Breaking NewsD5 specialNewsPress ReleasePunjabTop News

ਸਮੁੱਚੇ ਰਾਜ ‘ਚ ਫ਼ਲਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਹੋਈ ਸ਼ਰੂਆਤ

ਪੰਜਾਬ ਦੇ 12000 ਸਕੂਲਾਂ ਵਿੱਚ ਲਗਾਏ ਗਏ ਫ਼ਲਦਾਰ ਬੂਟੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਹਰ ਇਕ  ਬੱਚੇ ਤੱਕ ਫਲ ਪਹੂੰਚਾੳਣ ਅਤੇ ਵਾਤਾਵਰਨ ਨੂੰ ਪ੍ਰਦੂਸਿਤ ਰਹਿਤ ਰੱਖਣ ਲਈ ਪੰਜਾਬ ਵਿੱਚ ਫ਼ਲਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਬਾਗਬਾਨੀ ਮੰਤਰੀ ਸਰਦਾਰ ਫੋ਼ਜਾ ਸਿੰਘ ਸਰਾਰੀ ਵੱਲੋਂ ਅੱਜ ਬਾਗਬਾਨੀ ਵਿਭਾਗ, ਪੰਜਾਬ ਖੇਤੀ ਭਵਨ, ਐਸ.ਏ.ਐਸ.ਨਗਰ ਵਿਖੇ ਅੰਬ ਦਾ ਬੂਟਾ ਲਗਾ ਕੇ ਕੀਤੀ ਗਈ। ਇਸ ਮੌਕੇ ਕੁਲਵੰਤ ਸਿੰਘ, ਐਮ.ਐਲ.ਏ. ਮੋਹਾਲੀ,  ਸਰਵਜੀਤ ਸਿੰਘ ਆਈ.ਏ.ਐਸ., ਵਧੀਕ ਮੁੱਖ ਸਕੱਤਰ ਬਾਗਬਾਨੀ ਪੰਜਾਬ, ਗਗਨਦੀਪ ਸਿੰਘ ਬਰਾੜ ਆਈ.ਏ.ਐਸ., ਸਕੱਤਰ ਬਾਗਬਾਨੀ ਵੱਲੋਂ ਅਮਰੂਦ ਦਾ ਬੂਟਾ, ਸ਼੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ., ਡਾਇਰੈਕਟਰ ਬਾਗਬਾਨੀ ਪੰਜਾਬ ਅਤੇ  ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਂਵਲੇ ਦਾ ਬੂਟੇ ਲਗਾਏ ਗਏ। ਇਸ ਮੁਹਿੰਮ ਤਹਿਤ ਸਮੁੱਚੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ 1.25 ਲੱਖ ਫਲਦਾਰ ਬੂਟੇ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਮੰਤਰੀ ਸਰਦਾਰ ਫ਼ੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਮਨਸ਼ਾ ਹੈ ਕਿ ਪੰਜਾਬ ਦਾ ਹਰ ਬੱਚਾ ਅਤੇ ਹਰ ਵਰਗ ਦਾ ਇਨਸਾਨ ਫਲ ਅਸਾਨੀ ਨਾਲ ਖਾ ਸਕੇ, ਇਸ ਉਦੇਸ਼ ਤਹਿਤ ਹੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ ਲਗਭਗ 12000 ਸਕੂਲ ਅਤੇ ਜਨਤਕ ਥਾਵਾਂ ਤੇ ਅੰਬ, ਜਾਮਣ, ਢੇਊ, ਆਂਵਲਾ, ਅਮਰੂਦ, ਪਪੀਤਾ, ਬਿੱਲ ਆਦਿ ਬੂਟੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਤਰ੍ਹਾਂ ਨਾਲ ਇੱਕ ਦਿਨ ਵਿੱਚ 1.25 ਲੱਖ ਫਲਦਾਰ ਬੂਟੇ ਲਗਾ ਕੇ ਲਗਭਗ 1000 ਏਕੜ ਵਿੱਚ ਪਲਾਂਟੇਸ਼ਨ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੇ ਉਜੱਵਲ ਭਵਿੱਖ ਲਈ ਫਲਦਾਰ ਬੂਟੇ ਲਗਾਉਣੇ ਅਤਿ ਜਰੂਰੀ ਹਨ, ਕਿਉਂਕਿ ਪੰਜਾਬ ਵਿੱਚ ਜਿਆਦਾਤਰ ਇਲਾਕਿਆ ਵਿੱਚ ਪਾਣੀ ਦਾ ਸਤਰ ਬਹੁਤ ਥੱਲੇ ਜਾ ਚੁੱਕਾ ਹੈ। ਫਸਲੀ ਵਿਭਿੰਨਤਾ ਲਈ ਸਭ ਤੋਂ ਵਧੀਆ ਵਿਕਲਪ ਫਲਦਾਰ ਬੂਟੇ ਲਗਾਉਣਾ ਹੈ, ਜਿਸ ਨਾਲ ਨਾ ਕੇਵਲ ਪਾਣੀ ਦੀ ਬਚਤ ਹੋਵੇਗੀ, ਬਲਕਿ ਧਰਤੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ।
ਬਾਗਬਾਨੀ ਵਿਭਾਗ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਲਗਭਗ 10.00 ਲੱਖ ਏਕੜ ਰਕਬੇ ਵਿੱਚ ਫਲਾਂ, ਸਬਜ਼ੀਆਂ ਅਤੇ ਫੁੱਲਾਂ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਵਰਨਣਯੋਗ ਹੈ ਕਿ ਪੰਜਾਬ ਵਿੱਚ 2.31 ਲੱਖ ਏਕੜ ਰਕਬੇ ਵਿੱਚ ਕਿੰਨੂ, ਲੀਚੀ, ਨਾਖ, ਅਮਰੂਦ, ਜਾਮਣ, ਬਿੱਲ ਆਦਿ ਫਲਾਂ ਦੇ ਬਾਗ ਲੱਗੇ ਹੋਏ ਹਨ, ਜਿਨ੍ਹਾਂ ਤੋਂ 202.71 ਲੱਖ ਕੁਇੰਟਲ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ 7.54 ਲੱਖ ਏਕੜ ਰਕਬੇ ਵਿੱਚ ਆਲੂ, ਫੁੱਲਗੋਭੀ, ਗਾਜਰ, ਮਟਰ, ਘੀਆ, ਟਮਾਟਰ, ਕੱਦੂ ਕਰੇਲੇ, ਬੈਂਗਣ ਆਦਿ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ, ਜਿਸ ਤੋਂ 610.95 ਲੱਖ ਕੁਇੰਟਲ ਦੀ ਪੈਦਾਵਾਰ ਹੁੰਦੀ ਹੈ। ਪੰਜਾਬ ਵਿੱਚ 126.76 ਹਜ਼ਾਰ ਕੁਇੰਟਲ ਖੁੰਬਾਂ ਦੀ ਪੈਦਾਵਾਰ ਵੀ ਹੁੰਦੀ ਹੈ। ਪੰਜਾਬ ਵਿੱਚ ਭਾਰਤ ਦਾ 13.7% ਸ਼ਹਿਦ ਪੈਦਾ ਹੁੰਦਾ ਹੈ। ਇਸ ਸਾਲ ਬਾਗਬਾਨੀ ਵਿਭਾਗ ਵੱਲੋਂ 4.50 ਲੱਖ ਫਲਦਾਰ ਬੂਟੇ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਹ ਬੂਟੇ ਪੰਜਾਬ ਫਰੂਟ ਨਰਸਰੀ ਐਕਟ ਦੇ ਤਹਿਤ ਟਰੇਸੇਏਬਲ ਅਤੇ ਸਰਟੀਫਾਈਡ ਹੋਣਗੇ।
ਪੰਜਾਬ ਭਾਰਤ ਦਾ ਪਹਿਲਾ ਰਾਜ ਹੈ ਜਿਸ ਨੇ ਬੂਟਿਆਂ ਦੀ ਸਰਟੀਫਿਕੇਸ਼ਨ ਅਤੇ ਟਰੇਸੇਬਿਲਟੀ ਲਾਗੂ ਕਰਨ ਲਈ ਕਾਨੂੰਨ ਬਣਾਇਆ ਹੈ, ਜੋ ਕਿ ਸਾਰੇ ਸੂਬਿਆਂ ਲਈ ਸੇਧ ਹੋਵੇਗੀ| ਇਸ ਸਾਲ 12500 ਏਕੜ ਰਕਬਾ ਫਸਲੀ ਵਿਭਿੰਨਤਾ ਅਧੀਨ ਲਿਆਂਦਾ ਜਾਵੇਗਾ। ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਨਾਲ ਬੱਚਿਆਂ ਨੂੰ ਨਾ ਕੇਵਲ ਸੰਤੁਲਿਤ ਖੁਰਾਕ ਮਿਲੇਗੀ ਬਲਕਿ ਇਨ੍ਹਾਂ ਬੂਟਿਆਂ ਨੂੰ ਸਾਂਭ-ਸੰਭਾਲ ਕਰਨ ਦੀ ਸਿਖਿਆ ਵੀ ਮਿਲੇਗੀ। ਸ. ਸਰਾਰੀ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਆਪਣੇ ਘਰਾ ਵਿੱਚ ਨਜ਼ਦੀਕੀ ਥਾਂ ‘ਚ ਫ਼ਲਦਾਰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸ਼੍ਰੀ ਪ੍ਰਦੀਪ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਅਤੇ ਸ਼੍ਰੀ ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button