Press ReleasePunjabTop News

ਸਬ-ਇੰਸਪੈਕਟਰ ਦੀ ਕਾਰ ਹੇਠਾਂ ਆਈ.ਈ.ਡੀ. ਲਗਾਉਣ ਦਾ ਮਾਮਲਾ  : ਪੰਜਾਬ ਪੁਲਿਸ ਨੇ ਮੋਟਰਸਾਇਕਲ ਮੁਹੱਈਆ ਕਰਵਾਉਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਚੱਲ ਰਹੀ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਸੂਬੇ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ

ਗ੍ਰਿਫ਼ਤਾਰ ਮੁਲਜਮ ਸਤਨਾਮ ਹਨੀ ਕੈਨੇਡਾ ਆਧਾਰਿਤ ਗੈਂਗਸਟਰ ਲਖਬੀਰ ਲੰਡਾ ਦਾ ਕਰੀਬੀ  ਅਤੇ 2021 ਪੱਟੀ ਦੋਹਰੇ ਕਤਲ ਕਾਂਡ ਵਿੱਚ ਵੀ ਹੈ ਲੋੜੀਂਦਾ : ਡੀਜੀਪੀ ਗੌਰਵ ਯਾਦਵ
ਕੈਨੇਡਾ ਸਥਿਤ ਗੈਂਗਸਟਰ ਲਖਬੀਰ ਲੰਡਾ ਦੀ ਹਵਾਲਗੀ ਲਈ ਯਤਨ ਜਾਰੀ: ਡੀਜੀਪੀ ਪੰਜਾਬ 
 
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਫੈਸਲਾਕੁਨ ਜੰਗ ਦੌਰਾਨ ਇਕ ਹੋਰ ਮਹੱਤਵਪੂਰਨ ਕਾਰਵਾਈ ਤਹਿਤ, ਪੰਜਾਬ ਪੁਲਿਸ ਨੇ ਉਸ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ, ਜਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੇ ਨਿਰਦੇਸ਼ਾਂ ‘ਤੇ ਅੰਮ੍ਰਿਤਸਰ ‘ਚ ਸਬ-ਇੰਸਪੈਕਟਰ ਦੀ ਕਾਰ ਹੇਠਾਂ ਇੰਪਰੂਵਾਈਜਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਲਗਾਉਣ ਲਈ ਮੁਲਜਮਾਂ ਵੱਲੋਂ ਵਰਤੇ ਗਏ ਮੋਟਰਸਾਈਕਲ ਦਾ ਪ੍ਰਬੰਧ ਕੀਤਾ ਸੀ।
ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜਮ ਦੀ ਪਛਾਣ ਸਤਨਾਮ ਸਿੰਘ ਉਰਫ ਹਨੀ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਇਹ ਨੌਵੀਂ ਗ੍ਰਿਫ਼ਤਾਰੀ ਹੈ। ਉਹ ਲੰਡਾ ਦੇ ਸਿੱਧੇ ਸੰਪਰਕ ਵਿੱਚ ਸੀ ਅਤੇ ਉਸ ਦੁਆਰਾ ਦਿੱਤੇ ਗਏ ਕੰਮਾਂ ਨੂੰ ਪੂਰਾ ਕਰ ਰਿਹਾ ਸੀ। ਇਹ ਕਾਰਵਾਈ ਮੁੱਖ ਦੋਸ਼ੀ ਯੁਵਰਾਜ ਸੱਭਰਵਾਲ ਉਰਫ ਯਸ਼ , ਜਿਸ ਨੇ ਤਰਨਤਾਰਨ ਦੇ ਪਿੰਡ ਪੱਟੀ ਦੇ ਦੀਪਕ (ਗਿ੍ਰਫਤਾਰ) ਨਾਲ ਮਿਲ ਕੇ 16 ਅਗਸਤ, 2022 ਨੂੰ ਅੰਮ੍ਰਿਤਸਰ ਦੇ ਸੀ-ਬਲਾਕ ਰਣਜੀਤ ਐਵੀਨਿਊ ਦੇ ਖੇਤਰ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ  ਰਿਹਾਇਸ਼ ਦੇ ਬਾਹਰ ਪਾਰਕ ਕੀਤੀ ਐਸਯੂਵੀ ਬੋਲੈਰੋ (ਪੀਬੀ02-ਸੀਕੇ-0800) ਦੇ ਹੇਠਾਂ ਆਈਈਡੀ ਲਗਾਈ ਸੀ, ਦੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਤਨਾਮ ਹਨੀ ਦੇ ਲਖਬੀਰ ਲੰਡਾ ਵੱਲੋਂ ਦਿੱਤੇ ਗਏ ਵੀਜੇ ‘ਤੇ ਦੁਬਈ ਭੱਜਣ ਦੀ ਕੋਸ਼ਿਸ਼ ਕਰਨ ਦੀ ਖੁਫੀਆ ਇਤਲਾਹ  ਦੇ ਆਧਾਰ ‘ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸਏਐਸ ਨਗਰ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਤਨਾਮ ਹਨੀ ਨੂੰ ਆਈਪੀਸੀ ਦੀ ਧਾਰਾ 153, 153-ਏ ਅਤੇ 120-ਬੀ, ਐਨਡੀਪੀਐਸ ਐਕਟ ਦੀ ਧਾਰਾ 21-61-85 ਅਤੇ ਅਸਲਾ ਐਕਟ ਦੀ 25-  54-59 ਤਹਿਤ ਪੁਲਿਸ ਥਾਣਾ ਐਸ.ਐਸ.ਓ.ਸੀ. ਮੋਹਾਲੀ ਵਿਖੇ ਦਰਜ ਐਫਆਈਆਰ ਨੰਬਰ 6 23/08/2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਸਤਨਾਮ ਹਨੀ 2015 ਵਿੱਚ ਤਰਨਤਾਰਨ ਵਿੱਚ ਆਪਣੇ  ਦੋਸਤ ਮਲਕੀਤ ਸਿੰਘ ਉਰਫ ਲੱਡੂ ਵਾਸੀ ਪੱਟੀ ਦੇ ਵਿਆਹ ਵਿੱਚ ਲਖਬੀਰ ਲੰਡਾ ਦੇ ਸੰਪਰਕ ਵਿੱਚ ਆਇਆ ਸੀ। ਬਾਅਦ ਵਿਚ ਸਾਲ 2021 ਦੌਰਾਨ ਇੱਕ ਸਥਾਨਕ ਅਨਾਜ ਮੰਡੀ ਵਿੱਚ ਫਸਲ ਦੀ ਢੋਅ-ਢੁਆਈ ਕਰਨ ਵਾਲਾ ਹਨੀ , ਮਲਕੀਤ ਲੱਡੂ, ਜੋ  ਉਸ ਸਮੇਂ ਟਰੱਕ ਯੂਨੀਅਨ ਪੱਟੀ ਦਾ ਪ੍ਰਧਾਨ ਸੀ, ਨਾਲ ਨੇੜਿਓਂ ਜੁੜਿਆ ਸੀ।
ਉਨ੍ਹਾਂ ਦੱਸਿਆ ਕਿ ਸਤਨਾਮ ਹਨੀ ਦਾ ਨਾਂ ਇਕ ਦੋਹਰੇ ਕਤਲ ਕੇਸ ਵਿਚ ਵੀ ਸਾਹਮਣੇ ਆਇਆ ਸੀ, ਜਿਸ ਵਿਚ ਮਈ 2021 ਵਿਚ ਪੱਟੀ ਬਾਬਾ ਬੱਲੂ ਸ਼ਾਹ ਦੀ ਦਰਗਾਹ ‘ਤੇ ਲਖਬੀਰ ਲੰਡਾ ਦੇ ਇਸ਼ਾਰੇ ‘ਤੇ ਗੈਂਗਸਟਰ ਪ੍ਰੀਤ ਸੇਖੋਂ ਵੱਲੋਂ ਅਮਨਦੀਪ ਸਿੰਘ ਉਰਫ ਫੌਜੀ ਅਤੇ ਪਰਭਦੀਪ ਸਿੰਘ ਉਰਫ ਪੂਰਨ ਦਾ ਕਤਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮਲਕੀਤ ਲੱਡੂ, ਸੁਮੇਰ ਸਿੰਘ ਉਰਫ ਬਿੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ , ਜਦਕਿ ਸਤਨਾਮ ਹਨੀ ਅਤੇ ਗੌਰਵਦੀਪ ਸਿੰਘ ਉਰਫ ਗੌਰੀ ਨੂੰ ਮਲਕੀਤ ਲੱਡੂ ਨਾਲ ਨੇੜਤਾ ਕਾਰਨ ਨਾਮਜਦ ਕੀਤਾ ਗਿਆ ਸੀ।
ਡੀਜੀਪੀ ਨੇ ਦੱਸਿਆ ਕਿ ਸਤਨਾਮ ਹਨੀ ਲਖਬੀਰ ਲੰਡਾ ਦੇ ਸਾਥੀ ਵਜੋਂ ਕੰਮ ਕਰਦਾ ਸੀ ਅਤੇ ਉਸ ਦੇ ਨਿਰਦੇਸ਼ਾਂ ‘ਤੇ ਹਨੀ ਲੰਡਾ ਦੇ ਅੱਤਵਾਦੀ ਹਾਰਡਵੇਅਰ ਦੀਆਂ ਕਈ ਖੇਪਾਂ ਨੂੰ ਸੰਭਾਲਦਾ ਸੀ ਅਤੇ ਹਨੀ ਨੂੰ ਘੱਟੋ-ਘੱਟ ਛੇ ਮੌਕਿਆਂ ‘ਤੇ ਮੋਟੀ ਰਕਮ ਦਿੱਤੀ ਗਈ ਸੀ । ਉਨ੍ਹਾਂ ਕਿਹਾ ਕਿ ਲੰਡਾ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ , ਉਸਨੂੰ ਦੁਬਈ ਰਾਹੀਂ ਕੈਨੇਡਾ ਪਹੁੰਚਾ ਦੇਵੇਗਾ। ਜਾਂਚ ਤੋਂ ਪਤਾ ਲੱਗਾ ਹੈ ਕਿ ਸਤਨਾਮ ਹਨੀ ਨੇ ਹੁਣ ਤੱਕ ਲਖਬੀਰ ਲੰਡਾ ਦੇ ਇਸ਼ਾਰੇ ‘ਤੇ ਵੱਖ-ਵੱਖ ਮੌਕਿਆਂ ‘ਤੇ ਅਤੇ ਵੱਖ-ਵੱਖ ਕਾਰਵਾਈਆਂ ਲਈ ਲਗਭਗ 4 ਲੱਖ ਰੁਪਏ ਦੀ ਰਕਮ, ਇਕ ਆਈ.ਈ.ਡੀ., 02 ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਪ੍ਰਾਪਤ ਕੀਤੇ ਹਨ।

ਡੀਜੀਪੀ ਨੇ ਦੁਹਰਾਇਆ, “ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਜੀਰੋ-ਟੌਲਰੈਂਸ ਅਪਣਾਉਣ ਦੇ ਨਾਲ, ਪੰਜਾਬ ਪੁਲਿਸ ਸੂਬੇ ਵਿੱਚੋਂ ਗੈਂਗਸਟਰਾਂ ਅਤੇ ਨਸ਼ਿਆਂ ਦਾ ਸਫਾਇਆ ਕਰਨ ਲਈ ਵਚਨਬੱਧ ਹੈ।”
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਲੌਜਿਸਟਿਕ, ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਦੋਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਛੇ ਹੋਰ ਵਿਅਕਤੀਆਂ ਦੀ ਪਛਾਣ ਬਰਖਾਸਤ ਕਾਂਸਟੇਬਲ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਦੋਵੇਂ ਵਾਸੀ ਪਿੰਡ ਸਭਰਾ ਜਿਲਾ ਤਰਨਤਾਰਨ , ਰਜਿੰਦਰ ਕੁਮਾਰ ਉਰਫ ਬਾਊ ਵਾਸੀ ਹਰੀਕੇ ਜ਼ਿਲਾ ਤਰਨਤਾਰਨ , ਖੁਸ਼ਹਾਲਬੀਰ ਸਿੰਘ ਉਰਫ ਚਿੱਟੂ, ਵਰਿੰਦਰ ਸਿੰਘ ਉਰਫ ਅੱਬੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਤਿੰਨੋਂ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ। ਸਥਾਨਕ ਪੁਲਿਸ ਨੇ ਮੌਕੇ ਤੋਂ ਕਰੀਬ 2.79 ਕਿਲੋ ਵਜਨ ਵਾਲਾ, ਆਈਈਡੀ ਨੂੰ ਟ੍ਰਿਗਰ ਕਰਨ ਵਾਲਾ ਮੋਬਾਈਲ ਫੋਨ ਅਤੇ ਕਰੀਬ 2.17 ਕਿਲੋਗ੍ਰਾਮ ਉੱਚ ਵਿਸਫੋਟਕ ਵੀ ਬਰਾਮਦ ਕੀਤਾ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button