਬਜੀਤ ਸਿੰਘ, ਸ. ਲਖਵਿੰਦਰ ਸਿੰਘ, ਸ. ਸਾਹਿਬ ਸਿੰਘ ਵਡਾਲੀ, ਸ. ਲਖਵੰਤ ਸਿੰਘ, ਸ. ਸੁਰਜੀਤ ਸਿੰਘ, ਸ. ਜਸਬੀਰ ਸਿੰਘ ਪਟਵਾਰੀ, ਸ. ਨਰਿੰਦਰ ਸਿੰਘ ਤੇ ਸ. ਸਰਜਬੀਤ ਸਿੰਘ ਆਦਿ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.