Opinion

ਸਮਾਜ ਸੇਵਾ ਨੂੰ ਪ੍ਰਣਾਇਆ : ਭਗਵਾਨ ਦਾਸ ਗੁਪਤਾ

ਉਜਾਗਰ  ਸਿੰਘ

ਭਗਵਾਨ ਦਾਸ ਗੁਪਤਾ ਇਕ ਅਜਿਹਾ ਵਿਅਕਤੀ ਹੈ, ਜਿਸ ਨੂੰ ਹਰ ਸਮੇਂ ਸਮਾਜ ਸੇਵਾ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ। ਸਮਾਜ ਸੇਵਾ ਨਾਲ ਸੰਬੰਧਤ ਹਰ ਰੋਜ਼ ਹੀ ਅਖ਼ਬਾਰਾਂ ਵਿੱਚ ਭਗਵਾਨ ਦਾਸ ਗੁਪਤਾ ਦੀਆਂ ਖ਼ਬਰਾਂ ਪ੍ਰਕਾਸ਼ਤ ਹੋਈਆਂ ਹੁੰਦੀਆਂ ਹਨ। ਇਤਨੀਆਂ ਖ਼ਬਰਾਂ ਤਾਂ ਕਿਸੇ ਸਿਆਸਤਦਾਨ ਦੀਆਂ ਵੀ ਪ੍ਰਕਾਸ਼ਤ ਨਹੀਂ ਹੁੰਦੀਆਂ। ਇਨ੍ਹਾਂ ਖ਼ਬਰਾਂ ਤੋਂ ਉਸ ਦੀ ਸਮਾਜ ਸੇਵਾ ਬਾਰੇ ਬਚਨਵੱਧਤਾ ਦਾ ਪਤਾ ਲਗਦਾ ਹੈ। ਉਸ ਦਾ ਲੋਕ ਸੰਪਰਕ ਦਾ ਤਾਣਾ ਬਾਣਾ ਕਾਫੀ ਮਜ਼ਬੂਤ ਹੋਵੇਗਾ। ਇਉਂ ਮਹਿਸੂਸ ਹੋ ਰਿਹਾ ਹੈ ਕਿ ਚੋਣ ਲੜਨ ਦੀ ਇੱਛਾ ਉਸ ਦੇ ਮਨ ਵਿੱਚ ਤੁਣਕੇ ਮਾਰ ਰਹੀ ਹੈ। ਉਨ੍ਹਾਂ ਦੀਆਂ ਸਰਗਰਮੀਆਂ ਤੋਂ ਪਹਿਲਾਂ ਪਟਿਆਲਾ ਵਿਖੇ ਪ੍ਰਾਣ ਸਭਰਵਾਲ ਦਾ ਲੋਕ ਸੰਪਰਕ ਸਭ ਤੋਂ ਮਜ਼ਬੂਤ ਗਿਣਿਆਂ ਜਾਂਦਾ ਸੀ। ਉਸ ਦੀਆਂ ਸਰਗਰਮੀਆਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਸਮਾਂ ਕਿਵੇਂ ਕੱਢਦਾ ਹੋਵੇਗਾ। ਭਗਵਾਨ ਦਾਸ ਗੁਪਤਾ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਿਕ, ਸਾਹਿਤਕ, ਕਲਾ, ਮਨੋਰੰਜਨ, ਸਵੈ-ਇੱਛਤ, ਆਰਥਿਕ ਅਤੇ ਫਿਲਮੀ ਸੰਸਥਾਵਾਂ ਦੇ ਪ੍ਰਧਾਨ/ਚੇਅਰਮੈਨ/ਮੈਂਬਰ ਹਨ।

ਇਨ੍ਹਾਂ ਸੰਸਥਾਵਾਂ ਦੀਆਂ ਸਰਗਰਮੀਆਂ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਇਹ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਤ ਕਰਦੀਆਂ ਰਹਿੰਦੀਆਂ ਹਨ। ਇਤਨੇ ਮੋਮੈਂਟੋ ਅਤੇ ਤੋਹਫ਼ੇ ਭਗਵਾਨ ਦਾਸ ਗੁਪਤਾ ਦੇ ਡਰਾਇੰਗ ਰੂਮ ਦੀ ਸ਼ੋਭਾ ਵਧਾ ਰਹੇ ਹੋਣਗੇ। ਉਸ ਨੂੰ ਬਚਪਨ ਵਿੱਚ ਹੀ ਸਮਾਜ ਸੇਵਾ ਦੀ ਪ੍ਰਵਿਰਤੀ ਆਪਣੇ ਮਾਤਾ ਪਿਤਾ ਤੋਂ ਵਿਰਸੇ ਵਿੱਚੋਂ ਹੀ ਮਿਲੀ ਹੈ ਪ੍ਰੰਤੂ ਇਸ ਪ੍ਰਵਿਰਤੀ ਨੂੰ ਉਤਸ਼ਾਹ ਪਿੰਡ ਦੇ ਪ੍ਰਸਿੱਧ ਸਮਾਜ ਸੇਵਕ ਮਰਹੂਮ ਕਰਤਾਰ ਸਿੰਘ ਧਾਲੀਵਾਲ ਤੋਂ ਪ੍ਰੇਰਤ ਹੋ ਕੇ ਮਿਲਿਆ। ਸਮਾਜ ਸੇਵਾ ਨੂੰ ਭਗਵਾਨ ਦਾਸ ਗੁਪਤਾ ਆਪਣੀ ਪੁਸ਼ਤੈਨੀ ਜ਼ਿੰਮੇਵਾਰੀ ਸਮਝਦਾ ਹੈ। ਕਈ ਵਾਰ ਤਾਂ ਭਗਵਾਨ ਦਾਸ ਗੁਪਤਾ ਦੀ ਮਸ਼ਰੂਫੀਅਤ ਵੇਖ ਕੇ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਉਹ ਆਪਣੇ ਕਾਰੋਬਾਰ ਅਤੇ ਪਰਿਵਾਰਿਕ ਜ਼ਰੂਰਤਾਂ ਲਈ ਸਮਾਂ ਕਿਵੇਂ ਕੱਢਦਾ ਹੋਵੇਗਾ?

ਉਨ੍ਹਾਂ ਸਰਕਾਰੀ ਉਦਯੋਗਿਕ ਸੰਸਥਾ ਪਟਿਆਲਾ ਤੋਂ ਡਰਾਫਟਸਮੈਨ ਸਿਵਲ ਦਾ ਡਿਪਲੋਮਾ ਪਾਸ ਕੀਤਾ। ਉਸ ਤੋਂ ਬਾਅਦ ਉਸ ਨੇ ਹਾਰਲਿਕਸ ਫੈਕਟਰੀ ਨਾਭਾ ਵਿਖੇ ਇਕ ਸਾਲ ਜੂਨੀਅਰ ਡਰਾਫ਼ਟਸਮੈਨ ਦੀ ਨੌਕਰੀ ਕੀਤੀ। ਇਥੇ ਵੀ ਦਿਲ ਨਾ ਲੱਗਿਆ, ਉਸ ਨੇ ਜ਼ਿੰਦਗੀ ਵਿੱਚ ਸੈਟਲ ਹੋਣ ਲਈ ਬੜੇ ਪਾਪੜ ਵੇਲੇ। ਫਿਰ ਉਹ 1981 ਵਿੱਚ ਭਾਰਤੀ ਫ਼ੌਜ ਦੀ ਥਲ ਸੈਨਾ ਦੇ ਸਿਗਨਲ ਕੋਰ ਵਿੱਚ ਵਾਇਰਲੈਸ ਅਪ੍ਰੇਟਰ ਭਰਤੀ ਹੋ ਗਿਆ। ਘੁੰਮਣ ਫਿਰਨ ਵਾਲਾ ਆਜ਼ਾਦ ਪੰਛੀ ਭਗਵਾਨ ਦਾਸ ਗੁਪਤਾ ਲਈ ਫ਼ੌਜ ਦੀ ਅਨੁਸ਼ਾਸਨ ਵਾਲੀ ਨੌਕਰੀ ਵਿੱਚ ਰਹਿਣਾ ਔਖਾ ਹੋ ਗਿਆ, ਕਿਉਂਕਿ ਇਕ ਥਾਂ ਟਿਕ ਕੇ ਬੈਠਣਾ ਉਸ ਲਈ ਪਿੰਜਰੇ ਵਿੱਚ ਕੈਦ ਹੋਣ ਦੇ ਬਰਾਬਰ ਸੀ। ਉਥੇ ਵੀ ਉਸ ਨੇ 5 ਕੁ ਮਹੀਨੇ ਨੌਕਰੀ ਕੀਤੀ। ਇਸ ਲਈ ਉਹ ਫ਼ੌਜ ਦੀ ਨੌਕਰੀ ਨੂੰ ਤਿਲਾਂਜ਼ਲੀ ਦੇ ਕੇ ਵਾਪਸ ਆਪਣੇ ਪਿੰਡ ਮੰਡੌਰ ਆ ਗਿਆ। ਆਪਣੇ ਪਿੰਡ ਵਿੱਚ ਰਹਿੰਦਾ ਹੋਇਆ ਉਹ ਖੇਡ ਟੂਰਨਾਮੈਂਟਾਂ, ਸਭਿਆਚਾਰਿਕ ਪ੍ਰੋਗਰਾਮਾ, ਭਲਵਾਨਾ ਦੀਆਂ ਕੁਸ਼ਤੀਆਂ ਦੇ ਅਖਾੜਿਆਂ ਅਤੇ ਹੋਰ ਸਰਗਰਮੀਆਂ ਵਿੱਚ ਦਿਲਚਸਪੀ ਲੈਂਦਾ ਰਿਹਾ ਹੈ। ਇਨ੍ਹਾਂ ਸਮਾਗਮਾ ਵਿੱਚ ਉਹ ਪਾਣੀ ਪਿਲਾਉਣ ਦੀ ਸੇਵਾ ਨਿਭਾਉਂਦਾ ਰਿਹਾ ਹੈ।

ਪਟਿਆਲਾ ਆਉਣ ਤੋਂ ਪਹਿਲਾਂ ਉਹ ਰਖੜਾ ਤੋਂ ਪੱਤਰਕਾਰੀ ਵੀ ਕਰਦਾ ਰਿਹਾ। ਜਦੋਂ ਉਹ ਟਿਕ ਕੇ ਕੰਮ ਨਾ ਕਰ ਸਕਿਆ ਤਾਂ ਉਸ ਦੇ ਮਾਪਿਆਂ ਨੇ 15 ਦਸੰਬਰ 1985 ਨੂੰ ਪ੍ਰੇਮ ਲਤਾ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹ ਕੇ ਗ੍ਰਹਿਸਤੀ ਦੇ ਪਿੰਜਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹ ਪਟਿਆਲਾ ਸ਼ਹਿਰ ਵਿੱਚ ਆ ਕੇ ਵਸ ਗਿਆ। ਪਟਿਆਲਾ ਸ਼ਹਿਰ ਵਿੱਚ ਆ ਕੇ ਉਸ ਨੇ ਇਨ੍ਹਾਂ ਖੇਤਰਾਂ ਦੀਆਂ ਸਰਗਰਮੀਆਂ ਨੂੰ ਜ਼ਾਰੀ ਰੱਖਿਆ ਹੋਇਆ ਹੈ। ਉਨ੍ਹਾਂ ਸਤੰਬਰ 2011 ਵਿੱਚ ਆਪਣੇ ਸਹਿਯੋਗੀਆਂ ਨਾਲ ਰਲਕੇ ਡਰੀਮਜ਼ ਆਫ਼ ਸ਼ੋਸ਼ਲ ਟਰੈਂਡਜ਼ (ਦੋਸਤ) ਨਾਮ ਦੀ ਸੰਸਥਾ ਸਥਾਪਤ ਕੀਤੀ। ਇਸ ਸੰਸਥਾ ਰਾਹੀਂ ਸਰਦੀ ਦੇ ਮੌਸਮ ਵਿੱਚ ਗ਼ਰੀਬ ਲੋਕਾਂ ਨੂੰ ਰਜਾਈਆਂ ਵੰਡਣੀਆਂ, ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਫ ਸੁਥਰਾ ਪਾਣੀ ਦੇਣ ਲਈ ਆਰ.ਓ ਲਗਵਾਣੇ, ਛਾਂ-ਦਾਰ ਰੱਖ, ਮੈਡੀਸਨ ਅਤੇ ਫਲਦਾਰ ਪੌਦੇ ਲਗਵਾਣ ਦੀ ਸੇਵਾ ਕਰਦਾ ਰਿਹਾ। ਇਸੇ ਤਰ੍ਹਾਂ ਪਿੰਗਲਾ ਆਸ਼ਰਮ, ਬਿਰਧ ਆਸ਼ਰਮ, ਅਤੇ ਅਨਾਥ ਆਸ਼ਰਮਾਂ ਵਿੱਚ ਫਲ ਫਰੂਟ ਅਤੇ ਅਨਾਜ ਆਦਿ ਦਿੱਤੇ। ਗ਼ਰੀਬ ਲੋਕਾਂ ਨੂੰ ਰਾਸ਼ਣ ਵੰਡਿਆ। ਖ਼ੂਨ ਦਾਨ ਅਤੇ ਮੈਡੀਕਲ ਕੈਂਪ ਲਗਵਾਏ। ਨਸ਼ਿਆ ਵਿਰੁਧ ਜਾਗ੍ਰਤੀ ਮੁਹਿੰਮ ਚਲਾਈ ਗਈ।  ਅੰਗਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।

ਇਸ ਸਮੇਂ ਭਗਵਾਨ ਦਾਸ ਗੁਪਤਾ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਦੇ ਪ੍ਰਧਾਨ, ਇੰਟਰਨੈਸ਼ਨਲ ਲੋਕ ਗਾਇਕ ਮੰਚ ਪੰਜਾਬ ਦੇ ਚੇਅਰਮੈਨ, ਇੰਡੀਅਨ ਰੈਡ ਕਰਾਸ ਸੋਸਾਇਟੀ ਪਟਿਆਲਾ ਅਤੇ ਰਾਸ਼ਟਰੀਆ ਕਵੀ ਸੰਗਮ ਪੰਜਾਬ ਦੇ ਸਰਪ੍ਰਸਤ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲਕੇ ਸਮਾਜ ਸੇਵਾ ਦਾ ਕਾਰਜ ਕਰ ਰਹੇ ਹਨ।  ਉਹ ਪਟਿਆਲਾ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਟ੍ਰੈਫਿਕ ਮਾਰਸ਼ਲ, ਕਮਿਊਨਿਟੀ ਰਿਸੋਰਸ ਸੈਂਟਰ, ਪੁਲਿਸ ਸਾਂਝ ਕੇਂਦਰ ਤਿ੍ਰਪੜੀ ਦੇ ਮੈਂਬਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ।  ਉਨ੍ਹਾਂ ਨੂੰ 1997 ਵਿੱਚ ਨਹਿਰੂ ਯੁਵਕ ਕੇਂਦਰ ਪਟਿਆਲਾ ਅਤੇ 26 ਜਨਵਰੀ 2015 ਵਿੱਚ ਪੰਜਾਬ ਸਰਕਾਰ ਵਲੋਂ ਸਨਮਾਨਤ ਕੀਤਾ ਗਿਆ ਹੈ। ਉਸ ਨੂੰ ਸਨਮਾਨ ਕਰਨ ਵਾਲਿਆਂ ਦੀ ਸੂਚੀ ਲੰਬੀ ਹੈ।

ਭਗਵਾਨ ਦਾਸ ਗੁਪਤਾ ਦਾ ਜਨਮ 6  ਸਤੰਬਰ 1960 ਨੂੰ ਪਟਿਆਲਾ ਜਿਲ੍ਹੇ ਦੇ ਪਿੰਡ ਮੰਡੌਰ ਵਿਖੇ ਦੇ ਪਿਤਾ ਰਾਮ ਲਾਲ ਗੁਪਤਾ ਅਤੇ ਮਾਤਾ ਸੀਤਾ ਦੇਵੀ ਦੀ ਕੁਖੋਂ ਹੋਇਆ। ਉਸ ਨੂੰ ਪੰਜਵੀਂ ਤੱਕ ਦੀ ਪੜ੍ਹਾਈ ਕਰਨ ਲਈ ਪੰਜ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਨੌਹਰਾ, ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਪਟਿਆਲਾ, ਬੀ.ਐਨ.ਖਾਲਸਾ ਸਕੂਲ ਸਰਹੰਦ ਰੋਡ ਪਟਿਆਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੰਡੌਰ ਵਿੱਚ ਜਾਣਾ ਪਿਆ। ਉਸ ਤੋਂ ਬਾਅਦ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਮੰਡੌਰ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ।  ਉਸ ਦੇ ਤਿੰਨ ਬੱਚੇ ਹਨ। ਦੋ ਲੜਕੀਆਂ ਸਨੀ ਗੁਪਤਾ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕਾ, ਇੰਜੀਨੀਅਰ ਪਲਵੀ ਗੁਪਤਾ ਭਾਰਤੀ ਸੰਚਾਰ ਨਿਗਮ ਵਿੱਚ ਜੇ.ਟੀ.ਓ, ਲੜਕਾ ਪੁਸ਼ਪਿੰਦਰ ਗੁਪਤਾ ਮਾਲ ਪਟਵਾਰੀ ਅਤੇ ਨੂੰਹ ਨਿਸ਼ੂਕਾ ਗੁਪਤਾ ਸਾਇੰਸ ਅਧਿਆਪਕਾ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ   

ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button