Press ReleasePunjabTop News

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖ਼ਤੀ ਮੁਹਿੰਮ ਵਿਸ਼ਵ ਤੱਕ ਲਿਜਾਣ ਦਾ ਐਲਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ 25 ਗੁਰਦੁਆਰਿਆਂ ’ਚ ਪ੍ਰੋਫਾਰਮੇ ਭਰਵਾਉਣ ਦੀ ਹੋਈ ਆਰੰਭਤਾ

ਆਨਲਾਈਨ ਮਾਧਿਅਮ ਰਾਹੀਂ ਦੁਨੀਆ ਭਰ ਦੇ ਲੋਕ ਬਣਨਗੇ ਦਸਤਖ਼ਤੀ ਮੁਹਿੰਮ ਦਾ ਹਿੱਸਾ- ਐਡਵੋਕੇਟ ਧਾਮੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦਾ ਅੱਜ ਵਿਸ਼ਾਲ ਪੱਧਰ ’ਤੇ ਆਗਾਜ਼ ਕਰਦਿਆਂ ਇਸ ਨੂੰ ਅਗਲੇ ਦਿਨਾਂ ਵਿਚ ਪੂਰੇ ਦੇਸ਼ ਵਿਚ ਫੈਲਾਉਣ ਅਤੇ ਆਨਲਾਈਨ ਗੂਗਲ ਫਾਰਮ ਰਾਹੀਂ ਵਿਸ਼ਵ ਤੱਕ ਲੈਜਾਣ ਦਾ ਐਲਾਨ ਕੀਤਾ ਹੈ। ਅੱਜ ਇਸ ਮੁਹਿੰਮ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਰੀਬ 25 ਗੁਰਦੁਆਰਾ ਸਾਹਿਬਾਨ ’ਚ ਕੇਂਦਰ ਸਥਾਪਤ ਕਰਕੇ ਸੰਗਤਾਂ ਪਾਸੋਂ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਆਰੰਭ ਕੀਤਾ ਗਿਆ।
ਇਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਸਰਾਂ ਨਜ਼ਦੀਕ ਬਣਾਏ ਕੇਂਦਰ ਤੋਂ ਦਸਤਖ਼ਤੀ ਮੁਹਿੰਮ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਰਦਾਸ ਉਪਰੰਤ ਕੀਤੀ, ਜਦਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਿੱਖ ਕੌਮ ਦਾ ਬੇਹੱਦ ਅਹਿਮ ਮਸਲਾ ਹੈ, ਜਿਸ ਲਈ ਲੋਕ ਲਹਿਰ ਸਿਰਜਣ ਵਾਸਤੇ ਦਸਤਖ਼ਤੀ ਮੁਹਿੰਮ ਨਿਰਣਾਇਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਲੰਮੇ ਅਰਸੇ ਤੋਂ ਅਵਾਜ਼ ਬੁਲੰਦ ਕਰ ਰਹੀ ਹੈ ਅਤੇ ਇਸ ਤਹਿਤ ਕਾਨੂੰਨੀ ਚਾਰਜੋਈ ਦੇ ਨਾਲ-ਨਾਲ ਹਰ ਪੱਧਰ ’ਤੇ ਯਤਨ ਕੀਤੇ ਗਏ ਹਨ।
ਮੌਜੂਦਾ ਸਮੇਂ ਸਰਕਾਰਾਂ ਵੱਲੋਂ ਇਸ ਸਬੰਧ ਵਿਚ ਅਪਣਾਇਆ ਗਿਆ ਨਾਪੱਖੀ ਰਵੱਈਆ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦੇ ਬਾਵਜੂਦ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਵਿਚ ਸਰਕਾਰਾਂ ਦੀ ਪੱਖਪਾਤੀ ਨੀਤੀ ਸਾਫ਼ ਨਜ਼ਰ ਆ ਰਹੀ ਹੈ ਅਤੇ ਜਾਣਬੁਝ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਅਰਸੇ ’ਚ ਕੀਤੇ ਯਤਨਾਂ ਦੀ ਲਗਾਤਾਰਤਾ ’ਚ ਦਸਤਖ਼ਤੀ ਮੁਹਿੰਮ ਅੱਗੇ ਵਧਾਈ ਗਈ ਹੈ ਅਤੇ ਆਸ ਹੈ ਕਿ ਇਸ ਨਾਲ ਸਰਕਾਰਾਂ ਦੇ ਬੰਦ ਕੰਨ ਜ਼ਰੂਰ ਖੁੱਲ੍ਹਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਇਕੋ ਸਮੇਂ 25 ਗੁਰਦੁਆਰਾ ਸਾਹਿਬਾਨ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਅਗਲੇ ਦਿਨਾਂ ਵਿਚ ਇਸ ਨੂੰ ਸਿੱਖ ਮਿਸ਼ਨਾਂ ਰਾਹੀਂ ਵੱਖ-ਵੱਖ ਸੂਬਿਆਂ ਵਿਚ ਸਰਗਰਮ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਭਾਵੇਂ ਇਸ ਨੂੰ ਦੇਸ਼ ਵਿਆਪੀ ਮੁਹਿੰਮ ਦੇ ਤੌਰ ’ਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਅੱਜ ਦੇ ਡਿਜੀਟਲ ਮਾਧਿਅਮ ਦੀ ਵਰਤੋਂ ਨਾਲ ਇਸ ਦੀ ਪਹੁੰਚ ਹੁਣ ਵਿਸ਼ਵ ਪੱਧਰ ਤੱਕ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਦਸਤਖ਼ਤੀ ਮੁਹਿੰਮ ਤਹਿਤ ਭਰਵਾਏ ਜਾਣ ਵਾਲੇ ਪ੍ਰੋਫਾਰਮੇ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਛਪਵਾਏ ਜਾਣਗੇ,  ਤਾਂ ਜੋ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਦਸਤਖ਼ਤੀ ਮੁਹਿੰਮ ਨੂੰ ਨੇੜਿਓਂ ਸਮਝ ਕੇ ਇਸ ਵਿਚ ਸ਼ਾਮਲ ਹੋ ਸਕਣ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਲੋਕਾਂ ਨੂੰ ਇਸ ਦਸਤਖ਼ਤੀ ਮੁਹਿੰਮ ਨਾਲ ਜੋੜਨ ਲਈ ਇਕ ਵਿਸ਼ੇਸ਼ ਆਨਲਾਈਨ ਗੂਗਲ ਫਾਰਮ ਤਿਆਰ ਕਰ ਦਿੱਤਾ ਗਿਆ ਹੈ, ਜਿਸ ਨੂੰ ਭਰਨ ਲਈ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਲਿੰਕ ਮੁਹੱਈਆ ਕਰਵਾਇਆ ਜਾਵੇਗਾ। ਇਸ ਦੌਰਾਨ ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਕਾਨੂੰਨੀ ਮਾਹਿਰਾਂ ਦੀ ਕਮੇਟੀ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿਆਪੀ ਲਹਿਰ ਸਿਰਜਣ ਦੇ ਨਾਲ ਨਾਲ ਕਾਨੂੰਨੀ ਚਾਰਾਜੋਈ ਵਿਚ ਵੀ ਢਿੱਲ ਨਹੀਂ ਛੱਡੀ ਜਾਵੇਗੀ। ਇਸ ਸਬੰਧੀ ਵਕੀਲਾਂ ਦਾ ਚਾਰ ਮੈਂਬਰੀ ਪੈਨਲ ਕਾਰਜ ਕਰੇਗਾ, ਇਸ ਵਿਚ ਸੀਨੀਅਰ ਵਕੀਲ ਐਡਵੋਕੇਟ ਪੂਰਨ ਸਿੰਘ ਹੁੰਦਲ, ਐਡਵੋਕੇਟ ਪਰਮਜੀਤ ਸਿੰਘ ਥਿਆੜਾ, ਐਡਵੋਕੇਟ ਬਲਦੇਵ ਸਿੰਘ ਢਿੱਲੋਂ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸ਼ਾਮਲ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਵਿਚ ਹੋਰ ਨਾਮਵਰ ਵਕੀਲਾਂ ਨੂੰ ਸ਼ਾਮਲ ਕਰਨ ਦੇ ਵੀ ਬਦਲ ਵੀ ਮੌਜੂਦ ਰਹਿਣਗੇ। ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੀਆਂ ਸਾਰੀਆਂ ਜਥੇਬੰਦੀਆਂ ਦੇ ਨਾਲ-ਨਾਲ ਸਿੱਖ ਪੰਥ ਦੀਆਂ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦਾ ਹਿੱਸਾ ਬਣਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਿ੍ਰੰਗ ਕਮੇਟੀ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਸ. ਸ਼ੇਰ ਸਿੰਘ ਮੰਡਵਾਲਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਅਮਰਜੀਤ ਸਿੰਘ ਬੰਡਾਲਾ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਅਮਰੀਕ ਸਿੰਘ ਵਿਛੋਆ, ਸ. ਅਮਰਜੀਤ ਸਿੰਘ ਭਲਾਈਪੁਰ, ਭਾਈ ਅਜਾਇਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਸੁਖਰਾਜ ਸਿੰਘ, ਸ. ਹਰਪ੍ਰੀਤ ਸਿੰਘ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ ਆਦਿ ਮੌਜੂਦ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button